ਮੇਘ ਰਾਜ ਮਿੱਤਰ
ਆਪਣੇ ਲਈ, ਆਪਣੇ ਪ੍ਰੀਵਾਰ ਖ਼ਾਤਰ, ਆਪਣੇ ਲੋਕਾਂ ਵਾਸਤੇ ਅਤੇ ਸਮੁੱਚੀ ਧਰਤੀ ਦੇ ਵਸਨੀਕਾਂ ਲਈ ਵਧੀਆ ਸੁੱਖ ਸਹੂਲਤਾਂ ਪੈਦਾ ਕਰਨ ਲਈ ਸੰਘਰਸ਼ ਕਰਨਾ ਹੀ ਜਿ਼ੰਦਗੀ ਹੈ। ਹੁਣ ਤੱਕ ਪ੍ਰਾਪਤ ਸੁਵਿਧਾਵਾਂ ਉਨ੍ਹਾਂ ਵਿਗਿਆਨਕਾਂ, ਫਿਲਾਸਫਰਾਂ, ਕਲਾਕਾਰਾਂ ਅਤੇ ਬੁੱਧੀਜੀਵੀਆਂ ਦੀ ਦੇਣ ਹਨ ਜਿਨ੍ਹਾਂ ਨੇ ਖੁਦ ਅੰਧਕਾਰਾਂ ਵਿੱਚ ਜੀਵਨ ਬਤੀਤ ਕਰਦੇ ਹੋਏ ਇਸ ਦੁਨੀਆਂ ਵਿੱਚ ਚਾਨਣ ਦੇ ਬੀਜ ਖਿਲਾਰੇ ਹਨ। ਜਿ਼ੰਦਗੀ ਜਿਉਣਾ ਇੱਕ ਕਲਾ ਹੈ। ਇਹ ਕਲਾ ਸਿਰਫ਼ ਉਹਨਾਂ ਵਿਅਕਤੀਆਂ ਨੂੰ ਹੀ ਪ੍ਰਾਪਤ ਹੋ ਸਕਦੀ ਹੈ ਜਿਨ੍ਹਾਂ ਨੇ ਆਪਣੀ ਜਿ਼ੰਦਗੀ ਵਿੱਚ ਵਿਗਿਆਨਕ ਸੋਚ ਨੂੰ ਅਪਣਾਇਆ ਹੈ। ਵਿਗਿਆਨਕ ਸੋਚ ਤੋਂ ਸੱਖਣੇ ਵਿਅਕਤੀ ਜਿ਼ੰਦਗੀ ਜਿਉਂਦੇ ਨਹੀਂ ਸਗੋਂ ਜਿ਼ੰਦਗੀ ਘੜੀਸਦੇ ਹਨ। ਆਓ ਵੇਖੀਏ ਕਿ ਇਹ ਵਿਗਿਆਨਕ ਸੋਚ ਹੈ ਕੀ?
ਜਿ਼ੰਦਗੀ ਦੇ ਰੋਜ਼ਾਨਾ ਕੰਮ ਧੰਦਿਆਂ ਨੂੰ ਕਰਦਿਆਂ ਪਰਖਾਂ, ਨਿਰੀਖਣਾਂ ਤੇ ਪ੍ਰਯੋਗਾਂ ਰਾਹੀਂ ਸੱਚ ਨੂੰ ਲੱਭਣਾ ਤੇ ਉਸਨੂੰ ਜਿ਼ੰਦਗੀ ਦੇ ਅਮਲ ਵਿੱਚ ਢਾਲਣਾ ਹੀ ਵਿਗਿਆਨਕ ਸੋਚ ਹੈ। ਉਦਾਹਰਣ ਦੇ ਤੌਰ ਤੇ ਕੋਈ ਵਿਅਕਤੀ ਬਾਲਟੀ ਵਿੱਚ ਪਾਣੀ ਦੀ ਟੂਟੀ ਵਿੱਚੋਂ ਪੈ ਰਹੇ ਪਾਣੀ ਦੀ ਆਵਾਜ਼ ਨੂੰ ਸੁਣ ਕੇ ਇਸ ਸਿੱਟੇ ਤੇ ਪਹੁੰਚਦਾ ਹੈ ਕਿ ਪਾਣੀ ਦੀ ਬਾਲਟੀ ਅਜੇ ਭਰੀ ਨਹੀਂ। ਹੁਣ ਉਹ ਇਸ ਨਿਰੀਖਣ ਨੂੰ ਆਪਣੀ ਜਿ਼ੰਦਗੀ ਨਾਲ ਜੋੜ ਕੇ ਆਵਾਜ਼ ਰਾਹੀਂ ਥੋੜ੍ਹੀ ਜਿਹੀ ਸੱਟ ਮਾਰ ਕੇ ਇਹ ਦੱਸ ਦਿੰਦਾ ਹੈ ਕਿ ਕੱਚ ਦਾ ਗਲਾਸ ਟੁੱਟਿਆ ਹੈ ਜਾਂ ਸਾਬਤ ਹੈ ਤੇ ਇਸ ਤੋਂ ਵੀ ਅੱਗੇ ਵਧਦਿਆਂ ਉਹ ਤੇਲ ਦੇ ਢੋਲਾਂ ਨੂੰ ਖੜਕਾ ਕੇ ਦੱਸ ਸਕਦਾ ਹੈ ਕਿ ਉਹ ਭਰੇ ਹਨ ਜਾਂ ਖਾਲੀ? ਹੌਲੀ-ਹੌਲੀ ਉਹ ਇਹ ਦੱਸਣ ਦੇ ਸਮਰੱਥ ਹੋ ਜਾਵੇਗਾ ਕਿ ਢੋਲ ਵਿੱਚ ਮੁਬਲੈਲ ਹੈ ਜਾਂ ਮਿੱਟੀ ਦਾ ਤੇਲ। ਇਸ ਤਰ੍ਹਾਂ ਇਹਨਾਂ ਪ੍ਰਯੋਗਾਂ, ਪ੍ਰੀਖਣਾਂ ਤੇ ਨਿਰੀਖਣਾਂ ਰਾਹੀਂ ਪ੍ਰਾਪਤ ਗਿਆਨ ਨੂੰ ਜੇ ਤਰਤੀਬ ਵਿਚ ਕਰ ਲਿਆ ਜਾਵੇ ਤਾਂ ਇਹ ਵਿਗਿਆਨ ਅਖਵਾਉਂਦਾ ਹੈ।
