ਮੇਰੇ ਪਿਆਰੇ ਦੇਸ਼ ਵਾਸੀਓ,
ਅਸੀਂ ਏਥੇ ਵਿਦੇਸ਼ਾਂ ਚ ਰਾਜ਼ੀ ਖ਼ੁਸ਼ੀ ਵਸਦੇ ਸੀ ਤੇ ਉਮੀਦ ਕਰਦੇ ਹਾਂ ਕਿ ਤੁਸੀ ਵੀ ਠੀਕ-ਠਾਕ ਹੋਵੋਗੇ।
ਰਾਜ਼ੀ ਖ਼ੁਸ਼ੀ ਤੋਂ ਬਾਅਦ ਅੱਗੇ ਸਮਾਚਾਰ ਇਹ ਹੈ ਕਿ ਅਸੀ ਜੇਹੜਾ ”ਵਸਦੇ ਹਾਂ” ਦੀ ਥਾਂ ਤੇ ”ਵਸਦੇ ਸੀ” ਲਿਖਿਆ ਹੈ।ਓਸੇ ਕਰਕੇ ਹੀ ਅਜ ਤੁਹਾਨੂੰ ਇਹ ਖ਼ਤ ਲਿਖਣ ਲਈ ਮਜਬੂਰ ਹੋਏ ਹਾਂ ਅਤੇ ਸੋਚ ਸੋਚ ਕੇ ਇਸ ਨਤੀਜੇ ਤੇ ਪਹੁੰਚੇ ਹਾਂ ਕਿ ਜਦੋਂ ਕੋਈ ਦੁਖੜਾ ਲਗ ਜਾਵੇ ਤਾਂ ਕਹਿੰਦੇ ਹਨ ਕਿ ਉਸ ਨੂੰ ਵੰਡ ਲੈਣਾ ਚਾਹੀਦਾ ਹੈ ਜਿਸ ਨਾਲ ਉਹ ਘੱਟ ਹੋ ਜਾਂਦਾ ਹੈ ਪਰ ਦੁਖੜਾ ਤਾਂ ਓਸੇ ਨੂੰ ਸੁਣਾਇਆ ਜਾਂਦਾ ਹੈ ਜੋ ਕੋਈ ਆਪਣਾ ਹੋਵੇ।ਹੁਣ ਤੁਹਾਡੇ ਨਾਲੋ ਨੇੜੇ ਤਾਂ ਸਾਡਾ ਕੋਈ ਹੋ ਨਹੀਂ ਸਕਦਾ।ਸੋ ਤੁਹਾਡੇ ਕੋਲ ਢਿੱਡ ਫੋਲਣ ਦੀ ਕੋਸ਼ਸ਼ ਕਰ ਰਹੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਤੁਸੀ ਸਾਡੇ ਜ਼ਖ਼ਮਾਂ ਤੇ ਮਲ੍ਹਮ ਲਾ ਕੇ ਸਾਨੂੰ ਕੁਝ ਰਾਹਤ ਦੇਣ ਦੀ ਕੋਸ਼ਸ਼ ਕਰੋਗੇ।
ਦੇਖੋ ਜੀ ਦੁੱਖ ਤਾਂ ਬੰਦੇ ਦੇ ਨਾਲ ਹੀ ਜਨਮ ਲੈਂਦੇ ਹਨ ਤੇ ਮੌਤ ਤਕ ਇਕ ਸੱਚੇ ਮਿੱਤਰ ਵਾਂਗ ਪਰਛਾਵਾਂ ਬਣ ਕੇ ਸਾਥ ਨਿਭਾਉਂਦੇ ਹਨ।ਇਹ ਸਭ ਜਾਣਦੇ ਹੋਏ ਵੀ ਹਰ ਇਕ ਦੀ ਕੋਸ਼ਸ਼ ਦੁੱਖਾਂ ਤੋਂ ਬਚਣ ਦੀ ਹੁੰਦੀ ਹੈ।ਕੋਈ ਇਸ ਵਿੱਚ ਕਾਮਯਾਬ ਹੋ ਜਾਂਦਾ ਹੈ ਤੇ ਕੋਈ ਤਰਲੇ ਕੱਢਦਾ ਹੀ ਮਰ ਜਾਂਦਾ ਹੈ।ਚੱਲੋ, ਇਹ ਤਾਂ ਸਮੇਂ ਦੀ ਚਾਲ ਹੈ, ਇੰਜ ਹੀ ਚੱਲਦੀ ਰਹੇਗੀ ਪਰ ਫ਼ਰਕ ਸਿਰਫ਼ ਐਨਾ ਕੁ ਹੈ ਕਿ ਕੁਝ ਦੁੱਖ ਸਾਡੇ ਵੱਲੋਂ ਆਪ ਸਹੇੜੇ ਹੁੰਦੇ ਹਨ ਤੇ ਕੁਝ ਧੱਕੇ ਨਾਲ ਸਾਡੇ ਗਲ਼ ਪਾਏ ਜਾਂਦੇ ਹਨ।ਬਸ ਇਹਨਾਂ ਦੁੱਖਾਂ ਤੋਂ ਦੁਖੀ ਹੋ ਕੇ ਅਜ ਤੁਹਾਨੂੰ ਇਹ ਖ਼ਤ ਲਿਖਣ ਬੈਠ ਗਏ ਹਾਂ।
ਜਦੋਂ ਅਸੀਂ ਪਹਿਲੇ ਦਿਨ ਘਰੋਂ ਪੈਰ ਪੁੱਟਿਆ ਸੀ ਓਸੇ ਦਿਨ ਹੀ ਅਸੀਂ ਆਪਣੇ ਆਪ ਨੂੰ ਦੁੱਖਾਂ ਦੇ ਖੂਹ ਵਿੱਚ ਧੱਕਾ ਦੇ ਦਿਤਾ ਸੀ ਪਰ ਇਸ ਲਈ ਅਸੀਂ ਕਿਸੇ ਨਾਲ ਗਿਲ੍ਹਾ ਨਹੀਂ ਕਰ ਸਕਦੇ ਕਿਉਂਕਿ ਉਹ ਸਾਡੇ ਆਪ ਸਹੇੜੇ ਹੋਏ ਦੁੱਖ ਸਨ।ਇਕ ਚੰਗੇ ਭਵਿੱਖ ਦੀ ਭਾਲ ਵਿੱਚ ਅਸੀਂ ਆਪ ਹੀ ਘਰ ਛੱਡਿਆ ਸੀ।ਉਹ ਦੁੱਖ ਵੀ ਕੁਝ ਅਜੀਬ ਜਿਹੇ ਸੀ ਜਿਨ੍ਹਾਂ ਵਿੱਚੋਂ ਇੱਕ ਖ਼ਾਸ ਵਿਛੋੜੇ ਰੂਪੀ ਰਸ ਸੀ। ਉਸ ਵਕਤ ਦੁਨੀਆ ਦਾ ਆਕਾਰ ਵੀ ਬਹੁਤ ਵੱਡਾ ਸੀ ਤੇ ਤੁਹਾਡੇ ਨਾਲ ਸੁੱਖ ਸੁਨੇਹੇ ਸਾਂਝੇ ਕਰਨ ਵਿੱਚ ਡੇਢ-ਡੇਢ ਮਹੀਨਾ ਲਗ ਜਾਂਦਾ ਸੀ ਤੇ ਸਾਰਾ ਦਿਨ ਡਾਕ ਦੀ ਉਡੀਕ ਜਿਹੀ ਲੱਗੀ ਰਹਿੰਦੀ ਸੀ।ਉਸ ਵਕਤ ਵਿਛੋੜੇ ਦੇ ਦੁੱਖ ਨੂੰ ਛੱਡ ਕੇ ਹੋਰ ਕੋਈ ਖ਼ਾਸ ਦੁੱਖ ਨਹੀਂ ਸੀ।