ਫਤਿਹਗੜ੍ਹ ਸਾਹਿਬ :- “ਦੁਨਿਆਵੀਂ ਫੌਜੀ ਜੰਗਾਂ ਜਾਂ ਸਿਆਸੀ ਲੜਾਈਆਂ ਲੜਦੇ ਸਮੇ ਜੋ ਜੰਗੀ ਜਰਨੈਲ ਆਪਣੇ ਮਹਿਲਾਂ (ਔਰਤਾਂ) ਨੂੰ ਆਪਣੇ ਨਾਲ ਰੱਖਦੇ ਹਨ ਅਜਿਹੇ ਜਰਨੈਲਾਂ ਨੂੰ ਕਦੀ ਵੀ ਜਿੱਤਾਂ ਨਸੀਬ ਨਹੀਂ ਹੁੰਦੀਆਂ।”
ਇਹ ਉਪਰੋਕਤ ਵਿਚਾਰ ਅੱਜ ਇੱਥੇ ਜਥੇਦਾਰ ਨਿਸ਼ਾਨ ਸਿੰਘ ਘੜਾਮ ਸਰਪ੍ਰਸਤ, ਕੁਲਦੀਪ ਸਿੰਘ ਭਾਗੋਵਾਲ ਜਿ਼ਲ੍ਹਾ ਪ੍ਰਧਾਨ ਮੁਹਾਲੀ ਅਤੇ ਗੁਰਦਿਆਲ ਸਿੰਘ ਘੱਲੂਮਾਜਰਾ ਜਿ਼ਲ੍ਹਾ ਪ੍ਰਧਾਨ ਫਤਿਹਗੜ੍ਹ ਸਾਹਿਬ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਾਂਝੇ ਤੌਰ ‘ਤੇ ਦਸਤਖਤ ਕੀਤੇ ਗਏ ਇੱਕ ਬਿਆਨ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਰਾਮਦਾਇਕ ਅਤੇ ਐਸ਼ ਪ੍ਰਸਤੀ ਵਾਲੀ ਕਾਰਗੁਜ਼ਾਰੀ ਉੱਤੇ ਪ੍ਰਸ਼ਨ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਾਂਗਰਸੀ ਐਮ ਪੀ ਸ: ਪ੍ਰਤਾਪ ਸਿੰਘ ਬਾਜਵਾ ਅਤੇ ਅਕਾਲੀ ਆਗੂ ਸ਼੍ਰੀ ਸੁਖਬੀਰ ਸਿੰਘ ਬਾਦਲ ਵਿੱਚਕਾਰ ਦਿੱਲੀ ਵਿਖੇ ਹੋਈ ਗੁਪਤ ਮੀਟਿੰਗ ਦੌਰਾਨ ਜਲਾਲਾਬਾਦ ਸੀਟ ਨੂੰ ਜਿੱਤਣ ਲਈ ਕਾਂਗਰਸ ਜਮਾਤ ਨੂੰ ਬਾਕੀ ਦੀਆਂ ਦੋਵੇਂ ਸੀਟਾਂ ਬਨੂੜ ਤੇ ਕਾਹਨੂੰਵਾਲ ਜਿਤਾਉਣ ਲਈ ਸੌਦੇਬਾਜ਼ੀ ਹੋਈ ਸੀ। ਪਰ ਜਦੋਂ ਕਾਂਗਰਸ ਜਮਾਤ ਦੇ ਆਗੂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿਆਸੀ ਜੰਗਾਂ ਵੇਲੇ ਆਪਣੀ ਪਾਕਿਸਤਾਨੀ ਦੋਸਤ ਅਰੂਸਾ ਆਲਮ ਨੂੰ ਲੈ ਕੇ ਪਹਾੜਾਂ ਵਿੱਚ ਚੜ੍ਹ ਜਾਂਦੇ ਹਨ ਤਾਂ ਇਹ ਹੋਣ ਵਾਲੀਆਂ ਜਿੱਤਾਂ ਹਾਰਾਂ ਵਿੱਚ ਵੀ ਬਦਲ ਸਕਦੀਆਂ ਹਨ। ਉਹਨਾਂ ਕਿਹਾ ਕਿ ਪਾਣੀਪਤ ਦੀ ਲੜਾਈ ਵਿੱਚ ਹਿੰਦੋਸਤਾਨੀ ਮੁਸਲਿਮ ਅਤੇ ਮਰਹੱਟੇ ਹੁਕਮਰਾਨ ਇਸ ਲਈ ਹੀ ਹਾਰਦੇ ਰਹੇ ਹਨ ਕਿ ਉਹ ਜੰਗਾਂ ਯੁੱਧਾਂ ਦੌਰਾਨ ਆਪਣੇ ਨਾਲ ਆਪਣੀਆਂ ਔਰਤਾਂ ਨੂੰ ਰੱਖਦੇ ਸਨ ਜਿਸ ਕਾਰਨ ਅੱਧੀ ਦਿਮਾਗੀ ਸ਼ਕਤੀ ਔਰਤਾਂ ਵੱਲ ਆਕਰਸਿ਼ਤ ਰਹਿਣ ਕਾਰਨ ਯੁੱਧ ਨੀਤੀਆਂ ਤੋਂ ਅਵੇਸਲੇ ਹੋ ਜਾਂਦੇ ਸੀ। ਜਿਸ ਕਾਰਨ ਉਹਨਾਂ ਨੂੰ ਹਾਰਾਂ ਦਾ ਮੂੰਹ ਵੇਖਣਾ ਪੈਦਾ ਸੀ।
ਆਗੂਆਂ ਨੇ ਕਿਹਾ ਕਿ ਜਦੋਂ ਵੀ ਪੰਜਾਬ ਵਿੱਚ ਚੌਣਾਂ ਆਉਂਦੀਆਂ ਹਨ ਤਾਂ ਪਾਕਿਸਤਾਨੀ ਨਾਗਰਿਕ ਬੀਬੀ ਅਰੂਸਾ ਆਲਮ ਝੱਟ ਪੰਜਾਬ ਵਿੱਚ ਆ ਜਾਂਦੇ ਹਨ ਅਤੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਨਾਲ ਲੈ ਕੇ ਕਦੀ ਮਨਾਲੀ, ਕਦੀ ਚੈਲ ਅਤੇ ਹੋਰ ਪਹਾੜਾਂ ਦੀਆਂ ਹਸੀਨ ਵਾਦੀਆ ਵਿੱਚ ਖੋ ਜਾਂਦੇ ਹਨ ਅਤੇ ਹੁਣ ਵੀ ਮਨਾਲੀ ਦੀਆਂ ਪਹਾੜੀਆਂ ਵਿੱਚ ਲੁਫਤ ਲੈ ਰਹੇ ਹਨ। ਜਦੋਂ ਕਿ ਅਜਿਹੇ ਜੰਗਾਂ ਯੁੱਧਾਂ ਸਮੇਂ ਤਾਂ ਜਰਨੈਲਾ ਦਾ ਮਨ ਅਤੇ ਦਿਮਾਗ ਇਹਨਾਂ ਜੰਗਾਂ ਨੂੰ ਜਿੱਤਣ ਉੱਤੇ ਕੇਂਦਰਿਤ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸੌਦੇਬਾਜ਼ੀ ਰਾਹੀਂ ਕਾਂਗਰਸ ਦੀਆਂ ਦੋ ਸੀਟਾਂ ‘ਤੇ ਹੋ ਰਹੀ ਜਿੱਤ ਵੀ ਅਜਿਹੀਆਂ ਕਾਰਵਾਈਆਂ ਕਾਰਨ ਹਾਰ ਵਿੱਚ ਬਦਲ ਸਕਦੀ ਹੈ।