12 ਮਈ 2007 ਨੂੰ ਅਮਰੀਕਾ ਦੀ ਟੈਕਸਸ ਸਟੇਟ ਦੇ ਖੂਬਸੂਰਤ ਸ਼ਹਿਰ ਪਲੈਨੋਂ ਤੋਂ ਮੈਂ ਵੈਨਕੂਵਰ ਜਾਣ ਦੀ ਤਿਆਰੀ ਕਰ ਰਿਹਾ ਸਾਂ। ਅਸੀਂ ਰਾਤੀਂ ਟੈਕਸਾਸ ਦੀ ਰਾਜਧਾਂਨੀਂ,ਔਸਟਨ ਦੇ ਨਾਈਟ ਕਲੱਬ ‘ਚੋਂ ਲੇਟ ਘਰ ਆਏ ਸੀ। ਪਲੈਨੋਂ ਬੇਹੱਦ ਸਾਫ ਸੁਥਰਾ ਖੂਬਸੂਰਤ ਸ਼ਹਿਰ ਹੈ। ਸਫਾਈ ਇੰਨੀ ਕਿ ਸੜਕਾਂ ਤੇ ਬੇਸ਼ੱਕ ਭੁੰਜੇ ਰੱਖਕੇ ਰੋਟੀ ਖਾ ਲਉ । ਕੰਮਪਿਊਟਰ ਉੱਤੇ ਆਂਨਲਾਇਨ ਸੀਟ ਬੁੱਕ ਕਰਾਉਣ ਲਈ ਕਰੈੱਡਿਟ ਕਾਰਡ ਦੀ ਜਰੂਰਤ ਸੀ। ਅਮਰੀਕਾ ਵਿੱਚ ਨੋਟਾਂ ਦੀ ਥਾਂ ਹਰ ਥਾਂ ਕਾਰਡ ਚੱਲਦਾ ਹੈ । ਮੇਰੇ ਕੋਲ ਚੰਡੀਗੜ੍ਹ ਦੇ ਐੱਚ.ਐੱਸ.ਬੀ.ਸੀ. ਅਤੇ ਆਈ.ਸੀ.ਆਈ.ਸੀ. ਬੈਂਕਾਂ ਦੇ ਕਰੈਡਿਟ ਕਾਰਡ ਤਾਂ ਸਨ ਪਰ ਆਪਣੇ ਨਾਂਮ ਤੇ ਕਿਸੇ ਅਮਰੀਕਨ ਬੈਂਕ ਦਾ ਕਰੈਡਿਟ ਕਾਰਡ ਨਹੀਂ ਸੀ। ਮੇਰੇ ਦੋਸਤ ਟੋਨੀਂ ਭੁੱਲਰ ਨੇ ਆਪਣੇ ਬੇਟੇ ਨੂੰ ਉਸਦੇ ਕਰੈਡਿਟ ਕਾਰਡ ਤੇ ਮੇਰੀ ਟਿਕਟ ਬੁੱਕ ਕਰਨ ਲਈ ਕਹਿ ਦਿੱਤਾ। ਮੇਰਾ ਇਹ ਮਿੱਤਰ … ਸਿੰਘ ਭੁੱਲਰ ਪੰਜਾਬ ਤੋਂ ਅਮਰੀਕਾ ਜਾ ਕੇ ਟੋਨੀ ਭੁੱਲਰ ਬਣ ਗਿਆ ਹੈ। ਅਸੀਂ ਦੋਨੋਂ ਦੋਸਤ ਟੀ.ਵੀ. ਵੇਖਣ ਲੱਗ ਪਏ। ਬਠਿੰਡੇ ਵਿੱਚ, ਸਿਰਸੇ ਵਾਲੇ ਪ੍ਰੇਮੀਆਂ ਤੇ ਵਿਰੋਧੀਆਂ ਵਿੱਚ ਜੰਮ ਕੇ ਹੋਈ ਝੜੱਪ ਦੀ ਅਮਰੀਕਨ ਟੀ.ਵੀ. ਤੇ ਬਾਰ ਬਾਰ ਉਸ ਦਿਨ ਸਪੈਸ਼ਲ ਖਬਰ ਦਿਖਾਈ ਜਾ ਰਹੀ ਸੀ। ਇਹ ਸੰਚਾਰ ਸਾਧਣਾਂ ਦੀ ਕਰਾਮਾਤ ਹੈ ਕਿ ਧਰਤੀ ਦੇ ਦੂਜੇ ਪਾਸੇ ਬੈਠਾ ਮੈਂ ਬਠਿੰਡੇ ਦੀਆਂ ਦੁਕਾਨਾਂ ਅੱਗੇ ਲਿਖੇ ਨਾਂਮ ਪੜ੍ਹ ਰਿਹਾ ਸਾਂ। ਇੱਕ ਹੌਲਦਾਰ ਰੋੜਿਆਂ ਤੋਂ ਬਚਣ ਲਈ ਮੇਰੀ ਵੇਖੀ ਹੋਈ ਕੰਧ ਉਹਲੇ ਲੁਕ ਰਿਹਾ ਸੀ। ਟੀ.ਵੀ. ਵਾਲੇ ਇਹ ਦ੍ਰਿਸ਼ ਬਾਰ ਬਾਰ ਦਿਖਾ ਰਹੇ ਸਨ। ਟੋਨੀ ਦੇ ਬੇਟੇ ਨੇ ਖੁਸ਼ ਹੋ ਕੇ ਦੱਸਿਆ ਕਿ ਉਸਨੇ ਪੰਜਾਹ ਡਾਲਰ ਸਸਤੀ ਟਿਕਟ ਲੱਭਕੇ ਮੇਰੀ ਸੀਟ ਬੁੱਕ ਕਰਵਾ ਦਿੱਤੀ ਹੈ। ਇਹ ਪੰਜਾਹ ਡਾਲਰ ਦੀ ਬੱਚਤ ਅੱਗੇ ਜਾ ਕੇ ਮੈਨੂੰ ਪੰਜ ਸੌ ਡਾਲਰ ਵਿੱਚ ਪਈ ।
31 ਮਈ ਦੀ ਸਵੇਰ, ਸਾਢੇ ਛੇ ਵਜੇ, ਯੁਨਾਈਟਿਡ ਏਅਰ ਲਾਇਨਜ ਦੇ ਛੋਟੇ ਜਹਾਜ ਨੇ ਡਵਲਿਯੂ ਐੱਫ ਡੱਲਸ ਦੇ ਏਅਰਪੋਰਟ ਤੋਂ, ਫਾਊਲ ਹੋਣ ਤੇ ਰੈਫਰੀ ਵੱਲੋਂ ਮਾਰੀ ਸੀਟੀ ਨਾਲੋਂ ਤਿੱਖੀ ਸੀਟੀ ਮਾਰੀ ਤੇ ਰਾਸ਼ਟਰਪਤੀ ਬੁੱਸ਼ ਦੇ ਭੂਰੇ ਰੰਗੇ ਖੇਤਾਂ ਨੂੰ ਅਲਵਿਦਾ ਕਹਿੰਦਿਆਂ ਕੈਨੇਡਾ ਦੇ ਚਿੱਟੇ ਬਰਫੀਲੇ ਪਹਾੜਾਂ ਨੂੰ ਸਿੱਧਾ ਹੋ ਗਿਆ। ਇਸ ਪਿੱਦੇ ਜਿਹੇ ਜਹਾਜ ਨੂੰ ਨੀਲੇ ਅੰਬਰਾਂ ਤੇ ਪਤੰਗ ਵਾਂਗ ਤੈਰਦਿਆਂ, ਸ਼ੌਕ ਦੇ ਤੰਦ ਪਾਉਂਦੇ ਵੇ਼ਖਕੇ ਮੈਨੂੰ ਅਮਰੀਕਾ ਦੀ ਵਿਸ਼ਾਲਤਾ ਦਾ ਅਹਿਸਾਸ ਹੋਇਆ। ਜਿੱਥੇ ਇੱਕ ਰਾਜ ਤੋਂ ਦੂਜੇ ਰਾਜ ਤੱਕ ਜਾਣ ਲਈ ਹੀ ਜਹਾਜ ਨੂੰ ਪੰਜ-ਪੰਜ ਘੰਟੇ ਲੱਗ ਜਾਂਦੇ ਹਨ। ਇੱਥੋਂ ਵੈਨਕੂਵਰ ਸੱਤ ਘੰਟੇ ਦੀ ਫਲਾਈਟ ਸੀ। ਇੰਨੇ ਸਮੇਂ ਵਿੱਚ ਦਿੱਲੀ ਤੋਂ ਲੰਡਨ ਪਹੁੰਚ ਜਾਂਦੇ ਹਾਂ। ਜਹਾਜ ਡੇਢ ਘੰਟਾ ਲੇਟ ਉੱਡਿਆ ਸੀ। ਰਸਤੇ ਵਿੱਚ ਮੈਂ ਬਾਰੀ ਵੱਚੋਂ ਹੇਠਾਂ ਪਹਾੜ ਵੇਖਦਾ ਰਿਹਾ।ਅਮਰੀਕਾ ਤੇ ਰੱਬ ਵੀ ਮਿਹਰਬਾਂਨ ਹੈ। ਹਰ ਪਾਸੇ ਹਰਿਆਲੀ ਹੀ ਹਰਿਆਲੀ ਹੈ। ਮੀਂਹ ਓਦੋਂ ਪੈਂਦਾ ਜਦੋਂ ਲੋੜ ਹੁੰਦੀ ਹੈ। “ਜਬ ਭੀ ਬਹਾਰ ਆਤੀ ਹੈ ਚਮਨ ਪੇ ਆਤੀ ਹੈ,ਵਰਨਾਂ ਹੱਕਦਾਰ ਤੋ ਵੀਰਾਂਨੇ ਹੂਆ ਕਰਤੇ ਹੈਂ।”ਮੈਂ ਆਪਣੀ ਡਾਇਰੀ ਕੱਢਕੇ ਨੋਟ ਲਿਖਣ ਲੱਗਾ। ਦੋ ਘੰਟੇ ਵਿੱਚ ਜਹਾਜ ਲਾਸ ਵੇਗਾਸ ਪਹੁੰਚ ਗਿਆ। ਪਰ ਸਮਾਂ ਅਜੇ ਵੀ ੳੇਹੀ ਸਾਢੇ ਛੇ ਹੀ ਸੀ। ਲਾਸ ਵੇਗਾਸ ਦਾ ਟਾਇਮ ਟੈਕਸਾਸ ਸਟੇਟ ਨਾਲੋਂ ਦੋ ਘੰਟੇ ਪਿੱਛੇ ਹੈ। ਸਾਰੀ ਦੁਨੀਆਂ ਵਿੱਚ ਹਰੇਕ ਹਵਾਈ ਅੱਡੇ ਤੇ ਖਾਣ ਪੀਣ ਤੇ ਹੋਰ ਸਮਾਂਨ ਦੀਆਂ ਦੁਕਾਨਾਂ ਹੁੰਦੀਆਂ ਹਨ ਪਰ ਲਾਸ ਵੇਗਾਸ ਦੇ ਟਰਮੀਨਲ ਤੇ ਹਰ ਪਾਸੇ ਜੂਆ ਖੇਡਣ ਦੀਆਂ ਮਸ਼ੀਨਾਂ ਲੱਗੀਆਂ ਹੋਈਆਂ ਹਨ। ਮੈ ਇਥੋਂ ਦੂਸਰੀ ਏਅਰਲਾਈਂਨ ਦਾ ਜਹਾਜ ਬਦਲਣਾ ਸੀ।ਇਹ ਮੈਨੂੰ ਪਿੱਛੋਂ ਸਮਝ ਆਈ ਕਿ 50 ਡਾਲਰ ਦੀ ਟਿਕਟ ਸਸਤੀ ਕਿਉਂ ਸੀ।ਸਸਤੀ ਇਸ ਲਈ ਕਿ ਇਹ ਤਿੰਨ ਵਾਰੀ ਜਹਾਜ ਬਦਲਣ ਵਾਲੀ ਟੁੱਟਵੀਂ ਫਲਾਈਟ ਸੀ। ਮੈ ਵੈਨਕੂਵਰ ਤੱਕ ਤਿੰਨ ਜਹਾਜ ਬਦਲਣੇ ਸਨ।
ਮੈੰ ਟੈਕਸਸ ਵਾਲੇ ਜਹਾਜ ਵਿੱਚੋਂ ਉੱਤਰਦਿਆਂ ਹੀ ਅਗਾਂਹ ਲਾਸ ਐਂਜਲਸ ਦੀ ਫਲਾਈਟ ਲੈਣ ਲਈ ਸ਼ੂਟ ਵੱਟ ਲਈ। ਪਰ ਮੇਰੇ ਉਸ ਗੇਟ ਤੇ ਪਹੁੰਚਣ ਤੱਕ “ਹੋਰ ਸਵਾਰੀ ਨਹੀਂ” ਦਾ ਬੋਰਡ ਚਮਕ ਰਿਹਾ ਸੀ। ਘਬਰਾਏ ਨੇ ਮੈਂ ਕਾਊਂਟਰ ਤੇ ਬੈਠੀ ਗੋਰੀ ਨੂੰ ਕਿਹਾ ਕਿ ਮੈਡਮ ਮੈਂ ਤਾਂ ਇਸ ਜਹਾਜ ਤੇ ਜਾਣਾ ਸੀ ਮੇਰੇ ਕੋਲ ਟਿਕਟ ਹੈ। ਬੱਸਾਂ ਗੱਡੀਆਂ ਤਾਂ ਬੜੀ ਵਾਰੀ ਮਿੱਸ ਹੋਈਆਂ ਸਨ ਪਰ ਜਹਾਜ ਖੁੰਝਣ ਵਾਲਾ ਹਾਦਸਾ ਪਹਿਲ਼ੀ ਵਾਰੀ ਹੋਇਆ ਹੋਣ ਕਾਰਨ ਮੈੰ ਘਬਰਾ ਗਿਆ ਕਿ ਹੁਣ ਕੀ ਕਰਾਂਗਾ। ਸੁਨਹਿਰੀ ਵਾਲਾਂ ਵਾਲੀ ਉਸ ਕੁੜੀ ਨੇ ਮੈਨੂੰ ਸ਼ੀਸ਼ੇ ਵਿੱਚੋਂ ਪੁੱਠੇ ਪੈਰਂੀਂ ਸਰਕਦਾ , ਮੁੱਖ ਹਵਾਈ ਪੱਟੀ ਵੱਲ ਜਾਂਦਾ ਜਹਾਜ ਦਿਖਾਉਂਦਿਆਂ ਕਿਹਾ ਕਿ “ਸਰ ਹੁਣ ਕੁੱਝ ਨਹੀਂ ਹੋ ਸਕਦਾ”। ਨਾਲ ਹੀ ਉਸਨੇ ਮੈਨੂੰ ਅਲਾਸਕਾ ਏਰਲਾਇਨਜ ਦੇ ਕਾਊਂਟਰ ਤੇ ਜਾ ਕੇ ਪਤਾ ਕਰਨ ਲਈ ਕਿਹਾ। ਮੈਂ ਦੂਸਰੇ ਸਿਰੇ ਤੇ ਅਲਾਸਕਾ ਏਰਲਾਇਨਜ ਦੇ ਕਾਉਂਟਰ ਤੇ ਗਿਆ। ਮੇਰੀ ਤਰਾਂ ਇੱਕ ਬੁੱਢਾ ਅਮਰੀਕਨ ਜੋੜਾ ਵੀ ਇਸੇ ਫਲਾਈਟ ਤੇ ਜਾਣੋ ਰਹਿ ਗਿਆ ਸੀ।