ਚੇਨੰਈ- ਭਾਰਤੀ ਕ੍ਰਿਕਟ ਟੀਮ ਵਿਚ ਦ੍ਰਵਿੜ ਨੂੰ ਅਗਲੇ ਮਹੀਨੇ ਸ੍ਰੀਲੰਕਾ ਵਿਚ ਹੋਣ ਵਾਲੀ ਤਿਕੋਣੀ ਇਕ ਰੋਜ਼ਾ ਕ੍ਰਿਕਟ ਸੀਰੀਜ਼ ਅਤੇ ਦੱਖਣ ਅਫ਼ਰੀਕਾ ਵਿਚ ਚੈਂਪੀਅਨਜ਼ ਟਰਾਫ਼ੀ ਲਈ ਐਲਾਨੀ ਟੀਮ ਵਿਚ ਇਕ ਹੋਰ ਮੌਕਾ ਦਿੱਤਾ ਗਿਆ ਹੈ। 15 ਮੈਂਬਰੀ ਇਸ ਟੀਮ ਵਿਚ ਦੋ ਸਾਲ ਬਾਅਦ ਬੱਲੇਬਾਜ਼ ਰਾਹੁਲ ਦ੍ਰਵਿੜ ਨੂੰ ਵੀ ਮੌਕਾ ਮਿਲਿਆ ਹੈ। ਇਸ ਤੋਂ ਪਹਿਲਾਂ ਚੋਣਕਾਰਾਂ 2011 ਦੇ ਵਰਲਡ ਕੱਪ ਦੀ ਟੀਮ ਤਿਆਰ ਕਰਨ ਦੇ ਉਦੇਸ਼ ਨਾਲ ਨੌਜਵਾਨਾਂ ਨੂੰ ਪਹਿਲ ਦਿੰਦੇ ਰਹੇ ਸਨ। ਪਰ ਦੀਵਾਰ ਦੇ ਨਾਮ ਨਾਲ ਮਸ਼ਹੂਰ 36 ਸਾਲਾ ਦ੍ਰਵਿੜ ਜੇਕਰ ਇਨ੍ਹਾਂ ਟੂਰਨਾਮੈਂਟਾਂ ਵਿਚ ਵਧੀਆ ਪ੍ਰਦਰਸ਼ਨ ਨਹੀਂ ਕਰ ਪਾਉਂਦੇ ਤਾਂ ਉਨ੍ਹਾਂ ਲਈ ਇਕ ਮੌਕਾ ਆਖ਼ਰੀ ਮੌਕਾ ਵੀ ਹੋ ਸਕਦਾ ਹੈ।
ਅਜਿਹੇ ਹਾਲਾਤ ਵਿਚ ਵਰਲਡ ਕੱਪ ਨੂੰ ਧਿਆਨ ਵਿਚ ਰੱਖਦੇ ਹੋਏ ਚੋਣਕਾਰ ਦ੍ਰਵਿੜ ਦੀ ਥਾਂ ਵਧੀਆ ਪ੍ਰਦਰਸ਼ਨ ਕਰ ਰਹੇ ਨੌਜਵਾਨ ਖਿਡਾਰੀਆਂ ਨੂੰ ਮੌਕਾ ਦੇਣਗੇ। ਦ੍ਰਵਿੜ ਨੇ ਅਕਤੂਬਰ 2007 ਵਿਚ ਆਖਰੀ ਵਨ ਡੇਅ ਖੇਡਿਆ ਸੀ। ਚੋਣਕਾਰਾਂ ਨੂੰ ਆਸ ਹੈ ਕਿ ਦ੍ਰਵਿੜ ਦੇ ਆਉਣ ਨਾਲ ਬੱਲੇਬਾਜ਼ੀ ਮਜ਼ਬੂਤ ਹੋਵੇਗੀ। ਮਾਸਟਰ ਬਲਾਸਟਰ ਸਚਿਨ ਤੇਂਦਲੁਕਰ ਦੀ ਵੀ ਟੀਮ ਵਿਚ ਵਾਪਸੀ ਹੋਈ ਹੈ। ਲੈਗ ਸਪਿਨਰ ਅਮਿਤ ਮਿਸ਼ਰਾ ਨੂੰ ਪ੍ਰਗਿਆਨ ਓਝਾ ਦੀ ਥਾਂ ਮੌਕਾ ਦਿੱਤਾ ਗਿਆ ਹੈ। ਬੀਸੀਸੀਆਈ ਦੇ ਸਕੱਤਰ ਐਨ ਸ੍ਰੀਨਿਵਾਸਨ ਨੇ ਟੀਮ ਦਾ ਐਲਾਨ ਕੀਤਾ। ਇਸ ਵਿਚ ਅੱਠ ਬੱਲੇਬਾਜ਼ਾਂ, ਚਾਰ ਤੇਜ਼ ਗੇਂਦਬਾਜ਼ਾਂ, ਦੋ ਸਪਿਨਰਾਂ ਅਤੇ ਯੂਸੁਫ਼ ਖਾਨ ਵਜੋਂ ਇਕ ਹਰਫਨਮੌਲਾ ਖਿਡਾਰੀ ਨੂੰ ਮੌਕਾ ਦਿੱਤਾ ਗਿਆ ਹੈ। ਮੁੰਬਈ ਦੇ ਬੱਲੇਬਾਜ਼ ਅਭਿਸ਼ੇਕ ਨਾਇਰ ਨੇ ਆਪਣੀ ਥਾਂ ਬਰਕਰਾਰ ਰੱਖੀ ਹੈ। ਰੋਹਿਤ ਸ਼ਰਮਾ ਦੇ ਬਦਲੇ ਸੁਰੇਸ਼ ਰੈਨਾ ਨੂੰ ਥਾਂ ਦਿੱਤੀ ਗਈ ਹੈ। ਰੈਨਾ ਅੰਗੂਠੇ ਦੀ ਸੱਟ ਕਰਕੇ ਵੈਸਟ ਇੰਡੀਜ਼ ਦੌਰੇ ‘ਤੇ ਨਹੀਂ ਸੀ ਜਾ ਸਕਿਆ। ਤੇਜ਼ ਗੇਂਦਬਾਜ਼ ਜ਼ਹੀਰ ਖਾਨ ਅਤੇ ਵਰਿੰਦਰ ਸਹਿਵਾਗ ਨੂੰ ਸੱਟ ਲਗਣ ਕਰਕੇ ਟੀਮ ਤੋਂ ਬਾਹਰ ਰੱਖਿਆ ਗਿਆ ਹੈ। ਕ੍ਰਿਸ਼ਨਮਾਚਾਰੀ ਸ੍ਰੀਕਾਂਤ ਦੀ ਪ੍ਰਧਾਨਗੀ ਵਾਲੀ ਚੋਣ ਕਮੇਟੀ ਨੇ ਚਿਦੰਬਰਮ ਸਟੇਡੀਅਮ ਵਿਚ ਹੋਈ ਮੀਟਿੰਗ ਤੋਂ ਬਾਅਦ ਅੱਠ ਤੋਂ 14 ਸਤੰਬਰ ਤੱਕ ਹੋਣ ਵਾਲੇ ਸ੍ਰੀਲੰਕਾ ਦੌਰੇ ਅਤੇ 22 ਸਤੰਬਰ ਤੋਂ 5 ਅਕਤੂਬਰ ਤੱਕ ਚੈਂਪੀਅਨਜ਼ ਟਰਾਫ਼ੀ ਦੇ ਲਈ ਟੀਮ ਦੀ ਚੋਣ ਕੀਤੀ। ਇਨ੍ਹਾਂ ਦੋਵੇਂ ਟੂਰਨਾਮੈਂਟਾਂ ਵਿਚ ਦ੍ਰਵਿੜ ਦਾ ਦਮਦਾਰ ਪ੍ਰਦਰਸ਼ਨ ਹੀ ਵਰਲਡ ਕੱਪ 2011 ਦੀ ਟੀਮ ਵਿਚ ਉਸਨੂੰ ਥਾਂ ਦਿਵਾ ਸਕਦਾ ਹੈ।
ਕ੍ਰਿਕਟ ਟੀਮ ਵਿਚ ਦ੍ਰਵਿੜ ਨੂੰ ਮਿਲਿਆ ਮੌਕਾ
This entry was posted in ਖੇਡਾਂ.