ਚੰਡੀਗੜ੍ਹ :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੇ ਮੁੱਖ ਦਫਤਰ ਕਿਲ੍ਹਾ ਸ: ਹਰਨਾਮ ਸਿੰਘ ਤੋਂ ਆਪਣੇ ਦਸਤਖਤਾਂ ਹੇਠ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਹੈ ਕਿ ਬੀਤੇ ਸਮੇਂ ਵਿੱਚ ਸ: ਪ੍ਰਕਾਸ਼ ਸਿੰਘ ਬਾਦਲ, ਸ਼੍ਰੀ ਸੁਖਬੀਰ ਸਿੰਘ ਬਾਦਲ ਅਤੇ ਸਮੁੱਚਾ ਬਾਦਲ ਪਰਿਵਾਰ ਇਸ ਗੱਲ ਦੀ ਖੂਬ ਮੀਡੀਏ ਅਤੇ ਅਖਬਾਰਾਂ ਵਿੱਚ ਦੁਹਾਈ ਪਾਉਂਦਾ ਰਿਹਾ ਹੈ ਕਿ ਬਾਦਲ ਪਰਿਵਾਰ ਦੇ ਮੈਬਰਾਂ ਨੂੰ ਸੁਖੀ ਅਤੇ ਹੋਰ ਪੁਲਿਸ ਕੈਟਾਂ ਤੋਂ ਜਾਨ ਦਾ ਵੱਡਾ ਖਤਰਾ ਹੈ। ਉਦੋਂ ਪੰਜਾਬ ਵਿੱਚ ਕਾਂਗਰਸ ਜਮਾਤ ਦੀ ਸਰਕਾਰ ਸੀ। ਉਹਨਾਂ ਕਿਹਾ ਕਿ ਅੱਜ ਜਦੋਂ ਸ: ਪ੍ਰਕਾਸ਼ ਸਿੰਘ ਬਾਦਲ ਦੀ ਆਪਣੀ ਸਰਕਾਰ ਹੈ ਤਾਂ ਸੁਖੀ ਵਰਗੇ ਖਤਰਨਾਕ ਪੁਲਿਸ ਕੈਟ ਜੋ ਅੱਜ ਵੀ ਵੱਡੀ ਗਿਣਤੀ ਵਿੱਚ ਖੁਲ੍ਹੇਆਮ ਘੁੰਮ ਰਹੇ ਹਨ ਅਤੇ ਉਹਨਾਂ ਕੋਲ ਆਧੁਨਿਕ ਹਥਿਆਰ ਅਤੇ ਉੱਚੇ ਦਰਜੇ ਦੀਆਂ ਸਭ ਸਹੂਲਤਾਂ ਉਪਲੱਬਧ ਹਨ ਤਾਂ ਉਹਨਾਂ ਵਿਰੁੱਧ ਬਾਦਲ ਸਰਕਾਰ ਕਾਨੂੰਨੀ ਕਾਰਵਾਈ ਕਰਨ ਤੋਂ ਖਾਮੌਸ਼ੀ ਕਿਉਂ ਧਾਰੀ ਬੈਠੀ ਹੈ?
ਸ: ਮਾਨ ਨੇ ਕਿਹਾ ਕਿ ਜਾਂ ਤਾਂ ਪੰਜਾਬੀਆਂ ਦੀ ਝੂਠੀ ਹਮਦਰਦੀ ਪ੍ਰਾਪਤ ਕਰਨ ਲਈ ਉਸ ਸਮੇਂ ਬਾਦਲ ਪਰਿਵਾਰ ਅਜਿਹੀ ਅਤੇ ਜਾਨ ਦੇ ਖਤਰੇ ਨੂੰ ਦਰਸਾਉਣ ਵਾਲੀ ਬਿਆਨਬਾਜ਼ੀ ਕਰਦਾ ਰਿਹਾ ਹੈ ਜਾਂ ਫਿਰ ਖੁਦ ਹੀ ਸੁਖੀ ਵਰਗੇ ਕੈਟਾਂ ਦੀ ਕਾਂਗਰਸ ਦੀ ਤਰ੍ਹਾ ਪੁਸਤਪਨਾਹੀ ਕਰਦਾ ਰਿਹਾ ਹੈ। ਇਸ ਲਈ ਹੀ ਅੱਜ ਸ: ਬਾਦਲ ਆਪਣੀ ਹਕੂਮਤ ਹੁੰਦੇ ਹੋਏ ਅਤੇ ਗ੍ਰਹਿ ਵਿਭਾਗ ਦੇ ਮੁਖੀ ਹੁੰਦੇ ਹੋਏ ਇਹਨਾਂ ਪੰਜਾਬ ਵਿੱਚ ਕਤਲੇਆਮ ਕਰਨ ਵਾਲੀਆਂ “ਕਾਲੀਆਂ ਬਿੱਲੀਆਂ” ਵਿਰੁੱਧ ਕਾਨੂੰਨੀ ਕਾਰਵਾਈ ਨਾ ਕਰਨ ਦੀ ਗੱਲ ਸਾਬਿਤ ਕਰਦੀ ਹੈ ਕਿ ਦਾਲ ਵਿੱਚ ਹੀ ਕੁਝ ਕਾਲਾ ਨਹੀਂ, ਬਲਕਿ ਸਾਰੀ ਦਾਲ (ਸਿਆਸੀ ਆਗੂ) ਹੀ ਕਾਲੀ ਹੈ ਅਤੇ ਇਸ ਅਤਿ ਘਿਨੌਣੀ ਖੇਡ ਵਿੱਚ ਇਹ ਲੋਕ ਵੀ ਸ਼ਾਮਿਲ ਸਨ। ਉਹਨਾਂ ਕਿਹਾ ਕਿ ਇਹਨਾਂ ਪੁਲਿਸ ਕੈਟਾਂ ਨੇ ਅਨੇਕਾਂ ਹੀ ਬੇਕਸੂਰ ਪੰਜਾਬੀਆਂ ਅਤੇ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਿਆ, ਸਿੱਖ ਬੀਬੀਆਂ ਨਾਲ ਜ਼ਬਰ ਜਿਨਾਹ ਕਰਦੇ ਰਹੇ, ਪਿੰਡਾਂ ਅਤੇ ਕਸਬਿਆਂ ਵਿੱਚ ਘਰਾਂ ਵਿੱਚ ਜ਼ਬਰੀ ਦਾਖਿਲ ਹੋ ਕੇ ਗਹਿਣੇ, ਕੀਮਤੀ ਸਮਾਨ ਅਤੇ ਧਨ ਦੌਲਤਾਂ ਲੁੱਟਦੇ ਰਹੇ। ਇਹਨਾਂ ਉੱਤੇ ਕਤਲ ਦੇ ਜ਼ੁਰਮਾਂ ਦੇ ਮੁਕੱਦਮੇ ਦਰਜ ਕਰਕੇ ਗ੍ਰਿਫਤਾਰ ਕਰਕੇ ਕਾਨੂੰਨੀ ਕਾਰਵਾਈ ਕਰਨੀ ਬਣਦੀ ਹੈ। ਉਹਨਾਂ ਕਿਹਾ ਕਿ ਬਹੁਤ ਦੁੱਖ ਅਤੇ ਅਫਸੋਸ ਹੈ ਕਿ ਨਾ ਤਾਂ ਸੈਂਟਰ ਦੀ ਕਾਂਗਰਸ ਜਮਾਤ ਅਤੇ ਨਾ ਹੀ ਪੰਜਾਬ ਦੀ ਹਕੂਮਤ ‘ਤੇ ਕਾਬਿਜ਼ ਬਾਦਲ ਸਰਕਾਰ ਕੋਈ ਕਾਨੂੰਨੀ ਕਾਰਵਾਈ ਕਰਨ ਲਈ ਤਿਆਰ ਹੈ। ਉਹਨਾਂ ਮੰਗ ਕੀਤੀ ਕਿ ਇਹਨਾਂ “ਪੁਲਿਸ ਕੈਟਾਂ” ਦੀ ਅਸਲੀਅਤ ਸਾਹਮਣੇ ਲਿਆਉਣ ਲਈ ਕਿਸੇ ਨਿਰਪੱਖ ਏਜੰਸੀ ਜਾਂ ਹਾਈਕੋਰਟ ਦੇ ਰਿਟਾਇਰਡ ਚੀਫ਼ ਜਸਟਿਸ ਤੋਂ ਜਾਂਚ ਕਰਵਾਉਣ ਦਾ ਐਲਾਨ ਕੀਤਾ ਜਾਵੇ ਅਤੇ ਪਤਾ ਲਾਇਆ ਜਾਵੇ ਕਿ ਇਹਨਾਂ ਪੁਲਿਸ ਕੈਟਾਂ ਦੀ ਫੌਜ ਖੜੀ ਕਰਨ ਪਿੱਛੇ ਕਿਹੜੀਆਂ ਤਾਕਤਾਂ ਤੇ ਦਿਮਾਗ ਕੰਮ ਕਰਦੇ ਸਨ ਅਤੇ ਉਹਨਾਂ ਦਾ ਮਕਸਦ ਕੀ ਸੀ। ਜੋ ਵੀ ਆਗੂ ਜਾਂ ਅਫਸਰਸ਼ਾਹੀ ਇਸ ਵਿੱਚ ਦੋਸ਼ੀ ਪਾਈ ਜਾਵੇ ਉਸ ਨਾਲ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।