ਪਰ ਕਿਉਂਕਿ ਅਸੀਂ ਜਿ਼ੰਦਗੀ ਦੇ ਸਾਰੇ ਅਮਲਾਂ ਵਿੱਚ ਵਿਗਿਆਨਕ ਸੋਚ ਅਪਣਾਉਣ ਦੇ ਆਦੀ ਨਹੀਂ ਹੋਏ ਹੁੰਦੇ। ਇਸ ਲਈ ਅਸੀਂ ਬਹੁਤ ਸਾਰੇ ਪੱਖਾਂ ਤੋਂ ਅਸਫ਼ਲ ਹੋ ਜਾਂਦੇ ਹਾਂ। ਉਦਾਹਰਣ ਦੇ ਤੌਰ ਤੇ ਕੋਈ ਠੱਗ ਜੋਤਸ਼ੀ ਕਿਸੇ ਵਿਅਕਤੀ ਨੂੰ ਡਰਾ ਦਿੰਦਾ ਹੈ ਕਿ ”ਇੱਕ ਸਾਲ ਦੇ ਅੰਦਰ ਤੇਰੀ ਮੌਤ ਹੋ ਜਾਣੀ ਹੈ।” ਹੁਣ ਉਹ ਵਿਅਕਤੀ ਇਹ ਨਹੀਂ ਸੋਚੇਗਾ ਕਿ ਜੋਤਸ਼ੀ ਨੂੰ ਇਸ ਗੱਲ ਦੀ ਜਾਣਕਾਰੀ ਕਿਵੇਂ ਹੋਈ? ਕੀ ਜੋਤਸ਼ੀ ਦੀ ਜਾਣਕਾਰੀ ਦਾ ਵਿਗਿਆਨ ਨਾਲ ਕੋਈ ਸਬੰਧ ਹੈ ਜਾਂ ਨਹੀਂ। ਜੇ ਉਸਨੂੰ ਕਿਸੇ ਲੈਬੋਰਟਰੀ ਨੇ ਖ਼ੂਨ ਟੈਸਟ ਕਰਕੇ ਇਹ ਦੱਸਿਆ ਹੁੰਦਾ ਕਿ ”ਤੈਨੂੰ ਸ਼ੂਗਰ ਹੈ” ਤਾਂ ਉਸਨੇ ਲਾਜ਼ਮੀ ਹੀ ਇਸ ਦੀ ਪਰਖ ਕੁਝ ਹੋਰ ਲੈਬੋਰਟਰੀਆਂ ਤੋਂ ਕਰਵਾਉਣੀ ਸੀ ਤੇ ਉਸਨੂੰ ਆਪਣੀ ਸ਼ੂਗਰ ਦੇ ਲੇਬਲ ਬਾਰੇ ਪੂਰੀ ਜਾਣਕਾਰੀ ਹੋ ਜਾਣੀ ਸੀ। ਸੋ ਜੇ ਮੇਰੇ ਦੇਸ਼ ਦੇ ਲੋਕ ਕਿਸੇ ਵੀ ਘਟਨਾ ਦੀਆਂ ਕਈ-ਕਈ ਪਰਖਾਂ ਕਰਵਾਉਣੀਆਂ ਸ਼ੁਰੂ ਕਰ ਦੇਣ ਤਾਂ ਵੀ ਬਹੁਤ ਸਾਰੀਆਂ ਅਜਿਹੀਆਂ ਗੈਰ ਵਿਗਿਆਨਕ ਗੱਲਾਂ ਤੋਂ ਬਚਿਆ ਜਾ ਸਕਦਾ ਹੈ।
ਅਸੀਂ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਜਗ੍ਹਾ-ਜਗ੍ਹਾ ਇਹ ਹੋਕਾ ਦਿੰਦੇ ਫਿਰ ਰਹੇ ਹਾਂ ਕਿ ਤਰਕਸ਼ੀਲਾਂ ਦੇ ਪੰਜ ਕਿੰਤੂ ਹਨ ਇਹ ਹਨ ਕੀ, ਕਿਉਂ, ਕਿਵੇਂ, ਕਦੋਂ ਤੇ ਕਿੱਥੇ। ਜੇ ਸਾਡੀ ਲੋਕਾਈ ਇਹਨਾਂ ਕਿੰਤੂਆਂ ਨੂੰ ਜਿ਼ੰਦਗੀ ਦੇ ਅਮਲ ਵਿਚ ਸ਼ਾਮਿਲ ਕਰ ਲੈਂਦੀ ਹੈ ਤਾਂ ਸਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ।
