ਫਤਿਹਗੜ੍ਹ ਸਾਹਿਬ :- “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤਾਂ ਸਿੱਖ ਕੌਮ ਦੇ ਉੱਚੇ-ਸੁੱਚੇ ਇਖਲਾਕ ਅਤੇ ਇਤਿਹਾਸ ਦੇ ਬੀਤੇ ਸਮੇਂ ਦੇ ਫਖਰ ਵਾਲੇ ਕਾਰਨਾਮਿਆਂ ਦੀ ਸ਼ਾਨ ਨੂੰ ਕਾਇਮ ਰੱਖਣ ਹਿੱਤ ਆਪਣੀਆਂ ਧਾਰਮਿਕ, ਸਮਾਜਿਕ, ਸਿਆਸੀ ਅਤੇ ਭੂਗੋਲਿਕ ਗਤੀਵਿਧੀਆਂ ਕਰ ਰਿਹਾ ਹੈ। ਪਰ ਸ: ਬਾਦਲ ਨੇ ਹਰਿਆਣੇ ਦੇ ਸਿੱਖਾਂ ਨੂੰ ਗੁਰੂ ਘਰ ਦੀਆਂ ਗੋਲਕਾਂ ਦੇ “ਚੱਕਰਵਿਊ” ਵਿੱਚ ਫਸਾ ਕੇ ਹਰਿਆਣੇ ਦੇ ਆਗੂਆਂ ਨੂੰ ਕੁਝ ਸਮੇਂ ਲਈ ਆਪਣੇ ਸਵਾਰਥੀ ਹਿੱਤਾਂ ਲਈ ਫਿਰ ਤੋਂ ਦੁਰਵਰਤੋਂ ਕਰਨ ਦੀ ਤਿਆਰੀ ਕਰ ਲਈ ਹੈ। ਅਜਿਹੀ ਗੋਲਕਾਂ ਦੀ ਸੌਦੇਬਾਜ਼ੀ ਨਾਲ ਹਰਿਆਣੇ ਦੇ ਸਿੱਖਾਂ ਜਾਂ ਸਮੁੱਚੀ ਸਿੱਖ ਕੌਮ ਦੇ ਇਖਲਾਕ ਵਿੱਚ ਕੀ ਮਜ਼ਬੂਤੀ ਆਵੇਗੀ, ਇਸ ਗੱਲ ਦੀ ਸਾਨੂੰ ਬਿਲਕੁਲ ਸਮਝ ਨਹੀਂ ਆ ਰਹੀ। ਇਸਦੀ ਸਾਨੂੰ ਜਾਣਕਾਰੀ ਦਿੱਤੀ ਜਾਵੇ।”
ਇਹ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਰਿਆਣੇ ਦੇ ਸਿੱਖ ਆਗੂਆਂ ਅਤੇ ਬਾਦਲ ਦਲੀਆਂ ਵਿੱਚ ਵੱਖਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਨ ਦੇ ਮੁੱਦੇ ਨੂੰ ਲੈ ਕੇ ਬੀਤੇ ਦਿਨਾਂ ਤੋਂ ਹੋ ਰਹੀ ਬਿਆਨਬਾਜ਼ੀ ਅਤੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਅਤੇ ਹਰਿਆਣੇ ਦੇ ਸਿੱਖਾਂ ਵਿਚਕਾਰ ਹੋਈ ਮੀਟਿੰਗ ੳੁੱਤੇ ਪ੍ਰਤੀਕਰਮ ਪ੍ਰਗਟ ਕਰਦੇ ਹੋਏ ਇੱਕ ਬਿਆਨ ਵਿੱਚ ਪ੍ਰਗਟ ਕੀਤੇ। ਉਹਨਾਂ ਇਸ ਗੱਲ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਕਿ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੇ ਆਗੂ ਸ: ਪ੍ਰਕਾਸ਼ ਸਿੰਘ ਬਾਦਲ ਮੁਤੱਸਵੀ ਸੋਚ ਵਾਲੀ ਸਿੱਖ ਵਿਰੋਧੀ ਫਿਰਕੂ ਜਮਾਤ ਭਾਜਪਾ ਦੇ ਪਿੱਛਲਗ ਬਣੇ ਹੋਏ ਹਨ ਅਤੇ ਸ: ਪਰਮਜੀਤ ਸਿੰਘ ਸਰਨਾ ਪ੍ਰਧਾਨ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ “ਪਾੜੋ ਅਤੇ ਰਾਜ ਕਰੋ” ਦੀ ਸਮਾਜ ਵਿਰੋਧੀ ਸੋਚ ਰੱਖਣ ਵਾਲੀ ਜਮਾਤ ਕਾਂਗਰਸ ਦੇ ਪਿੱਛਲਗ ਬਣੇ ਹੋਏ ਹਨ। ਦੂਸਰੇ ਪਾਸੇ ਜੋ ਵੱਖ ਵੱਖ ਪੰਥਕ ਗਰੁੱਪ ਜਿਵੇਂ ਭਾਈ ਜਸਵੀਰ ਸਿੰਘ ਰੋਡੇ ਪਹਿਲੇ ਸ: ਰਵੀਇੰਦਰ ਸਿੰਘ ਵਰਗਿਆਂ ਨਾਲ ਘਿਓ-ਖਿਚੜੀ ਸਨ ਅਤੇ ਹੁਣ ਬਾਦਲ ਪਰਿਵਾਰ ਨਾਲ ਗੰਢ-ਤੁਪਾ ਕਰਨ ਵਿੱਚ ਮਸ਼ਰੂਫ ਹਨ। ਉਹਨਾਂ ਕਿਹਾ ਕਿ ਹੋਰ ਕਈ ਪੰਥਕ ਅਖਵਾਉਂਦੇ ਗਰੁੱਪ ਜੋ ਨਾਮ ਦੇ ਧਰੀਕ ਹਨ ਜਦੋਂ ਕਿ ਉਹਨਾਂ ਦਾ ਕੋਈ ਸਮਾਜਿਕ, ਕੌਮੀ ਵਜੂਦ ਹੀ ਨਹੀਂ ਹੈ। ਉਹ ਵੀ ਕਦੀ ਕਾਂਗਰਸ ਨੂੰ ਵੋਟਾਂ ਪੁਆ ਦਿੰਦੇ ਹਨ ਅਤੇ ਕਦੀ ਭਾਜਪਾ ਦੇ ਹੱਕ ਵਿੱਚ ਭੁਗਤ ਜਾਂਦੇ ਹਨ। ਫਿਰ ਅਜਿਹੇ ਸਮੇਂ ਵਿੱਚ ਲੰਮੇ ਸਮੇਂ ਤੋਂ ਲਟਕਦੇ ਆ ਰਹੇ ਸਿੱਖ ਮਸਲਿਆਂ ਜਿਵੇਂ ਆਲ ਇੰਡੀਆ ਗੁਰਦੁਆਰਾ ਐਕਟ, ਅਨੰਦ ਮੈਰਿਜ ਐਕਟ ਨੂੰ ਹੋਂਦ ਵਿੱਚ ਲਿਆਉਣ, ਜ਼ੇਲ੍ਹਾਂ ਵਿੱਚ ਲੰਮੇ ਸਮੇਂ ਤੋਂ ਬੰਦੀ ਬੇਕਸੂਰ ਨੌਜਵਾਨਾਂ ਦੀ ਰਿਹਾਈ, ਫਰਾਂਸ ਦਾ ਦਸਤਾਰ ਮਸਲਾ, ਗੁਰੂ ਡੰਮ ਅਤੇ ਡੇਰਾਵਾਦ ਦੀ ਸਮਾਜਿਕ ਬੁਰਾਈ ਨੂੰ ਖਤਮ ਕਰਨਾ, ਸਿੱਖ ਕੌਮ ਦੀ ਬਣੀ ਕਾਲੀ ਸੂਚੀ ਖਤਮ ਕਰਵਾਉਣੀ, 1984 ਵਿੱਚ ਸਿੱਖ ਰੈਫਰੇਂਸ ਲਾਇਬ੍ਰੇਰੀ ਅਤੇ ਤੋਸ਼ੇਖਾਨੇ ਵਿੱਚੋਂ ਫੌਜ ਵੱਲੋਂ ਲੁੱਟੇ ਕੀਮਤੀ ਬਹੁਮੁੱਲੇ ਸਮਾਨ ਅਤੇ ਦਸਤਾਵੇਜ਼ਾਂ ਨੂੰ ਵਾਪਿਸ ਕਰਵਾਉਣ, ਜਥੇਦਾਰ ਸਾਹਿਬਾਨਾਂ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਦੇ ਸਰਬ ਪ੍ਰਵਾਨਿਤ ਢੰਗਾਂ, ਭਰੂਣ ਹੱਤਿਆ, ਦਾਜ-ਦਹੇਜ, ਜਾਤ-ਪਾਤ ਦੇ ਨਾਮ ‘ਤੇ ਬਣਾਏ ਜਾ ਰਹੇ ਗੁਰੂ ਘਰਾਂ ਨੂੰ ਰੋਕਣਾ, ਸਿੱਖੀ ਸੰਸਥਾਵਾਂ ਦੇ ਟ੍ਰਸਟ ਬਣਾ ਕੇ ਸਿੱਖ ਸਰਮਾਏ ਦੀ ਕੁਝ ਪਰਿਵਾਰਾਂ ਵੱਲੋਂ ਹੋ ਰਹੀ ਲੁੱਟ-ਖਸੁੱਟ ਨੂੰ ਰੋਕਣਾ, ਇੱਕੋ ਰਹਿਤ-ਮਰਿਯਾਦਾ ਨੂੰ ਲਾਗੂ ਕਰਨਾ, ਹੁਕਮਨਾਮਿਆਂ ਦੀ ਮਹੱਤਤਾ ਅਤੇ ਉਹਨਾਂ ਦੀ ਸੰਜੀਦਗੀ ਨਾਲ ਅਮਲ ਕਰਨਾ ਆਦਿ ਸਿੱਖ ਮਸਲਿਆਂ ਵਿੱਚੋਂ ਸ: ਬਾਦਲ ਚੌਥੀ ਵਾਰ ਮੁੱਖ ਮੰਤਰੀ ਬਣਨ ਦੇ ਬਾਵਜੂਦ ਵੀ ਅੱਜ ਤੱਕ ਇੱਕ ਵੀ ਮਸਲੇ ਨੂੰ ਨਾ ਹੱਲ ਕਰਵਾ ਸਕੇ ਹਨ ਅਤੇ ਨਾ ਹੀ ਸੰਜੀਦਾ ਹਨ। ਫਿਰ ਸਿੱਖ ਕੌਮ ਨੂੰ ਹੁਣ ਸੋਚਣਾ ਪਵੇਗਾ ਅਤੇ ਬੁਰਾਈਆਂ ਅਤੇ ਅੱਛਾਈਆਂ ਦੀ ਅਗਵਾਈ ਕਰਨ ਵਾਲੇ ਆਗੂਆਂ ਵਿੱਚ ਨਿਖੇੜਾ ਕਰਕੇ ਦ੍ਰਿੜਤਾ ਨਾਲ ਸੱਚ ਦਾ ਸਾਥ ਦੇਣਾ ਪਵੇਗਾ। ਤਦ ਜਾ ਕੇ ਸਿੱਖ ਕੌਮ “ਆ ਗਏ ਨਿਹੰਗ ਬੂਹੇ ਖੋਲ ਦੋ ਨਿਸੰਗ” ਅਤੇ “ਬਚਾਈ ਵੇ ਭਾਈ ਕੱਛ ਵਾਲਿਆ ਮੇਰੀ ਧੀ ਬਸਰੇ ਨੂੰ ਗਈ” ਵਾਲੀ ਅਣਖੀਲੀ ਅਤੇ ਸਤਿਕਾਰਿਤ ਕੌਮਾਂਤਰੀ ਪੱਧਰ ‘ਤੇ ਬਣੀ ਸਿੱਖ ਕੌਮ ਦੀ ਪਹਿਚਾਣ ਅਤੇ ਸਰਬੱਤ ਦੇ ਭਲੇ ਵਾਲੀ ਸੋਚ ਵਾਲਾ ਅਕਸ ਅਸੀਂ ਕਾਇਮ ਕਰਨ ਦੇ ਸਮਰੱਥ ਹੋ ਸਕਾਂਗੇ।