ਜੇ ਕੋਈ ਛੋਟੀ ਮੋਟੀ ਔਕੜ ਆਉਂਦੀ ਵੀ ਸੀ ਤਾਂ ਉਸ ਨੂੰ ਡਾਲਰ ਆਪਣੇ ਉੱਤੇ ਲੈ ਲੈਂਦੇ ਸਨ।ਉਸ ਵਕਤ ਜੇ ਅਸੀਂ ਵਿਛੋੜੇ ਵਾਲਾ ਦੁੱਖ ਸਹੇੜਿਆ ਸੀ ਤਾਂ ਬਹੁਤ ਸਾਰੇ ਬਿਨਾ ਮਤਲਬ ਦੇ ਦੁੱਖਾਂ ਤੋਂ ਸਾਡਾ ਖਹਿੜਾ ਵੀ ਛੁੱਟ ਗਿਆ ਸੀ; ਜਿਵੇਂ, ਨਾ ਤਾਂ ਏਥੇ ਆ ਕੇ ਸਾਨੂੰ ਆਪਣੀ ਕੋਈ ਵੀ ਲੋੜ ਪੂਰੀ ਕਰਨ ਲਈ ਹਾੜੀ-ਸਾਉਣੀ ਉਡੀਕਣੀ ਪੈਂਦੀ ਸੀ ਤੇ ਨਾ ਹੀ ਆੜ੍ਹਤੀਏ ਦੀਆਂ ਮਿੰਨਤਾਂ ਕਰਨ ਦੀ ਲੋੜ ਸੀ ਅਤੇ ਨਾ ਕੋਈ ਜੀਵਨ ਦੀਆਂ ਮੁਢਲੀਆਂ ਸਹੂਲਤਾਂ ਦੀ ਘਾਟ ਸੀ।
ਸੱਚ, ਇਕ ਹੋਰ ਜਿਹੜੀ ਸਮੱਸਿਆ ਸਾਨੂੰ ਏਥੇ ਆਈ ਉਹ ਇਹ ਕਿ ਏਥੋਂ ਦੇ ਪੜ੍ਹੇ ਲਿਖੇ ਲੋਕਾਂ ਨਾਲੋਂ ਤਾਂ ਆਪਣੇ ਅਨਪੜ੍ਹ ਲੋਕ ਹੀ ਜਿਆਦਾ ਗੱਲਾਂ ਜਾਣਦੇ ਸਨ ਤੇ ਸ਼ੁਰੂ ਸ਼ੁਰੂ ਵਿੱਚ ਕਈ ਵਾਰੀਂ ਅਜੀਬ ਜਿਹੇ ਹਾਲਾਤ ਬਣ ਜਾਂਦੇ ਸਨ।ਿ ਇਕ ਦਿਨ ਮੈਂ ਇਕ ਗੋਰੇ ਨੂੰ ਦੱਸਿਆ ਕਿ ਸਾਡੇ ਬਿਜਲੀ ਚਲੀ ਜਾਂਦੀ ਹੈ ਤਾਂ ਮੂਹਰਿਓਂ ਮੈਨੂੰ ਗੋਰਾ ਹੈਰਾਨ ਹੋ ਕੇ ਕਹਿੰਦਾ ਕਿ ਉਹ ਕਿੱਥੇ ਚਲੀ ਜਾਂਦੀ ਹੈ! ਲੈ ਹੁਣ ਤੁਸੀ ਦੱਸੋ ਕਿ ਬਿਜਲੀ ਕਿਥੇ ਚਲੀ ਜਾਂਦੀ ਹੈ! ਜੇ ਇਹਨਾਂ ਦੀ ਬਿਜਲੀ ਕਦੇ ਗਈ ਹੋਵੇ ਤਾਂ ਇਹਨਾਂ ਨੂੰ ਪਤਾ ਹੋਵੇ! ਹੋਰ ਸੁਣ ਲਓ ਜੇ ਇਹਨਾਂ ਦੀ ਕਦੇ ਦਾਹੜ ਦੁਖਣ ਲਗ ਜਾਵੇ ਤਾਂ ਪਤੰਦਰ ਸਿਧੇ ਜਾਂਦੇ ਆ ਡਾਕਟਰ ਕੋਲ। ਸਾਨੂੰ ਇਹਨਾਂ ਤੇ ਤਰਸ ਆਉਂਦਾ ਹੈ ਕਿ ਇਹ ਕਰਨ ਵੀ ਕੀ; ਇਹਨਾਂ ਵਿਚਾਰਿਆ ਕੋਲ ਕੋਈ ਹਥੌਲ਼ਾ ਪਾਉਣ ਵਾਲਾ ਸਾਧ ਹੀ ਹੈ ਨਹੀਂ।
ਚਲੋ ਜੀ ਜਿਵੇਂ ਨਾ ਕਿਵੇਂ ਅਸੀਂ ਵੀ ਆਦੀ ਹੋ ਗਏ ਇਹਨਾਂ ਵਾਂਗੂੰ ਰਹਿਣ ਸਹਿਣ ਦੇ ਅਤੇ ਹੌਲ਼ੀ ਹੌਲ਼ੀ ਵਿਗਿਆਨ ਦੀ ਗਰਮੀ ਵਧਦੀ ਗਈ ਤੇ ਦੁਨੀਆ ਸਿਮਟ ਕੇ ਇਕ ਪਿੰਡ ਦਾ ਰੂਪ ਧਾਰਨ ਕਰ ਗਈ ਤਾਂ ਸਾਡੇ ਕੋਲੋਂ ਵਿਛੋੜੇ ਵਾਲਾ ਦੁੱਖ ਵੀ ਜਾਂਦਾ ਰਿਹਾ ਤੇ ਜਦੋਂ ਜੀ ਕੀਤਾ ਫ਼ੋਨ ਮਿਲਾ ਲਿਆ ਤੇ ਜਦੋਂ ਜੀ ਕੀਤਾ ਇੰਟਰਨੈੱਟ ਤੇ ਬਹਿ ਕੇ ਇਕ ਦੂਜੇ ਨੂੰ ਦੇਖ ਲਿਆ।ਹੁਣ ਤਾਂ ਆਲਮ ਇਹ ਹੈ ਕੇ ਪਿੰਡ ਜਦੋਂ ਗੁਆਂਢੀਆਂ ਦਾ ਕੁੱਤਾ ਭੌਂਕਦਾ ਤਾਂ ਸਾਨੂੰ ਏਥੇ ਸੁਣਦਾ ਅਤੇ ਕਈ ਵਾਰ ਤਾਂ ਇੰਜ ਹੁੰਦਾ ਕਿ ਜਦੋਂ ਕਦੇ ਮ੍ਹਾਤੜ ਦੀ ਰਾਤ ਦੀ ਜੌਬ ਹੁੰਦੀ ਹੈ ਤਾਂ ਇੰਡੀਆ ਬੈਠੀ ਮਾਂ ਫ਼ੋਨ ਦੀ ਘੰਟੀ ਮਾਰ ਕੇ ਅਲਾਰਮ ਦਾ ਕੰਮ ਕਰਦੀ ਹੈ। ਮੁੱਕਦੀ ਗੱਲ ਇਹ ਹੈ ਜੀ ਕਿ ਦਾਤੇ ਦੀ ਕਿਰਪਾ ਤੇ ਸਾਡੀ ਮਿਹਨਤ ਸਦਕਾ ਹੁਣ ਹਰ ਪਾਸੇ ਛਹਿਬਰਾਂ ਲੱਗੀਆਂ ਪਈਆਂ ਸਨ ਤੇ ਜਿੰਦਗੀ ਘੁੱਗ ਵਸ ਰਹੀ ਸੀ ਪਰ ਸਾਡੀਆਂ ਇਹ ਮੌਜਾਂ ਕਈਆਂ ਨੂੰ ਰਾਸ ਨਹੀਂ ਆਈਆਂ ਤੇ ਉਹ ਸਾਨੂੰ ਟੇਢੀ ਅੱਖ ਨਾਲ ਦੇਖਣ ਲਗ ਪਏ ਤੇ ਉਹਨਾਂ ਸਾਡੀ ਜ਼ਿੰਦਗੀ ਵਿੱਚ ਦਖ਼ਲ ਦੇਣਾ ਸ਼ੁਰੂ ਕਰ ਦਿਤਾ।