ਵਸਿ਼ਗਟਨ – ਭਾਰਤ ਦੇ ਪਾਕਿਸਤਾਨ ਦੇ ਸੂਬੇ ਬਲੋਚਿਸਤਾਨ ਵਿਚ ਦਖਲਅੰਦਾਜੀ਼ ਨੂੰ ਲੈ ਕੇ ਪਾਕਿਸਤਾਨ ਅਤੇ ਭਾਰਤ ਵਿਚ ਕਾਫੀ ਵਿਵਾਦ ਛਿੜਿਆ ਹੋਇਆ ਹੈ। ਅਮਰੀਕਾ ਨੇ ਇਸ ਬਾਰੇ ਭਾਰਤ ਨੂੰ ਕਲੀਨ ਚਿਟ ਦਿੰਦੇ ਹੋਏ ਕਿਹਾ ਹੈ ਕਿ ਪਾਕਿਸਤਾਨ ਵਲੋਂ ਅਜੇ ਤਕ ਕੋਈ ਵੀ ਅਜਿਹਾ ਸਬੂਤ ਨਹੀਂ ਦਿਤਾ ਗਿਆ, ਜਿਸ ਨਾਲ ਭਾਰਤ ਦੇ ਦਖਲ ਦੇਣ ਬਾਰੇ ਯਕੀਨ ਕੀਤਾ ਜਾ ਸਕੇ।
ਅਮਰੀਕਾ ਦੇ ਰਿਚਰਡ ਹਾਲਬਰੁਕ ਜੋ ਕਿ ਪਾਕਿਸਤਾਨ ਅਤੇ ਅਫਗਾਨਿਸਤਾਨ ਮਸਲਿਆਂ ਲਈ ਅਮਰੀਕਾ ਦੇ ਖਾਸ ਦੂਤ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਅਧਿਕਾਰੀਆਂ ਨੇ ਬਲੋਚਿਸਤਾਨ ਦਾ ਮੁਦਾ ਕਈ ਵਾਰ ਉਨ੍ਹਾਂ ਦੇ ਸਾਹਮਣੇ ਉਠਾਇਆ ਹੈ, ਪਰ ਅਜੇ ਤਕ ਕੋਈ ਠੋਸ ਸਬੂਤ ਨਹੀਂ ਦਿਤਾ। ਸ਼ਰਮ ਅਲ ਸ਼ੇਖ ਵਿਚ ਪਾਕਿਸਤਾਨ ਅਤੇ ਭਾਰਤ ਦੇ ਪ੍ਰਧਾਨਮੰਤਰੀਆਂ ਦੀ ਗੱਲਬਾਤ ਦੌਰਾਨ ਇਹ ਮੁੱਦਾ ਉਠਿਆ ਸੀ। ਇਸ ਦਾ ਜਿਕਰ ਸਾਂਝੇ ਬਿਆਨ ਵਿਚ ਕੀਤਾ ਗਿਆ ਸੀ। ਪਾਕਿਸਤਾਨ ਨੇ ਕਿਹਾ ਸੀ ਕਿ ਭਾਰਤ ਨੇ ਦਖਲਅੰਦਾਜ਼ੀ ਦੀ ਗੱਲ ਮੰਨ ਲਈ ਹੈ। ਭਾਰਤ ਵਿਚ ਵਿਰੋਧੀ ਧਿਰ ਨੇ ਪ੍ਰਧਾਨਮੰਤਰੀ ਦੇ ਇਸ ਸਾਂਝੇ ਬਿਆਨ ਤੇ ਬਵਾਲ ਖੜ੍ਹਾ ਕੀਤਾ ਸੀ। ਜਿਸ ਬਾਰੇ ਪ੍ਰਧਾਨਮੰਤਰੀ ਨੇ ਸੰਸਦ ਵਿਚ ਆਪਣਾ ਸਪੱਸ਼ਟੀਕਰਣ ਦਿਤਾ ਸੀ। ਸਰਕਾਰ ਦਾ ਕਹਿਣਾ ਹੈ ਕਿ ਦਖਲ ਦੀ ਕੋਈ ਵੀ ਗੱਲ ਨਹੀਂ ਮੰਨੀ ਗਈ। ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਗੱਲਬਾਤ ਦੁਆਰਾ ਹੀ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਚੰਗਾ ਬਣਾਇਆ ਜਾ ਸਕਦਾ ਹੈ। ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਵੀ ਡਾ: ਮਨਮੋਹਨ ਸਿੰਘ ਦੇ ਬਿਆਨ ਦੀ ਸ਼ਲਾਘਾ ਕੀਤੀ ਹੈ।