ਵਜ਼ੀਰਿਸਤਾਨ- ਤਹਿਰੀਕ ਏ ਤਾਲਿਬਾਨ ਦੇ ਲੀਡਰ ਬੈਤੁਲਾਹ ਮਹਿਸੂਦ ਦੀ ਮੌਤ ਦੇ ਮਾਮਲੇ ਵਿਚ ਇਕ ਨਵਾਂ ਮੋੜ ਐਤਵਾਰ ਨੂੰ ਦੇਰ ਰਾਤੀਂ ਆਇਆ, ਜਦੋਂ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਨੇ ਕਿਹਾ ਕਿ ਬੈਤੁਲਾਹ ਦੇ ਮਾਰੇ ਜਾਣ ਦੀਆਂ ਖ਼ਬਰਾਂ ਕਾਫੀ ਹੱਦ ਤੱਕ ਪੱਕੀਆਂ ਹਨ।
ਅਮਰੀਕਾ ਨੇ ਕਿਹਾ ਕਿ ਦੱਖਣੀ ਵਜ਼ੀਰਿਸਤਾਨ ਵਿਚ ਤਹਿਰੀਕ ਏ ਤਾਲਿਬਾਨ ਦੇ ਲੀਡਰ ਬੈਤੁਲਾਹ ਮਹਿਸੂਦ ਦੇ ਮਾਰੇ ਜਾਣ ਦੇ ਪ੍ਰਮਾਣ ਕਾਫ਼ੀ ਪੱਕੇ ਹਨ। ਜਦਕਿ ਤਾਲਿਬਾਨ ਦੇ ਸੀਨੀਅਰ ਕਮਾਂਡਰ ਨੇ ਬੈਤੁਲਾਹ ਦੇ ਮਾਰੇ ਜਾਣ ਦੀਆਂ ਖ਼ਬਰਾਂ ਦਾ ਖੰਡਨ ੀਤਾ ਹੈ। ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਟਿਮ ਜੋਨਜ਼ ਨੇ ਐਨਬੀਸੀ ਦੇ ਪ੍ਰੋਗਰਾਮ ਵਿਚ ਗੱਲਬਾਤ ਦੌਰਾਨ ਬੈਤੁਲਾਹ ਦੀ ਮੌਤ ਬਾਰੇ ਕਿਹਾ ਕਿ, “ਅਸੀਂ ਅਜਿਹਾ ਮੰਨਦੇ ਹਾਂ ਅਤੇ ਇਸ ਖ਼ਬਰ ਨੂੰ 90 ਫ਼ੀਸਦੀ ਦੀ ਸ਼੍ਰੇਣੀ ਵਿਚ ਰੱਖਦੇ ਹਾਂ। ਅਸੀਂ ਜਾਣਦੇ ਹਾਂ ਕਿ ਫਿ਼ਲਹਾਲ ਮਹਿਸੂਦ ਦੇ ਕਬਾਇਲੀ ਇਲਾਕੇ ਤੋਂ ਇਹ ਖ਼ਬਰਾਂ ਆ ਰਹੀਆਂ ਹਨ ਕਿ ਉਹ ਮਾਰਿਆ ਨਹੀਂ ਗਿਆ ਲੇਕਿਨ ਉਸਦੇ ਮਾਰੇ ਜਾਣ ਸਬੰਧੀ ਸਬੂਤ ਕਾਫ਼ੀ ਨਿਸ਼ਚੇਪੂਰਣ ਹਨ।”
