ਪ੍ਰਿਯੰਕਾ ਚੋਪੜਾ ਹਮੇਸ਼ਾਂ ਤੋਂ ਹੀ ਵਖ-ਵਖ ਤਰ੍ਹਾਂ ਦੇ ਰੋਲ ਨਿਭਾਉਂਦੀ ਆਈ ਹੈ। ਉਸਦਾ ਮੰਨਣਾ ਹੈ ਕਿ ਦੁਨੀਆਂ ਦੀ ਅਸਲੀ ਜਾਣਕਾਰੀ ਉਸਨੂੰ ਹੁਣ ਜਾਕੇ ਹੋਈ ਹੈ। ਉਹ ਖੁਸ਼ ਹੈ ਕਿ ਉਸਨੂੰ ਚੰਗੀਆਂ ਫਿ਼ਲਮਾਂ ਵਿਚ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ। ਪ੍ਰਿਯੰਕਾ ਆਪਣੀ ਨਵੀਂ ਫਿ਼ਲਮ ‘ਕਮੀਨੇ’ ਵਿਚ ਇਕ ਮਰਾਠੀ ਲੜਕੀ ਦਾ ਰੋਲ ਨਿਭਾ ਰਹੀ ਹੈ। ਇਸ ਵਿਚ ਉਸਦਾ ਹੀਰੋ ਸ਼ਾਹਿਦ ਕਪੂਰ ਹੈ।
ਫਿਲਮ ‘ਕਮੀਨੇ’ ਬਾਰੇ ਪ੍ਰਿਯੰਕਾ ਨੇ ਕਿਹਾ ਕਿ ਇਸ ਫਿਲਮ ਵਿਚ ਮੇਰੀ ਭੂਮਿਕਾ ਵਧੇਰੇ ਵੱਡੀ ਨਹੀਂ ਹੈ ਪਰ ਇੰਨਾ ਜ਼ਰੂਰ ਹੈ ਕਿ ਮੈਂ ਇਕ ਪੰਜਾਬੀ ਲੜਕੀ ਹਾਂ ਅਤੇ ਮੈਂ ਇਕ ਮਰਾਠੀ ਲੜਕੀ ਦਾ ਰੋਲ ਨਿਭਾਉਣਾ ਸੀ। ਹਾਲਾਂਕਿ ਫਿਲਮ ਵਿਚ ਹਿੰਦੀ ਹੀ ਬੋਲਣੀ ਸੀ ਪਰ ਉਸ ਵਿਚ ਮਰਾਠੀ ਭਾਵ ਪੈਦਾ ਕਰਨਾ ਸੀ। ਮੈਨੂੰ ਲਗਦਾ ਹੈ ਕਿ ਉਥੇ ਮੈਨੂੰ ਥੋੜ੍ਹੀ ਮੇਹਨਤ ਕਰਨੀ ਪਈ। ‘ਫੈਸ਼ਨ’ ਦੀ ਗਲੈਮਰਸ ਲੜਕੀ ਅਤੇ ‘ਕਮੀਨੇ’ ਵਿਚ ਸਧਾਰਨ ਜਿਹੀ ਮਰਾਠੀ ਲੜਕੀ ਦੇ ਰੋਲ ਬਾਰੇ ਉਸਦਾ ਕਹਿਣਾ ਹੈ ਕਿ ਮੈਂ ਵੱਖ ਵੱਖ ਕਿਸਮ ਦੇ ਕਿਰਦਾਰ ਨਿਭਾਉਣੇ ਪਸੰਦ ਕਰਦੀ ਹਾਂ। ਮੈਨੂੰ ਨਹੀਂ ਲਗਦਾ ਕਿ ਗਲੈਮਰਸ ਅਤੇ ਨਾਨ ਗਲੈਮਰਸ ਦਿਸਣ ਵਾਲੀ ਕੋਈ ਗੱਲ ਹੈ, ਜਿਵੇਂ ਫੈਸ਼ਨ ਵਿਚ ਮੇਰਾ ਕਿਰਦਾਰ ਸੀ ਉਹ ਹਮੇਸ਼ਾ ਤਿਆਰ ਹੋਕੇ ਹੀ ਬਾਹਰ ਨਿਕਲਦੀ ਸੀ। ‘ਦੋਸਤਾਨਾ’ ਵਿਚ ਮੈਂ ਇਕ ਫੈਸ਼ਨ ਮੈਗਜ਼ੀਨ ਦੀ ਐਡੀਟਰ ਬਣੀ ਹਾਂ ਜਿਹੜਾ ਇਕ ਗਲੈਮਰਸ ਕਿਰਦਾਰ ਹੈ। ਉਥੇ ਵਿਸ਼ਾਲ ਭਾਰਦਵਾਜ ਦੀ ‘ਕਮੀਨੇ’ ਵਿਚ ਮੈਂ ਇਕ ਸਾਧਾਰਨ ਮਰਾਠੀ ਲੜਕੀ ਦਾ ਕਿਰਦਾਰ ਨਿਭਾ ਰਹੀ ਹਾਂ ਜਿਹੜੀ ਦੋ ਗੁੱਤਾਂ ਕਰਦੀ ਹੈ ਅਤੇ ਬਾਹਰ ਜਾਂਦੀ ਹੈ।