ਉਸ ਕਾਊਂਟਰ ਵਾਲੀ ਕੁੜੀ ਨੇ ਮੈਂਨੂੰ ਦੱਸਿਆ ਕਿ ਉਹ ਮੈਂਨੂੰ ਅਗਲੀ ਫਲਾਈਟ ਤੇ ਚੜ੍ਹਾਂ ਦੇਵੇਗੀ ਬਸ਼ਰਤੇ ਕਿ ਸੀਟ ਖਾਲੀ ਹੋਵੇ। ਪਰ ਜੇ ਸੀਟ ਖਾਲੀ ਨਾਂ ਹੋਈ ਤਾਂ ਉਸਤੋਂ ਅਗਲੀ ਫਲਾਈਟ ਤੇ ਜਾਣਾ ਪਵੇਗਾ। ਮੈਂ ਮਸਲਾ ਸਮਝਦਿਆਂ ਸਵਾਲ ਕੀਤਾ “ਸੀਟ ਮਿਲਣ ਤੇ ਇਸ ਤਰਾਂ ਇੱਕ ਦਿਨ ਵੀ ਲੱਗ ਸਕਦਾ ਹੈ,ਤੇ ਇੱਕ ਹਫਤਾ ਵੀ”?।“ਤੁਸਾਂ ਬਿੱਲਕੁੱਲ ਠੀਕ ਸਮਝਿਆ,” ਕਹਿੰਦਿਆਂ ਉਹ ਮੁਸਕਰਾ ਪਈ । ਪਰ ਮੈਂ ਕੋਸਿ਼ਸ਼ ਕਰਨ ਦੇ ਬਾਵਜੂਦ ਵੀ ਜਵਾਬ ਵਿੱਚ ਮੁਸਕਰਾ ਨਹੀਂ ਸਕਿਆ। ਮੈਨੂੰ ਆਉਣ ਵਾਲੇ ਸਮੇਂ ਦੇ ਭੰਬੂਤਾਰੇ ਦਿੱਸ ਰਹੇ ਸਨ। ਉਸਦੇ ਗੁਲਾਬੀ ਪੋਟਿਆਂ ਨੇ ਕੰਪਿੳਟਰ ਤੇ ਅਗਲੇ ਦਿਨ ਸ਼ਾਂਮ ਅੱਠ ਵੱਜੇ ਦੀ ਸੀਟ ਲੱਭ ਲਈ। ਮੇਰਾ ਸਫਰ ਦਾ ਰਿਕਾਰਡ ਵੇਖਦਿਆਂ ਉਸਨੇ ਮੈਨੂੰ ਨਵਾਂ ਬੋਰਡਿੰਗ ਪਾਸ ਦੇ ਦਿੱਤਾ। ਮੈਂ ਉਸ ਤੋਂ ਆਪਣੇ ਸੂਟਕੇਸ ਬਾਰੇ ਪੁੱਛਿਆ ਤਾਂ ਉਹ ਕਹਿਣ ਲੱਗੀ ਕਿ ਚਿੰਤਾ ਦੀ ਕੋਈ ਲੋੜ ਨਹੀਂ। ਉਹ ਮੈਨੂੰ ਵੈਨਕੂਵਰ ਮਿਲ ਜਾਵੇਗਾ। ਹੁਣ ਮੇਰੇ ਕੋਲ ਪੂਰੇ ਦੋ ਦਿਨ ਤੇ ਇੱਕ ਰਾਤ ਸਨ। ਮੈਂ ਏਅਰ ਪੋਰਟ ਉੱਤੇ ਬੈਠਕੇ ਮੱਖੀਆਂ ਮਾਰਨ ਨਾਲੋਂ ਅਮਰੀਕਾ ਦਾ ਖੂਬਸੂਰਤ ਸ਼ਹਿਰ ਲਾਸ ਵੇਗਾਸ ਵੇਖਣ ਦਾ ਮਨ ਬਣਾ ਲਿਆ।ਰੱਬ ਜੋ ਕਰਦਾ ਚੰਗਾ ਹੀ ਕਰਦਾ। ਜਿੰਦਗੀ ਵਿੱਚ ਵਿਸ਼ਵ ਦਾ ਸੱਭ ਤੋਂ ਵੱਡਾ ਜੂਆਘਰ ਵੇਖਣ ਦਾ ਸਬੱਬ ਉਂਜ ਸ਼ਾਇਦ ਨਾਂ ਹੀ ਬਣਦਾ।
ਮੈਂ ਟੈਕਸੀ ਲਈ ਤੇ ਹੋਟਲ ਪਹੁੰਚ ਗਿਆ। ਟੈਕਸੀ ਵਾਲਾ ਪੰਜਾਬੀ ਸੀ। ਉਹ ਪਾਕਿਸਤਾਂਨ ਵਾਲੇ ਪੰਜਾਬ ਤੋਂ ਸੀ। ਵਿਸ਼ਵ ਦੇ ਦਰਜਨ ਕੁ ਦੇਸ਼ਾਂ ਵਿੱਚ ਜਿੱਥੇ ਕਾਫੀ ਪੰਜਾਬੀ ਰਹਿੰਦੇ ਹਨ ਦੇ ਏਅਰਪੋਰਟਾਂ ਤੇ ਹਰ ਚੌਥਾ ਟੈਕਸੀ ਵਾਲਾ ਆਦਮੀਂ ਪੰਜਾਬੀ ਹੁੰਦਾ ਹੈ। ਏਅਰਪੋਰਟ ਨਿੱਕਲਦਿਆਂ ਹੀ ਲਾਇਨ ਵਿੱਚ ਲੱਗਕੇ ਸਵਾਰੀਆਂ ਚੁੱਕਦੇ ਟੈਕਸੀਆਂ ਵਾਲਿਆਂ ‘ਚੋਂ ਸਹਿਜੇ ਹੀ ਪੰਜਾਬੀ ਦੀ ਪਹਿਚਾਣ ਆ ਜਾਂਦੀ ਹੈ। ਵਿਦੇਸੀਂ ਜਾ ਕੇ ਕਲੀਂਨ ਸ਼ੇਵ ਹੋਏ ਪੰਜਾਬੀ ਵੀ ਆਪਣੀ ਚਾਲ ਢਾਲ ਤੋਂ ਸਹਿਜੇ ਹੀ ਪਹਿਚਾਣੇ ਜਾ ਸਕਦੇ ਹਨ। ਜੂਏ ਲਈ ਗਾਹਕ ਲੱਭਣ ਦੇ ਲਾਲਚ ਕਾਰਨ ਇੱਥੇ ਕਈ ਹੋਟਲਾਂ ਵਾਲੇ ਪੰਝੱਤਰ ਫੀ ਸਦੀ ਤੱਕ ਡਿਸਕਾਊਂਟ ਦੇ ਦਿੰਦੇ ਹਨ। ਮੈਨੂੰ ਟੈਕਸੀ ਵਾਲੇ ਪੰਜਾਬੀ ਨੇ ਅਜਿਹੇ ਹੀ ਇੱਕ ਹੋਟਲ ਅੱਗੇ ਜਾ ਉਤਾਰਿਆ। ਮੈਨੂੰ ਸਹਾਰਾ ਹੋਟਲ ਅਤੇ ਕੈਸੀਨੋਂ ਵਿੱਚ 55 ਡਾਲਰ ਵਿੱਚ ਕਮਰਾ ਮਿਲ ਗਿਆ। ਆਂਮ ਅਮਰੀਕਨ ਹੋਟਲਾਂ ਵਿੱਚ 95 ਡਾਲਰ ਦੇ ਆਸੇ ਪਾਸੇ ਕਮਰਾ ਮਿਲਦਾ ਹੈ। ਇਸ ਕਮਰੇ ਵਿੱਚ ਟੀ.ਵੀ.,ਗੈਸ ਚੁੱਲ੍ਹਾ,ਛੋਟਾ ਫਰਿੱਜ,ਭਾਂਡੇ ਧੋਣ ਦੀ ਮਸ਼ੀਨ,ਖਾਣੇ ਲਈੇ ਚਮਚੇ ਪਲੇਟਾਂ ਤੇ ਗਲਾਸ,ਕੌਫੀ ਬਨਾਉਣ ਵਾਲੀ ਮਸ਼ੀਂਨ,ਸੋਫਾ,ਡਾਇਨਿੰਗ ਟੇਬਲ,ਸਟੱਡੀ ਟੇਬਲ,ਦਰਜਨ ਤੌਲੀਏ,ਸਾਬਣ,ਪੇਸਟ,ਬੂਟ ਪਾਲਿਸ਼,ਹੇਅਰ ਡਰਾਇਅਰ ਅਤੇ ਪ੍ਰੈੱਸ, ਟੈਲੀਫੋਂਨ, ਫੋਂਨ ਡਾਇਰੈਕਟਰੀ, ਇੰਟਰਨੈੱਟ ਕੁਨੈਸ਼ਨ, ਫਰੀ ਲੋਕਲ ਫੋਂਨ ਸਹੂਲਤ ਸਨ। ਕਮਰਾ ਕਾਹਦਾ ਸੀ , ਪੂਰੇ ਘਰ ਵਰਗੀ ਹਰ ਸਹੂਲਤ ਮੌਜੂਦ ਸੀ। ਮੈਂ ਅਮਰੀਕਾ ਦੀ ਵਾਹ ਵਾਹ ਕਰਦਾ ਵਗੇਰ ਲੋੜ ਦੇ ਹੀ ਦੋ ਵਾਰੀ ਕੌਫੀ ਮਸ਼ੀਂਨ ਤੇ ਕੌਫੀ ਬਣਾ ਕੇ ਪੀਅ ਗਿਆ। ਹੋਟਲ ਵਿੱਚ ਹੀ ਗਰਮ ਠੰਡੇ ਪਾਣੀ ਦਾ ਸਵਿਮਿੰਗ ਪੂਲ ਤੇ ਕਸਰਤ ਕਰਨ ਵਾਲੀਆਂ ਮਸ਼ੀਨਾਂ ਸਨ। ਇੰਨੀਆਂ ਸਹੂਲਤਾਂ ਵਾਲਾ ਹੋਟਲ ਦਾ ਕਮਰਾ ਭਾਰਤ ਵਿੱਚ ਤਾਜ ਤੇ ਅਸ਼ੋਕਾ ਹੋਟਲਾਂ ਵਿੱਚ ਦਸ ਹਜਾਰ ਤੋਂ ਘੱਟ ਨਹੀਂ ਮਿਲਦਾ। ਸ਼ਾਂਮ ਪਈ ਤੋਂ ਮੈਂ ਸ਼ਹਿਰ ਘੁੰਮਣ ਨਿੱਕਲ ਪਿਆ।
ਲਾਸ ਵੇਗਾਸ ਅਮਰੀਕਾ ਦਾ ਮਾਰੂਥਲ ਸੀ ਹੁਣ ਇਹ ਬੇਹੱਦ ਮਨਮੋਹਿਕ ਥਾਂ ਹੈ। ਜੂਏਬਾਜਾਂ ਨੇ ਜੰਗਲ ‘ਚ ਮੰਗਲ ਕਰ ਦਿੱਤਾ ਹੈ। ਲਾਸ ਵੇਗਾਸ ਨੂੰ ਸੰਸਾਰ ਦੀ ਮਨੋਰੰਜਨ ਰਾਜਧਾਂਨੀ ਵੀ ਕਿਹਾ ਜਾਂਦਾ ਹੈ। ਇਹ ਅਮਰੀਕਾ ਦੇ ਨੇਵਾਡਾ ਰਾਜ ਦਾ ਸੱਭ ਤੋਂ ਵੱਧ ਵਸੋਂ ਵਾਲਾ ਤੇ ਅਮਰੀਕਾ ਦਾ ਅਠਾਈਵਾਂ ਵੱਡਾ ਸ਼ਹਿਰ ਹੈ। ਅਸੀਂ ਇਸ ਨੂੰ ਅਮਰੀਕਾ ਦਾ ਜੂਆਘਰ ਕਹਿ ਸਕਦੇ ਹਾਂ। ਇੱਥੇ ਹਰ ਪਾਸੇ ਕੈਸੀਨੋਂ ਹਨ।। ਕਦੀ ਇਹ ਮੈਕਸੀਕੋ ਦਾ ਹਿੱਸਾ ਹੁੰਦਾ ਸੀ। ਅਮਰੀਕਾ ਵਿੱਚ ਰਲਣ ਪਿੱਛੋਂ 1931 ਵਿੱਚ ਇੱਥੇ ਜੂਏ ਨੂੰ ਕਾਨੂੰਨੀ ਮਾਣਤਾ ਦਿੱਤੀ ਗਈ। ਓਦੋਂ ਤੋਂ ਓੱਥੇ ਕੈਸੀਨੋਂ ਹੋਟਲ ਬਨਣੇ ਸ਼ੁਰੂ ਹੋਏ ਸਨ।ਉਨ੍ਹੀਂ ਦਿਨੀਂ ਇਸ ਇਲਾਕੇ ਵਿੱਚ ਲਾਤੀਨੀਂ ਅਮਰੀਕਾ ਦੇ ਜਰਾਇਮ ਪੇਸ਼ਾ ਲੋਕ ਘੁੰਮਦੇ ਸਨ।ਜਿਨ੍ਹਾਂ ਕਾਰਨ ਜੂਏ ਦੇ ਅੱਡੇ ਛੇਤੀ ਹੀ ਚਮਕ ਪਏ। ਲਾਸ ਵੇਗਾਸ ਵਿੱਚ 500 ਜੂਆ ਖਿਲਾਉਣ ਵਾਲੀਆਂ ਕੰਪਨੀਆਂ ਹਨ ਜੋ ਗਾਹਕਾਂ ਨੂੰ ਅੱਤ ਆਧੁਨਿਕ ਇਲੈਕਟਰੌਨਿਕ ਮਸ਼ੀਨਾਂ ਨਾਲ ਜੂਆ ਖਿਲਾਉਂਦੀਆਂ ਹਨ।ਇੱਕੀਵੀਂ ਸਦੀ ਇੰਟਰਨੈੱਟ ਦੀ ਸਦੀ ਹੈ। ਹੁਣ ਲਾਸ ਵੇਗਾਸ ਦੀਆਂ ਵੱਡੀਆਂ ਕੰਪਨੀਆਂ ਨੇ ਆਨ ਲਾਇਨ ਕੈਸੀਨੋਂ ਖੇਡਣ ਦੀ ਸਹੂਲਤ ਦੇ ਰੱਖੀ ਹੈ। ਹੁਣ ਵਿਸ਼ਵ ਦੇ ਕਿਸੇ ਵੀ ਦੇਸ਼ ਵਿੱਚ ਬੈਠਾ ਵਿਅਕਤੀ ਲਾਸ ਵੇਗਾਸ ਜਾਏ ਵਗੈਰ ਹੀ ਜੂਆ ਖੇਡ ਸਕਦਾ ਹੈ।
ਸ਼ਹਿਰ ਦੇ ਅੰਦਰ ਹਰਿਆਲੀ ਹੀ ਹਰਿਆਲੀ ਹੈ। ਅਮਰੀਕਨ ਹਰਿਆਲੀ ਦੇ ਸ਼ੌਕੀਂਨ ਹਨ। ਰੇਤਲਾ ਇਲਾਕਾ ਹੋਣ ਕਾਰਨ ਲਾਸ ਵੇਗਾਸ ਵਿੱਚ ਵੀ ਪੰਜਾਬ ਵਾਂਗ ਗਰਮੀਂ ਵੀ ਸਿਖਰ ਦੀ ਤੇ ਸਰਦੀ ਵੀ ਸਾਡੇ ਵਰਗੀ ਹੀ ਪੈਂਦੀ ਹੈ। ਲਾਸ ਵੇਗਾਸ ਦੇ ਦਵਾਲੇ ਦੀਆਂ ਪਹਾੜੀਆਂ ਵਿੱਚ ਕਦੀ ਕਦੀ ਦਸੰਬਰ ਮਹੀਨੇ ਬਰਫ ਵੀ ਪੈਂਦੀ ਹੈ । ਨਿਊਯਾਰਕ ਤੇ ਸਿ਼ਕਾਗੋ ਆਦਿ ਸ਼ਹਿਰਾਂ ਦੇ ਮੁਕਾਬਲੇ ਇੱਥੇ ਸਾਲ ਵਿੱਚ ਦਸ ਮਹੀਨੇ ਧੁੱਪ ਨਿੱਕਲਦੀ ਹੈ। ਲਾਸ ਵੇਗਾਸ ਦੀ ਹਰ ਅੱਠਵੀਂ ਔਰਤ ਨੇ ਆਪਣੇ ਨਾਲਾਇਕ,ਸ਼ਰਾਬੀ,ਜੂਏਬਾਜ ਤੇ ਨਿਕੰਮੇਂ ਪਤੀਆਂ ਨੂੰ ਛੱਡ ਦਿੱਤਾ ਹੈ ਤੇ ਹੁਣ ਆਪਣੇ ਪਰੀਵਾਰ ਦੀਆਂ ਮੁੱਖੀ ਬਣਕੇ ਅਜਾਦੀ ਨਾਲ ਜੀਅ ਰਹੀਆਂ ਹਨ। “ ਲਾਸ ਵੇਗਾਸ ਵਿੱਚ ਤਲਾਕ ਸੌਖਾ ਮਿਲ ਜਾਂਦਾ। ਫੀਸ ਭਰੋ, ਦੋਨੋਂ ਜਣੇ ਦਸਤਖਤ ਕਰੋ ਤੇ ਦੋ ਘੰਟਿਆਂ ‘ਚ , ਤਲਾਕ ਦਾ ਸਰਟੀਫਿਕੇਟ ਲਵੋ। ਸਾਰੇ ਅਮਰੀਕਾ ਵਿੱਚੋਂ ਹੀ ਇੱਕੋ ਦਿਨ ‘ਚ ਤਲਾਕ ਲੈਣ ਵਾਲੇ ਜੋੜੇ ਇੱਥੇ ਆ ਕੇ ਤਲਾਕ ਦਿੰਦੇ ਹਨ। ਕਈ ਅਮਰੀਕਨ ਜੋੜੇ ਤਾਂ ਵਿਆਹ ਦੇ ਮਹੀਨੇ ਬਾਅਦ ਹੀ ਤਲਾਕ ਲੈ ਲੈਂਦੇ ਹਨ। ਸ਼ਹਿਰ ਵਿੱਚ ਇੱਕ ਡਾਲਰ ਦੀ ਟਿਕਟ ਲੈ ਕੇ ਬੱਸ ਵਿੱਚ ਘੁੰਮਿਆ ਜਾ ਸਕਦਾ ਹੈ, ਜੋ ਬੱਚਿਆਂ ਤੇ ਅਪਾਹਜਾਂ ਲਈ ਮੁਫਤ ਹੈ। ਹੋਟਲ ਦੇ ਕਮਰੇ ਤੱਕ ਮੈਂ ਸਿਟੀ ਬੱਸ ਰਾਹੀਂ ਹੀ ਵਾਪਸ ਪਹੁੰਚਿਆ ਸੀ। ਅਮਰੀਕਨ ਬੱਸਾਂ ਅਤਿ ਖੁਬਸੂਰਤ ਹੁੰਦੀਆਂ ਹਨ।
ਅਠਾਰਾਂ ਲੱਖ ਦੀ ਅਬਾਦੀ ਵਾਲਾ ਇਹ ਖੂਬਸੂਰਤ ਸ਼ਹਿਰ, ਰਾਤ ਨੂੰ ਦਿਵਾਲੀ ਦੀ ਤਰਾਂ ਜੱਗ ਮੱਗ ਜੱਗ ਮੱਗ ਕਰਦਾ ਹੈ । ਅਮਰੀਕਾ ਵਿੱਚ ਔਰਤਾਂ ਹਰ ਕੰਮ ਕਰਦੀਆਂ ਹਨ। ਲਾਸ ਵੇਗਾਸ ਵਿੱਚ ਉਹ ਜੂਆ ਵੀ ਖਿਲਾਉਂਦੀਆਂ ਹਨ। ਜੂਏ ਦਾ ਸਿੱਧਾ ਸਬੰਧ ਸ਼ਰਾਬ,ਨਸ਼ੇ ਤੇ ਔਰਤ ਨਾਲ ਹੈ। ਲਾਸ ਵੇਗਾਸ ਵਿੱਚ ਕੈਸੀਨੋਂ ਹੋਟਲਾਂ ਦੇ ਬਾਹਰ ਮੈਕਸੀਕਨਾਂ ਤੇ ਬਿੱਲੀ ਅੱਖੀਆਂ ਅਮਰੀਕਨ ਵੇਸਵਾਵਾਂ ਘੁੰਮਦੀਆਂ ਨਜਰੀਂ ਪੈਂਦੀਆਂ ਹਨ। ਇਨ੍ਹਾਂ ਵਿੱਚੋਂ ਬਹੁਤੀਆਂ ਨੇ ਕਾਲਾ ਲਿਬਾਸ ਪਹਿਣਿਆ ਹੁੰਦਾ ਤੇ ਕੋਈ ਕੋਈ ਟੱਲੀ ਹੋਈ ਹੱਥ ‘ਚ ਬੀਅਰ ਫੜ੍ਹੀ ਸ਼ਰਾਬੀਆਂ ਵਾਂਗ ਖੜੀ ਹੀ ਝੂੰਮ ਰਹੀ ਹੁੰਦੀ ਹੈ। ਇੱਥੇ ਔਰਤਾਂ ਤੇ ਮਰਦਾਂ ਦੇ ਅਲਫ ਨੰਗੇ ਨਾਚ ਹੁੰਦੇ ਹਨ ਤੇ ਇਨ੍ਹਾਂ ਨੂੰ ਕਾਨੂੰਨੀ ਮਾਣਤਾ ਪ੍ਰਾਪਤ ਹੈ। ਭਾਰਤ ਵਿੱਚ ਹਜਾਰ ਸਾਲ ਪਹਿਲਾਂ ਸੌ ਸੌ ਰਾਣੀਆਂ ਤੇ ਦਾਸੀਆਂ ਦੇ ਨੰਗੇ ਨਾਚ ਰਾਜੇ ਮਹਾਰਾਜੇ ਕਰਵਾਇਆ ਕਰਦੇ ਸਨ ਜੋ ਕਈ ਵਾਰੀ ਵੱਡੇ ਰਿਸ਼ੀ ਮੁਨੀਂ ਜਾਂ ਪ੍ਰੋਹਤਾਂ ਪੁਜਾਰੀਆਂ ਦੀ ਆਉ ਭਗਤ ਲਈ ਕੀਤੇ ਜਾਂਦੇ ਸਨ। ਭਾਰਤ ਵਿੱਚ ਹਜਾਰ ਸਾਲ ਪਹਿਲਾਂ ਬਣਾਏ , ਖਜਰਾਹੋ ਦੇ ਮੰਦਰਾਂ ਵਿੱਚ ਔਰਤ ਮਰਦ ਦੇ ਜਿਨਸੀ ਸਬੰਧਾਂ ਨੂੰ ਨੰਗਾ ਚਿਤਰਿਆ ਗਿਆ ਸੀ। ਅਮਰੀਕਨਾਂ ਦੇ ਇਹ ਨੰਗੇ ਨਾਚ ਉਸ ਤੋਂ ਬਹੁਤ ਪਿੱਛੋਂ ਸ਼ੁਰੂ ਹੋਏ ਸਨ। ਗੋਰੇ ਜੋ ਵੀ ਕਰਦੇ ਹਨ ਸ਼ਰੇਆਂਮ ਕਰਦੇ ਹਨ। ਅਸੀਂ ਉਹੀ ਕੁੱਝ ਕਰਕੇ ਸ਼ਰੇਆਂਮ ਮੁੱਕਰਦੇ ਹਾਂ।
ਲਾਸ ਵੇਗਾਸ ਦੀ ਹਰ ਰਾਤ ਦਿਵਾਲੀ ਹੁੰਦੀ ਹੈ। ਇਸੇ ਕਰਕੇ ਵਿਸ਼ਵ ਭਰ ਦੇ ਸੈਲਾਂਨੀ ਇੱਥੇ ਮੱਖੀਆਂ ਦੀ ਤਰਾਂ ਡਿੱਗਦੇ ਹਨ। ਇੱਥੇ ਇੱਕੋ ਰਾਤ ਨੂੰ ਕੋਈ ਕਰੋੜਪਤੀ ਬਣਦਾ ਹੈ ਤੇ ਕੋਈ ਭਿਖਾਰੀ। ਇੱਕ ਰਾਤ ਵਿੱਚ ਹੀ ਕਰੋੜਾਂ ਰੁਪਿਆ ਇੱਧਰ ਉੱਧਰ ਹੋ ਜਾਂਦਾ ਹੈ। ਪਰ ਫਿਰ ਵੀ ਅਮਰੀਕਨ ਦਰੋਪਤੀਆਂ ਨਹੀਂ ਹਾਰਦੇ। ਉੱਥੇ ਜੂਆ ਖਿਡਾਉਣ ਦੇ ਕੋਰਸ ਤੇ ਪੜ੍ਹਾਈ ਕਰਵਾਈ ਜਾਂਦੀ ਹੈ। ਮੇਰੇ ਠਹਿਰਣ ਵਾਲੇ ਕੈਸੀਨੋਂ ਵਿੱਚ ਇੱਕ ਗਾਈਡ ਦੱਸ ਰਿਹਾ ਸੀ ਕਿ ਕੁੱਝ ਸਾਲ ਪਹਿਲਾਂ ਲਾਸ ਵੇਗਾਸ ਵਿਸ਼ਵ ਵਿੱਚ ਸੱਭ ਤੋਂ ਵੱਡਾ ਜੂਆ ਖਾਂਨਾ ਸੀ ਪਰ ਪਿਛਲੇ ਸਾਲ ਤੋਂ ਚੀਂਨ ਦਾ ਮੈਕਾਓ ਸ਼ਹਿਰ ਨੰਬਰ ਇੱਕ ਹੋ ਗਿਆ ਹੈ ਤੇ ਲਾਸ ਵੇਗਾਸ ਤੋਂ ਵੱਡੇ ਘਰਾਣੇ ਮੈਕਾਓ ਦੇ ਜੂਏ ਵਿੱਚ ਨਿਵੇਸ਼ ਕਰਨ ਲੱਗੇ ਹਨ। ਕੈਸੀਨੋਂ ਚਲਾਉਣ ਵਾਲੀ ਲਾਸ ਵੇਗਾਸ ਸੈਂਡਸ ਕੰਪਨੀ ਮੈਕਾਓ ਵਿੱਚ ਕੈਸੀਨੋਂ ਨਿਰਮਾਣ ਵਿੱਚ ਲੱਗੀ ਹੋਈ ਹੈ ਜਿਸ ਵਿੱਚ ਗਿਆਰਾਂ ਹਜਾਰ ਚੀਂਨੀ ਮਜਦੂਰ ਕੰਮ ਕਰ ਰਹੇ ਹਨ। ‘ਸਮਾਜਵਾਦੀ’ ਚੀਂਨ ਜੂਏ ਘਰਾਂ ਤੇ ਨੰਗੇ ਨਾਚ ਬਾਰਾਂ ਦੇ ਕਾਰੋਬਾਰ ਵਿੱਚ ਵੀ ਅਮਰੀਕਾ ਨੂੰ ਬਰਾਬਰ ਦਾ ਹੋ ਕੇ ਟੱਕਰ ਰਿਹਾ ਹੈ।
ਮੈਂ ਕਦੀ ਵੀ ਜੂਆ ਖੇਡਕੇ ਨਹੀਂ ਵੇਖਿਆ। ਮੈਂਨੂੰ ਤਾਸ਼ ਦੀਆਂ ਵੀ ਇੱਕ ਦੋ ਖੇਡਾਂ ਹੀ ਆਉੰਦੀਆਂ ਹਨ। ਪਰ ਲਾਸ ਵੇਗਾਸ ਜਾ ਕੇ ਜੂਆ ਨਾ ਖੇਲਣਾ ਬਦਸ਼ਗਨੀ ਗਿਣੀ ਜਾਂਦੀ ਹੈ ਜਿਵੇਂ ਸਾਡੇ ਦਿਵਾਲੀ ਦੀ ਰਾਤ ਨੂੰ ਜੂਆ ਖੇਲਣ ਨੂੰ ਸ਼ੁੱਭ ਸ਼ਗਨ ਸਮਝਿਆ ਜਾਂਦਾ ਹੈ। ਜੂਏ ਦੀ ਨੇੜਲੀ ਸਕੀਰੀ ਜੁਰਮ ਨਾਲ ਹੁੰਦੀ ਹੈ। ਇਸ ਕਰਕੇ ਲਾਸ ਵੇਗਾਸ ਵਿੱਚ ਲੁੱਟ ਖੋਹ ਤੇ ਠੱਗੀ ਧੋਖੇ ਦੀਆਂ ਘਟਣਾਵਾਂ ਵਾਪਰਦੀਆਂ ਰਹਿੰਦੀਆਂ ਹਨ। ਇਸ ਲਈ ਮੇਰੇ ਹੋਟਲ ਦੀ ਰਿਸੈੱਪਸ਼ਨ ਤੇ ਕੰਮ ਕਰ ਰਹੀ ਕੁੜੀ ਨੇ ਮੈਂਨੂੰ ਪੁੱਛਿਆ ਸੀ ਕਿ ਕੀ ਮੈਨੂੰ ਲਾਕਰ ਦੀ ਲੋੜ ਹੈ? ਲਾਸ ਵੇਗਾਸ ਦੇ ਹੋਟਲਾਂ ਵਿੱਚ ਗਾਹਕਾਂ ਨੂੰ ਆਪਣਾ ਕੀਮਤੀ ਸਮਾਂਨ ਰੱਖਣ ਲਈ ਲਾਕਰ ਮੁਫਤ ਦਿੱਤੇ ਜਾਂਦੇ ਹਨ ।ਇਹ ਲਾਕਰ ਕੋਡ ਨੰਬਰ ਨਾਲ ਖੁੱਲ੍ਹਦੇ ਹਨ । ਪਰ ਮੇਰੇ ਕੋਲ ਕੀੰਮਤੀ ਸਮਾਂਨ ਸਿਰਫ ਮੇਰਾ ਪਾਸਪੋਰਟ,ਹਵਾਈ ਟਿਕਟ ਤੇ ਕਰੈਡਿਟ ਕਾਰਡ ਹੀ ਹੁੰਦੇ ਹਨ। ਜੋ ਮੈਂ ਹਮੇਸ਼ਾ ਅੰਦਰਲੀ ਜੇਬ ਵਿੱਚ ਰੱਖਦਾ ਹਾਂ । ਜੇ ਸੂਟਕੇਸ ਗੁੰਮ ਵੀ ਜਾਵੇ ਤਾਂ ਇਨ੍ਹਾਂ ਤਿੰਨਾਂ ਚੀਜਾਂ ਨਾਲ ਵਾਪਸ ਘਰ ਪਹੁੰਚਿਆ ਜਾ ਸਕਦਾ ਹੈ।
ਅਮਰੀਕਨ ਜਿੰਨੀ ਮਿਹਨਤ ਨਾਲ ਕੰਮ ਕਰਦੇ ਹਨ ਉਨੇਂ ਹੀ ਜੋਸ਼ ਨਾਲ ਮਨੋਰੰਜਨ ਵੀ ਕਰਦੇ ਹਨ। ਉਹ ਪੰਜ ਦਿਨ ਡਟ ਕੇ ਕੰਮ ਕਰਦੇ ਤੇ ਵੀਕ ਐੰਡ ਤੇ ਦੋ ਦਿਨ ਮੌਜ ਮਸਤੀ ਕਰਦੇ ਹਨ। ਅਮਰੀਕਨ ਖੜ੍ਹ ਕੇ ਕੰਮ ਕਰਦੇ ਹਨ ਤੇ ਸਾਡੇ ਦਫਤਰਾਂ ਵਿੱਚ ਵੀ ਪਿਛਾਂਹ ਰਿਟਾਇਰਿੰਗ ਰੂੰਮਾਂ ਵਿੱਚ ਬੈੱਡ ਰੱਖੇ ਹੁੰਦੇ ਹਨ। ਅਮਰੀਕਨ ਹੌਂਸਲੇ ਨਾਲ ਕਾਹਲੇ ਕਦਮੀਂ ਕੰਮ ਤੇ ਜਾਂਦੇ ਹਨ । ਅਮਰੀਕਾ ਵਿੱਚ ਕਿਰਤ ਦੀ ਕਦਰ ਹੈ ਤੇ ਸਾਡੇ ਵਿਹਲੜਾਂ ਨੂੰ ਸਲਾਂਮਾਂ ਹਨ। ਅਮਰੀਕਾ ਵਿੱਚ ਵੱਡਾ ਟਰਾਲਾ ਚਲਾਉਣ ਵਾਲਾ ਡਰਾਇਵਰ ਉੱਥੋਂ ਦੇ ਸੈਨੇਟਰ ਦੇ ਬਰਾਬਰ ਕਮਾਉਂਦਾ ਤੇ ਉਸ ਵਰਗਾ ਹੀ ਖਾਂਦਾ ਹੈ। ਸਾਡੇ ਟਰੱਕ ਡਰਾਇਵਰ, ਚਪੜਾਸੀ ਜਿੰਨੇ ਵੀ ਮਰ ਕੇ ਕਮਾਉੰਦਾ ਹੈ। ਅਮਰੀਕਾ ਵਿੱਚ ਕੋਈ ਵੀ ਯੋਗ ਵਿਅਕਤੀ ਰਾਸ਼ਟਰਪਤੀ ਤੇ ਅਰਬਪਤੀ ਬਣ ਸਕਦਾ ਹੈ। ਕਿਸੇ ਸਿਫਾਰਸ਼ ਜਾਂ ਰਿਸ਼ਵਤ ਦੀ ਲੋੜ ਨਹੀਂ।
ਸ਼ੁੱਕਰਵਾਰ ਦੀ ਸ਼ਾਂਮ ਨੂੰ ਉਨ੍ਹਾਂ ਨੂੰ ਹਫਤੇ ਦੀ ਤਨਖਾਹ ਮਿਲਦੀ ਹੈ ਤੇ ਅਗਲੇ ਦੋ ਦਿਨ ਉਹ ਮੌਜ ਮੇਲਾ ਕਰਦੇ ਹਨ। ਕਈ ਵਾਰੀ ਸ਼ੁਕਰਵਾਰ ਦੀ ਸ਼ਾਂਮ ਨੂੰ ਮਿਲਿਆ ਚੈੱਕ ਅੱਗੇ ਦੋ ਛੁੱਟੀਆਂ ਹੋਣ ਕਾਰਨ ਕੈਸ਼ ਨਹੀਂ ਹੋ ਸਕਦਾ । ਸੋਮਵਾਰ ਤੱਕ ਉਹ ਉਡੀਕ ਨਹੀਂ ਸਕਦੇ। ਬਹੁਤੇ ਕਾਹਲੇ ਕੁੱਝ ਕੱਟ ਲਗਵਾ ਕੇ ਸਟੋਰਾਂ ਤੋਂ ਨਕਦ ਰਕਮ ਲੈ ਲੈਂਦੇ ਹਨ। ਅਮਰੀਕਨ ਵਰਤਮਾਂਨ ਵਿੱਚ ਜੀਂਦੇ ਹਨ । ਅਸੀਂ ਕਰਮਾਂ ਦੇ ਆਸਰੇ ਜੀਂਦੇ ਹਾਂ ਤੇ ਭੂਤਕਾਲ ਤੇ ਝੂਰਦੇ ਰਹਿੰਦੇ ਹਾਂ। ਕਿਸੇ ਸ਼ਰਾਰਤੀ ਨੇ ਕਰਮਾਂ ਦੀ ਕਾਢ ਕੱਢਕੇ ਗਰੀਬਾਂ ਨਾਲ ਬੜੀ ਵੱਡੀ ਠੱਗੀ ਮਾਰੀ ਹੈ। ਮੈਨੂੰ ਅਮਰੀਕਾ ਜਾ ਕੇ ਅਹਿਸਾਸ ਹੋਇਆ ਕਿ ਪੰਜਾਬੀ ਸਿ਼ਕਾਇਤੀ ਤੇ ਬਹਾਨੇਬਾਜ ਲੋਕ ਹਨ ; ਜੋ ਆਪਣੀ ਹਾਰ ਰੱਬ ਜਾਂ ਦੂਜਿਆਂ ਤੇ ਸੁੱਟਕੇ ਜਿੰਮੇਵਾਰੀ ਤੋਂ ਭੱਜਦੇ ਹਨ। ਮੈਂ ਇੱਕ ਦਿਨ ਚਾਲੀ ਸਾਲ ਤੋਂ ਅਮਰੀਕਾ ਰਹਿੰਦੇ ਆਪਣੇ ਇੱਕ ਵਾਕਫ ਨੂੰ ਕਹਿ ਬੈਠਾ ਕਿ ਜੇ ਮੇਰੇ ਕੋਲ ਵਾਧੂ ਪੈਸਾ ਹੁੰਦਾ ਤਾਂ ਮੈਂ ਵੀਹ ਸਾਲ ਪਹਿਲਾਂ ਸਾਰਾ ਅਮਰੀਕਾ ਵੇਖ ਲੈਣਾ ਸੀ। ਮੇਰੇ ਉਸ ਦੋਸਤ ਦਾ ਕਹਿਣਾ ਸੀ ਕਿ ਅਮਰੀਕਨ ਅਜਿਹੇ ਵਾਕ ਨੂੰ ਪਸੰਦ ਨਹੀਂ ਕਰਦੇ। ਇਸਨੂੰ ਅਮਰੀਕਨ ਭਾਸ਼ਾ ਵਿੱਚ ਐਕਸਕਿਊਜ ਲੈਣਾ (ਬਹਾਨਾ ਬਨਾਉਣਾ) ਕਹਿੰਦੇ ਹਨ। ਗੋਰਿਆਂ ਦੀ ਫਿਲਾਸਫੀ ਹੈ ਕਿ ਆਪਣੇ ਦਮ ਤੇ ਦੁਨੀਆਂ ਜਿੱਤੋ। ਗੋਰੇ ਜੱਦੋ ਜਹਿਦ ‘ਚ ਯਕੀਂਨ ਕਰਨ ਵਾਲੇ ਲੋਕ ਹਨ। ਤੁਹਾਨੂੰ ਇਕ ਵੀ ਅਮਰੀਕਨ ਨਹੀਂ ਮਿਲੇਗਾ ਜਿਹੜਾ ਇਹ ਕਹੇ ਕਿ ਜੇ ਠੰਡੀ ਜੰਗ ਨਾ ਹੁੰਦੀ ਤਾਂ ਹੁਣ ਤੱਕ ਅਮਰੀਕਨ ਚੰਦ ਤੇ ਰਹਿਣ ਲੱਗ ਗਏ ਹੁੰਦੇ। ਪਰ ਤੁਹਾਨੂੰ ਹਜਾਰਾਂ ਪੰਜਾਬੀ ਮਿਲ ਜਾਣਗੇ ਜਿਹੜੇ ਕਹਿਣਗੇ ਕਿ ਜੇ ਸਾਡੇ ਖਿਲਾਫ ਫਲਾਨੀਂ ਫਲਾਨੀਂ ਸਾਜਿਸ਼ ਨਾਂ ਹੁੰਦੀ ਤਾਂ ਹੁਣ ਨੂੰ ਅਸੀਂ ਸਾਰੀ ਦੁਨੀਆਂ ਤੇ ਰਾਜ ਕਰਨ ਲੱਗ ਜਾਣਾ ਸੀ।
ਅਗਲੀ ਸਵੇਰ ਮੈ ਫੋਨ ਕਰਨ ਲਈ ਡਾਇਰੈਕਟਰੀ ਲੱਭਣ ਲਈ, ਬੈੱਡ ਦੀ ਸਾਈਡ ਦਰਾਜ ਖੋਹਲੀ ਤਾਂ ਉਸ ਵਿੱਚ ਬਾਈਬਲ ਪਈ ਸੀ। ਗੋਰਿਆਂ ਨੇ ਜੂਏਘਰਾਂ ਤੱਕ ਹਰ ਥਾਂ ਬਾਈਬਲ ਪਹੁੰਚਾਈ ਹੋਈ ਹੈ ਤਾਂ ਜੋ ਕਦੀ ਨਾਂ ਕਦੀ ਤਾਂ ਕੋਈ ਪੜ੍ਹੇਗਾ ਹੀ। ਜੇ ਪੜ੍ਹੇਗਾ ਤਾਂ ਹੀ ਚੰਗਾ ਇਨਸਾਂਨ ਬਣੇਗਾ। ਅਮਰੀਕਨ ਅੱਧੀ ਰਾਤੀਂ ਲਾਊਡ ਸਪੀਕਰਾਂ ਤੇ ਸ਼ੋਰ ਨਹੀਂ ਪਾਉਂਦੇ ਅਤੇ ਨਾਂ ਹੀ ਸਾਡੇ ਵਾਂਗ ਪਹਿਰ ਦੇ ਤੜਕੇ ਗਲੀਆਂ ਵਿੱਚ ਟੱਲੀਆਂ ਖੜਕਾਕੇ ਰੱਬ ਨੂੰ ਵਾਹਣੀ ਪਾਉਂਦੇ ਹਨ। ਅਜਿਹੀ ‘ਅੱਯਾਸ਼ੀ’ ਲਈ ਉਨ੍ਹਾਂ ਕੋਲ ਸਮਾਂ ਹੀ ਨਹੀਂ ਹੈ।ਲਾਸ ਵੇਗਾਸ ਵਿੱਚ ਹਰ ਤੀਜੀ ਇਮਾਰਤ ਹੋਟਲ ਅਤੇ ਕੈਸੀਨੋਂ ਹੈ। ਅਮਰੀਕਨ ਹੋਟਲਾਂ ਵਿੱਚ ਖਾਣਾ ਖਾਂਦੇ ਹਨ । ਉਹ ਵਿਖਾਵੇਬਾਜ ਨਹੀਂ ਹਨ। ਨਾ ਹੀ ਉਹ ਸ਼ਰੀਕਾਂ ਤੇ ਰਿਸ਼ਤੇਦਾਰਾਂ ਨਾਲ ਵਿਖਾਵੇਬਾਜੀ ਵਿੱਚ ਪੈਂਦੇ ਹਨ। ਹਰ ਕੋਈ ਆਪਣੀ ਨਿੱਜੀ ਜਿੰਦਗੀ ਵਿੱਚ ਮਸਤ ਹੈ।ਇਸੇ ਕਰਕੇ ਹਰ ਅਮਰੀਕਨ ਮੁਸਕਰਾਉਂਦਾ ਹੈ। ਸਾਡੇ ਤਿੰਨ ਵਕਤ ਖਾਣਾ ਖਾਣ ਵਾਲਿਆਂ ਦੇ ਵੀ ਚਿਹਰਿਆਂ ਤੇ ਉਦਾਸੀ ਹੈ।