ਵਸਿੰਗਟਨ – ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਬਾਨ ਕੀ ਮੂਨ ਨੇ ਸਾਰੇ ਦੇਸ਼ਾਂ ਨੂੰ ਪਰਮਾਣੂੰ ਹੱਥਿਆਰਾਂ ਦੀ ਦੌੜ ਬੰਦ ਕਰਨ ਲਈ ਕਿਹਾ ਹੈ। ਦੁਨੀਆ ਦੇ ਸਾਰੇ ਦੇਸ਼ਾਂ ਵਿਚ ਪਰਮਾਣੂੰ ਹੱਥਿਆਰਾਂ ਦੀ ਦੌੜ ਤੇ ਮੂਨ ਨੇ ਚਿੰਤਾ ਜਾਹਿਰ ਕੀਤੀ। ਮੂਨ ਨੇ ਹਿਰੋਸ਼ੀਮਾ ਵਿਚ ਪਰਮਾਣੂੰ ਬੰਬਾਰੀ ਦੀ 64ਵੀਂ ਬਰਸੀ ਤੇ ਆਪਣੇ ਸੰਦੇਸ਼ ਵਿਚ “ਸਮੁਚੀ ਮਾਨਵਤਾ” ਨੂੰ ਪਰਮਾਣੂੰ ਦੌੜ ਨੂੰ ਬੰਦ ਕਰਨ ਅਤੇ ਪਹਿਲਾਂ ਤੋਂ ਮੌਜੂਦ ਹੱਥਿਆਰਾਂ ਨੂੰ ਖਤਮ ਕਰਨ ਦੀ ਅਪੀਲ ਕੀਤੀ।
ਮੂਨ ਨੇ ਕਿਹਾ ਸਾਨੂੰ ਪਰਮਾਣੂੰ ਹੱਥਿਆਰਾਂ ਦੇ ਖਤਰਨਾਕ ਪ੍ਰਭਾਵ ਅਤੇ ਯੁਧ ਵਿਚ ਹੋਣ ਵਾਲੇ ਜਾਨੀ ਨੁਕਸਾਨ ਨੂੰ ਵੀ ਨਹੀਂ ਭੁਲਣਾ ਚਾਹੀਦਾ। ਉਨ੍ਹਾਂ ਨੇ ਇਸ ਗੱਲ ਵਲ ਵੀ ਧਿਆਨ ਦਿਵਾਇਆ ਕਿ ਪਰਮਾਣੂੰ ਹੱਥਿਆਰਾਂ ਅਤੇ ਸੰਯੁਕਤ ਰਾਸ਼ਟਰ ਦਾ ਜਨਮ ਇਕ ਹੀ ਸਾਲ 1945 ਵਿਚ ਹੋਇਆ। ਉਨ੍ਹਾਂ ਕਿਹਾ ਕਿ ਪਰਮਾਣੂੰ ਹੱਥਿਆਰਾਂ ਨਾਲ ਜੋ ਸ਼ਾਂਤੀ ਮਿਲਦੀ ਹੈ ਉਹ ਆਤੰਕ ਉਤੇ ਅਧਾਰਿਤ ਹੁੰਦੀ ਹੈ, ਜਦੋਂ ਕਿ ਸੰਯੁਕਤ ਰਾਸ਼ਟਰ ਸਮਝੌਤੇ, ਨਿਯਮਾਂ, ਮਾਨਵਅਧਿਕਾਰਾਂ ਅਤੇ ਆਪਸੀ ਸਲਾਹ ਮਸ਼ਵਰੇ ਨਾਲ ਸ਼ਾਂਤੀ ਸਥਾਪਿਤ ਕਰਵਾਉਂਦਾ ਹੈ। ਸੰਯੁਕਤ ਰਾਸ਼ਟਰ ਮਹਾਂਸਭਾ ਦੇ ਪ੍ਰਧਾਨ ਮਾਈਗਯੂਲ ਡੀ-ਐਸਕੋਟੋ-ਬਰਾਕਮੈਨ ਹਿਰੋਸ਼ੀਮਾ ਵਿਚ ਹੋਈ ਤਬਾਹੀ ਦੀ ਬਰਸੀ ਤੇ ਅਯੋਜਿਤ ਪ੍ਰੋਗਰਾਮ ਵਿਚ ਸ਼ਾਮਿਲ ਹੋਏ। ਉਨ੍ਹਾਂ ਨੇ ਕਿਹਾ ਕਿ ਪਰਮਾਣੂੰ ਹੱਥਿਆਰਾਂ ਦੇ ਦੁਬਾਰਾ ਇਸਤੇਮਾਲ ਦੇ ਖਤਰੇ ਨੂੰ ਦੂਰ ਕਰਨ ਵਿਚ ਅਸੀਂ ਤਦ ਤਕ ਸਫਲ ਨਹੀਂ ਹੋ ਸਕਦੇ, ਜਦ ਤਕ ਅਸੀਂ ਧਰਤੀ ਤੋਂ ਪਰਮਾਣੂੰ ਹੱਥਿਆਰਾਂ ਦਾ ਸਫਾਇਆ ਨਹੀਂ ਕਰ ਦਿੰਦੇ।
ਮੂਨ ਨੇ ਪਰਮਾਣੂੰ ਹੱਥਿਆਰ ਬੰਦ ਕਰਨ ਦੀ ਅਪੀਲ ਕੀਤੀ
This entry was posted in ਅੰਤਰਰਾਸ਼ਟਰੀ.