ਭਾਰਤੀ ਭਾਸ਼ਾਵਾਂ ਵਿਚ ਪੰਜਾਬੀ ਪੱਤਰਕਾਰੀ ਦੀ ਉਮਰ ਸ਼ਾਇਦ ਸਭ ਤੋਂ ਛੋਟੀ ਹੈ। ਪਿਛਲੇ ਕੁਝ ਸਾਲਾਂ ਵਿਚ ਸੂਚਨਾ ਤੇ ਤਕਨਾਲੋਜੀ ਦਾ ਹੈਰਾਨਕੁਨ ਵਿਕਾਸ ਹੋਇਆ ਹੈ । ਸੂਚਨਾ ਤੇ ਤਕਨਾਲੋਜੀ ਦੇ ਇਸ ਦੌਰ ਵਿਚ ਕਈ ਪੰਜਾਬੀ ਟੀ.ਵੀ. ਚੈਨਲ ਵੀ ਸ਼ੁਰੂ ਹੋਏ ਹਨ, ਜੋ ਆਪਣੀ ਪਛਾਣ ਬਣਾ ਰਹੇ ਹਨ ਅਤੇ ਅਨੇਕ ਔਕੜਾਂ ਦਾ ਸਾਹਮਣਾ ਕਰਦੇ ਹੋਏ ਵੀ ਮਾਂ-ਬੋਲੀ ਪੰਜਾਬੀ ਦੀ ਸੇਵਾ ਵਿਚ ਆਪਣਾ ਯੋਗਦਾਨ ਪਾ ਰਹੇ ਹਨ।ਇਸ ਖੇਤਰ ਵਿਚ ਸਭ ਤੋਂ ਪਹਿਲਾਂ ਕਦਮ ਦੂਰਦਰਸ਼ਨ ਜਾਲੰਧਰ ਨੇ ਰਖਿਆ।ਪੱਤਰਕਾਰੀ ਵਿਚ ਪੰਜਾਬੀ ਪੱਤਰਕਾਰੀ ਵਾਂਗ ਬਿੱਜਲਈ ਮੀਡੀਆ ਵਿਚ ਪੰਜਾਬੀ ਚੈਨਲਾਂ ਦੀ ਉਮਰ ਵੀ ਸਭ ਤੋਂ ਛੋਟੀ ਹੈ। ਦਰਅਸਲ ਭਾਰਤ ਵਿਚ ਵੀ ਟੈਲੀਵਿਯਨ ਦਾ ਦੌਰ ਗਵਾਂਢੀ ਦੇਸ਼ ਪਾਕਿਸਤਾਨ ਤੇ ਬੰਗਲਾ ਦੇਸ਼ ਨਾਲੋਂ ਕਾਫੀ ਪੱਛੜ ਕੇ ਸ਼ੁਰੂ ਹੋਇਆ। ਜਾਲੰਧਰ ਦੂਰਦਰਸ਼ਨ ਦੀ ਸਥਾਪਨਾ ਦਾ ਕੰਮ ਸਾਲ 1979 ਦੌਰਾਨ ਪੂਰਾ ਹੋਇਆ। ਡੀ.ਡੀ.ਪੰਜਾਬੀ ਤਾਂ 2000-ਵਿਆ ਦੇ ਪਹਿਲੇ ਵਰ੍ਹਿਆਂ ਵਿਚ ਸੁਰੂ ਹੋਇਆ, ਪਰ ਇਸ ਨੇ ਬਹੁਤ ਥੋੜੇ ਸਮੇਂ ਵਿਚ ਆਪਣੀ ਪਛਾਣ ਬਣਾ ਲਈ ਹੈ। ਇਸੇ ਦੌਰਾਨ ਜ਼ੀ-ਨੈਟਵਰਕ ਵਲੋਂ ਅਲਫਾ ਪੰਜਾਬੀ (ਹੁਣ ਜ਼ੀ-ਪੰਜਾਬੀ) ਚੈਨਲ ਸ਼ੁਰੂ ਕੀਤਾ ਗਿਆ, ਜਿਸ ਨੇ ਛੇਤੀ ਹੀ ਪੰਜਾਬੀਆਂ ਵਿਚ ਆਪਣੀ ਪਛਾਣ ਬਣਾ ਲਈ। ਇਸ ਉਪਰੰਤ ਕਈ ਹੋਰ ਚੇਨਲਾਂ ਨੇ ਵੀ ਆ ਦਸਤਕ ਦਿਤੀ। ਇਹਨਾਂ ਪੰਜਾਬੀ ਚੈਨਲਾਂ ਵਿਚ ਕਈ ਸਮਾਚਾਰ ਚੈਨਲ ਵੀ ਹਨ, ਜੋ ਆਪਣੇ ਸਮਾਚਾਰ ਬੁਲਿਟਨਾਂ ਰਾਹੀਂ ਨਿਤ ਵਾਪਰ ਰਹੀਆਂ ਘਟਨਾਵਾਂ ਆਪਣੇ ਦਰਸ਼ਕਾਂ ਤਕ ਪਹੁੰਚਾ ਰਹੇ ਹਨ। ਇਹਨਾਂ ਚੈਨਲਾਂ ਦੀਆਂ ਖ਼ਬਰਾਂ ਦੇ ਕਈ ਬੁਲਿਟਨ ਸੈਟੇਲਾਈਟ ਰਾਹੀਂ ਦੇਸ਼ ਵਿਦੇਸ਼, ਖਾਸ ਕਰ ਯੁਰਪ, ਅਮਰੀਕਾ ਤੇ ਕੈਨੇਡਾ ਵਿਚ ਰਹਿ ਰਹੇ ਦਰਸ਼ਕਾਂ ਤਕ ਵੀ ਪਹੁੰਚਾ ਰਹੇ ਹਨ।
ਜਿਵੇਂ ਉਪਰ ਦਸਿਆ ਹੈ ਪੰਜਾਬੀ ਪੱਤਰਕਾਰੀ ਵਿੱਚ ਬਿੱਜਲਈ ਮੀਡੀਆ ਦਾ ਸਫ਼ਰ ਬਹੁਤ ਲੰਮਾ ਨਹੀਂ ਹੈ। ਵੀਹਵੀਂ ਸਦੀ ਦੇ ਆਖਰੀ ਸਾਲਾਂ ਦੌਰਾਨ ਬਿੱਜਲਈ ਮੀਡੀਆ ਦੇ ਖੇਤਰ ਵਿੱਚ ਦੋ ਗੈਰ ਪੰਜਾਬੀ ਸ਼ਖਸੀਅਤਾਂ ਨੇ ਪੰਜਾਬੀ ਟੀ.ਵੀ.ਚੈਨਲ ਲੈ ਕੇ ਆਦੇ ਪਰ ਸਖਤ ਮੁਕਾਬਲੇ ਅਤੇ ਮਹਿੰਗੇ ਬਿਜਲਈ ਮੀਡੀਏ ਦੇ ਖਰਚੇ ਵਿੱਚ ਉਹ ਟਿਕ ਨਾ ਸਕੇ। ਪੰਜਾਬੀ ਵੱਰਲਡ ਤੇ ਲਿਸ਼ਕਾਰਾ ਚੈਨਲ ਇਸ ਵਿੱਚ ਵਰਨਣਯੋਗ ਨਾਮ ਹਨ। ਦੂਜੇ ਪਾਸੇ ਦੂਰਦਰਸ਼ਨ ਨੇ ਇਸ ਵਿੱਚ ਅਹਿਮ ਰੋਲ ਨਿਭਾਇਆ ਹੈ ਅਤੇ ਡੀ ਡੀ ਪੰਜਾਬੀ ਚੈਨਲ ਨੇ ਜਿੱਥੇ ਪੰਜਾਬੀ ਭਾਸ਼ਾ ਨੂੰ ਦੇਸ਼ ਵਿਦੇਸ਼ ਵਿੱਚ ਪ੍ਰਫੁੱਲਤ ਕੀਤਾ ਉੱਥੇ ਹੀ ਚੰਗੇ ਪੰਜਾਬੀ ਮੀਡੀਆ ਵਜੋਂ ਸਥਾਪਿਤ ਵੀ ਹੋਇਆ ਹਾਲਾਂਕਿ ਦੂਰਦਰਸ਼ਨ ਵਿੱਚ ਕਈ ਤਰ੍ਹਾ ਦੇ ਸਰਕਾਰੀ ਅੰਕੁਸ਼ ਵੀ ਹੁੰਦੇ ਨੇ , ਫਿਰ ਵੀ ਡੀ ਡੀ ਪੰਜਾਬੀ ਨੇ ਸ਼ਹਿਰਾਂ ਤੋਂ ਪਿੰਡਾਂ ਤੱਕ ਦੇ ਪੰਜਾਬੀ ਜੀਵਨ ਤੇ ਸਭਿਆਚਾਰ ਨੂੰ ਕੈਮਰੇ ਵਿੱਚ ਲਿਆ ਕੇ ਪੰਜਾਬ ਦੀ ਪੁਰਾਤਨ ਤੇ ਮੌਜੂਦਾ ਤਸਵੀਰ ਪੇਸ਼ ਕਰਨ ਦਾ ਯਤਨ ਕੀਤਾ ਹੈ, ਜੋ ਸ਼ਲਾਘਾਯੋਗ ਹੈ। 1990 ਦੇ ਦਹਾਕੇ ਦੇ ਅਖੀਰ ਵਿੱਚ ਪੰਜਾਬੀ ਇਲੈਕਟ੍ਰਾਨਿਕ ਮੀਡੀਆ ਵਿੱਚ ਪਹਿਲੀ ਵਾਰ 24 ਘੰਟੇ ਖ਼ਬਰਾਂ ਦੇ ਚੈਨਲ ਵਿਜੋਂ ਪਹਿਲਾ ਪੰਜਾਬੀ ਨਿਊਜ ਚੈਨਲ ‘ਪੰਜਾਬ ਟੂਡੇ’ ਨੇ ਇਸ ਖੇਤਰ ਵਿੱਚ ਸ਼ਮੂਲੀਅਤ ਕੀਤੀ ਅਤੇ 13 ਜਨਵਰੀ 2002 ਨੂੰ ਲੋਹੜੀ ਵਾਲੇ ਦਿਨ ਇਹ ਚੈਨਲ ਲਾਂਚ ਹੋਇਆ । ਇਸ ਚੈਨਲ ਦਾ ਮਾਲਕ ਇੱਕ ਪੰਜਾਬੀ ਸੀ ਅਤੇ ਪੰਜਾਬ ਨਾਲ ਖਾਸ ਮੋਹ ਰੱਖਦਾ ਸੀ ਪਰ ਨਾਲ ਦੀ ਨਾਲ ਕਮਰਸ਼ੀਅਲ ਦਾਅ ਪੇਚ ਦੇ ਚੱਲਦਿਆਂ ਇਸ ਮਾਲਕ ਨੇ 2002 ਤੋਂ 2007 ਤੱਕ ਮੌਕੇ ਦੀ ਕਾਬਜ਼ ਤੇ ਸੱਤਾਧਾਰੀ ਕਾਂਗਰਸ ਸਰਕਾਰ ਦੀ ਇੱਕ ਪਾਸੜ ਮਦਦ ਕੀਤੀ ਤੇ ਸਰਕਾਰੀ ਲਾਭ ਲੈਂਦਾ ਰਿਹਾ। ਇਸ ਪ੍ਰਕਿਰਿਆ ਨੇ ਪੰਜਾਬੀ ਬਿੱਜਲਈ ਪੱਤਰਕਾਰੀ ਨੂੰ ਢਾਹ ਲਾਈ।
ਇਸ ਤੋਂ ਅਗਲੇ ਪੜ੍ਹਾਅ ਵਿੱਚ ਤਿੰਨ ਚਾਰ ਹੋਰ ਨਵੇਂ ਚੈਨਲਾਂ ਨੇ ਵੀ ਪੈਰ ਪਸਾਰੇ। ਪਰ ਇਨ੍ਹਾਂ ਸਾਰਿਆਂ ਵਿੱਚੋਂ ਜ਼ੀ.ਗਰੁੱਪ ਦਾ ਚੈਨਲ ਅਲਫ਼ਾ ਖ਼ਬਰਾਂ (ਹੁਣ ਜ਼ੀ ਪੰਜਾਬੀ) ਇੱਕ ਪਾਰਦਰਸ਼ੀ , ਸੁੱਘੜ ਅਤੇ ਨਿਵੇਕਲੀ ਪੱਤਰਕਾਰੀ ਵਜੋਂ ਸਾਹਮਣੇ ਆਇਆ ਪਰ ਕੁੱਝ ਸਮੇਂ ਬਾਅਦ ਇਹ ਵੀ ਕਾਂਗਰਸ ਤੇ ਅਕਾਲੀ ਦਲ ਦੀ ਸੌੜੀ ਰਾਜਨੀਤੀ ਦੀ ਭੇਂਟ ਚੜ੍ਹ ਗਿਆ। ਪੰਜਾਬੀ ਇਲੈਕਟ੍ਰਾਨਿਕ ਮੀਡੀਆ ਵਿੱਚ ਈ ਟੀ ਸੀ ਪੰਜਾਬੀ ਇੱਕ ਸੰਗੀਤਕ ਚੈਨਲ ਵਜੋਂ ਹਰਮਨ ਪਿਆਰਾ ਰਿਹਾ । ਇਸ ਚੈਨਲ ‘ਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਸਿੱਧਾ ਲਾਈਵ ਸ਼ਬਦ ਕੀਰਤਨ ਦਾ ਪ੍ਰੋਗਰਾਮ ਆਉਣ ਕਾਰਨ ਇਸ ਦੀ ਪ੍ਰਸਿੱਧਤਾ ਪੂਰੇ ਵਿਸ਼ਵ ਵਿੱਚ ਰਹੀ।
ਫਰਵਰੀ 2007 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਉਪਰੰਤ ਸੂਬੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਤੋਂ ਬਾਅਦ ਇਸ ਈ.ਟੀ.ਸੀ. ਚੈਨਲ ਦੇ ਪ੍ਰਬੰਧਕਾਂ ਵਿੱਚ ਆਪਸੀ ਦੁਫੇੜ ਪੈਣ ਕਾਰਨ ਇਹ ਵੀ ਕੇਬਲ ਨੈੱਟਵਰਕ ਤੋਂ ਅਲੋਪ ਹੋ ਗਿਆ ਅਤੇ ਰਾਜਨੀਤਕ ਦਬਾਅ ਦੇ ਚੱਲਦਿਆਂ ਇੱਕ ਨਵਾਂ ਪੀ ਟੀ ਸੀ ਗਰੁੱਪ ਹੋਂਦ ਵਿੱਚ ਆਇਆ। ਅੱਜ ਕੱਲ੍ਹ ਇਸ ਪੀ ਟੀ ਸੀ ਗਰੁੱਪ ਦੇ ਤਿੰਨ ਪੰਜਾਬੀ ਚੈਨਲ ਬਿੱਜਲਈ ਮੀਡੀਆ ਦੇ ਖੇਤਰ ਵਿਚ ਮੱਲਾਂ ਮਾਰ ਰਹੇ ਹਨ, ਜਿਨ੍ਹਾਂ ਵਿੱਚ ਪੀ.ਟੀ.ਸੀ.-ਪੰਜਾਬੀ, ਪੀ ਟੀ ਸੀ-ਨਿਊਜ਼, ਮਿਊਜ਼ੀਕਲ ਚੈਨਲ ਅਤੇ ਪੀ ਟੀ ਸੀ-ਚੱਕ ਦੇ ਨਾਂ ਵਰਨੰਣਯੋਗ ਹਨ। ਪੰਜਾਬ ਵਿੱਚ ਇੱਕ ਹੋਰ ਸਿਆਸੀ ਅਤੇ ਐਨ ਆਰ ਆਈ ਆਗੂ ਦਾ ਚੈੱਨਲ ਡੀ ਈ ਟੀ ਵੀ ਇਸ ਖੇਤਰ ਵਿੱਚ ਹੈ ਪਰ ਇਸ ਚੈਨਲ ਦੀ ਕਮਜ਼ੋਰ ਪ੍ਰੋਗਰਾਮਿੰਗ ਅਤੇ ਮਾੜੀ ਮੈਨੇਜਮੈਂਟ ਸਦਕਾ ਇਹ ਚੈਨਲ ਆਮ ਲੋਕਾਂ ‘ਚ ਥਾਂ ਨਹੀਂ ਬਣਾ ਸਕਿਆ। ਇਸੇ ਤਰ੍ਹਾਂ ਇੱਕ ਕੰਬਾਈਨ ਅਤੇ ਐਗਰੋ ਇੰਡਸਟਰੀ ਮੈਨੂਫੇਕਚਰਿੰਗ ਕਰਨ ਵਾਲੇ ਉਦਯੋਗਪਤੀ ਨੇ ਸਟੈਂਡਰਡ ਵੱਰਲਡ ਨਾਮ ਦਾ ਚੈੱਨਲ ਸ਼ੁਰੂ ਕੀਤਾ। ਪਰ ਉਹ ਵੀ ਰਸਤੇ ‘ਚ ਹੀ ਦਮ ਤੋੜ ਗਿਆ। ਇਸੇ ਤਰ੍ਹਾਂ ਇੱਕ ਹੋਰ ਚੈਨਲਾ ਵਿਚ ਚੈਨਲ ਨੰਬਰ 1 ਵੀ ਆਪਣੇ ਪੈਰ ਪਸਾਰਨ ਦੀ ਕੋਸ਼ਿਸ਼ ਵਿਚ ਸ਼ੀ ਪਰ ਆਰਥਕ ਤੌਰ ਤੇ ਪਛੜ ਚੁੱਕੇ ਇਸ ਚੈਨਲ ਨੂੰ ਦੱਖਣੀ ਭਾਰਤ ਦੇ ਕਿਸੇ ਵੱਡੇ ਗਰੁਪ ਨੇ ਖਰੀਦ ਲਿਆ ਹੈ। ਇਹੋ ਹਾਲ ਚੜ੍ਹਦੀ ਕਲਾ ਗਰੁਪ ਵਲੋਂ ਸ਼ੁਰੂ ਕੀਤੇ ਟਾਈਮ ਟੀ,ਵੀ, ਦਾ ਹੈ। ਫਾਸਟ ਵੇਅ ਟ੍ਰਾਂਸਮਿਸ਼ਨ ਵਲੋਂ ਕੇਬਲ ਨੈਟਵਰਕ ਰਾਹੀਂ ਖ਼ਬਰਾਂ ਦੇਣ ਲਈ ਫਾਸਟਵੇਅ ਹਲਚਲ ਚੈਨਲ ਸ਼ੁਰੂ ਕੀਤਾ ਗਿਆ ਹੈ।
ਇਹਨਾਂ ਲਗਭਗ ਸਾਰੇ ਨਾਨ ਪਰੋਫੈਸ਼ਨਲ ਚੈਨਲਾਂ ਨੇ ਪੰਜਾਬੀ ਪੱਤਰਕਾਰੀ ਨਾਲ ਦਿਨ ਦੀਵੀਂ ਬਲਾਤਕਾਰ ਕੀਤਾ ਅਤੇ ਪੰਜਾਬੀ ਪੱਤਰਕਾਰੀ ਵਿੱਚ ਇੱਕ ਅਜਿਹੀ ਜਮਾਤ ਪੈਦਾ ਕੀਤੀ ਜਿਸ ਨੇ ਸਮਾਜ ਵਿਚ ਪੱਤਰਕਾਰੀ ਦੇ ਨਾਂਅ ਤੇ ਬਲੈਕਮੇਲਿੰਗ ਸ਼ੁਰੂ ਕੀਤੀ ਹੈ ਜੋ ਕਿ ਅੱਜ ਤੱਕ ਦੀ ਪੰਜਾਬੀ ਪੱਤਰਕਾਰੀ ਵਿਚ ਸੱਭ ਤੋਂ ਮਾੜੇ ਸਮੇਂ ਵਜੋਂ ਜਾਣਿਆ ਜਾਏਗਾ। ਅਜੋਕੇ ਸਮੇਂ ਵਿੱਚ ਪੰਜਾਬੀ ਬਿੱਜਲਈ ਮੀਡੀਆ ਅਸਿੱਧੇ ਤੌਰ ‘ਤੇ ਸੌ ਫੀਸਦੀ ਸਰਕਾਰੀ ਤੰਤਰ ਦੇ ਕੰਟਰੋਲ ਹੇਠਾਂ ਹੈ ਅਤੇ ਸਰਕਾਰ ਇਸ ਮੀਡੀਏ ਨੂੰ ਆਪਣੀ ਮਨਮਰਜ਼ੀ ਨਾਲ ਵਰਤਣ ਲਈ ਹਰ ਹਰਬਾ ਵਰਤ ਰਹੀ ਹੈ। ਇਹਨਾ ਟੀ ਵੀ ਚੈਨਲਾਂ ਦੇ ਦਰਸ਼ਕਾਂ ਤੱਕ ਪਹੁੰਚਣ ਦੇ ਰਸਤੇ ਕੇਬਲ ਨੈਟਵਰਕ ਤੇ ਵੀ ਸੱਤਾਧਾਰੀ ਅਕਾਲੀ ਦਲ ਦਾ ਹੀ ਸਿੱਧਾ ਜਾਂ ਅਸਿੱਧਾ ਕਬਜ਼ਾ ਹੈ। ਕੁੱਲ ਮਿਲਾ ਕੇ ਪੰਜਾਬੀ ਬਿੱਜਲਈ ਮੀਡੀਆ ਇੱਕ ਅਜਿਹੀ ਤਰਸਯੋਗ ਹਾਲਤ ਵਿੱਚੋਂ ਲੰਘ ਰਿਹਾ ਹੈ ਜਿੱਥੇ ਨਾ ਤਾਂ ਇਹ ਸਹਿਕਦਾ ਹੈ ਅਤੇ ਨਾ ਹੀ ਮਰਿਆ ਹੋਇਆ ਹੈ, ਬੱਸ ਜੀਅ ਰਿਹਾ ਹੈ। ਦੂਰਦਰਸ਼ਨ ਤੇ ਜ਼ੀ-ਪੰਜਾਬੀ ਤੋਂ ਬਿਨਾ ਲਗਭਗ ਸਾਰੇ ਨਿਊਜ਼ ਚੈਨਲਾਂ ਉਤੇ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਭੂਆਂ ਦੇ ਵਿਸ਼ਵਾਸ਼ਪਾਤਰ ਧਨਾਢਾਂ ਦਾ ਸਿੱਧੇ ਜਾਂ ਅਸਿੱਧੇ ਤੌਰ ‘ਤੇ ਕਬਜ਼ਾ ਹੈ।
ਇਹ ਸਾਰੇ ਪੰਜਾਬੀ ਸਮਾਚਾਰ ਚੈਨਲ ਨਾ ਨਿਰਪੱਖ ਹਨ, ਨਾ ਨਿਰਭੈ ਤੇ ਨਾ ਹੀ ਸੁਤੰਤਰ, ਇਹ ਸਾਰੇੁ ਸੂਬਾਈ ਸਰਕਾਰ ਦੀਆਂ ਘੋੜੀਆਂ ਗਾਉਣ ਲਗੇ ਹੋਏ ਹਨ। ਕੋਈ ਚੈਨਲ ਪੰਜਾਬ ਸਰਕਾਰ ਜਾਂ ਹਾਕਮ ਅਕਾਲੀ ਦਲ ਵਿਰੁਧ ਖ਼ਬਰ ਦੇਣ ਦੀ ਹਿੰਮਤ ਹੀ ਨਹੀਂ ਰਖਦਾ, ਇਥੋਂ ਤਕ ਕਿ ਦੂਜੀਆਂ ਪਾਰਟੀਆਂ ਜਾਂ ਸਰਕਾਰੀ ਮੁਲਾਜ਼ਮ ਜੱਥੇਬੰਦੀਆਂ ਵਲੋਂ ਸਰਕਾਰ ਵਿਰੁਧ ਦਿਤੇ ਜਾ ਰਹੇ ਧਰਨੇ ਤੇ ਰੋਸ ਮੁਜ਼ਾਹਰਿਆਂ ਦੀ ਖ਼ਬਰ ਵੀ ਰੋਕ ਦਿਤੀ ਜਾਂਦੀ ਹੈ। ਜੇ ਕਿਹਾ ਜਾਏ ਕਿ ਇਹ ਚੈਨਲ ਮੌਜੂਦਾ ਪੰਜਾਬ ਸਰਕਾਰ ਤੇ ਹਾਕਮ ਅਕਾਲੀ ਦਲ ਦੀਆਂ ਪਬਲਿਕ ਰੀਲੇਸ਼ਨਜ਼ ਏਜੰਸੀਆਂ ਹਨ, ਤਾਂ ਅਤਿ ਕਥਨੀ ਨਹੀਂ ਹੋਏਗਾ। ਵਿਰੋਧੀ ਪਾਰਟੀਆਂ ਦੀਆਂ ਖ਼ਬਰਾਂ ਦਿੰਦੇ ਹੀ ਨਹੀਂ, ਜੇ ਦਿੰਦੇ ਹਨ ਤਾਂ ਨਾਂ-ਮਾਤਰ ਤੇ ਕਈ ਵਾਰੀ ਇਕ-ਪਾਸੜ ਅਤੇ ਤੱਥਾਂ ਨੂੰ ਤੋੜ ਮਰੋੜ ਕੇ, ਜਦੋਂ ਕਿ ਪੱਤਰਕਾਰੀ ਵਿਚ ਤੱਥਾਂ ਨੂੰ ਪਵਿਤਰ ਕਿਹਾ ਜਾਂਦਾ ਹੈ।
ਇਸ ਸਾਰੇ ਵਰਤਾਰੇ ਦਾ ਇਕ ਮੁਖ ਕਾਰਨ ਇਹ ਹੈ ਕਿ ਕਈ ਪੰਜਾਬੀ ਸਮਾਚਾਰ ਚੈਨਲਾਂ ਦੇ ਕਰਤਾ ਧਰਤਾ ਉਹ ਲੋਕ ਹਨ, ਜਿਹਨਾਂ ਨੂੰ ਪ੍ਰੈਸ ਜਾਂ ਪੱਤਰਕਾਰੀ ਦੀ ਏ.ਬੀ.ਸੀ. ਦਾ ਵੀ ਪਤਾ ਨਹੀਂ, ਨਾ ਹੀ ਪ੍ਰੈਸ ਦੀਆਂ ਨੈਤਿਕ ਕਦਰਾਂ ਕੀਮਤਾਂ ਤੇ ਜ਼ਿਮੇਵਾਰੀਆਂ ਦਾ ਅਹਿਸਾਸ ਹੈ , ਉਹ ਤਾਂ ਮੀਡੀਆ ਦੀ ਤਾਕਤ, ਮੀਡੀਆ ਨਾਲ ਜੁੜੇ ਲੋਕਾਂ ਨੂੰ ਸਰਕਾਰੇ ਦਰਬਾਰੇ ਤੇ ਸਮਾਜ ਵਿਚ ਮਿਲ ਰਹੇ ਮਾਣ ਸਤਿਕਾਰ, ਵਿਸ਼ੇਸ਼ ਅਧਿਕਾਰ ਤੇ ਸਹੂਲਤਾਂ ਕਾਰਨ ਜਾਂ ਪੈਸਾ ਕਮਾਉਣ ਲਈ ਇੱਧਰ ਆਏ ਹਨ। ਦੋ ਪੰਜਾਬੀ ਸਮਾਚਾਰ ਚੈਨਲਾਂ ਦੇ ਕਰਤਾ ਧਰਤਾ ਟ੍ਰਾਂਸਪੋਰਟਰ ਹਨ, ਜੋ ਸਰਕਾਰ ਤੋਂ ਬੱਸਾਂ ਦੇ ਪਰਮਿਟ ਤੇ ਹੋਰ ਫਾਇਦੇ ਲੈਣ ਕਾਰਨ ਸਰਕਾਰ ਦੀ ਚਾਪਲੂਸੀ ਕਰਨ ਵਿਚ ਲਗੇ ਹੋਏ ਹਨ। ਭਾਵੇਂ ਇਹਨਾਂ ਸਾਰੇ ਚੈਨਲਾਂ ਵਿਚ ਕੰਮ ਕਰਨ ਵਾਲਾ ਵਧੇਰੇ ਸਟਾਫ ਪੂਰੀ ਤਰ੍ਹਾਂ ਯੋਗਤਾ ਪ੍ਰਾਪਤ ਤੇ ਪ੍ਰੋਫੈਸ਼ਨਲ ਹੈ, ਪਰ ਇਹਨਾਂ ਪ੍ਰਬੰਧਕਾਂ ਦੀ ਬੇਲੋੜੀ ਦਖਲ-ਅੰਦਾਜ਼ੀ ਬਹੁਤ ਜ਼ਿਆਦਾ ਹੈ, ਹਰ ਖ਼ਬਰ ਪੁਛ ਕੇ ਤੇ ਤੋੜ ਮਰੋੜ ਕੇ ਲਾਉਣ ਤੇ ਮਜਬੂਰ ਕੀਤਾ ਜਾਂਦਾ ਹੈ। ਪੀ.