ਯੂਰਪ(ਰੁਪਿੰਦਰ ਢਿੱਲੋ ਮੋਗਾ)- ਇੰਡੀਅਨ ਸਪੋਰਟਸ ਕਲੱਬ(ਡੈਨਮਾਰਕ) ਵੱਲੋ ਇਸ ਸਾਲ ਵੀ ਸ਼ਾਨਦਾਰ ਖੇਡ ਮੇਲੇ ਦਾ ਆਯੋਜਨ ਡੈਨਮਾਰਕ ਦੀ ਰਾਜਧਾਨੀ ਕੋਪਨਹੈਗਨ ਵਿਖੇ ਕਰਵਾਇਆ ਗਿਆ, ਜੋ ਕਿ ਹਰ ਪੱਖੋਂ ਯਾਦਗਾਰੀ ਅਤੇ ਸਫਲ ਹੋ ਨਿਬੜਿਆ। ਗੁਆਂਢੀ ਮੁਲਕਾਂ ਤੋਂ ਆਏ ਹੋਏ ਕਲੱਬਾਂ ਦੇ ਸਹਿਯੋਗ ਨਾਲ 2 ਦਿਨ ਚੱਲੇ ਇਸ ਖੇਡ ਮੇਲੇ ਦਾ ਆਨੰਦ ਕਲੱਬਾਂ ਦੇ ਖਿਡਾਰੀਆਂ ਤੋ ਇਲਾਵਾ ਨਜ਼ਦੀਕੀ ਮੁਲਕਾਂ ਤੋ ਆਏ ਖੇਡ ਪ੍ਰੇਮੀਆਂ ਅਤੇ ਡੈਨਮਾਰਕ ਵਿੱਚ ਵੱਸਦੇ ਭਾਰਤੀ ਮੂਲ ਖਾਸ ਕਰਕੇ ਪੰਜਾਬੀਆ ਨੇ ਮਾਣਿਆ। ਜਿਸ ਵਿੱਚ ਛੋਟੀ ਉਮਰ ਦੇ ਬੱਚੇ-ਬੱਚੀਆਂ ਤੋ ਲੈ ਕੇ ਜਵਾਨ ਉਮਰ ਦੇ ਦੋਨੋ ਵਰਗ ਅਤੇ ਸਿਆਣੀ ਉਮਰ ਦੇ ਬਜ਼ੁਰਗ ਵੀ ਪਿੱਛੇ ਨਹੀ ਰਹੇ। ਇਸ ਖੇਡ ਮੇਲੇ ਵਿੱਚ ਬੱਚੇ-ਬੱਚੀਆਂ ਦੀਆਂ ਖੇਡਾਂ, ਜਿਵੇ ਕਿ ਦੌੜਾਂ, ਫੁੱਟਬਾਲ ਮੈਚ, ਰੱਸਾ-ਕੱਸੀ ਅਤੇ ਬੱਚਿਆਂ ਦੀ ਕਬੱਡੀ ਤੋ ਇਲਾਵਾ ਪੰਜਾਬੀ ਗਭਰੂਆਂ ਦੀ ਜੀ ਜਾਨ ਖੇਡ ਕਬੱਡੀ ਦੇਖਣਯੋਗ ਸੀ। ਖੇਡ ਸਮਾਰੋਹ ਦੇ ਪਹਿਲੇ ਦਿਨ ਆਏ ਹੋਏ ਕਲੱਬਾਂ ਵਿੱਚਕਾਰ ਵਾਲੀਬਾਲ ਦੇ ਸ਼ੁਰੂਆਤੀ ਮੈਚ ਹੋਏ। ਬੱਚਿਆ ਦੀਆ ਖੇਡਾਂ ਤੋ ਇਲਾਵਾ, ਲੜਕੀਆ ਅਤੇ ਔਰਤਾਂ ਦੀਆ ਰੇਸਾਂ ਆਦਿ ਨਾਲ ਪਹਿਲੇ ਦਿਨ ਦੀ ਸਮਾਪਤੀ ਹੋਈ। ਪਹਿਲੇ ਦਿਨ ਦੀ ਸਮਾਪਤੀ ਤੋ ਬਾਅਦ ਕਲੱਬ ਵੱਲੋ ਗੁਆਢੀ ਮੁਲਕਾਂ ਤੋ ਆਏ ਹੋਏ ਦਰਸ਼ਕਾਂ ਅਤੇ ਖਿਡਾਰੀਆਂ ਲਈ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ ਗਿਆ। ਆਏ ਹੋਏ ਹਰ ਇੱਕ ਦਰਸ਼ਕ ਅਤੇ ਖਿਡਾਰੀ ਦੀ ਬਰਾਤੀਆਂ ਨਾਲੋ ਵੱਧ ਸੇਵਾ ਕੀਤੀ ਗਈ ਅਤੇ ਸ਼ਾਮ ਦੌਰਾਨ ਖੂਬ ਭੰਗੜਾ ਪਿਆ ਅਤੇ ਪੰਜਾਬੀ ਗਾਣਿਆਂ ਦੀਆਂ ਧੁੰਨਾਂ ਤੇ ਇਕੱਠੇ ਹੋਏ ਪੰਜਾਬੀਆਂ ਨੇ ਖੂਬ ਰੌਣਕਾਂ ਲਾਈਆਂ।
ਖੇਡ ਮੇਲੇ ਦੇ ਦੂਸਰੇ ਦਿਨ ਸਵੇਰ ਤੋ ਹੀ ਗਰੌਇਨਡੇਲ ਸਂੈਟਰ ਦੀ ਨਜਦੀਕੀ ਗਰਾਊਂਡ ਵਿੱਚ ਦਰਸ਼ਕ ਅਤੇ ਖਿਡਾਰੀ ਇਕੱਠੇ ਹੋਣੇ ਸੁਰੂ ਹੋ ਗਏ। ਪਹਿਲੇ ਦਿਨ ਦੇ ਨਤੀਜਿਆ ਤੋ ਬਾਅਦ ਵਾਲੀਬਾਲ ਦੇ ਮੈਚ ਜਾਰੀ ਰਹੇ। ਇਸ ਵਾਰ ਸਮੈਸ਼ਿੰਗ(ਵਾਲੀਬਾਲ) ਚ ਨਾਰਵੇ ਤੋ ਦੇਸੀ ਵਾਈਕਿੰਗ ਜੇਤੂ ਅਤੇ ਆਜ਼ਾਦ ਕੱਲਬ ਨਾਰਵੇ ਦੂਸਰੇ ਨੰਬਰ ਤੇ ਰਿਹਾ। ਸ਼ੂਟਿੰਗ(ਵਾਲੀਬਾਲ) ਦਾ ਫਾਈਨਲ ਮੁਕਾਬਲਾ ਸਮੇਂ ਦੀ ਘਾਟ ਕਾਰਨ ਨਾ ਹੋ ਸਕਿਆ ਅਤੇ ਕਲੱਬਾਂ ਦੀ ਆਪਸੀ ਰਜਾਮੰਦੀ ਨਾਲ ਫੈਸਲਾ ਕਰਕੇ ਇੰਡੀਅਨ ਸਪੋਰਟਸ ਕਲੱਬ ਡੈਨਮਾਰਕ ਪਹਿਲੇ ਅਤੇ ਨਾਰਵੇ ਤੋ ਦਸਮੇਸ਼ ਕੱਲਬ ਦੂਸਰੇ ਨੰਬਰ ਤੇ ਰਿਹਾ। ਭਾਗ ਲੈਣ ਵਾਲੇ ਕਲੱਬਾਂ ਦਾ ਵੇਰਵਾ ਇਸ ਤਰਾਂ ਰਿਹਾ, ਨਾਰਵੇ ਤੋ ਆਜ਼ਾਦ ਸਪੋਰਟਸ ਕਲੱਬ, ਅਣਖੀਲਾ ਪੰਜਾਬ ਕਲੱਬ, ਦੇਸੀ ਵਾਈਕਿੰਗ ਕਲੱਬ, ਸ਼ੇਰੇ ਪੰਜਾਬ ਕਲੱਬ, ਸ਼ਹੀਦ ਬਾਬਾ ਦੀਪ ਸਿੰਘ ਕਲੱਬ(ਪੱਡਾ ਕਲੱਬ), ੳਸਲੋ ਇੰਡੀਅਨ ਕਲੱਬ, ਦਸਮੇਸ਼ ਕਲੱਬ ਆਦਿ ਨੇ ਖੇਡ ਮੇਲੇ ਦੀਆਂ ਵੱਖ ਵੱਖ ਖੇਡਾਂ ਚ ਭਾਗ ਲਿਆ। ਦੂਸਰੇ ਪਾਸੇ ਡੈਨਮਾਰਕ ਤੋ ਇੰਡੀਅਨ ਸਪੋਰਟਸ ਕਲੱਬ ਦੀ ਏ ਅਤੇ ਬੀ ਟੀਮ, ਐਲ ਟੀ ਕਲੱਬ, ਜੋਸ਼ੀਲੇ ਕਲੱਬ ਅਤੇ ਬਾਇਉ-ਟੈੱਕ ਕਲੱਬ ਆਦਿ ਨੇ ਭਾਗ ਲਿਆ।
ਖੇਡ ਮੇਲੇ ਦੇ ਦੂਸਰੇ ਦਿਨ ਤਕਰੀਬਨ 2 ਕੁ ਵਜੇ ਪੰਜਾਬੀ ਦੀ ਹਰਮਨ ਪਿਆਰੀ ਖੇਡ ਕਬੱਡੀ ਦਾ ਪਹਿਲਾ ਮੈਚ ਨਾਰਵੇ ਦੇ ਸ਼ਹੀਦ ਬਾਬਾ ਦੀਪ ਸਿੰਘ ਕਲੱਬ ਅਤੇ ਡੈਨਮਾਰਕ ਤੋ ਇੰਡੀਅਨ ਸਪੋਰਟਸ ਕਲੱਬ ਦੀ ਕਬੱਡੀ ਟੀਮ ਵਿਚਕਾਰ ਹੋਇਆ। ਦੋਨਾ ਟੀਮਾਂ ਨੇ ਬਹੁਤ ਹੀ ਸੋਹਣੀ ਕਬੱਡੀ ਦਾ ਪ੍ਰਦਰਸ਼ਨ ਕੀਤਾ। ਇਸ ਮੈਚ ਦੀ ਜਿੱਤ ਦਾ ਸਿਹਰਾ ਡੈਨਮਾਰਕ ਦੀ ਟੀਮ ਗਲ ਪਿਆ। ਕਬੱਡੀ ਦਾ ਫਾਈਨਲ ਮੈਚ ਨਾਰਵੇ ਤੋ ਸ਼ੇਰੇ ਪੰਜਾਬ ਕਬੱਡੀ ਕਲੱਬ ਅਤੇ ਇੰਡੀਅਨ ਸਪੋਰਟਸ ਕਲੱਬ ਵਿਚਕਾਰ ਹੋਇਆ ਅਤੇ ਦੋਨਾ ਟੀਮਾਂ ਦੀ ਸੋਹਣੀ ਖੇਡ ਦਾ ਨਜਾਰਾ ਦਰਸ਼ਕਾ ਨੂੰ ਵੇਖਣ ਨੂੰ ਮਿਲਿਆ, ਪਰ ਇਸ ਵਾਰ ਵੀ ਨਾਰਵੇ ਵਾਲੇ ਡੈਨਮਾਰਕ ਚ ਬਾਜੀ ਮਾਰ ਗਏ ਅਤੇ ਸ਼ੇਰੇ ਪੰਜਾਬ ਕਲੱਬ ਨਾਰਵੇ ਵਾਲੇ ਕਬੱਡੀ ਕੱਪ ਦੇ ਹੱਕਦਾਰ ਬਣੇ। ਸ਼ੇਰੇ ਪੰਜਾਬ ਨਾਰਵੇ ਵੱਲਂੋ ਸੋਨੀ ਚੱਕਰ, ਦਵਿੰਦਰ ਜੋਹਲ(ਕੁਪੂਰ ਕਾਠਾਰ), ਰਿੰਕਾ ਗਰੇਵਾਲ, ਰਿੰਕੂ, ਰਾਜਾ, ਗੋਰਾ, ਰਣਜੀਤ ਸਿੰਘ, ਗੁਰਮੱਖ, ਹਰਮਨ, ਬਲਵਿੰਦਰ ਸਿੱਧੂ(ਐਤੀਆਣਾ)ਸੋਨੂ, ਹਰਪਾਲ ਸਿੰਘ ਬੀੜਿੰਗ ਆਦਿ ਨੇ ਹਿੱਸਾ ਲਿਆ।
ਖੇਡ ਮੇਲੇ ਦੇ ਆਖਿਰ ਵਿੱਚ *ਹੀਰ ਆਫ ਡੈਨਮਾਰਕ* ਦੇ ਨਾਮ ਨਾਲ ਜਾਣੀ ਜਾਂਦੀ ਅਨੀਤਾ ਲੇਅੱਅਕੇ ਨੇ ਆਪਣੀ ਸੁਰੀਲੀ ਆਵਾਜ ਨਾਲ ਪੰਜਾਬੀਆ ਨੂੰ ਖੂਬ ਨਚਾਇਆ। ਅਨੀਤਾ ਦੇ ਗਾਣੇ ਅੱਜ ਗੋਰੀ ਨੇ ਨਚਾਉਣਾ ਏ ਪੰਜਾਬੀਆ ਨੂੰ ਠੁਮਕੇ ਦੀ ਚਾਲ ਦੇ ੳੱਤੇ ਉੱਪਰ ਦਰਸ਼ਕਾ ਨੇ ਖੂਬ ਭੰਗੜਾ ਪਾਇਆ। ਡੈਨਮਾਰਕ ਤੋ ਹੀ ਪੰਜਾਬੀ ਗਾਇਕ ਮਨਜੀਤ ਕੁਮਾਰ ਨੇ ਵੀ ਪ੍ਰੋਗਰਾਮ ਦੋਰਾਨ ਆਪਣੀ ਸੁਰੀਲੀ ਆਵਾਜ ਨਾਲ ਦਰਸ਼ਕਾ ਨੂੰ ਕੀਲੀ ਰੱਖਿਆ।
ਖੇਡ ਮੇਲੇ ਦੇ ਆਖਿਰ ਵਿੱਚ ਕਲੱਬ ਵੱਲੋ ਜੇਤੂ ਬੱਚੇ, ਬੱਚੀਆਂ ਅਤੇ ਜੇਤੂ ਟੀਮਾਂ ਨੂੰ ਆਕਰਸ਼ਕ ਇਨਾਮ ਦੇ ਸਨਮਾਨਿਆ ਗਿਆ। ਖੇਡ ਮੇਲੇ ਦੇ ਮੁੱਖ ਮਹਿਮਾਨ ਸ੍ਰ.ਮਨਜੀਤ ਸਿੰਘ ਸੰਧੂ ਅਤੇ ਸ੍ਰ.ਸੁਖਦੇਵ ਸਿੰਘ ਸੰਧੂ ਨੇ ਜੇਤੂਆਂ ਨੂੰ ਇਨਾਮ ਵੰਡੇ। ਖੇਡ ਮੇਲੇ ਦੌਰਾਨ ਦੋਨੋਂ ਦਿਨ ਗੁਰੂ ਕਾ ਲੰਗਰ ਆਖਿਰ ਤੱਕ ਵਰਤਦਾ ਰਿਹਾ ਅਤੇ ਨਾਰਵੇ ਤੋ ਸ੍ਰ.ਪ੍ਰਗਟ ਸਿੰਘ ਜਲਾਲ, ਡੈਨਮਾਰਕ ਤੋ ਰੁਪਿੰਦਰ ਸਿੰਘ ਬਾਵਾ ਅਤੇ ਸਾਥੀ ਲੰਗਰ ਵਰਤਾਉਣ ਦੀ ਸੇਵਾ ਤੇ ਡੱਟੇ ਰਹੇ। ਵੱਖ ਵੱਖ ਮੈਚਾ ਦੋਰਾਨ ਰੈਫਰੀ ਦੀ ਜੁੰਮੇਵਾਰੀ ਸ੍ਰ.ਕੁਲਵਿੰਦਰ ਸਿੰਘ ਰਾਣਾ(ਚੰਡੀਗੜੀਆ), ਸ੍ਰ ਦਵਿੰਦਰ ਸਿੰਘ ਜੌਹਲ, ਸਾਬੀ ਪੱਤੜ, ਬਲਜੀਤ ਸਿੰਘ ਬੱਗਾ, ਸੋਨੀ ਚੱਕਰ, ਮਹਿੰਦਰ ਸਿੰਘ ਜਨੇਤਪੁਰੀਆ, ਸ੍ਰ ਮੇਜਰ ਸਿੰਘ ਚੀਮਾ (ਗੁਰਦਾਸਪੁਰੀਆ) ਆਦਿ ਨੇ ਬੇਖੂਬੀ ਨਾਲ ਨਿਭਾਈ, ਹੋਰਨਾ ਤੋ ਇਲਾਵਾ ਇਸ ਖੇਡ ਮੇਲੇ ਚ ਨਾਰਵੇ ਤੋ ਅਕਾਲੀ ਦਲ ਬਾਦਲ ਦੇ ਚੇਅਰਮੈਨ ਸ੍ਰ ਕਸ਼ਮੀਰ ਸਿੰਘ ਬੋਪਾਰਾਏ,ਸ੍ਰ ਗੁਰਦਿਆਲਸਿੰਘ ਪੱਡਾ, ਸ੍ਰ ਜੋਗਿੰਦਰ ਸਿੰਘ ਬੈਸ(ਤੱਲਣ), ਸ੍ਰ ਗੁਰਮੇਲ ਸਿੰਘ ਬੈਸ, ਸ੍ਰ ਦਰਬਾਰਾ ਸਿੰਘ, ਸ੍ਰ ਕੁਲਦੀਪ ਸਿੰਘ ਵਿਰਕ, ਸ੍ਰ ਹਰਦਿਆਲ ਸਿੰਘ,ਸ੍ਰ ਸੁਰਜੀਤ ਸਿੰਘ ਸਿੰਘ(ਇੰਡੀਅਨ ਵੇੈਲੇਫਐਰ ਸੌਸਾਇਟੀ ਨਾਰਵੇ) ਰੁਪਿੰਦਰ ਢਿੱਲੋ ਮੋਗਾ, ਸ੍ਰ ਮਲਕੀਅਤ ਸਿੰਘ, ਬਿੰਦਰ ਮੱਲੀ, ਅਸ਼ਵਨੀ ਕੁਮਾਰ, ਹਰਵਿੰਦਰ ਪਰਾਸ਼ਰ, ਸ੍ਰ ਮੱਖਣ ਸਿੰਘ (ਸਵੀਡਨ), ਸ੍ਰ ਹਰਭਜਨ ਸਿੰਘ ਤੱਤਲਾ(ਪ੍ਰਧਾਨ ਇੰਡੀਅਨ ਓਵਰਸੀਲ ਕਾਂਗਰਸ ਡੈਨਮਾਰਕ)ਸ੍ਰ ਜਾਗੀਰ ਸਿੰਘ ਸੰਧੂ(ਨਿਹਾਲੇਵਾਲਾ ਡੈਨਮਾਰਕ), ਜਿੰਦਰ ਸਿੰਘ(ਚੁਘਾ ਕਲਾ ਮੋਗਾ) ਆਦਿ ਹੋਣਾ ਨੇ ਦਰਸ਼ਕ ਬਣ ਹਾਜ਼ਰੀ ਲਵਾਈ।
ਇਸ ਸਫਲ ਖੇਡ ਮੇਲੇ ਨੂੰ ਕਰਾਉਣ ਦਾ ਸਿਹਰਾ ਇੰਡੀਅਨ ਸਪੋਰਟਸ ਕਲੱਬ ਦੇ ਪ੍ਰਧਾਨ ਕੁਲਵਿੰਦਰ ਸਿੰਘ ਜੌਹਲ(ਪਿੰਦਾ ਜਨੇਤਪੁਰੀਆ), ਜੁਗਰਾਜ ਸਿੰਘ ਤੂਰ(ਰਾਜੂ ਸੱਵਦੀ), ਗੁਰਪ੍ਰੀਤ ਸਿੰਘ ਸੰਘੇੜਾ(ਬਿਲਗਾ), ਹਰਤੀਰਥ ਸਿੰਘ ਥਿੰਦ(ਪਰਜੀਆਂ ਕਲਾਂ), ਮਨਜੀਤ ਸਿੰਘ ਸੰਘਾ(ਜੋਗੇਵਾਲੀਆ ਮੋਗਾ), ਜਸਵਿੰਦਰ ਸਿੰਘ ਜੌਹਲ(ਭੋਲਾ ਜਨੇਤਪੁਰੀਆ), ਗੁਰਵਿੰਦਰ ਸਿੰਘ, ਮੇਜਰ ਸਿੰਘ ਚੀਮਾ(ਗੁਰਦਾਸਪੁਰ), ਅਵਤਾਰ ਸਿੰਘ, ਰੁਪਿੰਦਰ ਸਿੰਘ ਬਾਵਾ, ਲਾਭ ਸਿੰਘ(ਰਾਊਕੇ ਮੋਗਾ) ਅਤੇ ਇਹਨਾਂ ਦੇ ਸਾਰੇ ਸਾਥੀਆਂ ਨੂੰ ਜਾਂਦਾ ਹੈ।