ਫਤਿਹਗੜ੍ਹ ਸਾਹਿਬ :- “ਇਸ ਸੰਸਾਰ ਦੇ ਰਚਣਹਾਰੀ ਕੁਦਰਤ ਨੇ ਅਮਨ-ਚੈਨ ਅਤੇ ਮਨੁੱਖਤਾ ਪੱਖੀ ਸੋਚ ਨੂੰ ਮੁੱਖ ਰੱਖਕੇ ਇਸ ਸੰਸਾਰ ਨੂੰ ਹੋਂਦ ਵਿੱਚ ਲਿਆਂਦਾ ਸੀ। ਪਰ ਉਸ ਵੱਲੋਂ ਪੈਦਾ ਕੀਤੇ ਗਏ ਇਸ ਮਨੁੱਖ ਨੇ ਹਉਂਮੈ ਵਿੱਚ ਗ੍ਰਸਤ ਹੋ ਕੇ ਕੁਦਰਤੀ ਨਿਯਮਾਂ ਅਤੇ ਅਸੂਲਾਂ ਨੂੰ ਤਿਲਾਂਜਲੀ ਦੇ ਕੇ ਇਸ ਜ਼ਮੀਨ ਉੱਤੇ ਹੀ ਖਤਰਨਾਕ ਪ੍ਰਮਾਣੂ ਵਿਸਫੋਟਕ ਸਮੱਗਰੀ ਦੇ ਭੰਡਾਰ ਹੀ ਨਹੀਂ ਇਕੱਠੇ ਕੀਤੇ, ਬਲਕਿ ਸਮੁੰਦਰ ਅਤੇ ਹਵਾ ਵਿੱਚ ਵੀ ਅਜਿਹੇ ਮਾਰੂ ਹਥਿਆਰ, ਪ੍ਰਮਾਣੂ ਬੰਬਾਂ ਨਾਲ ਲੈਂਸ ਪਣਡੁੱਬੀਆਂ ਦੇ ਭੰਡਾਰ ਇਕੱਤਰ ਕਰ ਰਿਹਾ ਹੈ, ਜੋ ਉਸ ਕੁਦਰਤ ਨੂੰ ਸਿੱਧੀ ਚੁਣੌਤੀ ਦੇਣ ਦੇ ਤੁੱਲ ਕਾਰਵਾਈ ਹੈ।”
ਇਹ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਸ ਹਿੰਦੂਤਵ ਹਿੰਦੋਸਤਾਨ ਦੇ ਮੁਲਕ ਵੱਲੋਂ ਨਿਯੁਕਲੀਅਰ ਸ਼ਕਤੀ ਨਾਲ ਲੈਂਸ ਅਰੀਹੰਤ ਪਣਡੁੱਬੀ (ਨਿਯੁਕਲੀਅਰ ਸਬਮਰੀਨ) ਸਥਿਗਿਤ ਕਰਨ ਉੱਤੇ ਅਤੇ ਇਸ ਦੱਖਣੀ ਏਸ਼ੀਆ ਖਿੱਤੇ ਦੇ ਹਿੰਦ ਮਹਾਂਸਾਗਰ ਨਾਲ ਸੰਬੰਧਿਤ ਗੁਆਂਢੀ ਮੁਲਕਾਂ ਦੇ ਅਮਨ-ਚੈਨ ਅਤੇ ਮਨੁੱਖਤਾ ਪੱਖੀ ਉੱਦਮਾਂ ਨੂੰ ਡੂੰਘਾ ਢਾਹ ਲਾਉਣ ਦੀ ਕਾਰਵਾਈ ਗਰਦਾਨਦੇ ਹੋਏ ਪ੍ਰੈਸ ਬਿਆਨ ਵਿੱਚ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਬਹੁਤ ਹੀ ਦੁੱਖ ਅਤੇ ਅਫਸੋਸ ਦੀ ਗੱਲ ਹੈ ਕਿ ਅਸੀਂ ਸਮੁੱਚੇ ਸੰਸਾਰ ਵਿਸ਼ੇਸ ਤੌਰ ਤੇ ਦੱਖਣੀ ਏਸ਼ੀਆ ਖਿੱਤੇ ਦੇ ਮਾਹੌਲ ਨੂੰ ਵਿਸਫੋਟਕ ਬਣਾਉਣ ਵਾਲੀਆਂ ਤਾਕਤਾਂ, ਮੁਲਕਾਂ ਨੂੰ ਸਮੇਂ ਸਮੇਂ ਤੇ ਸੁਚੇਤ ਕਰਦੇ ਆਏ ਹਾਂ ਪਰ ਹਿੰਦੋਸਤਾਨ ਸਮੇਤ ਕਿਸੇ ਵੀ ਮੁਲਕ ਨੇ ਸਾਡੇ ਵੱਲੋਂ ਉਠਾਈ ਜਾ ਰਹੀ ਅਮਨ-ਚੈਨ ਨੂੰ ਕਾਇਮ ਰੱਖਣ ਵਾਲੀ ਆਵਾਜ਼ ਨੂੰ ਸੰਜੀਦਗੀ ਨਾਲ ਨਹੀਂ ਸੁਣਿਆ। 1930 ਵਿੱਚ ਵਿਨਸਟਨ ਚਰਚਿਲ ਨੇ ਨਾਜ਼ੀਆਂ ਦੀ ਵੱਧਦੀ ਫੌਜੀ ਤਾਕਤ ਸੰਬੰਧੀ ਉਸ ਸਮੇਂ ਸੁਚੇਤ ਕੀਤਾ ਸੀ, ਜਿਸਦੇ ਨਤੀਜੇ ਸਾਡੇ ਸਾਹਮਣੇ ਹਨ। ਇੱਥੋਂ ਤੱਕ ਅਮਰੀਕਾ ਦੇ ਸੈਕਟਰੀ ਆਫ਼ ਸਟੇਟ ਬੀਬੀ ਹਿਲੇਰੀ ਕਲਿੰਟਨ ਦੇ ਹਿੰਦੋਸਤਾਨ ਦੇ ਦੌਰੇ ਸਮੇ ਵੀ ਅਸੀਂ ਇਹ ਆਵਾਜ਼ ਉਠਾਈ ਸੀ ਕਿ ਹਿੰਦੋਸਤਾਨ ਨੂੰ ਨਿਯੁਕਲੀਅਰ ਤਕਨੀਕ ਅਤੇ ਸੰਬੰਧਿਤ ਸਮੱਗਰੀ ਦੀ ਸਪਲਾਈ ਦੇਣਾ ਖਤਰੇ ਤੋਂ ਖਾਲੀ ਨਹੀਂ। ਕਿਉਂਕਿ ਇਹ ਇਸਦੀ ਦੁਰਵਰਤੋਂ ਇੱਥੇ ਰਹਿਣ ਵਾਲੀਆਂ ਘੱਟ ਗਿਣਤੀ ਕੌਮਾਂ ਮੁਸਲਿਮ, ਸਿੱਖ ਅਤੇ ਇਸਾਈਆਂ ਦੇ ਹੱਕ-ਹਕੂਕਾਂ ਨੂੰ ਕੁਚਲਣ ਅਤੇ ਉਹਨਾਂ ਨੂੰ ਗੁਲਾਮ ਬਣਾਉਣ ਲਈ ਕਰੇਗਾ। ਫਿਰ ਇਟਲੀ ਦੇ ਸ਼ਹਿਰ ਅਲਕਿਊਲਾ ਵਿੱਚ ਜੀ-8 ਮੁਲਕਾਂ ਦੀ ਹੋਈ ਇਕੱਤਰਤਾ ਵਿੱਚ ਪਾਸ ਹੋਏ ਮਤੇ ਕਿ ਐਨ ਪੀ ਟੀ ਅਤੇ ਸੀ ਟੀ ਬੀ ਟੀ ਦੀਆਂ ਕੌਮਾਂਤਰੀ ਸੰਧੀਆਂ ਉੱਤੇ ਦਸਤਖਤ ਨਾ ਕਰਨ ਵਾਲੇ ਮੁਲਕਾਂ ਨੂੰ ਕੋਈ ਵੀ ਨਿਯੁਕਲੀਅਰ ਸੰਬੰਧੀ ਸਹਾਇਤਾ ਤੇ ਤਕਨੀਕ ਨਹੀਂ ਦੇਣੀ ਚਾਹੀਦੀ। ਪਰ ਇਸ ਦੇ ਬਾਵਜੂਦ ਵੀ ਜਦੋਂ ਹਿੰਦੋਸਤਾਨ ਨੇ ਐਨ ਪੀ ਟੀ ਅਤੇ ਸੀ ਟੀ ਬੀ ਟੀ ਉੱਤੇ ਦਸਤਖਤ ਹੀ ਨਹੀਂ ਕੀਤੇ, ਉਸਨੂੰ ਅਮਰੀਕਾ ਵੱਲੋਂ ਨਿਯੁਕਲੀਅਰ ਤਕਨੀਕ ਅਤੇ ਸੰਬੰਧਿਤ ਸਮੱਗਰੀ ਦੀ ਸਪਲਾਈ ਦੇਣ ਦੇ ਸਮਝੌਤੇ ਕਰਨ ਦੀ ਕਾਰਵਾਈ ਹੈਰਾਨੀਜਨਕ ਵੀ ਹੈ ਅਤੇ ਦੁੱਖਦਾਇਕ ਵੀ ਹੈ। ਕਿਉਂਕਿ ਹਿੰਦੋਸਤਾਨ ਇਸ ਤਕਨੀਕ ਦੀ ਦੁਰਵਰਤੋਂ ਕਰਕੇ ਚੋਰੀ ਛਿਪੇ ਪ੍ਰਮਾਣੂ ਵਿਸਫੋਟਕ ਸਮੱਗਰੀ ਤਿਆਰ ਕਰੇਗਾ ਅਤੇ ਫਿਰ ਹਿੰਦੋਸਤਾਨ ਵਿੱਚ ਰਹਿਣ ਵਾਲੀਆਂ ਘੱਟ ਗਿਣਤੀ ਕੌਮਾਂ ਉੱਤੇ ਧੌਂਸ ਜਮਾਏਗਾ। ਇਸ ਨਾਲ ਇੰਡੀਅਨ ਓਸ਼ੀਅਨ ਵਿੱਚ ਪੈਂਦੇ ਇਸਲਾਮਿਕ ਮੁਲਕਾਂ ਨੂੰ ਵੀ ਖਤਰਾ ਪੈਦਾ ਹੋਵੇਗਾ। ਹਵਾ, ਜ਼ਮੀਨ ਅਤੇ ਪਾਣੀ ਵਿੱਚ ਪ੍ਰਮਾਣੂ ਤਾਕਤ ਦੇ ਭੰਡਾਰ ਵੱਧਣ ਨਾਲ ਹਿੰਦੋਸਤਾਨ ਨਾਜ਼ੀਆਂ ਜਰਮਨੀਆਂ ਦੀ ਤਰ੍ਹਾ ਜ਼ਾਲਮ ਬਣ ਜਾਵੇਗਾ। ਇਸ ਲਈ ਸਾਡੀ ਪਾਰਟੀ ਰੂਸ ਦੇ ਮੁਲਕ ਨੂੰ ਖਬਰਦਾਰ ਕਰਦੀ ਹੈ ਕਿ ਉਹ ਹਿੰਦੋਸਤਾਨ ਨੂੰ ਬਿਲਕੁਲ ਵੀ ਪ੍ਰਮਾਣੂ ਸਮੱਗਰੀ, ਬਾਲਣ ਆਦਿ ਬਿਲਕੁਲ ਨਾ ਭੇਜੇ।
ਸ: ਮਾਨ ਨੇ ਆਪਣੇ ਬਿਆਨ ਦੇ ਅਖੀਰ ਵਿੱਚ ਕਿਹਾ ਕਿ ਸਾਨੂੰ ਇਸ ਗੱਲ ਦੀ ਵੱਡੀ ਖੁਸ਼ੀ ਹੈ ਕਿ ਪਣਡੁੱਬੀ ਨੂੰ ਭਾਰਤੀ ਸਮੁੰਦਰੀ ਸੈਨਾ ਦੇ ਹਵਾਲੇ ਕਰਦੇ ਸਮੇਂ ਇਸਦਾ ਉਦਘਾਟਨ ਇੱਕ ਔਰਤ ਤੋਂ ਕਰਵਾਇਆ ਹੈ ਜੋ ਕਿ ਹਿੰਦੋਸਤਾਨ ਦੇ ਵਜ਼ੀਰ ਏ ਆਜਿ਼ਮ ਦੀ ਧਰਮ ਪਤਨੀ ਸਰਦਾਰਨੀ ਗੁਰਸ਼ਰਨ ਕੌਰ ਹੈ। ਪਰ ਸਾਨੂੰ ਇਸ ਗੱਲ ਦਾ ਦੁੱਖ ਹੈ ਕਿ ਅਜਿਹੇ ਸਮਾਗਮਾਂ ਦੀ ਰਸਮ ਸਮੇਂ ਜੋ ਦੁਨੀਆ ਦੀ ਸਭ ਤੋਂ ਕੀਮਤੀ ਸ਼ਰਾਬ (ਸੈਂਪੀਅਨ) ਦੀ ਬੋਤਲ ਦੇ ਡਾਟ ਖੋਲਿਆ ਜਾਂਦਾ ਸੀ, ਉਸ ਰਸਮ ਨੂੰ ਨਹੀਂ ਕੀਤਾ ਗਿਆ, ਜੋ ਕਿ ਲੰਮੇ ਸਮੇਂ ਤੋਂ ਚਲੀ ਆ ਰਹੀ ਰਵਾਇਤ ਦੀ ਘੋਰ ਉਲੰਘਣਾ ਹੈ।