ਟੀ.ਸੀ. ਗਰੁਪ ਪਾਸ ਸਰਮਾਇਆ ਵੀ ਹੈ, ਇਨਫਰਾਸਟ੍ਰੱਕਚਰ ਤੇ ਪ੍ਰੋਫੈਸ਼ਬਲ ਸਟਾਫ ਵੀ, ਪਰ ਇਸ ਉਤੇ ਹਾਕਮ ਅਕਾਲੀ ਦਲ ਦਾ ਪਰਛਾਵਾਂ ਹੈ, ਜਿਸ ਕਾਰਨ ਪੀ.ਟੀ.ਸੀ. ਨਿਊਜ਼ ਚੈਨਲ ਪੱਖਪਾਤੀ ਖ਼ਬਰਾਂ ਦੇ ਰਿਹਾ ਹੈ ਅਤੇ ਆਪਣੀ ਸਾਖ ਤੇ ਵਿਸ਼ਵਿਾਸ਼ਯੋਗਤਾ ਨਹੀਂ ਬਣਾ ਸਕਿਆ।
ਇਸ ਸਮੇਂ ਅੰਗਰੇਜ਼ੀ ਤੇ ਹਿੰਦੀ ਦੇ ਜੋ ਨਿਊਜ਼ ਚੈਨਲ ਹਨ, ਉਹ ਕੌਮਾਂਤਰੀ ਪੱਧਰ ਦੇ ਹਨ।ਉਹ ਤਾਜ਼ਾ ਤੋਂ ਤਾਜ਼ਾ ਅਤੇ ਖੋਜ-ਭਰਪੂਰ ਖ਼ਬਰ ਨੂੰ ਇਕ ਦੂਜੇ ਤੋਂ ਪਹਿਲਾਂ ਦਿਖਾਉਣ ਦੀ ਮੁਕਾਬਲੇਬਾਜ਼ੀ ਵਿਚ ਲਗੇ ਹੋਏ ਹਨ। ਸਾਰੀਆਂ ਸਿਆਸੀ ਪਾਰਟੀਆਂ ਦੇ ਪ੍ਰਮੁਖ ਲੀਡਰਾਂ ਦੀਆ ਪ੍ਰੈਸ ਮਿਲਣੀਆਂ ਤੇ ਸਮਾਗਮਾਂ ਨੂੰ ਤਾਂ ਸਿੱਧੇ ਤੌਰ ਤੇ (ਲਾਈਵ) ਦਿਖਾ ਹੀ ਰਹੇ ਹਨ, ਕੋਈ ਵੱਡੀ ਘਟਨਾ ਜਾ ਦੁਰਘਟਨਾ ਵਾਪਰ ਜਾਂਦੀ ਹੈ, ਛੇਤੀ ਤੋਂ ਛੇਤੀ ਮੌਕੇ ਤੇ ਪਹੁੰਚ ਕੇ ਸਿੱਧੀ ਜਾਣਕਾਰੀ ਦੇ ਰਹੇ ਹਨ।ਖੋਜ-ਭਰਪੂਰ ਪੱਤਰਕਾਰੀ ਰਾਹੀਂ ਇਤਨੀਆਂ ਮਹੱਤਵਪੂਰਨ ਖ਼ਬਰਾਂ ਸਾਹਮਣੇ ਲਿਆਂਦੇ ਹਨ, ਭ੍ਰਿਸ਼ਟਾਚਾਰ ਦੇ ਕੇਸ ਤੇ ਘੋਟਾਲੇ ਨੰਗੇ ਕਰਦੇ ਹਨ ਕਿ ਸਾਰੇ ਹੈਰਾਨ ਰਹਿ ਜਾਂਦੇ ਹਨ। ਅਜ ਹਾਲਾਤ ਇਹ ਹਨ ਕਿ ਪੰਜਾਬੀ ਦਾ ਕੋਈ ਵੀ ਨਿਊਜ਼ ਚੈਨਲ ਅੰਗਰੇਜ਼ੀ ਤੇ ਹਿੰਦੀ ਦੇ ਸਮਾਚਾਰ ਚੈਨਲਾਂ ਦੇ ਮੁਕਾਬਲੇ ਪਾਸਕੂੰ ਵੀ ਨਹੀਂ।
ਕਿਸੇ ਵੀ ਚੈਨਲ ਦੀ ਕਾਮਯਾਬੀ ਤੇ ਆਮ ਦਰਸ਼ਕਾਂ ਤਕ ਪਹੁੰਚਾ ਕੇ ਹਰਮਨ ਪਿਆਰਾ ਬਣਾਉਣ ਲਈ ਕੇਬਲ ਨੈਟਵਰਕ ਦਾ ਬਹੁਤ ਵੱਡਾ ਹੱਥ ਹੁੰਦਾ ਹੈ। ਡਿਸ਼ ਤਾਂ ਹਰ ਪਰਿਵਾਰ ਨਹੀਂ ਲਗਵਾ ਸਕਦਾ, ਵੈਸੇ ਵੀ ਡਿਸ਼ ਉਤੇ ਬਹੁਤੇ ਚੈਨਲ ਆਉਂਦੇ ਹੀ ਨਹੀਂ। ਸਾਲ 2007 ਤਕ ਸਿਟੀ ਕੇਬਲ ਤੇ ਵਿਨ ਕੇਬਲ ਦੋ ਵੱਡੇ ਨੈਟ ਵਰਕ ਸਨ, ਜੋ ਪ੍ਰਮੁਖ ਟੀ.ਵੀ. ਚੈਨਲ ਆਪਣੇ ਦਰਸ਼ਕਾਂ ਨੂੰ ਦੇ ਰਹੇ ਸਨ। ਅਕਾਲੀ ਸਰਕਾਰ ਨੇ ਆਉਂਦੇ ਹੀ ਪੁਲਿਸ ਦਾ ਦਬਾਓ ਪਾ ਕੇ ‘ਪੰਜਾਬ ਟੂਡੇ; ਨਿਊਜ਼ ਚੈਨਲ ਦੋਨੋ ਕੇਬਲ ਨੈਟ-ਵਰਕ ਤੇ ਬੰਦ ਕਰਵਾ ਦਿਤਾ ਗਿਆ, ਸੋ ਇਹ ਚੈਨਲ ਆਪਣੀ ਮੌਤ ਆਪ ਹੀ ਮਰ ਗਿਆ। ਅਗਲੇ ਵਰ੍ਹੇ ਦੇ ਅੰਦਰ ਹਾਕਮ ਅਕਾਲੀ ਦਲ ਦੇ ਵਿਸ਼ਵਾਸ਼-ਪਾਤਰ ਧਨਾਢਾਂ ਨੇ ਜਿਥੇ ਪੀ.ਟੀ.ਸੀ. ਚੈਨਲ ‘ਤੇ ਸਿੱਧਾ ਜਾਂ ਅਸਿੱਧਾ ਕਬਜ਼ਾ ਕਰ ਲਿਆ , ਉਥੇ ਦੋਨਾਂ ਕੇਬਲ ਨੈਟਵਰਕਾਂ ਉਤੇ ਵੀ ਪੂਰਾ ਕਬਜ਼ਾ ਕਰ ਲਿਆ। ਜਿਹੜਾ ਵੀ ਕੋਈ ਚੈਨਲ ਹਾਕਮ ਅਕਾਲੀ ਦਲ ਜਾਂ ਬਾਦਲ ਪਰਿਵਾਰ ਦੇ ਕਿਸੇ ਵੀ ਮੈਂਬਰ ਵਿਰੁਧ ਕੋਈ ਖ਼ਬਰ ਦਿੰਦਾ ਹੈ, ਉਸ ਨੂੰ ਕੇਬਲ ਨੈਟ-ਵਰਕ ਤੋਂ ਬਾਹਰ ਕੱਢ ਦਿਤਾ ਜਾਂਦਾ ਹੈ ਜਾਂ ਆਵਾਜ਼ ਤੇ ਤਸਵੀਰਾਂ ਨੂੰ ਖਰਾਬ ਕਰ ਦਿਤਾ ਜਾਂਦਾ ਹੈ।
ਹੁਣ ਗਲ ਕਰੀਏ ਪੰਜਾਬੀ ਦੇ ਮਿਊਜ਼ੀਕਲ ਚੈਨਲਾਂ ਦੀ। ਇਹਨਾਂ ਵਿਚ ਉਹੋ ਚੈਨਲ ਵਧੇਰੇ ਹਰਮਨ ਪਿਆਰਾ ਹੁੰਦਾ ਹੈ, ਜੋ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਸਵੇਰੇ ਸ਼ਾਮੀਂ ਸਬਦ ਕੀਰਤਨ ਦਾ ਸਿੱਧਾ ਪ੍ਰੋਗਰਾਮ ਟੈਲੀਕਾਸਟ ਕਰਦਾ ਹੈ।ਸਭ ਤੋਂ ਪਹਿਲਾਂ ਨਵੰਬਰ 1998 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਵਾਲੇ ਦਿਹਾੜੇ ਵ੍ਰਲਡ ਪੰਜਾਬੀ ਚੈਨਲ ਵਲੋਂ ਰੀਕਾਰਡ ਕੀਤਾ ਪ੍ਰੋਗਰਾਮ ਟੈਲੀਕਾਸਟ ਕਰਨਾ ਸ਼ੁਰੂ ਹੋਇਆ ਸੀ। ਇਹ ਚੈਨਲ ਛੇਤੀ ਹੀ ਦਮ ਤੋੜ ਗਿਆ।ਇਸ ਉਪਰੰਤ ਲਿਸ਼ਕਾਰਾ ਆਇਆ, ਇਹ ਵੀ ਲੰਬੀ ਉਮਰ ਨਾ ਭੋਗ ਸਕਿਆ। ਇਸ ੳਪਰੰਤ ਈ.ਟੀ.ਸੀ-ਪੰਜਾਬੀ ਤੇ ਸ਼ੁਰੂ ਹੋਇਆ।ਇਹ ਬਹੁਤ ਕਾਮਯਾਬ ਰਿਹਾ। ਇਸ ਸਮੇਂ ਪੀ.ਟੀ.ਸੀ.-ਪੰਜਾਬੀ ਅਤੇ ਪੀ.ਟੀ.ਸੀ.