ਚੰਡੀਗੜ੍ਹ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਹੁੱਡਾ ਵਲੋਂ ਸਿਆਸੀ ਲਾਹਾ ਲੈਣ ਲਈ, ਮਹਾਨ ਕੁਰਬਾਨੀਆਂ ਉਪਰੰਤ ਹੋਂਦ ’ਚ ਆਈ ਸਿੱਖ ਜਗਤ ਦੀ ਪ੍ਰਤੀਨਿਧ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ, ਹਸਤੀ ਤੇ ਉਚਿਤਤਾ ਨੂੰ ਚੁਨੌਤੀ ਦਿੱਤੇ ਜਾਣ, ਸਿੱਖ ਸ਼ਕਤੀ ਨੂੰ ਕਮਜ਼ੋਰ ਕਰਨ ਅਤੇ ਸਿੱਖਾਂ ਵਿਚ ਖਾਨਾ-ਜੰਗੀ ਕਰਾਉਣ ਦੀ ਨੀਅਤ ਨਾਲ ਹਰਿਆਣਾ ਪ੍ਰਾਂਤ ਦੇ ਇਤਿਹਾਸਕ ਗੁਰਧਾਮਾਂ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਨਾਉਣ ਲਈ ਦਿੱਤਾ ਬਿਆਨ ਕਾਂਗਰਸ ਵਲੋਂ ਘੱਟ-ਗਿਣਤੀ ਸਿੱਖਾਂ ਦੇ ਧਾਰਮਿਕ ਮਾਮਲਿਆਂ ’ਚ ਸਿੱਧੀ ਦਖਲ-ਅੰਦਾਜ਼ੀ ਹੈ, ਜਿਸ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ, ਇਸ ਕਾਰਵਾਈ ਦਾ ਡਟ ਕੇ ਮੁਕਾਬਲਾ ਕਰਨ ਲਈ ਅੱਜ ਅੰਤਿੰ੍ਰਗ ਕਮੇਟੀ ਵਿਚ ਵਿਸ਼ੇਸ਼ ਮਤਾ ਪਾਸ ਕੀਤਾ ਗਿਆ ਜੋ ਵੱਖਰੀ ਹਰਿਆਣਾ ਕਮੇਟੀ ਦੇ ਮੁੱਦੇ ‘ਤੇ 14 ਅਗਸਤ ਨੂੰ ਬੁਲਾਏ ਉਚੇਚੇ ਅਜਲਾਸ ਵਿਚ ਵੀ ਵਿਚਾਰਿਆ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਅੰਤਿੰ੍ਰਗ ਕਮੇਟੀ ਦੀ ਇਕੱਤਰਤਾ ਉਪਰੰਤ ਪਾਸ ਕੀਤਾ ਮਤਾ ਪ੍ਰੈਸ ਨੂੰ ਜ਼ਾਰੀ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਸਿੱਖ ਵਿਰੋਧੀ ਕਾਂਗਰਸ ਨੂੰ ਸਿੱਖ ਸ਼ਕਤੀ ਹਮੇਸ਼ਾਂ ਰੜਕਦੀ ਰਹਿੰਦੀ ਹੈ ਅਤੇ ਜਦੋਂ ਕਦੇ ਵੀ ਕੇਂਦਰ ’ਚ ਕਾਂਗਰਸ ਸਰਕਾਰ ਆਈ, ਇਨ੍ਹਾਂ ਵਲੋਂ ਰਾਜਸੀ ਲਾਹਾ ਲੈਣ ਅਤੇ ਸਿੱਖ ਸ਼ਕਤੀ ਨੂੰ ਕਮਜ਼ੋਰ ਕਰਨ ਲਈ ਕਦੇ ‘ਸਾਧ ਸੰਗਤ ਬੋਰਡ’ ਬਣਾ ਅਤੇ ਕਦੇ ਅਖੌਤੀ ਅਕਾਲੀ ਧੜੇ ਖੜੇ ਕਰਨ ਦੇ ਕੋਝੇ ਯਤਨ ਕੀਤੇ ਜਾਂਦੇ ਰਹੇ, ਜੋ ਪਰ ਕਦੀ ਵੀ ਦਾਲ ਨਾਂ ਗਲੀ। ਅੱਜ ਫਿਰ ਹਰਿਆਣਾ ਦੀ ਮੌਜੂਦਾ ਕਾਂਗਰਸ ਸਰਕਾਰ ਵਲੋਂ ਰਾਜ ਵਿਚ ਚੋਣਾਂ ਮੌਕੇ ਸਿਆਸੀ ਲਾਹਾ ਲੈਣ ਅਤੇ ਸਿੱਖ ਸ਼ਕਤੀ ਨੂੰ ਕਮਜ਼ੋਰ ਕਰਨ ਦਾ ਕੋਝਾ ਤੇ ਗੈਰ-ਕਾਨੂੰਨੀ ਯਤਨ ਕੀਤਾ ਜਾ ਰਿਹਾ ਹੈ ਜੋ ਸਿੱਖ ਜਗਤ ਦੇ ਰੋਹ ਅੱਗੇ ਟਿਕ ਨਹੀਂ ਸਕੇਗਾ। ਉਨ੍ਹਾਂ ਕਿਹਾ ਕਿ ਹਰਿਆਣਾ ਵਿਚ ਕਰੀਬ 18 ਲੱਖ ਸਿੱਖਾਂ ਦੀ ਵੱਸੋਂ ਹੈ ਪਰ ਇਕ ਲੱਖ ਅਠਾਈ ਹਜ਼ਾਰ ਬੋਗਸ ਜਿਹੇ ਹਲਫੀਆ ਬਿਆਨ ਪ੍ਰਾਪਤ ਕਰਕੇ ਇਸ ਨੂੰ ਸਿੱਖਾਂ ਦੀ ਮੰਗ ਦੱਸਿਆ ਜਾ ਰਿਹਾ ਹੈ ਜਦ ਕਿ ਹਰਿਆਣਾ ਦੇ ਸਿੱਖਾਂ ਦੀ ਵੱਖਰੀ ਕਮੇਟੀ ਦੀ ਕੋਈ ਮੰਗ ਹੀ ਨਹੀਂ।
ਉਨ੍ਹਾਂ ਕਿਹਾ ਕਿ ਅੱਜ ਦੀ ਇਕੱਤਰਤਾ ’ਚ ਇਹ ਮਤਾ, ‘ਮੁੱਖ ਮੰਤਰੀ ਹਰਿਆਣਾ ਵਲੋਂ ਹਰਿਆਣਾ ਪ੍ਰਾਂਤ ਵਿਚਲੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਕਾਬਲੇ ’ਤੇ ਵੱਖਰੀ ਪ੍ਰਬੰਧਕ ਕਮੇਟੀ ਬਣਾਏ ਜਾਣ ਅਤੇ ਇਸ ਦਾ ਬਕਾਇਦਾ ਐਲਾਨ ਹਰਿਆਣਾ ਦਿਵਸ (ਨਵੰਬਰ 1,2009) ਨੂੰ ਕੀਤੇ ਜਾਣ ਸਬੰਧੀ ਮੀਡੀਏ ਨੂੰ ਦਿੱਤਾ ਬਿਆਨ, ਪੇਸ਼ ਹੋਣ ਤੇ ਦੀਰਘ ਵਿਚਾਰ ਉਪਰੰਤ ਪ੍ਰਵਾਨ ਹੋਇਆ ਕਿ ਕਿਉਂਕਿ ਹਰਿਆਣਾ ਦੀ ਕਾਂਗਰਸ ਸਰਕਾਰ ਦੀ ਇਹ ਕਾਰਵਾਈ ਨਾ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ, ਹਸਤੀ ਅਤੇ ਉਚਿਤਤਾ ਨੂੰ ਚੁਨੌਤੀ ਦੇਣ ਵਾਲੀ ਹੈ, ਬਲਕਿ ਸਰਕਾਰ ਵਲੋਂ ਸਿੱਖ ਧਾਰਮਿਕ ਮਾਮਲਿਆਂ ਵਿਚ ਸਿੱਧੀ ਦਖਲ ਅੰਦਾਜ਼ੀ ਹੈ। ਇਹ ਜਿਥੇ ਹਰਿਆਣਾ ਦੇ ਸਿੱਖਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿੱਖੀ ਦੇ ਕੇਂਦਰ ਸ੍ਰੀ ਅੰਮ੍ਰਿਤਸਰ ਨਾਲੋਂ ਤੋੜਨ ਦੀ ਸਾਜ਼ਿਸ਼ ਹੈ, ਉਥੇ ਸਿੱਖਾਂ ਵਿਚ ਭਰਾ-ਮਾਰੂ ਜੰਗ ਦੇ ਬਾਨਣੂੰ ਬੰਨ੍ਹਣ ਦੀ ਕਾਰਵਾਈ ਹੈ, ਮਹਾਨ ਕੁਰਬਾਨੀਆਂ ਉਪਰੰਤ ਹੋਂਦ ਵਿਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਸੰਗਠਤ ਧਾਰਮਿਕ ਸ਼ਕਤੀ ਦੀ ਪ੍ਰਤੀਕ ਹੈ। ਸੰਸਾਰ ਭਰ ਵਿਚ ਵਸਦੇ ਸਮੂਹ ਸਿੱਖਾਂ ਨੂੰ ਸਮਾਜਿਕ ਸਭਿਆਚਾਰਕ ਅਤੇ ਧਾਰਮਿਕ ਦਿਸ਼ਾ ਨਿਰਦੇਸ਼ ਦੇਣ ਦਾ ਪ੍ਰਮੁੱਖ ਸੋਮਾ ਵੀ ਹੈ, ਸਮੁੱਚੇ ਸਿੱਖ ਜਗਤ ਦੀ ਇਸ ਵਿਚ ਆਸਥਾ ਤੇ ਵਿਸ਼ਵਾਸ ਹੈ। ਇਸ ਕਰਕੇ ਇਸ ਨੂੰ ਸਿੱਖ ਜਗਤ ਦੀ ਧਾਰਮਿਕ ਪਾਰਲੀਮੈਂਟ ਵਜੋਂ ਜਾਣਿਆ ਜਾਂਦਾ ਹੈ।
ਲੋਕਤੰਤਰੀ ਢੰਗ ਨਾਲ ਚੁਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ, ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ ਦੇ ਇਤਿਹਾਸਕ ਗੁਰਧਾਮਾਂ ਦਾ ਪ੍ਰਬੰਧ ਬਾਖੂਬੀ ਨਿਭਾ ਰਹੀ ਹੈ। ਸਿਆਸੀ ਲਾਹਾ ਲੈਣ ਦੀ ਖਾਤਰ ਕੇਵਲ ਹਰਿਆਣਾ ਪ੍ਰਾਂਤ ‘ਚ ਕੁਝ ਗਿਣਤੀ ਦੇ ਗੁਰਧਾਮਾਂ ਦੇ ਪ੍ਰਬੰਧ ਲਈ ਸਿੱਖ ਜਗਤ ਦੀਆਂ ਭਾਵਨਾਵਾਂ ਦੇ ਵਿਰੁਧ ‘ਤੇ ਸਿੱਖ ਸ਼ਕਤੀ ਨੂੰ ਖੈਰੂੰ-ਖੈਰੂੰ ਕਰਨ ਵਾਲੇ ਹਰਿਆਣਾ ਸਰਕਾਰ ਦੇ ਇਸ ਬਿਆਨ ਦੀ ਅੱਜ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਜੋਰਦਾਰ ਨਿੰਦਾ ਕਰਦਿਆਂ ਹਰਿਆਣਾ ਸਰਕਾਰ ਨੂੰ ਅਜਿਹੀ ਸਾਜਿਸ਼ ਤੋਂ ਬਾਜ਼ ਆਉਣ ਦੀ ਤਾੜਨਾ ਕਰਦੀ ਹੈ। ਕਿਉਂਕਿ ਇਹ ਮੁੱਦਾ ਬਹੁਤ ਅਹਿਮ ਹੈ। ਇਸ ਲਈ ਹੋਰ ਵਿਚਾਰ-ਵਟਾਂਦਰੇ ਲਈ ਅੰਤਿੰ੍ਰਗ ਕਮੇਟੀ ਇਹ ਮੁੱਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 14 ਅਗਸਤ ਨੂੰ ਹੋ ਰਹੇ ਉਚੇਚੇ ਜਨਰਲ ਹਾਊਸ ਵਿਚ ਵਿਚਾਰੇ ਜਾਣ ਦੀ ਸਿਫਾਰਸ਼ ਕਰਦੀ ਹੈ।’
ਉਨ੍ਹਾਂ ਹੋਰ ਕਿਹਾ ਕਿ ਭ੍ਰਿਸ਼ਟ ਤੇ ਆਚਰਣਹੀਣ ਮਹੰਤਾਂ ਤੋਂ ਗੁਰਦੁਆਰਾ ਪ੍ਰਬੰਧ ਨੂੰ ਸੰਗਤੀ ਰੂਪ ’ਚ ਲਿਆਉਣ ਤੇ ਗੁਰਮਤਿ ਮਰਿਆਦਾ ਦੀ ਬਹਾਲੀ ਲਈ ਸਿੱਖ ਕੌਮ ਨੂੰ ਅਨੇਕਾਂ ਕੁਰਬਾਨੀਆਂ ਦੇਣੀਆਂ ਪਈਆਂ, ਕਰੋੜਾਂ-ਅਰਬਾਂ ਦੀ ਜਾਇਦਾਦ ਜ਼ਬਤ ਹੋਈ, ਅਣਗਿਣਤ ਸਿੱਖਾਂ ਨੂੰ ਬੀ.ਟੀ ਵਰਗੇ ਜ਼ਾਲਮ ਅੰਗਰੇਜ਼ ਦੇ ਹੁਕਮਾਂ ਨਾਲ ਘੋੜਿਆਂ ਦੇ ਸੁੰਬਾਂ ਹੇਠ ਲਤਾੜਿਆ ਗਿਆ ਅਤੇ ਕਰੀਬ 5 ਸਾਲ ਦੇ ਲੰਬੇਂ ਸੰਘਰਸ਼ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆਈ। ਉਨ੍ਹਾਂ ਇਤਿਹਾਸਕ ਹਵਾਲਾ ਦਿੰਦਿਆਂ ਕਿਹਾ ਕਿ ਜਦੋਂ ਸਿੱਖ ਕੌਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਾਪਤੀ ਲਈ ਸ਼ਾਂਤਮਈ ਸੰਘਰਸ਼ ਕਰ ਰਹੀ ਸੀ ਤਾਂ ਉਦੋਂ ਅਕਾਲੀ ਨੇਤਾਵਾਂ ਦੇ ਨਾਲ ਜਵਾਹਰ ਲਾਲ ਨਹਿਰੂ ਵਰਗੇ ਕਾਂਗਰਸੀ ਨੇਤਾਵਾਂ ਨੇ ਵੀ ਜੇਲ੍ਹਾਂ ਕੱਟੀਆਂ। ਇਥੇ ਹੀ ਬੱਸ ਨਹੀਂ ਨਹਿਰੂ-ਮਾਸਟਰ ਤਾਰਾ ਸਿੰਘ ਸਮਝੌਤੇ ਤਹਿਤ ਉਸ ਸਮੇਂ ਦੇ ਪ੍ਰਧਾਨ ਮੰਤਰੀ ਨੇ ਇਸ ਗੱਲ ਦਾ ਯਕੀਨ ਦਿਵਾਇਆ ਸੀ ਕਿ ਕੇਂਦਰ ਸਰਕਾਰ ਕਦੇ ਵੀ ਗੁਰਦੁਆਰਾ ਪ੍ਰਬੰਧ ਸਬੰਧੀ ਕੋਈ ਵੀ ਅਜਿਹੀ ਸੋਧ ਨਹੀਂ ਕੀਤੀ ਜਾਵੇਗੀ ਜਿਨ੍ਹਾਂ ਚਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਦੇ ਦੋ ਤਿਹਾਈ ਬਹੁਮਤ ਨਾਲ ਕੇਂਦਰ ਸਰਕਾਰ ਨੂੰ ਸਿਫਾਰਿਸ਼ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਅੱਜ ਹੁੱਡਾ ਸੌੜੇ ਸਿਆਸੀ ਹਿਤਾਂ ਦੀ ਖਾਤਰ ਇਸ ਮਹਾਨ ਸੰਸਥਾ ਦੇ ਇਤਿਹਾਸ ਨੂੰ ਕਲੰਕਤ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਅਜੇ ਅਜ਼ਾਦੀ ਦੇ ਜਸ਼ਨ ਪੂਰੇ ਨਹੀਂ ਸਨ ਹੋਏ ਕਿ ਪੰਜਾਬ ਦੇ ਤਤਕਾਲੀਨ ਗਵਰਨਰ ਚੰਦੂ ਲਾਲ ਤ੍ਰਿਵੇਦੀ ਵਲੋਂ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਇਕ ਸਰਕੂਲਰ ਭੇਜ ਕੇ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਕਰਾਰ ਦਿੰਦੇ ਹੋਏ ਇਨ੍ਹਾਂ ’ਤੇ ਕੜੀ ਨਜ਼ਰ ਰੱਖਣ ਦੇ ਆਦੇਸ਼ ਕਰਕੇ ਦੇਸ਼ ਦੀ ਅਜ਼ਾਦੀ ਦੇ ਸੰਘਰਸ਼ ’ਚ 95% ਕੁਰਬਾਨੀਆਂ ਦੇਣ ਵਾਲੇ ਸਿੱਖਾਂ ਦੀ ਤੋਹੀਨ ਕੀਤੀ। ਉਨ੍ਹਾਂ ਕਿਹਾ ਕਿ ਇਥੇ ਹੀ ਬੱਸ ਨਹੀਂ ਇਸ ਤੋਂ ਪਹਿਲਾਂ ਪੰਜਾਬ ਦੇ ਪੰਜਾਬੀ ਬੋਲਦੇ ਇਲਾਕੇ ਹਰਿਆਣਾ ’ਚ ਰੱਖ ਕੇ ਸਿੱਖਾਂ ਨਾਲ ਧ੍ਰੋਹ ਕਮਾਇਆ ਹੈ। 1984 ’ਚ ਦੇਸ਼ ਭਰ ਵਿਚ ਹੋਏ ਸਿੱਖ ਕਤਲੇਆਮ ਦੇ ਜ਼ਖਮ ਵੀ ਅਜੇ ਅੱਲੇ ਹਨ ਕਿ ਹੁਣ ਕਾਂਗਰਸ ਵਲੋਂ ਹਰਿਆਣੇ ਵਿਚਲੇ ਇਤਿਹਾਸਕ ਗੁਰਧਾਮਾਂ ਦਾ ਪ੍ਰਬੰਧ ਖੋਹਣ ਦੀ ਗੋਂਦ ਗੁੰਦੀ ਹੈ ਤੇ ਸਿੱਖਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ, ਜਿਸ ਨੂੰ ਸਿੱਖ ਕੌਮ ਕਦੇ ਮੁਆਫ ਨਹੀਂ ਕਰੇਗੀ।
ਉਨ੍ਹਾਂ ਕਿਹਾ ਕਿ ਕਾਂਗਰਸ ਦੇ ਦਿੱਲੀ ਬੈਠੇ ਰਾਜਸੀ ਪ੍ਰਭੂ ਸਿੱਖ ਸ਼ਕਤੀ ਨੂੰ ਕਮਜ਼ੋਰ ਕਰਨ ਦੀਆਂ ਅਕਸਰ ਅਜਿਹੀਆਂ ਗੋਂਦਾਂ ਗੁੰਦਦੇ ਰਹਿੰਦੇ ਹਨ ਜਿਸ ਤੋਂ ਸਿੱਖ ਸੰਗਤਾਂ ਭਲੀ ਪ੍ਰਕਾਰ ਜਾਣੂੰ ਹਨ ਅਤੇ ਸਿੱਖ ਸ਼ਕਤੀ ਨੂੰ ਕਮਜ਼ੋਰ ਕੀਤੇ ਜਾਣ ਦੀ ਇਹ ਇਕ ਸੋਚੀ-ਸਮਝੀ ਸਾਜਿਸ਼ ਹੈ। ਉਨ੍ਹਾਂ ਕਿਹਾ ਕਿ ਅਜਿਹਾ ਉਸ ਸਮੇਂ ਹੋ ਰਿਹਾ ਹੈ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਸਿੱਖ ਹੈ ਅਤੇ ਜੇਕਰ ਇਹ ਕੁਝ ਹੋ ਜਾਂਦਾ ਹੈ ਤਾਂ ਇਹ ਬਹੁਤ ਦੁਖਦਾਈ ਤੇ ਮੰਦਭਾਗੀ ਘਟਨਾ ਹੋਵੇਗੀ, ਜਿਸਨੂੰ ਇਤਿਹਾਸ ਕਦੇ ਵੀ ਮੁਆਫ ਨਹੀਂ ਕਰੇਗਾ।
ਜਥੇ. ਅਵਤਾਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਹੁੱਡਾ ਵਲੋਂ ਗੁਰਦੁਆਰਾ ਕਮੇਟੀ ਲਈ ਰਾਏ ਸ਼ੁਮਾਰੀ ਦੀ ਗੱਲ ਕਰਕੇ ਦੇਸ਼ ਦੇ ਸਵਿੰਧਾਨ ਦੀ ਰੂਹ ਦੇ ਖਿਲਾਫ ਗਲ ਕੀਤੀ ਹੈ ਕਿਸੇ ਪ੍ਰਾਂਤ ਵਿਚ ਇਸ ਤਰ੍ਹਾਂ ਦੇ ਮੁੱਦੇ ਤੇ ਰਾਏ ਸ਼ੁਮਾਰੀ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਖ਼ਤਰਾ ਹੋ ਸਕਦਾ ਹੈ। ਦੇਸ਼ ਦੇ ਵੱਖ-ਵੱਖ ਹਿਸਿਆਂ ਤੋਂ ਵੱਖ-ਵੱਖ ਮੁਦਿਆ ’ਤੇ ਸਮੇਂ-ਸਮੇਂ ਰਾਏ ਸ਼ੁਮਾਰੀ ਦੀ ਮੰਗ ਉਠਦੀ ਰਹੀ ਹੈ ਜੋ ਕਿ ਕੇਂਦਰ ਸਰਕਾਰ ਨੇ ਕਦੇ ਨਹੀਂ ਮੰਨੀ। ਉਨ੍ਹਾਂ ਕਿਹਾ ਕਿ ਇਸ ਮੁੱਦੇ ਰਾਏ ਸ਼ੁਮਾਰੀ ਹੋ ਜਾਂਦੀ ਹੈ ਜਿਸ ਨਾਲ ਸੰਵਿਧਾਨ ਦੀ ਉਲੰਘਣਾ ਹੀ ਨਹੀਂ ਹੋਵੇਗੀ ਸਗੋਂ ਇਸ ਤੇ ਕਈ ਖਤਰਨਾਕ ਸਿੱਟੇ ਵੀ ਨਿਕਲ ਸਕਦੇ ਹਨ।
ਉਨ੍ਹਾਂ ਕਿਹਾ ਕਿ ਹਰਿਆਣਾ ’ਚ ਵੱਖਰੀ ਕਮੇਟੀ ਬਣਾਏ ਜਾਣ ਤੋਂ ਰੋਕਣ ਲਈ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੂੰ ਕਈ ਵਾਰ ਮਿਲਕੇ ਜਾਣੂ ਕਰਵਾਇਆ ਗਿਆ ਜਿਸ ਤੇ ਉਹ ਵਿਸ਼ਵਾਸ਼ ਦਿਵਾਉਂਦੇ ਰਹੇ ਕਿ ਸਿੱਖਾਂ ਦੇ ਧਾਰਮਿਕ ਮਸਲਿਆਂ ਵਿਚ ਦਖ਼ਲ-ਅੰਦਾਜ਼ੀ ਨਹੀਂ ਕੀਤੀ ਜਾਵੇਗੀ ਪਰ ਦੂਜੇ ਪਾਸੇ ਹਰਿਆਣੇ ਸੂਬੇ ’ਚ ਚੋਣਾਂ ਸਮੇਂ ਕਾਂਗਰਸ ਨੂੰ ਲਾਹਾ ਦੇਣ ਲਈ ਦੋਗਲੀ ਨੀਤੀ ਵਰਤ ਕੇ ਸਿੱਖ ਕੌਮ ਨਾਲ ਵਿਸ਼ਵਾਸਘਾਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਐਕਟ ਅਨੁਸਾਰ ਲੋਕਤੰਤਰੀ ਢੰਗ ਤਰੀਕਿਆਂ ਨਾਲ ਚੁਣੀ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਹਿਮਾਚਲ ਪ੍ਰਦੇਸ਼ ਦੇ ਗੁਰਧਾਮਾਂ ਦਾ ਪ੍ਰਬੰਧ ਬਾਖੂਬੀ ਨਿਭਾ ਰਹੀ ਹੈ ਅਤੇ ਜੇਕਰ ਇਸ ਨਾਲ ਕਿਸੇ ਕਿਸਮ ਦੀ ਛੇੜਛਾੜ ਕੀਤੀ ਗਈ ਤਾਂ ਇਸ ਦੇ ਨਿਕਲਣ ਵਾਲੇ ਸਿੱਟਿਆਂ ਦੀ ਜੁੰਮੇਵਾਰੀ ਕੇਂਦਰ ਅਤੇ ਹਰਿਆਣਾ ਦੀ ਕਾਂਗਰਸ ਸਰਕਾਰ ਦੀ ਹੋਵੇਗੀ।
ਇਕੱਤਤਰਾ ਦੀ ਅਰੰਭਤਾ ਤੋਂ ਪਹਿਲਾ ਉਘੇ ਵਿਦਵਾਨ ਸ. ਪਤਵੰਤ ਸਿੰਘ ਅਤੇ ਨਾਮਵਰ ਵਕੀਲ ਸ. ਸੁਰਜੀਤ ਸਿੰਘ ਸੂਦ, ਨਾਮਵਰ ਵਿਦਵਾਨ ਡਾ. ਹਰਨਾਮ ਸਿੰਘ ਸ਼ਾਨ ਦੀ ਧਰਮ ਪਤਨੀ ਬੀਬੀ ਪ੍ਰਕਾਸ਼ ਕੌਰ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਜਥੇ. ਕੁਲਦੀਪ ਸਿੰਘ ਵਡਾਲਾ ਦੀ ਧਰਮ ਪਤਨੀ ਬੀਬੀ ਸੁਰਿੰਦਰਜੀਤ ਕੋਰ ਦੇ ਅਕਾਲ ਚਲਾਣੇ ’ਤੇ ਅਫਸੋਸ ਪ੍ਰਗਟ ਕਰਦਿਆਂ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਤੀ ਲਈ ਅਰਦਾਸ ਕੀਤੀ।
