ਇਸਲਾਮਾਬਾਦ – ਪਾਕਿਸਤਾਨ ਦੀ ਰਾਜਨੀਤੀ ਵਿਚ ਬੜੀ ਡੂੰਘੀ ਸਾਜਿਸ਼ ਚਲ ਰਹੀ ਹੈ। ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੂੰ ਇਸ ਗੱਲ ਦੀ ਪੱਕੀ ਸੂਹ ਮਿਲੀ ਹੈ ਕਿ ਕੁਝ ਰਾਜਨੀਤਕ ਅਤੇ ਦੂਸਰੇ ਤੱਤ ਮਿਲ ਕੇ ਉਨ੍ਹਾਂ ਨੂੰ ਰਾਸ਼ਟਰਪਤੀ ਦੇ ਪਦ ਤੋਂ ਹਟਾਉਣ ਦੀਆਂ ਯੋਜਨਾਵਾਂ ਬਣਾ ਰਹੇ ਹਨ। ਇਸ ਯੋਜਨਾ ਦੇ ਤਹਿਤ ਸਿਰਫ ਜਰਦਾਰੀ ਨੂੰ ਹੀ ਨੁਕਰੇ ਲਾਉਣ ਦੀਆਂ ਤਿਆਰੀਆਂ ਚਲ ਰਹੀਆਂ ਹਨ।, ਬਾਕੀ ਸਰਕਾਰ ਤੇ ਇਸਦਾ ਕੋਈ ਅਸਰ ਨਹੀਂ ਹੋਵੇਗਾ। ਇਹ ਜਾਣਕਾਰੀ ਜਰਦਾਰੀ ਦੇ ਬਹੁਤ ਹੀ ਕਰੀਬੀ ਵਲੋਂ ਦਿਤੀ ਗਈ ਹੈ।
ਪਾਕਿਸਤਾਨ ਪੀਪਲਜ਼ ਪਾਰਟੀ ਦੀ ਬੁਲਾਰੀ ਅਤੇ ਜਰਦਾਰੀ ਦੀ ਬਹੁਤ ਹੀ ਨਜ਼ਦੀਕੀ ਫੌਜੀਆ ਵਹਾਬ ਨੇ ਕਿਹਾ ਕਿ ਅਸੀਂ ਰਾਸ਼ਟਰਪਤੀ ਅਤੇ ਆਪਸ ਵਿਚ ਗੱਲਬਾਤ ਕਰਕੇ ਇਸ ਨਤੀਜੇ ਤੇ ਪਹੁੰਚੇ ਹਾਂ ਕਿ ਰਾਸ਼ਟਰਪਤੀ ਜਰਦਾਰੀ ਨੂੰ ਹਟਾਉਣ ਲਈ ਪਹਿਲਾਂ ਤੋਂ ਹੀ ਨਿਯੋਜਿਤ ਯੋਜਨਾ ਦੇ ਤਹਿਤ ਸਾਜਿਸ਼ ਚਲ ਰਹੀ ਹੈ। ਜਰਦਾਰੀ ਦੇ ਬਹੁਤ ਹੀ ਨਜ਼ਦੀਕੀ ਸਮਝੇ ਜਾਣ ਵਾਲੇ ਪੀਪੀਪੀ ਦੇ ਕੁਝ ਨੇਤਾ ਜਿਨ੍ਹਾਂ ਵਿਚ ਸੂਚਨਾ ਮੰਤਰੀ ਕਮਰ ਜਮਾਨ ਕੈਰਾ ਅਤੇ ਸਿੰਧ ਦੇ ਮੁੱਖ ਮੰਤਰੀ ਕੈਮ ਅਲੀ ਸ਼ਾਹ ਸ਼ਾਮਿਲ ਸਨ, ਉਨ੍ਹਾਂ ਨੇ ਕਿਹਾ ਕਿ ਪੀਪੀਪੀ ਜਰਦਾਰੀ ਤੋਂ ਬਿਨ੍ਹਾਂ ਸਰਕਾਰ ਵਾਲਾ ਕੋਈ ਫਾਰਮੂਲਾ ਸਵੀਕਾਰ ਨਹੀਂ ਕਰੇਗੀ। ਦੂਸਰੇ ਪਾਸੇ ਪ੍ਰਧਾਨਮੰਤਰੀ ਗਿਲਾਨੀ ਨੇ ਸਾਫ ਕਿਹਾ ਹੈ ਕਿ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰਫ ਤੇ ਧੋਖੇਬਾਜ਼ੀ ਦਾ ਕੇਸ ਚਲਾਉਣ ਲਈ ਸੈਨਾ ਦੀ ਕੋਈ ਯੋਜਨਾ ਨਹੀਂ ਹੈ। ਇਸ ਵਿਚ ਕਨੂੰਨ ਆਪਣੀ ਕਾਰਵਾਈ ਕਰੇਗਾ। ਸਰਕਾਰ ਦੀ ਇਸ ਮਾਮਲੇ ਵਿਚ ਕੋਈ ਦਿਲਚਸਪੀ ਨਹੀਂ ਹੈ।