-ਨਿਊਜ਼ ਚੈਨਲ ‘ਤੇ ਸ਼ਬਦ ਕੀਰਤਨ ਦਾ ਪ੍ਰੋਗਰਾਮ ਦਿਖਾਇਆ ਜਾ ਰਿਹਾ ਹੈ। ਸ਼ਬਦ ਕੀਰਤਨ ਤੋਂ ਬਿਨਾ ਮਿਊਜ਼ੀਕਲ ਚੈਨਲਾਂ ‘ਤੇ ਵਧੇਰੇ ਕਰ ਕੇ ਪੰਜਾਬੀ ਗੀਤ ਗਾਣਿਆਂ ਦੇ ਪ੍ਰੋਗਰਾਮ ਹੀ ਪੇਸ਼ ਕੀਤੇ ਜਾਂਦੇ ਹਨ ਜੋ ਰੀਕਾਰਡ ਕੀਤੇ ‘ਰੈਡੀ-ਮੇਡ” ਮਿਲ ਜਾਂਦੇ ਹਨ ਜਾਂ ਭਗਵੰਤ ਮਾਨ, ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਸੁਦੇਸ਼ ਲਹਿਰੀ ਵਰਗੇ ਹਾਸਰਸ ਕਲਾਕਾਰਾਂ ਦੇ ਰੀਕਾਰਡ ਕੀਤੇ ਤਿਆਰਸ਼ੁਦਾ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹਨ। ਕਿਸੇ ਵੀ ਚੈਨਲ ਨੇ ਪਾਕਿਸਤਾਨ ਟੀ.ਵੀ ਜਾਂ ਦੂਰਦਰਸ਼ਨ ਤੋਂ ਪ੍ਰੇਰਨਾ ਲੈਣ ਦੀ ਕੋਸ਼ਿਸ ਨਹੀਂ ਕੀਤੀ ਜਾਪਦੀ। ਪੰਜਾਬੀ ਲੋਕ ਗੀਤਾਂ, ਲੋਕ ਨਾਚਾਂ, ਲੋਕ ਗਾਥਾਵਾਂ, ਸੂਫੀ ਕਲਾਮ, ਕਵੀਸ਼ਰੀ ਦਾ ਬੜਾ ਹੀ ਅਮੀਰ ਵਿਰਸਾ ਹੈ ਅਤੇ ਭਾਈ ਵੀਰ ਸਿੰਘ, ਪ੍ਰੋ. ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਸ਼ਿਵ ਕੁਮਾਰ ਬਟਾਲਵੀ, ਸੁਰਜੀਤ ਪਾਤਰ ਵਰਗੇ ਅਨੇਕਾਂ ਨਾਮਵਰ ਸ਼ਾਇਰਾਂ ਦੀਆਂ ਕਵਿਤਾਵਾਂ ਤੇ ਗੀਤਾਂ ਦਾ ਸਾਹਿੱਤਕ ਖ਼ਜ਼ਾਨਾ ਹੈ, ਜਿਸ ਨੂੰ ਪੇਸ਼ ਕੀਤਾ ਜਾ ਸਕਦਾ ਹੈ, ਜਿਨ੍ਹਾਂ ਨੂੰ ਡੀ.ਡੀ. ਪੰਜਾਬੀ ਵਲੋਂ ਪੇਸ਼ ਕੀਤਾ ਜਾ ਰਿਹਾ ਹੈ। ਨਾਨਕ ਸਿੰਘ, ਜਸਵੰਤ ਸਿੰਘ ਕੰਵਲ, ਗੁਰਦਿਆਲ ਸਿੰਘ,ਸੰਤੋਖ ਸਿੰਘ ਧਰਿ, ਸੁਜਾਨ ਸਿੰਘ, ਰਾਮ ਸਰੂਪ ਅਣਖੀ ਵਰਗੇ ਅਨੇਕਾਂ ਨਾਵਲਕਾਰਾਂ ਤੇ ਕਹਾਣੀਕਾਰਾਂ ਦੀਆਂ ਰਚਨਾਵਾਂ ‘ਤੇ ਆਧਾਰਿਤ ਪ੍ਰੋਗਰਾਮ ਪੇਸ਼ ਕੀਤੇ ਜਾ ਸਕਦੇ ਹਨ।
ਅਸੀ ਆਸ ਕਰਦੇ ਹਾਂ ਕਿ ਪੰਜਾਬੀ ਅਖ਼ਬਾਰਾਂ ਵਾਂਗ ਪੰਜਾਬੀ ਟੀ.ਵੀ. ਚੈਨਲ ਵੀ ਆਉਣ ਵਾਲੇ ਸਮੇਂ ਵਿਚ ਸਰਕਾਰੀ ਪ੍ਰਭਾਵ ਤੋਂ ਮੁਕਤ ਹੋ ਕੇ ਹਿੰਦੀ, ਅੰਗਰੇਜ਼ੀ ਤੇ ਹੋਰ ਭਾਸ਼ਾਵਾਂ ਦੇ ਚੈਨਲਾਂ ਵਾਂਗ ਖੋਜ-ਭਰਪੂਰ ਖ਼ਬਰਾਂ ਤੇ ਉਚ ਪੱਧਰ ਦੇ ਪ੍ਰੋਗਰਾਮ ਪੇਸ਼ ਕਰਨਗੇ ਅਤੇ ਪੰਜਾਬੀ ਸਮਾਚਾਰ ਚੈਨਲ ਪੂਰੀ ਤਰਾਂ ਨਿਰਪੱਖ, ਨਿੱਡਰ, ਆਜ਼ਾਦ ਤੇ ਪ੍ਰੋਫੈਸ਼ਨਲ ਕਦਰਾਂ ਕੀਮਤਾਂ ਦੀ ਪਾਲਣਾ ਕਰਦੇ ਹੋਏ ਪਂਜਾਬ, ਪੰਜਾਬੀ ਤੇ ਪੰਜਾਬੀਅਥ ਦੀ ਸੇਵਾ ਕਰਨਗੇ।ਆਮੀਨ।
kamal