ਚੰਡੀਗੜ੍ਹ- ਘਰ ਸ਼ੌਹਰਤ ਅਤੇ ਅਹੁਦਾ ਗੁਆਉਣ ਤੋਂ ਬਾਅਦ ਹੁਣ ਚੰਦਰਮੋਹਨ ਦੀ ਘਰ ਵਾਪਸੀ ਦੀ ਸ਼ੁਰੂਆਤ ਹੋ ਗਈ ਹੈ। ਕਦੀ ਸੂਬੇ ਦੇ ਡਿਪਟੀ ਮੁੱਖ ਮੰਤਰੀ ਰਹੇ ਚੰਦਰ ਮੋਹਨ ਨੇ ਧਰਮ ਬਦਲਕੇ ਅਸਿਸਟੈਂਟ ਐਡਵੋਕੇਟ ਜਨਰਲ ਅਨੁਰਾਧਾ ਬਾਲੀ ਉਰਫ਼ ਫਿ਼ਜ਼ਾ ਨਾਲ ਸ਼ਾਦੀ ਕੀਤੀ ਸੀ, ਪਰ ਕੁਝ ਹੀ ਦਿਨਾਂ ਵਿਚ ਉਨ੍ਹਾਂ ਦਾ ਫਿਜ਼ਾ ਤੋਂ ਮੋਹ ਭੰਗ ਹੋ ਗਿਆ ਅਤੇ ਉਨ੍ਹਾਂ ਨੂੰ ਗੁਆਚੇ ਹੋਏ ਅਹੁਦੇ ਅਤੇ ਦੌਲਤ ਦੀ ਯਾਦ ਸਤਾਉਣ ਲਈ। ਬਹਰਹਾਲ ਉਹ ਫਿਰ ਘਰ ਵਾਪਸੀ ਦੀ ਸਰਦਲ ‘ਤੇ ਹੈ। ਉਸਦੇ ਪ੍ਰਵਾਰ ਵਾਪਸੀ ਦਾ ਰਸਮੀ ਐਲਾਨ ਉਸਦੇ ਪਿਤਾ ਭਜਨ ਲਾਲ ਹੀ ਕਰਨਗੇ। ਉਧਰ ਫਿਜਾ ਨੇ ਇਸ ਮਾਮਲੇ ਵਿਚ ਪੂਰੀ ਤਰ੍ਹਾਂ ਚੁੱਪ ਧਾਰ ਲਈ ਹੈ। ਜਿਸ ਦਿਨ ਚਾਂਦ ਚੰਦਰ ਮੋਹਨ ਬਣਕੇ ਹਿੰਦੂ ਧਰਮ ਵਿਚ ਦੁਬਾਰ ਸ਼ਾਮਲ ਹੋਇਆ ਸੀ, ਉਸ ਦਿਨ ਫਿਜਾ ਨੇ ਕਿਹਾ ਸੀ ਕਿ ਉਹ ਕਾਨੂੰਨੀ ਲੜਾਈ ਲੜੇਗੀ, ਲੇਕਨ ਅਜੇ ਤੱਕ ਉਸ ਵਲੋਂ ਕੋਈ ਕੇਸ ਨਹੀਂ ਕੀਤਾ ਗਿਆ। ਸ਼ਨਿੱਚਰਵਾਰ ਨੂੰ ਫਿ਼ਜ਼ਾ ਦੇ ਦੋਵੇਂ ਮੋਬਾਈਲ ਫੋਨ ਆਫ਼ ਚਲ ਰਹੇ ਸਨ। ਅਲਬਤਾ, ਚਰਚੇ ਇਹੀ ਹਨ ਕਿ ਕਿਤੇ ਨਾ ਕਿਤੇ ਅੰਦਰ ਖਾਤੇ ਫਿ਼ਜ਼ਾ ਦੇ ਨਾਲ ਚਾਂਦ ਮੁਹੰਮਦ ਦਾ ਗੁਪਤ ਸਮਝੌਤਾ ਤਾਂ ਨਹੀਂ ਹੋਇਆ।
ਜੇਕਰ ਕਾਂਗਰਸ ਵਲੋਂ ਉਸਨੂੰ ਟਿਕਟ ਨਹੀਂ ਦਿੱਤੀ ਜਾਂਦੀ ਤਾਂ ਆਉਂਦੀਆਂ ਵਿਧਾਨਸਭਾ ਚੋਣਾਂ ਵਿਚ ਉਹ ਆਪਣੇ ਪਿਤਾ ਦੀ ਪਾਰਟੀ ਹਰਿਆਣਾ ਜਨਹਿਤ ਕਾਂਗਰਸ ਵਲੋਂ ਪੰਚਕੂਲਾ ਤੋਂ ਚੋਣ ਲੜ ਸਕਦਾ ਹੈ। ਚੰਦਰ ਮੋਹਨ ਦੇ ਛੋਟੇ ਭਰਾ ਅਤੇ ਐਚਜੇਸੀ ਦੇ ਪ੍ਰਧਾਨ ਕੁਲਦੀਪ ਬਿਸ਼ਨੋਈ ਨੇ ਕਿਹਾ ਕਿ ਪ੍ਰਵਾਰ ਨਾਲ ਚੰਦਰ ਮੋਹਨ ਨੂੰ ਬੇਦਖ਼ਲ ਕਰਨ ਦਾ ਐਲਾਨ ਘਰ ਦੇ ਮੁਖੀ ਭਜਨ ਲਾਲ ਨੇ ਕੀਤਾ ਸੀ, ਇਸ ਲਈ ਘਰ ਵਾਪਸੀ ਦਾ ਐਲਾਨ ਵੀ ਉਹ ਹੀ ਕਰਨਗੇ। ਜੇਕਰ ਉਹ ਚੰਦਰ ਮੋਹਨ ਦੀ ਵਾਪਸੀ ਦਾ ਐਲਾਨ ਕਰਦੇ ਹਨ ਤਾਂ ਇਹ ਫੈਸਲਾ ਸਾਰਿਆਂ ਨੂੰ ਮਨਜ਼ੂਰ ਹੋਵੇਗਾ, ਲੇਕਨ ਪਾਰਟੀ ਵਿਚ ਚੰਦਰ ਮੋਹਨ ਦੇ ਲਈ ਕੋਈ ਥਾਂ ਨਹੀਂ ਹੈ। ਪਿਛਲੇ ਸਾਲ ਹਰਿਆਣੇ ਦੇ ਡਿਪਟੀ ਸੀਐਮ ਦੇ ਅਹੁਦੇ ‘ਤੇ ਹੁੰਦੇ ਹੋਏ ਚੰਦਰ ਮੋਹਨ ਅਨੁਰਾਧਾ ਬਾਲੀ ਦੇ ਨਾਲ ਸਰਕਾਰੀ ਗੱਡੀ ਵਿਚ ਲਾਪਤਾ ਹੋ ਗਏ ਸਨ। 7 ਦਸੰਬਰ ਨੂੰ ਚੰਦਰ ਮੋਹਨ ਨੇ ਚਾਂਚ ਅਤੇ ਅਨੁਰਾਧਾ ਬਾਲੀ ਨੇ ਫਿ਼ਜ਼ਾ ਬਣਕੇ ਨਿਕਾਹ ਪੜ੍ਹ ਲਿਆ ਸੀ। ਚੰਦਰ ਮੋਹਨ ਨੇ ਅਨੁਰਾਧਾ ਨਾਲ ਨਿਕਾਹ ਪਹਿਲੀ ਪਤਨੀ ਸੀਮਾ ਬਿਸ਼ਨੋਈ ਨੂੰ ਤਲਾਕ ਦਿਤੇ ਬਿਨਾਂ ਕੀਤਾ ਸੀ। ਇਸਤੋਂ ਅਗਲੇ ਦਿਨ ਹੀ ਭਜਨ ਲਾਲ ਨੇ ਚੰਦਰ ਮੋਹਨ ਨੂੰ ਪ੍ਰਵਾਰ ਚੋਂ ਬੇਦਖ਼ਲ ਕਰ ਦਿੱਤਾ ਸੀ। ਬਸ ਇਸਤੋਂ ਬਾਅਦ ਫਿ਼ਜ਼ਾ ਅਤੇ ਚਾਂਦ ਮੁਹੰਮਦ ਵਿਚ ਪਿਆਰ ਅਤੇ ਨਫ਼ਰਤ ਦੀ ਖੇਡ ਚਲਦੀ ਰਹੀ। ਇਸੇ ਦੌਰਾਨ ਆਪਣੇ ਘਰ ਹਿਸਾਰ ਵਿਚ ਚੰਦਰ ਮੋਹਨ ਦੇ ਚੂਲੇ ਦੀ ਹੱਡੀ ਟੁੱਟ ਗਈ। ਉਸਨੇ ਹਸਪਤਾਲ ਵਿਚ ਇਲਾਜ ਤਾਂ ਕਰਾਇਆ ਨਾਲ ਹੀ ਫਿਜਾ ਨਾਲੋਂ ਵੀ ਰਿਸ਼ਤਾ ਤੋੜ ਕੇ ਦੁਬਾਰਾ ਹਿੰਦੂ ਧਰਮ ਅਪਣਾ ਲਿਆ।