ਚੰਡੀਗੜ੍ਹ- ਭਾਰਤ ਦੇ ਪੰਜਾਬ ਸੂਬੇ ਦੇ ਨਾਲ ਲਗਦੀ ਪਾਕਿਸਤਾਨੀ ਸੀਮਾ ਦੇ ਰਸਤੇ ਹਰ ਮਹੀਨੇ ਅਰਬ ਰੁਪੈ ਦੀ ਹੈਰੋਇਨ ਸਮਗਲਰ ਹੋ ਕੇ ਆਂਉਦੀ ਹੈ। ਪੰਜਾਬ ਤੋਂ ਭਾਰਤ ਦੇ ਦੂਸਰੇ ਵੱਡੇ ਸ਼ਹਿਰਾਂ ਅਤੇ ਵਿਦੇਸ਼ਾਂ ਤਕ ਇਨ੍ਹਾਂ ਨਸਿ਼ਆਂ ਦੀ ਖੇਪ ਪਹੁੰਚਾਈ ਜਾਂਦੀ ਹੈ।ਸਮਗਲਿੰਗ ਕਰਨ ਵਾਲਿਆਂ ਦਾ ਨੈਟਵਰਕ ਏਨਾ ਮਜਬੂਤ ਹੈ ਕਿ ਸਾਰੀਆਂ ਸਰਕਾਰੀ ਏਜੰਸੀਆਂ ਮਿਲ ਕੇ ਵੀ ਸਿਰਫ 20% ਹੀ ਤਸਕਰੀ ਦੇ ਕੇਸ ਫੜ ਪਾਂਉਦੀਆਂ ਹਨ। ਇਹ ਰਿਪੋਰਟ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਗ੍ਰਹਿ ਮੰਤਰਾਲੇ ਨੂੰ ਭੇਜੀ ਹੈ। ਐਨਸੀਬੀ ਅਨੁਸਾਰ ਅਫਗਾਨੀ ਹੈਰੋਇਨ ਦੀ ਮੰਗ ਅੰਤਰਰਾਸ਼ਟਰੀ ਬਜਾਰ ਵਿਚ ਅਧਿਕ ਹੋਣ ਕਰਕੇ ਇਸ ਦੀ ਤਸਕਰੀ ਵੀ ਵੱਡੀ ਮਾਤਰਾ ਵਿਚ ਹੁੰਦੀ ਹੈ। ਸਮਗਲਰਾਂ ਦਾ ਨੈਟਵਰਕ ਅੰਤਰਰਾਸ਼ਟਰੀ ਪੱਧਰ ਤੇ ਫੈਲਿਆ ਹੋਇਆ ਹੈ। ਸਾਰੀਆਂ ਕੋਸਿ਼ਸ਼ਾਂ ਦੇ ਬਾਵਜੂਦ ਸਮਗਲਿੰਗ ਹੋ ਕੇ ਆਈ ਹੈਰੋਇਨ 20% ਹੀ ਪਕੜੀ ਜਾਂਦੀ ਹੈ।
ਐਨਸੀਬੀ ਦੀ ਰਿਪੋਰਟ ਵਿਚ ਇਹ ਵੀ ਜਿਕਰ ਕੀਤਾ ਗਿਆ ਹੈ ਕਿ ਇਹ ਨਸਿ਼ਆਂ ਦਾ ਕਾਰੋਬਾਰ ਬਹੁਤ ਵੱਡਾ ਹੈ ਅਤੇ ਇਸਦੀ ਕਮਾਈ ਦਾ ਜਿਆਦਾ ਹਿੱਸਾ ਅਤਵਾਦੀ ਕਾਰਵਾਈਆਂ ਨੂੰ ਚਲਾਉਣ ਲਈ ਵਰਤਿਆ ਜਾਂਦਾ ਹੈ। ਪੰਜਾਬ ਵਿਚ ਇਹ ਧੰਦਾ ਆਈਐਸਆਈ ਅਤੇ ਅਤਵਾਦੀ ਸੰਗਠਨਾਂ ਦੀ ਮਿਲੀਭਗਤ ਨਾਲ ਹੁੰਦਾ ਹੈ। ਇਸ ਗੱਲ ਦੇ ਵੀ ਕੁਝ ਸੁਰਾਖ ਮਿਲੇ ਹਨ ਕਿ ਰਾਜ ਦੇ ਨੌਜਵਾਨ ਵਰਗ ਨੂੰ ਨਸਿ਼ਆਂ ਦੀ ਗਿਰਫਤ ਵਿਚ ਫਸਾ ਕੇ ਇਸ ਕਾਰੋਬਾਰ ਵਿਚ ਲਗਾਇਆ ਜਾ ਰਿਹਾ ਹੈ ਜਿਸ ਨਾਲ ਉਨ੍ਹਾਂ ਨੂੰ ਰਾਸ਼ਟਰ ਵਿਰੋਧੀ ਕਾਰਵਾਈਆਂ ਲਈ ਵਰਤਿਆ ਜਾ ਸਕੇ। ਐਨਸੀਬੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀਮਾ ਤੇ ਹੋ ਰਹੀ ਤਸਕਰੀ ਨੂੰ ਰੋਕਣ ਲਈ ਪੂਰੀ ਕੋਸਿ਼ਸ਼ ਕੀਤੀ ਜਾ ਰਹੀ ਹੈ ਪਰ ਅਤਵਾਦੀ ਸੰਗਠਨਾਂ ਅਤੇ ਆਈਐਸਆਈ ਦੇ ਗਠਜੋੜ ਕਰਕੇ ਇਸ ਤੇ ਪੂਰਾ ਕਾਬੂ ਨਹੀਂ ਪਾਇਆ ਜਾ ਰਿਹਾ।