ਇਸਦੇ ਨਾਲ ਹੀ ਬੈਤੁਲਾਹ ਦੇ ਮਾਰੇ ਜਾਣ ਦੀਆਂ ਖ਼ਬਰਾਂ ਬਾਰੇ ਆ ਰਹੀਆਂ ਪ੍ਰਤੀਕਿਰਿਆਵਾਂ ਚੋਂ ਇਕ ਹੋਰ ਪ੍ਰਤੀਕਿਰਿਆ ਜੁੜ ਗਈ ਹੈ ਹਾਲਾਂਕਿ ਇਸ ਪ੍ਰਤੀਕਿਰਿਆ ਦੇ ਨਾਲ ਬੈਤੁਲਾਹ ਦੇ ਰਹੱਸ ਤੋਂ ਪਰਦਾ ਹਟਣ ਦੀ ਆਸ ਹੈ। ਬੀਤੇ ਬੁੱਧਵਾਰ ਨੂੰ ਪਹਿਲੀ ਵਾਰ ਇਹੋ ਜਿਹੀਆਂ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ ਕਿ ਬੈਤੁਲਾਹ ਦੇ ਸਹੁਰੇ ਘਰ ‘ਤੇ ਹੋਏ ਡਰੋਨ ਹਮਲੇ ਵਿਚ ਉਹ ਵੀ ਮਾਰਿਆ ਗਿਆ ਹੈ। ਅਫ਼ਗਾਨਿਸਤਾਨ ਵਿਚ ਤੈਨਾਤ ਕੌਮਾਂਤਰੀ ਫੌਜਾਂ ਅਤੇ ਪੱਛਮੀ ਦੇਸ਼ਾਂ ਦੀਆਂ ਸਰਕਾਰਾਂ ਅੰਦਾਜ਼ੇ ਲਾ ਰਹੀਆਂ ਹਨ ਕਿ ਨਵਾਂ ਤਲਿਬਾਨੀ ਲੀਡਰ ਪਾਕਿਸਤਾਨੀ ਫੌਜਾਂ ਨਾਲ ਲੜਣ ਦੀ ਬਜਾਏ ਅਫ਼ਗਾਨਿਸਤਾਨ ਵਿਚ ਜਾਕੇ ਮੁੱਲਾ ਮੁਹੰਮਦ ਉਮਰ ਦੇ ਗਰੁੱਪ ਨਾਲ ਵੀ ਜੁੜ ਸਕਦਾ ਹੈ।
ਦੱਖਣੀ ਵਜ਼ੀਰਿਸਤਾਨ ਤੋਂ ਤਾਲਿਬਾਨੀ ਕਮਾਂਡਰ ਵਲੀ ਉਰ ਰਹਿਮਾਨ ਨੇ ਐਤਵਾਰ ਸਵੇਰੇ ਇਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ ਸੀ ਕਿ ਤਾਲਿਬਾਨ ਦੀ ਕੇਂਦਰੀ ਕਮੇਟੀ ਸ਼ੂਰਾ ਵਿਚ ਹਕੀਮੁਲਾਹ ਮਹਿਸੂਦ ਦੇ ਨਾਲ ਉਸਦੀ ਕੋਈ ਗੋਲੀਬਾਰੀ ਹੋਈ ਸੀ। ਇਕ ਨਿਊਜ਼ ਏਜੰਸੀ ਨੇ ਵਲੀ ਉਰ ਰਹਿਮਾਨ ਦੇ ਹਵਾਲੇ ਨਾਲ ਕਿਹਾ, “ਸਾਡੇ ਵਿਚ ਕੋਈ ਮਤਭੇਦ ਨਹੀਂ ਹਨ। ਕੋਈ ਗੋਲੀਬਾਰੀ ਨਹੀਂ ਹੋਈ। ਅਸੀਂ ਦੋਵੇਂ ਜਿ਼ੰਦਾ ਹਾਂ ਅਤੇ ਸ਼ੂਰਾ ਦੀ ਵੀ ਕੋਈ ਖਾਸ ਮੀਟਿੰਗ ਨਹੀਂ ਹੋਈ।” ਜਦਕਿ ਵਜ਼ੀਰਿਸਤਾਨ ਵਿਚ ਇਕ ਖੁਫ਼ੀਆ ਵਿਭਾਗ ਦੇ ਅਧਿਕਾਰੀ ਨੇ ਇਸ ਖ਼ਬਰ ਦਾ ਖੰਡਨ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਸਿਰਫ਼ ਗੱਲਾਂ ਬਣਾ ਰਹੇ ਹਨ। ਗੋਲੀਬਾਰੀ ਹੋਈ ਹੈ ਅਤੇ ਕੁਝ ਜ਼ਖ਼ਮੀਆਂ ਨੂੰ ਉਤਰੀ ਵਜ਼ੀਰਿਸਤਾਨ ਵਿਚ ਲਿਜਾਇਆ ਗਿਆ ਹੈ। ਹਾਲਾਂਕਿ ਤਾਲਿਬਾਨ ਬੈਤੁਲਾਹ ਦੇ ਮਾਰੇ ਜਾਣ ਦੀਆਂ ਖ਼ਬਰਾਂ ਨੂੰ ਗਲਤ ਦਸ ਰਿਹਾ ਹੈ ਲੇਕਨ ਪਾਕਿਸਤਾਨੀ ਫੌਜਾਂ ਦੇ ਬੁਲਾਰੇ ਮੇਜਰ ਜਨਰਲ ਅਤਹਰ ਅੱਬਾਸ ਦਾ ਕਹਿਣਾ ਹੈ ਕਿ ਇਹ ਕਾਫ਼ੀ ਹੱਦ ਤੱਕ ਨਿਸਚਿਤ ਹੈ ਕਿ ਬੈਤੁਲਾਹ ਮਾਰਿਆ ਗਿਆ ਹੈ।” ਬੈਤੁਲਾਹ ਤੋਂ ਬਾਅਦ ਦੱਖਣੀ ਵਜ਼ੀਰਿਸਤਾਨ ਵਿਚ ਹਾਕਿਮੁਲਾਹ ਮਹਿਸੂਦ ਤਾਕਤਵਰ ਕਮਾਂਡਰ ਮੰਨਿਆ ਜਾਂਦਾ ਹੈ ਅਤੇ ਉਸਦੇ ਸਿਰ ‘ਤੇ ਅਮਰੀਕਾ ਵਲੋਂ 50 ਲੱਖ ਡਾਲਰ ਦਾ ਇਨਾਮ ਰੱਖਿਆ ਹੋਇਆ ਹੈ।
ਇਸਤੋਂ ਪਹਿਲਾਂ ਅਮਰੀਕਾ ਨੇ ਬੈਤੁਲਾਹ ਦੇ ਮਾਰੇ ਜਾਣ ਦੀ ਪੁਸ਼ਟੀ ਨਹੀਂ ਸੀ ਕੀਤੀ। ਅਮਰੀਕਾ ਨੇ ਕਿਹਾ ਸੀ ਕਿ ਜੇਕਰ ਬੈਤੁਲਾਹ ਦੇ ਮਾਰ ਜਾਣ ਦੀਆਂ ਖ਼ਬਰਾਂ ਸਹੀ ਹਨ ਤਾਂ ਇਹ ਪਾਕਿਸਤਾਨ ਦੀ ਸੁਰੱਖਿਆ ਅਤੇ ਸ਼ਾਂਤੀ ਦੇ ਲਈ ਚੰਗਾ ਹੋਵੇਗਾ। ਦੂਜੇ ਪਾਸੇ ਤਾਲਿਬਾਨ ਦਾ ਕਹਿਣਾ ਹੈ ਕਿ ਪਾਕਿਸਤਾਨੀ ਸਰਕਾਰ ਤਾਲਿਬਾਨ ਦੇ ਬਾਰੇ ਵਿਚ ਇਹੋ ਜਿਹੀਆਂ ਅਫਵਾਹਾਂ ਫੈਲਾਕੇ ਤਾਲਿਬਾਨ ਵਿਚ ਅੰਦਰੂਨੀ ਝਗੜੇ ਨੂੰ ਭੜਕਾਉਣ ਦੀ ਕੋਸਿ਼ਸ਼ ਕਰ ਰਿਹਾ ਹੈ।