ਆਪਣੀ ਜਿ਼ੰਦਗੀ ਦੇ ਅਮਲ ਵਿੱਚੋਂ ਅਸੀਂ ਇਹ ਗੱਲ ਵੀ ਸਿੱਖੀ ਹੈ ਕਿ ਸਮੁੱਚੀ ਧਰਤੀ ਉੱਪਰ ਵਾਪਰਨ ਵਾਲੀਆਂ ਸਾਰੀਆਂ ਘਟਨਾਵਾਂ ਪਿੱਛੇ ਕੋਈ ਨਾ ਕੋਈ ਵਿਗਿਆਨ ਦਾ ਨਿਯਮ ਹੁੰਦਾ ਹੈ। ਕੋਈ ਵੀ ਘਟਨਾ ਅਜਿਹੀ ਹੋ ਹੀ ਨਹੀਂ ਸਕਦੀ ਜਿਸ ਦੇ ਪਿੱਛੇ ਵਿਗਿਆਨਕ ਦਾ ਕੋਈ ਕਾਰਨ ਨਾ ਹੋਵੇ। ਇਹ ਹੋ ਸਕਦਾ ਹੈ ਕਿ ਕਿਸੇ ਘਟਨਾ ਵਾਪਰਨ ਦੇ ਨਿਯਮ ਦੀ ਸਾਨੂੰ ਜਾਣਕਾਰੀ ਨਾ ਹੋਵੇ। ਕਿਉਂਕਿ ਸਮੁੱਚੇ ਬ੍ਰਹਿਮੰਡ ਵਿੱਚ ਅਰਬਾਂ ਖ਼ਰਬਾਂ ਅਜਿਹੇ ਰਹੱਸ ਹਨ। ਜਿਨ੍ਹਾਂ ਬਾਰੇ ਅੱਜ ਦੇ ਵਿਗਿਆਨਕਾਂ ਨੂੰ ਵੀ ਕੋਈ ਜਾਣਕਾਰੀ ਨਹੀਂ ਹੈ। ਕੁਝ ਸਦੀਆਂ ਪਹਿਲਾਂ ਦੇ ਬਹੁਤ ਸਾਰੇ ਰਹੱਸਾਂ ਤੋਂ ਅੱਜ ਪਰਦਾ ਉੱਠ ਚੁੱਕਿਆ ਹੈ। ਰਹਿੰਦੇ ਰਹੱਸਾਂ ਨੂੰ ਖੋਜਣ ਲਈ ਲੱਖਾਂ ਵਿਗਿਆਨਕਾਂ ਨੇ ਦਿਨ ਰਾਤ ਇੱਕ ਕੀਤਾ ਹੋਇਆ ਹੈ। ਇਸ ਸਦੀ ਵਿੱਚ ਵੀ ਬਹੁਤ ਸਾਰੇ ਰਹੱਸਾਂ ਦੇ ਪਰਦੇ ਲਹਿ ਜਾਣੇ ਹਨ। ਪਰ ਇੱਕ ਗੱਲ ਜ਼ਰੂਰ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਸਾਰੇ ਵਿਗਿਆਨਕ ਨਿਯਮ ਸਦੀਵੀ ਸੱਚ ਹੁੰਦੇ ਹਨ। ਇਹ ਸਮੇਂ ਤੇ ਹਾਲਤਾਂ ਅਨੁਸਾਰ ਨਹੀਂ ਬਦਲਦੇ। ਵਿਗਿਆਨ ਹਮੇਸ਼ਾ ਪ੍ਰੀਵਰਤਨਸ਼ੀਲ ਹੈ ਇਹ ਜੜ੍ਹ ਨਹੀਂ। ਕਿਸੇ ਸਮੇਂ ਇਹ ਸਮਝਿਆ ਜਾਂਦਾ ਸੀ ਕਿ ਪ੍ਰਕਾਸ਼ ਸ਼ਰਲ ਰੇਖਾ ਵਿੱਚ ਚੱਲਦਾ ਹੈ ਪਰ ਅੱਜ ਇਹ ਸਚਾਈ ਨਹੀਂ ਪ੍ਰਕਾਸ਼ ਵੀ ਪਾਈਪਾਂ ਵਿੱਚੋਂ ਲੰਘਦਾ ਹੋਇਆ ਤਰ੍ਹਾਂ-ਤਰ੍ਹਾਂ ਦੇ ਸਾਈਨ ਬੋਰਡਾਂ ਨੂੰ ਰੁਸਨਾਉਂਦਾ ਹੈ।
ਕਈ ਵਾਰ ਤਾਂ ਸਾਨੂੰ ਸਾਡੇ ਵਿਗਿਆਨ ਪੜ੍ਹੇ ਲਿਖੇ ਲੋਕਾਂ ਦੀ ਸੋਚ ਤੇ ਵੀ ਅਫ਼ਸੋਸ ਹੁੰਦਾ ਹੈ। ਇੱਕ ਸਾਇੰਸ ਦਾ ਅਧਿਆਪਕ ਮੈਨੂੰ ਕਹਿਣ ਲੱਗਿਆ ਕਿ ਮੇਰੇ ਸੰਤ ਜੀ ਨੇ ਆਪਣੀ ਕਰਾਮਾਤੀ ਸ਼ਕਤੀ ਨਾਲ ਇੱਕ ਵੱਡਾ ਪੱਥਰ ਕੁਟੀਆ ਕੋਲੋਂ ਚੁੱਕਵਾ ਕਿ 200 ਮੀਟਰ ਦੂਰ ਪੁਚਾ ਦਿੱਤਾ ਸੀ। ਮੈਂ ਉਸਨੂੰ ਪੁੱਛਿਆ ਕਿ ਫਿਰ ਤੂੰ ਬਲ ਨੂੰ ਪ੍ਰਭਾਸਿਤ ਕਿਵੇਂ ਕਰੇਗਾ? ਜੇ ਬਲ ਦੀ ਪ੍ਰੀਭਾਸ਼ਾ ਦੀ ਵਿਆਖਿਆ ਹੀ ਠੀਕ ਨਹੀਂ ਤਾਂ ਸਾਡੀ ਵਿਗਿਆਨ ਦਾ ਕੀ ਬਣੇਗਾ? ਬਹੁਤ ਸਾਰੇ ਲੋਕੀ ਕਹਿੰਦੇ ਹਨ ਕਿ ਡੇਰੇ ਵਿਚ ਜੇ ਸ਼ਰਾਬ ਦੀ ਬੋਤਲ ਲੈ ਕੇ ਜਾਉ ਤਾਂ ਇਹ ਪਾਣੀ ਵਿੱਚ ਬਦਲ ਜਾਂਦੀ ਹੈ। ਸ਼ਰਾਬ ਹਾਈਡ੍ਰੋਜਨ, ਆਕਸੀਜਨ ਤੇ ਕਾਰਬਨ ਦਾ ਇੱਕ ਯੋਗਿਕ ਹੈ ਅਤੇ ਪਾਣੀ ਵਿੱਚ ਸਿਰਫ਼ ਹਾਈਡ੍ਰੋਜਨ ਤੇ ਆਕਸੀਜਨ ਹੀ ਹੁੰਦੀ ਹੈ। ਹੁਣ ਅਲਕੋਹਲ ਵਿੱਚੋਂ ਕਾਰਬਨ ਕਿੱਧਰ ਗਈ। ਸਾਡੀ ਇਹ ਸਮੀਕਰਨ (ਛਹੲਮਚਿਅਲ ਓਤੁਅਟੋਿਨ) ਸੰਤੁਲਿਤ ਨਹੀਂ ਹੁੰਦੀ। ਇਸ ਲਈ ਸਾਡੀ ਵਿਗਿਆਨ ਦਾ ਕੀ ਬਣੇਗਾ?
ਇਹ ਗੱਲ ਨਹੀਂ ਕਿ ਪੜ੍ਹੇ ਲਿਖੇ ਲੋਕ ਹੀ ਵਿਗਿਆਨਕ ਸੋਚ ਦੇ ਧਾਰਨੀ ਹੋ ਸਕਦੇ ਹਨ ਮੈਂ ਆਪਣੀ ਜਿ਼ੰਦਗੀ ਵਿਚ ਅਨਪੜ੍ਹ ਵਿਅਕਤੀਆਂ ਨੂੰ ਵੀ ਵਿਗਿਆਨਕ ਸੋਚ ਦੇ ਧਾਰਨੀ ਹੁੰਦੇ ਵੇਖਿਆ ਹੈ। ਸੰਗਰੂਰ ਜਿ਼ਲ੍ਹੇ ਨਾਲ ਸਬੰਧਿਤ ਇਕ ਅਨਪੜ੍ਹ ਵਿਅਕਤੀ ਸਾਈਕਲਾਂ ਦੀ ਮੁਰੰਮਤ ਦੀ ਦੁਕਾਨ ਕਰਦਾ ਸੀ। ਉਸ ਨੇ ਵਿਹਲੇ ਸਮੇਂ ਵਿੱਚ ਕਿਸੇ ਤੋਂ ਤਰਕਸ਼ੀਲ ਕਿਤਾਬਾਂ ਵਿੱਚ ਲਿਖੀਆਂ ਗੱਲਾਂ ਨੂੰ ਸੁਣਨਾ ਸ਼ੁਰੂ ਕਰ ਦਿੱਤਾ ਫਿਰ ਉਹ ਇੱਕ ਪੰਜਾਬੀ ਦਾ ਕੈਦਾ ਲੈ ਆਇਆ। ਇਸ ਤਰ੍ਹਾਂ ਕਰਦਾ-ਕਰਦਾ ਉਹ ਤਰਕਸ਼ੀਲ ਕਿਤਾਬਾਂ ਪੜ੍ਹਨ ਲੱਗ ਪਿਆ। ਫਿਰ ਉਸ ਨੇ ਸਾਈਕਲਾਂ ਦੀ ਮੁਰੰਮਤ ਦਾ ਕੰਮ ਛੱਡ ਕੇ ਕੰਬਾਈਨਾਂ ਦੀ ਮੁਰੰਮਤ ਦਾ ਕੰਮ ਸਿੱਖ ਲਿਆ ਤੇ ਅੱਜ ਕੱਲ੍ਹ ਉਹ ਕੰਬਾਈਨਾਂ ਦੀ ਫੈਕਟਰੀ ਦਾ ਇੱਕ ਹਿੱਸੇਦਾਰ ਹੈ।
ਸਾਡਾ ਸਮੁੱਚਾ ਆਲਾ-ਦੁਆਲਾ ਅਜੂਬਿਆਂ ਨਾਲ ਭਰਿਆ ਪਿਆ ਹੈ। ਮਾਦੇ ਤੋਂ ਅਮੀਬੇ ਤੱਕ ਤੇ ਅਮੀਬੇ ਤੋਂ ਮਨੁੱਖ ਤੱਕ ਦੀ ਅਰਬਾਂ ਵਰ੍ਹਿਆਂ ਦੀ ਯਾਤਰਾ ਬਹੁਤ ਰੋਚਿਕ ਹੈ। ਧਰਤੀ ਦੇ ਜਰੇ-ਜਰੇ ਵਿੱਚ ਵਿਗਿਆਨ ਹੈ। ਜੁਗਨੂੰ ਦੇ ਟਿਮਟਿਮਾਉਣ ਤੋਂ ਲੈ ਕੇ ਕੁੱਤੇ ਦੇ ਟੰਗ ਚੁੱਕ ਕੇ ਮੂਤਣ ਤੱਕ ਹਰੇਕ ਘਟਨਾ ਪਿੱਛੇ ਵਿਗਿਆਨਕ ਕਾਰਨ ਹੈ। ਸਾਨੂੰ ਇਨ੍ਹਾਂ ਚੀਜ਼ਾਂ ਦਾ ਗਿਆਨ ਆਪਣੇ ਅੰਦਰ ਸਮਾਉਣਾ ਚਾਹੀਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਗਿਆਨ ਇੱਕ ਦਿਨ ਵਿੱਚ ਸਾਨੂੰ ਪ੍ਰਾਪਤ ਨਹੀਂ ਹੋਣਾ ਸਗੋਂ ਇਹ ਤਾਂ ਸਾਨੂੰ ਨਿੱਤ ਦਿਨ ਗਿਆਨ ਦੇ ਸਾਗਰ ਵਿੱਚ ਗੋਤਾ ਲਾਉਣ ਦੀ ਆਦਤ ਪਾ ਕੇ ਹੀ ਆਉਣਾ ਹੈ। ਕਿਸੇ ਵੇਲੇ ਮੇਰੀ ਇੱਕ ਗਣਿਤ ਅਧਿਆਪਕ ਦੋਸਤ ਨੇ ਮੈਨੂੰ ਲਿਖਿਆ ਸੀ ਕਿ ਇੱਕ ਵਾਰ ਉਹ ਆਪਣੇ ਅਧਿਆਪਕ ਲਈ ਚਾਹ ਬਣਾ ਕੇ ਲਿਆਈ। ਉਸ ਵਿੱਚ ਮਿੱਠਾ ਘੱਟ ਸੀ। ਉਸਦਾ ਅਧਿਆਪਕ ਕਹਿਣ ਲੱਗਿਆ ਕਿ ਤੂੰ ਜਾਂ ਤਾਂ ਗਣਿਤ ਪੜ੍ਹਿਆ ਨਹੀਂ ਜਾਂ ਇਸਨੂੰ ਜਿ਼ੰਦਗੀ ਦੇ ਅਮਲ ਵਿਚ ਢਾਲਿਆ ਨਹੀਂ। ਉਸ ਅਧਿਆਪਕਾਂ ਨੇ ਪੁੱਛਿਆ, ”ਸਰ ਮੈਂ ਗਣਿਤ ਨੂੰ ਜਿ਼ੰਦਗੀ ਵਿੱਚ ਕਿਉਂ ਨਹੀਂ ਢਾਲਿਆ?” ਅਧਿਆਪਕ ਕਹਿਣ ਲੱਗਿਆ ”ਤੂੰ ਗਣਿਤ ਵਿੱਚ ਮਿਸ਼ਰਣ ਵਾਲੇ ਪਾਠ ਦੇ ਸਾਰੇ ਸੁਆਲ ਹੱਲ ਕੀਤੇ ਸਨ। ਪਰ ਰਸੋਈ ਵਿੱਚ ਤੂੰ ਖੰਡ, ਪੱਤੀ ਅਤੇ ਦੁੱਧ ਦਾ ਮਿਸ਼ਰਣ ਹੀ ਠੀਕ ਢੰਗ ਨਾਲ ਤਿਆਰ ਨਹੀਂ ਕਰ ਸਕੀ।” ਸਾਰੇ ਖਾਣੇ 4-5 ਚੀਜ਼ਾਂ ਦਾ ਵਿਸ਼ੇਸ਼ ਸਮੇਂ ਲਈ ਵਿਸ਼ੇਸ਼ ਤਾਪਮਾਨ ਤੇ ਪਕਾਏ ਮਿਸ਼ਰਣ ਹੀ ਹੁੰਦੇ ਹਨ। ਇੱਕ ਵਿਗਿਆਨਕ ਸੋਚ ਦਾ ਧਾਰਨੀ ਹੀ ਇੱਕ ਵਧੀਆ ਕੁੱਕ ਹੋ ਸਕਦਾ ਹੈ।
ਇਸੇ ਤਰ੍ਹਾਂ ਖੇਤੀ ਬਾੜੀ ਵਿੱਚ ਉਹ ਹੀ ਕਿਸਾਨ ਵਧੀਆ ਪੈਦਾਵਾਰ ਕਰ ਸਕਦੇ ਹਨ ਜਿਨ੍ਹਾਂ ਨੇ ਜਿ਼ੰਦਗੀ ਦੇ ਅਮਲ ਵਿੱਚ ਵਿਗਿਆਨ ਨੂੰ ਅਪਣਾਇਆ ਹੋਵੇਗਾ ਬੀਜ਼ਾਂ ਦੀ ਚੋਣ, ਖਾਦਾਂ ਦੀ ਚੋਣ, ਦਵਾਈਆਂ ਦੀ ਚੋਣ, ਸਮੇਂ ਦੀ ਚੋਣ ਮੌਸਮ ਦੀ ਚੋਣ ਸਭ ਕੁਝ ਵਿਗਿਆਨਕ ਜਾਣਕਾਰੀ ਨਾਲ ਸਬੰਧਤ ਹੈ। ਉਹ ਹੀ ਫੈਕਟਰੀਆਂ ਕਾਮਯਾਬ ਹੁੰਦੀਆਂ ਹਨ ਜਿਨ੍ਹਾਂ ਵਿੱਚ ਤਿਆਰ ਕੀਤੀਆਂ ਮਸ਼ੀਨਰੀਆਂ ਘੱਟ ਇੰਧਨ ਵਰਤ ਕੇ ਵੱਧ ਸਮੇਂ ਲਈ ਕਾਰਗਰ ਰਹਿੰਦੀਆਂ ਹਨ।
