ਫਤਿਹਗੜ੍ਹ ਸਾਹਿਬ :- “ਜਲਾਲਾਬਾਦ ਜਿ਼ਮਨੀ ਚੋਣ ਹਲਕੇ ਤੋਂ ਸ: ਸੁਖਬੀਰ ਸਿੰਘ ਬਾਦਲ ਨੂੰ ਜਿਤਾਉਣ ਲਈ ਸ: ਪ੍ਰਕਾਸ਼ ਸਿੰਘ ਬਾਦਲ ਨੇ ਕਾਂਗਰਸ ਨਾਲ ਗੁਪਤ ਤੌਰ ‘ਤੇ ਸੌਦੇਬਾਜ਼ੀ ਕਰ ਲਈ ਹੈ ਕਿ ਦੂਸਰੀਆਂ ਦੋਵੇਂ ਸੀਟਾਂ ਬਨੂੜ ਅਤੇ ਕਾਹਨੂੰਵਾਲ ਕਾਂਗਰਸ ਨੂੰ ਜਿਤਾਉਣ ਵਿੱਚ ਆਪਣੀ ਭੂਮਿਕਾ ਨਿਭਾਉਣਗੇ।”
ਇਹ ਉਪਰੋਕਤ ਇੰਕਸਾਫ ਕਰਦੇ ਹੋਏ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਸਾਡੀ ਪਾਰਟੀ ਦੇ ਖੁਫੀਆ ਵਿੰਗ ਦੇ ਭਰੋਸੇਯੋਗ ਸੂਤਰਾਂ ਤੋਂ ਆਈ ਉਪਰੋਕਤ ਖਬਰ ਦੀ ਜਦੋਂ ਤਹਿਕੀਕਾਤ ਕੀਤੀ ਗਈ ਤਾਂ ਇਹ ਗੱਲ ਨਿਖਰ ਕੇ ਸਾਹਮਣੇ ਆ ਗਈ ਕਿ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਸੁਖਬੀਰ ਸਿੰਘ ਬਾਦਲ ਦੀ ਜਿੱਤ ਹਰ ਕੀਮਤ ‘ਤੇ ਕਰਨੀ ਹੈ ਕਿਉਂਕਿ ਬਾਦਲ ਪਰਿਵਾਰ ਇਹ ਚੋਣ ਜਿੱਤਣ ਉਪਰੰਤ ਸ਼੍ਰੀ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਵੇਖਣ ਦਾ ਸੁਪਨਾ ਲੈ ਰਿਹਾ ਹੈ। ਇਸ ਲਈ ਹੀ ਬਾਦਲ ਪਰਿਵਾਰ ਬਨੂੜ ਅਤੇ ਕਾਹਨੂੰਵਾਲ ਸੀਟਾਂ ਖੁਦ ਸੌਦੇਬਾਜ਼ੀ ਅਧੀਨ ਕਾਂਗਰਸ ਦੀ ਝੋਲੀ ਵਿੱਚ ਪਾਉਣ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਜਿਹਾ ਕਰਕੇ ਇੱਕ ਤੀਰ ਨਾਲ ਦੋ ਨਿਸ਼ਾਨੇ ਫੁੰਡਨਾ ਚਾਹੁੰਦੇ ਹਨ। ਇੱਕ ਤਾਂ ਸ: ਸੁਖਬੀਰ ਸਿੰਘ ਬਾਦਲ ਦੇ ਸਿਆਸੀ ਭਵਿੱਖ ਲਈ ਰਾਹ ਪੱਧਰਾ ਕਰਨਾ ਚਾਹੁੰਦੇ ਹਨ, ਦੂਸਰਾ ਜਸਜੀਤ ਸਿੰਘ ਬੰਨੀ ਸਪੁੱਤਰ ਕੈਪਟਨ ਕੰਵਲਜੀਤ ਸਿੰਘ ਨੂੰ ਲੋਕਾਚਾਰੀ ਦੇ ਡਰੋਂ ਟਿਕਟ ਦੇ ਕੇ ਅਸਲੀਅਤ ਵਿੱਚ ਉਸਨੂੰ ਹਰਾ ਕੇ ਕੈਪਟਨ ਕੰਵਲਜੀਤ ਸਿੰਘ ਅਤੇ ਉਸਦੇ ਪਰਿਵਾਰ ਦੀ ਲੋਕ ਪੱਖੀ ਸੋਚ ਦਾ ਅੰਤ ਕਰਨਾ ਚਾਹੁੰਦੇ ਹਨ। ਇਸਦੇ ਨਾਲ ਹੀ ਦੂਸਰੇ ਸਿਆਸੀ ਆਗੂਆਂ ਜਿਹਨਾਂ ਵਿੱਚ ਥੌੜੀ ਬਹੁਤੀ ਅਣਖ-ਗੈਰਤ ਬਚੀ ਹੈ, ਉਹਨਾਂ ਨੂੰ ਵੀ ਸਬਕ ਸਿਖਾਉਣਾ ਚਾਹੁੰਦੇ ਹਨ ਕਿ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਦੀ ਸੋਚ ਦੇ ਰਾਹ ਵਿੱਚ ਜੋ ਵੀ ਰੋੜਾ ਬਣੇਗਾ, ਉਸਦਾ ਹਸ਼ਰ ਇਹ ਹੀ ਹੋਵੇਗਾ।
ਸ: ਮਾਨ ਨੇ ਪੰਜਾਬੀਆਂ ਵਿਸ਼ੇਸ ਤੌਰ ਤੇ ਸਿੱਖ ਕੌਮ ਨੂੰ ਸੰਜੀਦਗੀ ਭਰੀ ਅਪੀਲ ਕਰਦੇ ਹੋਏ ਕਿਹਾ ਕਿ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਦੀਆਂ ਪੰਜਾਬ ਅਤੇ ਸਿੱਖ ਵਿਰੋਧੀ ਕਾਰਵਾਈਆਂ ਕਾਰਨ ਉਹਨਾਂ ਦੇ ਪਾਪਾਂ ਦਾ ਬੇੜਾ ਭਰ ਚੁੱਕਿਆ ਹੈ ਇਸ ਲਈ ਇਸ ਬੇੜੇ ਦੇ ਡੁੱਬਣ ਦਾ ਸਮਾਂ ਨੇੜੇ ਆ ਰਿਹਾ ਹੈ। ਜੋ ਸਿਆਸੀ ਆਗੂ ਇਸ ਬੇੜੇ ਵਿੱਚ ਸਵਾਰਥੀ ਸੋਚ ਅਧੀਨ ਸਵਾਰ ਹਨ ਅਤੇ ਦੁਚਿੱਤੀ ਵਿੱਚ ਹਨ, ਇਸ ਡੁੱਬਦੇ ਬੇੜੇ ਵਿੱਚੋਂ ਬਾਹਰ ਆ ਜਾਣ ਅਤੇ ਖਾਲਸਾ ਪੰਥ ਦੀ ਨਿਆਰੀ ਅਤੇ ਅਣਖੀਲੀ ਹਸਤੀ ਪਹਿਚਾਣ ਨੂੰ ਕਾਇਮ ਕਰਨ ਹਿੱਤ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀਆਂ ਆਜ਼ਾਦੀ ਪੱਖੀ ਅਤੇ ਮਨੁੱਖਤਾ ਪੱਖੀ ਨੀਤੀਆਂ ਨੂੰ ਸਹਿਯੋਗ ਕਰਨ। ਉਹਨਾਂ ਕਿਹਾ ਕਿ ਜੋ ਇਸ ਬੇੜੇ ਵਿੱਚ ਸਵਾਰ ਆਗੂ ਅਤੇ ਵਰਕਰ ਸਮੇਂ ਦੀ ਨਜ਼ਾਕਤ ਨੂੰ ਪਹਿਚਾਣਦੇ ਹੋਏ ਫੈਸਲਾ ਕਰਕੇ ਸਾਡੀ ਸੋਚ ਦੇ ਪੈਰੋਕਾਰ ਬਣਨ ਦੇ ਚਾਹਵਾਨ ਹਨ, ਉਹਨਾਂ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ।