ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕੁਝ ਅਖ਼ਬਾਰਾਂ ’ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉੜੀ ਦੇ ਦਰਵਾਜ਼ਿਆਂ ਸਬੰਧੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਵਲੋਂ ਛਪੀ ਖ਼ਬਰ ਦਾ ਸਖਤ ਨੋਟਿਸ ਲੈਂਦਿਆਂ, ਇਸ ਨੂੰ ਤੱਥਾਂ ਤੋਂ ਰਹਿਤ ਗੁੰਮਰਾਹਕੁੰਨ ਤੇ ਸੰਗਤਾਂ ਵਿਚ ਭਰਮ-ਭੁਲੇਖੇ ਪੈਦਾ ਕਰਨ ਵਾਲੀ ਕਾਰਵਾਈ ਕਰਾਰ ਦਿੱਤਾ ਹੈ।
ਇਥੋਂ ਜਾਰੀ ਇਕ ਪ੍ਰੈਸ ਰੀਲੀਜ਼ ’ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਦਰਸ਼ਨੀ ਡਿਉੜੀ ਦੇ ਦਰਵਾਜ਼ੇ ਸ੍ਰੀ ਹਰਿਮੰਦਰ ਸਾਹਿਬ ਦਾ ਅਹਿਮ ਹਿੱਸਾ ਤੇ ਸਿੱਖ ਜਗਤ ਦਾ ਸਰਮਾਇਆ ਹਨ, ਇਨ੍ਹਾਂ ਦੀ ਸਾਂਭ-ਸੰਭਾਲ ਅਤੇ ਕਿਸੇ ਪ੍ਰਕਾਰ ਦੀ ਮੁਰੰਮਤ ਆਦਿ ਕਰਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਦਰਵਾਜ਼ੇ ਕਾਫੀ ਪੁਰਾਣੇ ਹੋਣ ਕਾਰਨ ਕੁਝ ਥਾਵਾਂ ਤੋਂ ਮੁਰੰਮਤ ਕੀਤੇ ਜਾਣ ਦੀ ਲੋੜ ਹੈ। ਸ਼੍ਰੋਮਣੀ ਕਮੇਟੀ ਦੀ ਅੰਤਿੰ੍ਰਗ ਕਮੇਟੀ ਦੇ ਫੈਸਲੇ ਅਨੁਸਾਰ ਇਨ੍ਹਾਂ ਦੀ ਮੁਰੰਮਤ ਕਰਾਉਣ ਦਾ ਮਤਾ ਵੀ ਹੋ ਚੁੱਕਾ ਹੈ ਅਤੇ ਇਸ ਮਤੇ ਦੀ ਰੌਸ਼ਨੀ ’ਚ ਇਨ੍ਹਾਂ ਦਰਵਾਜ਼ਿਆਂ ਦੀ ਮੁਰੰਮਤ, ਸ਼ਿਲਪਕਲਾ ਦੇ ਮਾਹਰ ਕਾਰੀਗਰਾਂ ਪਾਸੋਂ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਪ੍ਰਾਚੀਨ ਦਰਵਾਜ਼ੇ ਸਿੱਖ ਕੌਮ ਦਾ ਸਰਮਾਇਆ ਹਨ ਅਤੇ ਇਹ ਕਿਸੇ ਨੂੰ ਦਿੱਤੇ ਜਾਣ ਦੀ ਅਫਵਾਹ ਕਿਸੇ ਸ਼ਰਾਰਤੀ ਦਿਮਾਗ ਦੀ ਉਪਜ ਹੈ। ਉਨ੍ਹਾਂ ਨੇ ਕਿਹਾ ਕਿ ਸ. ਮਾਨ ਵਲੋਂ ਇਨ੍ਹਾਂ ਦਰਵਾਜ਼ਿਆਂ ਸਬੰਧੀ ਤੱਥਾਂ ਦੀ ਅਸਲੀਅਤ ਜਾਣੇ ਬਗੈਰ ਅਖ਼ਬਾਰਾਂ ’ਚ ਸੁਰਖੀਆਂ ਬਣਨ ਲਈ ਅਜਿਹੇ ਬਿਆਨ ਦੇਣੇ ਉਨ੍ਹਾਂ ਨੂੰ ਸ਼ੋਭਦੇ ਨਹੀਂ। ਜਥੇ: ਅਵਤਾਰ ਸਿੰਘ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਅਜਿਹੇ ਗੁੰਮਰਾਹਕੁੰਨ ਬਿਆਨਾਂ ਤੋਂ ਸੁਚੇਤ ਰਹਿਣ।