ਅੱਜ ਦੀ ਇਕੱਤਰਤਾ ’ਚ ਏਜੰਡੇ ਦੀਆਂ ਸੈਕਸ਼ਨ 85 ਦੀਆਂ 75, ਸੈਕਸ਼ਨ 87 ਦੀਆਂ 23 ਅਤੇ ਟ੍ਰਸੱਟ ਵਿਭਾਗ ਦੀਆਂ 22 ਮੱਦਾਂ ਤੋਂ ਇਲਾਵਾ ਫੁਟਕਲ ਮੱਦਾਂ ’ਤੇ ਵੀ ਵਿਚਾਰਾਂ ਕੀਤੀਆਂ ਗਈਆਂ।
ਅੱਜ ਦੀ ਇਕੱਤਰਤਾ ’ਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਕਰਨਾਲ, ਜੂਨੀਅਰ ਮੀਤ ਪ੍ਰਧਾਨ ਸ. ਕੇਵਲ ਸਿੰਘ ਬਾਦਲ, ਜਨਰਲ ਸਕੱਤਰ ਸ. ਸੁਖਦੇਵ ਸਿੰਘ ਭੋਰ, ਅੰਤਿੰ੍ਰਗ ਮੈਂਬਰਾਨ ਸ. ਦਿਆਲ ਸਿੰਘ ਕੌਲਿਆਂਵਾਲੀ, ਸ. ਰਾਜਿੰਦਰ ਸਿੰਘ ਮਹਿਤਾ, ਸੰਤ ਟੇਕ ਸਿੰਘ ਧਨੌਲਾ, ਸ. ਕਰਨੈਲ ਸਿੰਘ ਪੰਜੌਲੀ, ਸ. ਨਿਰਮਲ ਜੌਲਾ, ਸ. ਮੋਹਨ ਸਿੰਘ ਬੰਗੀ, ਸ. ਸੁਖਵਿੰਦਰ ਸਿੰਘ ਝਬਾਲ, ਸ. ਬਲਦੇਵ ਸਿੰਘ ਖ਼ਾਲਸਾ, ਬੀਬੀ ਭਜਨ ਕੌਰ, ਸਕੱਤਰ ਸ. ਦਲਮੇਘ ਸਿੰਘ ਤੇ ਸ. ਰਣਵੀਰ ਸਿੰਘ, ਐਡੀ: ਸਕੱਤਰ ਸ. ਸਤਬੀਰ ਸਿੰਘ ਤੇ ਸ. ਰੂਪ ਸਿੰਘ, ਮੀਤ ਸਕੱਤਰ ਸ. ਮਨਜੀਤ ਸਿੰਘ ਤੇ ਸ. ਅਵਤਾਰ ਸਿੰਘ (ਸਬ-ਆਫਿਸ ਚੰਡੀਗੜ੍ਹ), ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਰਾਮ ਸਿੰਘ, ਟ੍ਰਸਟ ਵਿਭਾਗ ਦੇ ਇੰਚਾਰਜ ਸ. ਗੁਰਦੇਵ ਸਿੰਘ, ਅਮਲਾ ਵਿਭਾਗ ਦੇ ਇੰਚਾਰਜ ਸ. ਰਘਬੀਰ ਸਿੰਘ, ਸੈਕਸ਼ਨ 85 ਦੇ ਇੰਚਾਰਜ ਸ. ਸੁਖਦੇਵ ਸਿੰਘ ਭੁਰਾ, ਸੈਕਸ਼ਨ 87 ਦੇ ਇੰਚਾਰਜ ਸ. ਪ੍ਰਮਜੀਤ ਸਿੰਘ, ਸਹਾਇਕ ਸੁਪਰਵਾਈਜ਼ਰ ਸ. ਗੁਰਚਰਨ ਸਿੰਘ, ਸ. ਕਰਮਬੀਰ ਸਿੰਘ ਤੇ ਸ. ਪ੍ਰਮਦੀਪ ਸਿੰਘ, ਸੀ. ਸੀ. ਸ. ਤਜਿੰਦਰ ਸਿੰਘ ਤੇ ਕਾਰਵਾਈ ਕਲਰਕ ਸ. ਇਕਬਾਲ ਸਿੰਘ ਆਦਿ ਮੌਜੂਦ ਸਨ।