ਲੰਡਨ: (ਗੁਰਮੁਖ ਸਿੰਘ ਸਰਕਾਰੀਆ) ਪੰਜਾਬੀ ਦੇ ਸੰਸਾਰ-ਪ੍ਰਸਿੱਧ ਨਾਵਲਕਾਰ ਸਿ਼ਵਚਰਨ ਜੱਗੀ ਕੁੱਸਾ ਨੇ ਸ਼ਵਿੰਦਰ ਸਿੰਘ ਬਾਠ ਉਰਫ਼ ਛਿੰਦਾ ਅਮਲੀ ਦੀ ਅਣਿਆਈ ਮੌਤ ‘ਤੇ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਮਾਂ-ਖੇਡ ਕਬੱਡੀ ਲਈ ਸਾਰੀ ਜਿ਼ੰਦਗੀ ਨਿਸ਼ਾਵਰ ਕਰ ਦੇਣ ਵਾਲ ਛਿੰਦੇ ਦੀ ਮੌਤ ਨਾਲ ਕਬੱਡੀ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਅਤੇ ਇਹ ਘਾਟਾ ਪੂਰਿਆ ਜਾਣਾ ਬਹੁਤ ਮੁਸ਼ਕਲ ਹੈ। ਉਹਨਾਂ ਇਹ ਵੀ ਕਿਹਾ ਕਿ ਮੌਤ ਅਟੱਲ ਸੱਚਾਈ ਹੈ, ਪਰ ਮੂੰਹ ਵਿਚ ਬੱਤੀ ਦੰਦ ਹੁੰਦੇ ਨੇ, ਉਹਨਾਂ ਵਿਚੋਂ ਜੇਕਰ ਇਕ ਵੀ ਨਿਕਲ ਜਾਵੇ ਤਾਂ ਜੀਭ ਵਾਰ ਵਾਰ ਉਥੇ ਜਾਂਦੀ ਹੈ, ਕਿਉਂਕਿ ਜੀਭ ਨੂੰ ਉਸ ਖਲਾਅ ਦਾ ਹੇਰਵਾ ਹੁੰਦਾ ਹੈ! ਛਿੰਦਾ ਜਿੱਥੇ ਯਾਰਾਂ ਦਾ ਯਾਰ ਅਤੇ ਦਿਲਦਾਰ ਬੰਦਾ ਸੀ, ਉਥੇ ਉਹ ਹਰ ਮੂੰਹੋਂ ਨਿਕਲੀ ਗੱਲ ਸਿਦਕ ਨਾਲ ਪੂਰੀ ਕਰ ਕੇ ਦਿਖਾਉਣ ਦਾ ਹਾਂਮੀ ਸੀ। ਜੋ ਕੁਛ ਉਸ ਨੇ ਕਬੱਡੀ ਲਈ ਕੀਤਾ, ਉਸ ਦੀ ਤਹਿ ਦਿਲੋਂ ਸ਼ਲਾਘਾ ਕਰਨੀ ਬਣਦੀ ਹੈ। ਆਖਰ ਵਿਚ ਜੱਗੀ ਕੁੱਸਾ ਜੀ ਨੇ ਛਿੰਦੇ ਬਾਠ ਦੇ ਪ੍ਰੀਵਾਰ ਨਾਲ ਹਮਦਰਦੀ ਪ੍ਰਗਟਾਉਂਦਿਆਂ ਅਕਾਲ ਪੁਰਖ਼ ਅੱਗੇ ਛਿੰਦੇ ਬਾਠ ਦੀ ਆਤਮਾ ਦੀ ਸ਼ਾਂਤੀ ਲਈ ਕਾਮਨਾ ਕੀਤੀ!