ਇਸ ਫਿਲਮ ਦੇ ਹੀਰੋ ਸ਼ਾਹਿਦ ਕਪੂਰ ਨੂੰ ਇਸ ਦਹਾਕੇ ਦੇ ਚੰਗੇ ਕਲਾਕਾਰਾਂ ਵਿਚ ਸ਼ੁਮਾਰ ਕਰਦੇ ਹੋਏ ਉਸਨੇ ਉਸਦੀ ਅਦਾਕਾਰੀ ਦੀ ਵੀ ਸ਼ਲਾਘਾ ਕੀਤੀ। ਆਪਣੇ ਕਿਰਦਾਰ ਬਾਰੇ ਪ੍ਰਿਯੰਕਾ ਦਾ ਕਹਿਣਾ ਹੈ ਕਿ ਮੈਨੂੰ ਅਜਿਹਾ ਕੋਈ ਵੀ ਕਿਰਦਾਰ ਜਿਹੜਾ ਚੁਣੌਤੀਪੂਰਣ ਲੱਗੇ ਮੈਂ ਕਰਨਾ ਚਾਹੁੰਦੀ ਹਾਂ। ਜਦ ਮੈਂ ਸਵੇਰੇ ਜਾਗਾਂ ਤਾਂ ਮੇਰੇ ਮਨ ਵਿਚ ਸੈਟ ‘ਤੇ ਜਾਣ ਸਬੰਧੀ ਜੋਸ਼ ਹੋਵੇ। ਇਹ ਮੇਰੇ ਲਈ ਹਰ ਕਿਰਦਾਰ ਨੂੰ ਦੇਣਾ ਬਹੁਤ ਜ਼ਰੂਰੀ ਹੈ। ਆਸ਼ੂਤੋਸ਼ ਗੋਵਾਰੀਕਰ ਦੀ ਅਗਲੀ ਫਿਲਮ ‘ਵਹਾਟਸ ਯੋਰ ਰਾਸ਼ੀ’ ਵਿਚ 12 ਵੱਖ ਵੱਖ ਰੋਲ ਨਿਭਾਏ ਜਾਣ ਬਾਰੇ ਉਸਦਾ ਕਹਿਣਾ ਸੀ ਕਿ ਇਹ ਬੜਾ ਹੀ ਚੁਣੌਤੀਪੂਰਣ ਕੰਮ ਸੀ। ਇਹ ਮੇਰੇ ਕੈਰੀਅਰ ਦੀ ਸਭ ਤੋਂ ਮੁਸਕਲ ਫਿਲਮ ਰਹੀ ਹੈ। ਮੈਨੂੰ ਨਹੀਂ ਸੀ ਲਗਦਾ ਕਿ ਮੈਂ ਕਦੀ ਇਹੋ ਜਿਹੇ ਕਿਰਦਾਰ ਨਿਭਾ ਸਕਾਂਗੀ। ਹਾਂ ਇੰਨਾ ਜ਼ਰੂਰ ਹੈ ਕਿ ਮੈਂ ਚਾਹਾਂਗੀ ਕਿ ਮੈਨੂੰ ਇਸਤੋਂ ਵੀ ਚੁਣੌਤੀਪੂਰਣ ਕਿਰਦਾਰ ਆਫ਼ਰ ਕੀਤੇ ਜਾਣ।
ਆਪਣੀਆਂ ਫਿਲਮਾਂ ਦੇ ਹਿੱਟ ਜਾਂ ਫਲਾਪ ਹੋਣ ਬਾਰੇ ਪ੍ਰਿਯੰਕਾ ਦਾ ਕਹਿਣਾ ਹੈ ਕਿ ਜਦ ਵੀ ਮੇਰੀ ਕੋਈ ਫਿਲਮ ਨਹੀਂ ਚਲਦੀ ਤਾਂ ਮੈਂ ਬਹੁਤ ਰੋਂਦੀ ਹਾਂ। ਮੇਰਾ ਦਿਲ ਟੁੱਟ ਜਾਂਦਾ ਹੈ ਕਿਉਂਕਿ ਮੇਰੀ ਹਰ ਫਿਲਮ ਮੇਰੇ ਲਈ ਖਾਸ ਹੈ। ਜਦ ਮੇਰੀ ਫਿਲਮ ਹਿੱਟ ਹੋ ਜਾਂਦੀ ਹੈ ਤਾਂ ਮੈਨੂੰ ਇੰਨੀ ਖੁਸ਼ੀ ਹੁੰਦੀ ਹੈ ਕਿ ਮੈਂ ਦਸ ਨਹੀਂ ਸਕਦੀ ਲੇਕਨ ਇਹ ਮੇਰੇ ਕਾਰੋਬਾਰ ਦਾ ਅਨਿਖੜਵਾਂ ਅੰਗ ਹੈ ਅਤੇ ਇਸਦਾ ਕੁਝ ਨਹੀਂ ਕੀਤਾ ਜਾ ਸਕਦਾ।
ਚੰਗੀਆਂ ਫਿਲਮਾਂ ‘ਚ ਰੋਲ ਕਰਕੇ ਖੁਸ਼ ਹੈ ਪ੍ਰਿਯੰਕਾ
This entry was posted in ਫ਼ਿਲਮਾਂ.