ਸੰਗਰੂਰ-ਆਜ਼ਾਦੀ ਦਿਹਾੜੇ ਦੇ ਮੌਕੇ ਵਾਰ ਹੀਰੋਜ਼ ਸਟੇਡੀਅਮ ਵਿਖੇ ਆਯੋਜਿਤ ਜਿਲਾ ਪੱਧਰੀ ਪ੍ਰੋਗਰਾਮ ਦੌਰਾਨ ਰੰਗਾਰੰਗ ਪ੍ਰੋਗਰਾਮ ਪੇਸ਼ ਕਰਨ ਦੌਰਾਨ ਤਿੰਨ ਸਕੂਲ ਬੱਚੀਆਂ ਗਰਮੀ ਨਾਲ ਬੇਹੋਸ਼ ਹੋ ਗਈਆਂ। ਉਨ੍ਹਾਂ ਨੂੰ ਤੁਰੰਤ ਸਿਹਤ ਸੇਵਾਵਾਂ ਮੁਹਈਆ ਕਰਾਈ ਗਈ। ਇਸ ਦੌਰਾਨ ਮੁੱਖ ਮਹਿਮਾਨ ਸੰਸਦੀ ਸਕਤਰ ਅਵਿਨਾਸ਼ ਚੰਦਰ ਵੀ ਮੌਜੂਦ ਸਨ। ਜਿ਼ਕਰਯੋਗ ਹੈ ਕਿ ਉਪਰੋਕਤ ਪ੍ਰੋਗਰਾਮ ਵਿਚ ਖੇਤੀ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਆਉਣਾ ਸੀ, ਪਰ ਉਹ ਕਿਸੇ ਕੰਮ ਕਰਕੇ ਨਹੀਂ ਆ ਸਕੇ। ਇਸਤੋਂ ਪਹਿਲਾਂ ਮੁੱਖ ਮਹਿਮਾਨ ਸੰਸਦੀ ਸਕਤੱਰ ਅਵਿਨਾਸ਼ ਚੰਦਰ ਨੇ ਝੰਡਾ ਲਹਿਰਾਇਆ ਅਤੇ ਪੰਜਾਬ ਪੁਲਿਸ, ਐਨਸੀਸੀ ਦੇ ਜਵਾਨਾਂ ਦੀ ਮਾਰਚ ਪਾਸਟ ਦੀ ਸਲਾਮੀ ਲਈ। ਇਸ ਮੌਕੇ ‘ਤੇ ਉਨ੍ਹਾਂ ਬੇਸਹਾਰਾ ਅਤੇ ਵਿਧਵਾ ਔਰਤਾਂ ਨੂੰ ਰੈਡ ਕਰਾਸ ਵਲੋਂ ਸਿਲਾਈ ਮਸ਼ੀਨਾਂ ਵੰਡੀਆਂ। ਇਸ ਮੌਕੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਪਰ ਤੇਜ਼ ਗਰਮੀ ਹੋਣ ਕਰਕੇ ਤਿੰਨ ਸਕੂਲੀ ਵਿਦਿਆਰਥਣਾ ਪ੍ਰੋਗਰਾਮ ਪੇਸ਼ ਕਰਨ ਦੌਰਾਨ ਬੇਹੋਸ਼ ਹੋ ਗਈਆਂ। ਇਸ ਤੋਂ ਪਹਿਲਾਂ ਰਿਹਰਸਲ ਦੌਰਾਨ ਵੀ ਦੋ ਸਕੂਲੀ ਬੱਚੀਆਂ ਬੇਹੋਸ਼ ਹੋ ਚੁੱਕੀਆਂ ਸਨ। ਉਧਰ ਪ੍ਰਬੰਧਕੀ ਕੰਪਲੈਕਸ ਵਿਚ ਸਹਾਰਾ ਫਾਉਂਡੇਸ਼ਨ ਨੇ ਚੇਅਰਮੈਨ ਸਰਬਜੀਤ ਸਿੰਘ ਰੇਖੀ ਦੀ ਅਗਵਾਈ ਵਿਚ ਸ਼ਹੀਦ ਕਪਤਾਨ ਕਰਮ ਸਿੰਘ ਦੇ ਬੁੱਤ ਦੇ ਨਜ਼ਦੀਕ ਸਫ਼ਾਈ ਕਰਕੇ ਆਜ਼ਾਦੀ ਦਿਹਾੜਾ ਮਨਾਇਆ।