ਇਸੇ ਤਰ੍ਹਾਂ ਸਿਹਤ ਦਾ ਹੁੰਦਾ ਹੈ। ਜੋ ਵਿਅਕਤੀ ਇਹ ਜਾਣਦਾ ਹੈ ਕਿ 90% ਸਿਹਤ ਕਿਸੇ ਵਿਅਕਤੀ ਦੇ ਆਪਣੇ ਖਾਣ, ਪੀਣ, ਸੋਚ, ਕਸਰਤ ਤੇ ਨਿਰਭਰ ਹੁੰਦੀ ਹੈ ਉਹ ਵਿਅਕਤੀ ਲੰਬਾ ਜੀਵਨ ਜਿਉਂ ਜਾਂਦੇ ਹਨ। ਸਾਧਾਂ ਸੰਤਾਂ ਜਾਂ ਨੀਮ ਹਕੀਮਾਂ ਤੇ ਭਰੋਸਾ ਕਰਕੇ ਜਿ਼ੰਦਗੀ ਉਨ੍ਹਾਂ ਦੇ ਸਹਾਰੇ ਤੇ ਛੱਡਣ ਵਾਲੇ ਵਿਅਕਤੀਆਂ ਦੀ ਜਿ਼ੰਦਗੀ ਦੀ ਡੋਰ ਅੱਧ ਵਿਚਾਲਿਉਂ ਹੀ ਟੁੱਟ ਜਾਂਦੀ ਹੈ। ਮੇਰਾ ਇੱਕ ਮਿੱਤਰ ਸਾਰਾ ਦਿਨ ਸਾਈਕਲ ਤੇ ਸਵਾਰ ਹੋ ਕੇ ਹੀ ਹਰ ਰੋਜ਼ 20-30 ਕਿਲੋਮੀਟਰ ਦਾ ਸਫ਼ਰ ਕਰ ਜਾਂਦਾ ਸੀ। ਇਸ ਹਿਸਾਬ ਨਾਲ ਉਸਨੂੰ ਆਪ ਸਹੇੜੀਆਂ ਬੀਮਾਰੀਆਂ ਬਲੱਡ ਪ੍ਰੈਸ਼ਰ ਆਦਿ ਨਹੀਂ ਸੀ ਹੋਣੇ ਚਾਹੀਦੇ ਸਨ। ਪਰ ਨਾਲ ਹੀ ਗਊ ਭਗਤ ਹੋਣ ਕਰਕੇ ਉਹ ਹਰ ਰੋਜ਼ ਗਊਸ਼ਾਲਾ ਵਿੱਚ ਜਾ ਕੇ ਇੱਕ ਕਿਲੋ ਗਊ ਦਾ ਦੁੱਧ 57 ਸਾਲ ਦੀ ਉਮਰ ਵਿੱਚ ਵੀ ਪੀ ਜਾਂਦਾ। ਸਾਡੇ ਕਾਫ਼ੀ ਸਮਝਾਉਣ ਦੇ ਬਾਵਜੂਦ ਉਹ ਨਾ ਰੁਕਿਆ ਤੇ ਆਖ਼ਰ ਅਧਰੰਗ ਦਾ ਸਿ਼ਕਾਰ ਹੋ ਕੇ ਤਿੰਨ ਸਾਲ ਮੰਜੇ ਤੇ ਲਿਟ ਕੇ ਸਦੀਵੀ ਵਿਛੋੜਾ ਦੇ ਗਿਆ।
ਜਿਵੇਂ ਹੁੰਦਾ ਹੈ ਜਿ਼ਆਦਾ ਰੂੜੀਵਾਦੀ ਬੰਦੇ ਵਿਗਿਆਨ ਵਿਰੋਧੀ ਹੁੰਦੇ ਹਨ। ਆਧੁਨਿਕ ਸਰੀਰ ਵਿਗਿਆਨ (ੳਨਅਟੋਮੇ) ਦੇ ਜਨਮਦਾਤਾ ਵਾਸਲੀਅਸ ਨੂੰ ਆਪਣੀ ਮਾਂ ਦੇ ਸਰੀਰ ਦੀ ਚੀਰ ਫਾੜ ਕਰਨ ਕਾਰਨ ਧਾਰਮਿਕ ਜ਼ੁਲਮਾਂ ਦਾ ਸਿ਼ਕਾਰ ਹੋਣਾ ਪਿਆ। ਗਲੈਲੀਓ ਨੂੰ ਇਹ ਕਹਿਣ ਤੇ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ ਲਈ ਕਾਲ ਕੋਠੜੀ ਵਿੱਚ ਜਾਣਾ ਪਿਆ ਆਦਿ ਦੀਆਂ ਅਨੇਕਾਂ ਉਦਾਹਰਣਾਂ ਸਾਡੇ ਸਾਹਮਣੇ ਹਨ। ਅੱਜ ਦੇ ਕੱਟੜ ਆਗੂ ਜਾਣਦੇ ਹਨ ਕਿ ਕਿਵੇਂ ਵਿਗਿਆਨਕ ਖੋਜਾਂ ਨੇ ਮਨੁੱਖੀ ਜੀਵਨ ਨੂੰ ਸੁੱਖ ਸਹੂਲਤਾਂ ਨਾਲ ਭਰਪੂਰ ਕੀਤਾ ਹੈ ਫਿਰ ਵੀ ਉਹ ਆਪਣੇ ਭਾਸ਼ਣਾਂ, ਦੀਵਾਨਾਂ ਤੇ ਕੀਰਤਨਾਂ ਰਾਹੀਂ ਵਿਗਿਆਨਕਾਂ ਨੂੰ ਗਾਲਾਂ ਕੱਢਣੋਂ ਗੁਰੇਜ਼ ਨਹੀਂ ਕਰਦੇ। ਬਾਬਾ ਰਾਮ ਦੇਵ ਵੀ ਇਨ੍ਹਾਂ ਵਿਚੋਂ ਇੱਕ ਹੈ। ਆਪਣੇ ਬੋਲਣ ਲਈ ਮਾਈਕ, ਆਪਣਾ ਚਿਹਰਾ ਵਿਖਾਉਣ ਲਈ ਵੀ. ਡੀ. ਓ. ਕੈਮਰਾ ਆਪਣੀ ਦਵਾਈਆਂ ਪਿਸਵਾਉਣ ਲਈ ਮਸ਼ੀਨਾਂ ਸਾਰੀਆਂ ਹੀ ਸਾਇੰਸ ਦੀਆਂ ਵਰਤਦਾ ਹੈ। ਪਰ ਕਹਿੰਦਾ ਹੈ ਕਿ ਵਿਗਿਆਨਕਾਂ ਨੂੰ ਇਹ ਨਹੀਂ ਪਤਾ ਪਹਿਲਾਂ ਮੁਰਗੀ ਆਈ ਜਾਂ ਆਂਡਾ ਜਾਂ ਮਨੁੱਖ ਦਾ ਵਿਕਾਸ ਬਾਂਦਰ ਤੋਂ ਕਿਵੇਂ ਹੋਇਆ ਹੈ? ਸਭ ਸਾਇੰਸਦਾਨ ਝੂਠ ਬੋਲ ਰਹੇ ਹਨ। ਕਈ ਵਾਰੀ ਬਾਬਾ ਰਾਮ ਦੇਵ ਜੀ ਇਹ ਵੀ ਕਹਿ ਦਿੰਦੇ ਹਨ ਕਿ ਵਿਗਿਆਨ ਦੀਆਂ ਸਾਰੀਆਂ ਖੋਜਾਂ ਪਹਿਲਾਂ ਹੀ ਸਾਡੇ ਗਰੰਥਾਂ ਵਿੱਚ ਦਰਜ ਹਨ। ਪ੍ਰਾਚੀਨ ਗਰੰਥ ਸਾਡੇ ਬੁੱਧੀਮਾਨ ਪੁਰਖਿਆਂ ਦੀਆਂ ਰਚਨਾਵਾਂ ਹਨ। ਇਨ੍ਹਾਂ ਵਿੱਚ ਬਹੁਤ ਸਾਰੀਆਂ ਗੱਲਾਂ ਵਧੀਆ ਅਤੇ ਫਾਇਦੇਮੰਦ ਵੀ ਲਿਖੀਆਂ ਹੋਈਆਂ ਹਨ। ਪਰ ਗੰ੍ਰਥਾਂ ਦੇ ਲਿਖਣ ਸਮੇਂ ਵਿਗਿਆਨ ਬਹੁਤ ਹੀ ਮੁਢਲੀ ਹਾਲਤ ਵਿਚ ਸੀ। ਇਸ ਲਈ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਵੀ ਗਰੰਥਾਂ ਵਿੱਚ ਦਰਜ ਹਨ ਜਿਨ੍ਹਾਂ ਦਾ ਕੋਈ ਵਿਗਿਆਨਕ ਆਧਾਰ ਨਹੀਂ।
ਇਹ ਗੱਲ ਵੀ ਨਹੀਂ ਹੈ ਕਿ ਸਾਰਾ ਪੁਜਾਰੀ ਵਰਗ ਹੀ ਵਿਗਿਆਨ ਵਿਰੋਧੀ ਹੁੰਦਾ ਹੈ। ਗਿਰਜੇ ਦੇ ਇੱਕ ਪੁਜਾਰੀ ਮੈਂਡਲ ਦਾ ਨਾਂ ਵਿਗਿਆਨਕਾਂ ਲਈ ਸਨਮਾਨਜਨਕ ਹੈ ਕਿਉਂਕਿ ਉਸ ਨੇ ਗਿਰਜੇ ਵਿੱਚ ਹੀ ਫੁਲਵਾੜੀ ਲਾ ਕੇ ਮਟਰਾਂ ਦੀਆਂ ਬੌਣੀਆਂ ਅਤੇ ਲੰਬੀਆਂ ਨਸਲਾਂ ਤੇ ਅਧਿਐਨ ਕਰਕੇ ਇਹ ਸਿੱਟਾ ਕੱਢਿਆ ਸੀ ਕਿ ਵਿਰਾਸਤੀ ਗੁਣ ਮਾਂ ਪਿਉ ਤੋਂ ਬੱਚਿਆਂ ਵਿੱਚ ਕਿਵੇਂ-ਕਿਵੇਂ ਤੇ ਕਿਸ ਤਰਤੀਬ ਵਿੱਚ ਜਾਂਦੇ ਹਨ?
