ਸੰਗਰੂਰ – ਪੰਜਾਬ ਦੇ ਇਕ ਪਿੰਡ ਲੌਂਗੋਵਾਲ ਵਿਚ ਗਵਰਨਰ ਸੁਰਜੀਤ ਸਿੰਘ ਬਰਨਾਲਾ ਦੀ ਪਤਨੀ ਬੀਬੀ ਸੁਰਜੀਤ ਕੌਰ ਦੀ ਅਗਵਾਈ ਵਿਚ ਇਕ ਨਵੇਂ ਅਕਾਲੀ ਦਲ ਦਾ ਗਠਨ ਕੀਤਾ ਗਿਆ। ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਨੂੰ ਮੁੱਖ ਸਕੱਤਰ ਬਣਾਇਆ ਗਿਆ। ਕਾਰਜਕਾਰੀ ਕਮੇਟੀ ਬਣਾਉਣ ਦੇ ਅਧਿਕਾਰ ਬੀਬੀ ਬਰਨਾਲਾ ਨੂੰ ਸੌਂਪ ਦਿਤੇ ਗਏ ਹਨ।
ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 24ਵੀਂ ਬਰਸੀ ਮੌਕੇ ਬਰਨਾਲਾ ਧੜ੍ਹੇ ਵਲੋਂ ਇਕ ਰੈਲੀ ਦਾ ਅਯੋਜਨ ਕੀਤਾ ਗਿਆ। ਇਸ ਰੈਲੀ ਵਿਚ ਪਰਮਜੀਤ ਸਿੰਘ ਸਰਨਾ ਅਤੇ ਮਦਨ ਲਾਲ ਖੁਰਾਨਾ ਨੇ ਨਵੇਂ ਬਣੇ ਅਕਾਲੀ ਦਲ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿਤਾ। ਅਕਾਲੀ ਦਲ ਦੇ ਨੇਤਾਵਾਂ ਨੇ ਕਿਹਾ ਕਿ ਉਹ ਅਗਲੀ ਐਸਜੀਪੀਸੀ ਦੀ ਚੋਣ ਗਠਬੰਧਨ ਕਰਕੇ ਲੜਨਗੇ। ਰੈਲੀ ਵਿਚ ਬਰਨਾਲਾ ਧੜ੍ਹੇ ਦੇ ਜਿਆਦਾ ਤਰ ਨੇਤਾਵਾਂ ਨੇ ਸ਼ਰੋਮਣੀ ਅਕਾਲੀ ਦਲ ਦੀ ਅਲੋਚਨਾ ਕੀਤੀ । ਉਨ੍ਹਾਂ ਨੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਤੇ ਪਰੀਵਾਰਵਾਦ ਨੂੰ ਵਧਾਵਾ ਦੇਣ ਦਾ ਦੋਸ਼ ਲਗਾਇਆ। ਬਲਦੇਵ ਸਿੰਘ ਮਾਨ ਨੇ ਐਲਾਨ ਕੀਤਾ ਕਿ ਰਜੀਵ – ਲੌਂਗੋਵਾਲ ਸਮਝੌਤੇ
ਨੂੰ ਲਾਗੂ ਕਰਵਾ ਕੇ ਪੰਜਾਬ ਦੇ ਮਸਲੇ ਹਲ ਕਰਵਾਉਣ ਲਈ ਪ੍ਰਧਾਨਮੰਤਰੀ ਮਨਮੋਹਨ ਸਿੰਘ ਨਾਲ ਗੱਲਬਾਤ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਰਨਾ ਨੇ ਕਿਹਾ ਕੇ ਸੁਰਜੀਤ ਸਿੰਘ ਬਰਨਾਲਾ ਨੂੰ ਪੰਜਾਬ ਦੀ ਸਿਆਸਤ ਵਿਚ ਸਰਗਰਮ ਹੋਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਇਸ ਪਾਰਟੀ ਦਾ ਸਾਥ ਤਾਂ ਹੀ ਦੇਣਗੇ ਜੇ ਉਹ ਬਾਦਲ ਦਲ ਨਾਲ ਸਮਝੌਤਾ ਨਹੀਂ ਕਰਨਗੇ।