ਜਿ਼ਕਰਯੋਗ ਹੈ ਕਿ ਇਸ ਹਮਲੇ ਵਿਚ ਤਾਲਿਬਾਨ ਦੇ ਲੀਡਰ ਬੈਤੁਲਾਹ ਮਹਿਸੂਦ ਦੀ ਦੂਜੀ ਪਤਨੀ ਅਤੇ ਸਹੁਰੇ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। ਪਰ ਬੈਤੁਲਾਹ ਦੇ ਮਾਰੇ ਜਾਣ ਬਾਰੇ ਕਿਸੇ ਪ੍ਰਕਾਰ ਦੀ ਪੱਕੀ ਖ਼ਬਰ ਅਜੇ ਤੱਕ ਨਹੀਂ ਮਿਲੀ।
ਇਥੇ ਇਹ ਵੀ ਜਿ਼ਕਰਯੋਗ ਹੈ ਕਿ ਪਾਕਿਸਤਾਨ ਵਿਚ ਤਾਲਿਬਾਨ ਦੇ ਸੀਨੀਅਰ ਲੀਡਰ ਬੈਤੁਲਾਹ ਮਹਿਸੂਦ ਦੇ ਮਾਰੇ ਜਾਣ ਦੀਆਂ ਖ਼ਬਰਾਂ ਨੂੰ ਗਲਤ ਦਸਦੇ ਹੋਏ ਉਨ੍ਹਾਂ ਦੇ ਇਕ ਸੀਨੀਅਰ ਸਹਿਯੋਗੀ ਨੇ ਕਿਹਾ ਕਿ ਉਹ ਗੰਭੀਰ ਤੌਰ ‘ਤੇ ਬੀਮਾਰ ਹੈ। ਤਾਲਿਬਾਨ ਦੇ ਸੀਨੀਅਰ ਲੀਡਰ ਮੌਲਾਨਾ ਨੂਰ ਸਈਦ ਨੇ ਦਸਿਆ ਕਿ ਉਨ੍ਹਾਂ ਦੀ ਬਿਮਾਰੀ ਦਾ ਅਮਰੀਕੀ ਮਿਸਾਈਲੀ ਹਮਲੇ ਨਾਲ ਕੋਈ ਸਬੰਧ ਨਹੀਂ ਹੈ। ਕੁਝ ਲੋਕਾਂ ਦੀ ਰਾਏ ਹੈ ਕਿ ਇਹੋ ਜਿਹਾ ਬਿਆਨ ਤਾਲਿਬਾਨ ਵਲੋਂ ਜਾਣ ਬੁੱਝਕੇ ਦਿਤਾ ਜਾ ਰਿਹਾ ਹੈ ਤਾਂਜੌ ਮਹਿਸੂਦ ਦੀ ਮੌਤ ਦੇ ਐਲਾਨ ਲਈ ਆਧਾਰ ਤਿਆਰ ਕੀਤਾ ਜਾ ਸਕੇ। ਅਮਰੀਕੀ ਅਤੇ ਪਾਕਿਸਤਾਨੀ ਸਰਕਾਰ ਦਾ ਮੰਨਣਾ ਹੈ ਕਿ ਪਿਛਲੇ ਬੁਧਵਾਰ ਨੂੰ ਅਮਰੀਕੀ ਡਰੋਨ ਹਮਲੇ ਵਿਚ ਬੈਤੁਲਾਹ, ਉਸਦੀ ਪਤਨੀ ਦੋਵੇਂ ਹੀ ਮਾਰੇ ਗਏ ਸਨ। ਇਥੋਂ ਤੱਕ ਕਿ ਹੁਣ ਬੇਤੁਲਾਹ ਮਹਿਸੂਦ ਦੇ ਗੱਦੀਨਸ਼ੀਂ ਬਾਰੇ ਦੋ ਧੜਿਆਂ ਵਿਚ ਗੋਲੀਬਾਰੀ ਦੀਆਂ ਖ਼ਬਰਾਂ ਮਿਲੀਆਂ ਸਨ। ਇਸ ਗੋਲੀਬਾਰੀ ਵਿਚ ਹਕੀਮੁਲਾਹ ਮਹਿਸੂਦ ਦੇ ਵੀ ਮਾਰੇ ਜਾਣ ਦੀ ਸੂਚਨਾ ਮਿਲ ਰਹੀ ਸੀ ਜੋ ਖੁਦ ਕਹਿ ਰਹੇ ਸਨ ਕਿ ਬੈਤੁਲਾਹ ਜਿ਼ੰਦਾ ਹੈ।