ਅੰਤ ਵਿੱਚ ਮੈਂ ਤਾਂ ਇਹ ਹੀ ਕਹਿਣਾ ਚਾਹਾਂਗਾ ਕਿ ਜੇ ਹਿੰਦੁਸਤਾਨ ਦੇ ਲੋਕਾਂ ਨੂੰ ਖੁਸ਼ਹਾਲ ਬਣਾਉਣਾ ਹੈ ਤਾਂ ਸਾਡੇ ਸਿਆਸਤਦਾਨਾਂ ਨੂੰ ਵਿਗਿਆਨ ਦੇ ਲੜ ਲੱਗਣਾ ਚਾਹੀਦਾ ਹੈ। ਸਿਰਫ਼ ਤੇ ਸਿਰਫ਼ ਕਲਿਆਣਕਾਰੀ ਸਿਆਸਤ ਹੀ ਲੋਕਾਂ ਦਾ ਕਲਿਆਣ ਕਰ ਸਕਦੀ ਹੈ। ਇੱਥੋਂ ਦੇ ਮੰਦਰਾਂ, ਗੁਰਦੁਆਰਿਆਂ ਤੇ ਗਿਰਜਿਆਂ ਕੋਲ ਪਹਿਲਾਂ ਹੀ ਬਹੁਤ ਕੁਝ ਹੈ। ਇਹਨਾਂ ਦੀ ਸੇਵਾ ਸੰਭਾਲ ਵਿੱਚ ਜੁਟੇ ਵਿਅਕਤੀ ਪਹਿਲਾਂ ਹੀ ਮਾਲੋ ਮਾਲ ਹਨ। ਕਿਉਂਕਿ ਇਹਨਾਂ ਸਥਾਨਾਂ ਤੇ ਚੜ੍ਹਾਇਆ ਹੋਇਆ ਕਿਸੇ ਦਾ ਇੱਕ ਪੈਸਾ ਵੀ ਪ੍ਰਮਾਤਮਾ ਕੋਲ ਨਹੀਂ ਪੁੱਜਦਾ ਸਗੋਂ ਇਨ੍ਹਾਂ ਦਲਾਲਾਂ ਦੀ ਝੋਲੀ ਵਿੱਚ ਪੈ ਜਾਂਦਾ ਹੈ। ਹਜ਼ਾਰਾਂ ਸਾਲਾਂ ਤੋਂ ਹੁਕਮਰਾਨ ਇਨ੍ਹਾਂ ਧਾਰਮਿਕ ਸਥਾਨਾਂ ਨੂੰ ਹੀ ਕਰੋੜਾਂ ਪਤੀ ਬਣਾਉਣ ਲਈ ਲੱਗੇ ਰਹੇ ਹਨ ਪਰ ਆਮ ਇਨਸਾਨ ਦਿਨੋਂ ਦਿਨ ਕੰਗਾਲ ਹੋ ਰਿਹਾ ਹੈ।
ਮਨੁੱਖਤਾ ਕੁੱਲੀ, ਗੁੱਲੀ ਅਤੇ ਜੁੱਲੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਵਿਗਿਆਨਕ ਸੋਚ ਦਾ ਹੋਣਾ ਬਹੁਤ ਜ਼ਰੂਰੀ ਹੈ। ਸਾਡੀ ਧਰਤੀ ਇੰਨ੍ਹੀਂ ਸਮਰੱਥ ਹੈ ਕਿ ਇਹ ਇਸਦੇ ਸੱਤ ਅਰਬ ਵਸਨੀਕਾਂ ਨੂੰ ਮੁਢਲੀਆਂ ਸਹੂਲਤਾਂ ਆਰਾਮ ਨਾਲ ਪ੍ਰਦਾਨ ਕਰ ਸਕਦੀ ਹੈ। ਮੇਰੇ ਭਾਰਤ ਦੇ ਲੋਕਾਂ ਨੂੰ ਖੁਸ਼ਹਾਲ ਤਾਂ ਸਿਰਫ਼ ਇੱਥੋਂ ਦੇ ਸਿਆਸਤਦਾਨ ਹੀ ਕਰ ਸਕਦੇ ਹਨ। ਉਹ ਅਮੀਰਾਂ, ਗਰੀਬਾਂ ਵਿੱਚ ਵਧ ਰਹੇ ਪਾੜੇ ਨੂੰ ਘਟਾ ਕੇ, ਧਾਰਮਿਕ ਸਥਾਨਾਂ ਨੂੰ ਦਿੱਤੀਆਂ ਜਾਣ ਵਾਲੀ ਮਾਇਕ ਸਹਾਇਤਾ ਬੰਦ ਕਰਕੇ ਅਤੇ ਉਹਨਾਂ ਕੋਲੋਂ ਵਾਧੂ ਜ਼ਮੀਨ ਜਾਇਦਾਦ ਲੈ ਕੇ ਅਤੇ ਇਸ ਨੂੰ ਲੋਕਾਂ ਵਿੱਚ ਵੰਡਕੇ ਅਜਿਹਾ ਕਾਫ਼ੀ ਕੁਝ ਕੀਤਾ ਜਾ ਸਕਦਾ ਹੈ। ਸਰਕਾਰ ਇਸ ਗੱਲ ਵੱਲ ਵੀ ਧਿਆਨ ਦੇਵੇ ਕਿ ਧਾਰਮਿਕ ਫਸਾਦ ਮਨੁੱਖ ਜਾਤੀ ਦੇ ਨਾਂ ਉੱਪਰ ਕਲੰਕ ਹੁੰਦੇ ਹਨ ਕਿਸੇ ਵੀ ਧਰਮ ਦੇ ਫਸਾਦੀਆਂ ਨੂੰ ਫ਼ਾਂਸੀ ਚਾੜ੍ਹਨ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ ਹੈ। ਇਹ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਵੱਧ ਪੈਸਾ ਵੀ ਸੁੱਖ ਸਹੂਲਤਾਂ ਨਹੀਂ ਦਿੰਦਾ ਸਗੋਂ ਜਿ਼ੰਦਗੀ ਜਿਉਣ ਦੇ ਵਿਗਿਆਨਕ ਢੰਗ ਵੀ ਸਰਕਾਰ ਵੱਲੋਂ ਲੋਕਾਂ ਨੂੰ ਸਿਖਾਏ ਜਾਣੇ ਚਾਹੀਦੇ ਹਨ।
ਮੇਘ ਰਾਜ ਮਿੱਤਰ
ਸੰਸਥਾਪਕ ਤਰਕਸ਼ੀਲ ਸੁਸਾਇਟੀ