ਉਹ ਵੀ ਦੋ ਦੋ ਪਾਸਿਆਂ ਤੋਂ ਇਕ ਸਿਆਸੀ ਤੇ ਦੂਜਾ ਧਰਮੀ। ਭਾਵੇਂ ਸਿਆਸੀ ਦਖ਼ਲ ਅੰਦਾਜ਼ੀ ਬਹੁਤ ਪਹਿਲਾਂ ਹੀ ਸ਼ੁਰੂ ਹੋ ਗਈ ਸੀ ਪਰ ਹੁਣ ਤਾਂ ਇਹ ਅੱਤ ਦੇ ਦੌਰ ਵਿੱਚ ਪਹੁੰਚ ਗਈ ਹੈ। ਪਹਿਲਾਂ ਵੀ ਕੋਈ ਨਾ ਕੋਈ ਲੀਡਰ ਵਿਦੇਸ਼ਾਂ ਦੇ ਦੌਰੇ ਤੇ ਆਉਂਦਾ ਰਹਿੰਦਾ ਸੀ ਪਰ ਉਹ ਦੌਰੇ ਜਾਂ ਤਾਂ ਸਰਕਾਰੀ ਹੁੰਦੇ ਸਨ ਜਾਂ ਨਿਜੀ। ਇਹਨਾਂ ਦੌਰਿਆਂ ਦਾ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀ ਹੁੰਦਾ। ਇਹਨਾਂ ਨੂੰ ਇਕ ਮਹਿਮਾਨ ਦੇ ਤੌਰ ਤੇ ਦੇਖਿਆ ਜਾਂਦਾ ਸੀ ਅਤੇ ਬਣਦਾ ਮਾਣ ਸਤਿਕਾਰ ਵੀ ਦਿਤਾ ਜਾਂਦਾ ਸੀ ਪਰ ਪਿਛਲੇ ਕੁਝ ਕੁ ਸਾਲਾਂ ਤੋਂ ਐਵੇਂ ਕੰਨ ਦੁਖਦੇ ਦਾ ਬਹਾਨਾ ਕਰ ਕੇ ਹਰੇਕ ਨੇਤਾ ਵਿਦੇਸ਼ਾਂ ਵੱਲ ਨੂੰ ਤੁਰਿਆ ਆਉਂਦਾ ਹੈ ਅਤੇ ਆ ਕੇ ਸ਼ੁਰੂ ਕਰ ਦਿੰਦਾ ਏਥੇ ਆਪਣੀਆਂ ਸਿਆਸੀ ਗਤੀਵਿਧੀਆਂ। ਕੁਝ ਇੱਕ ਨੂੰ ਕੁਰਸੀ ਦਾ ਚਸਕਾ ਪਾ ਕੇ ਲੋਕਲ ਨੇਤਾ ਥਾਪ ਦਿੰਦਾ ਹੈ। ਫੇਰ ਸ਼ੁਰੂ ਕਰ ਦਿੰਦਾ ਹੈ ਆਪਣਾ ਅਸਲੀ ਮਕਸਦ ਡਾਲਰ ਇਕੱਠੇ ਕਰਨ ਦਾ। ਏਸੇ ਦਾ ਨਤੀਜਾ ਹੈ ਕਿ ਹੁਣ ਕਿਧਰੇ ਨੀਲੇ, ਕਿਧਰੇ, ਚਿੱਟੇ ਤੇ ਕਿਧਰੇ ਖ਼ਾਕੀ ਲੀਡਰਾਂ ਦੇ ਝੁੰਡ ਤੁਹਾਨੂੰ ਹਰ ਰੋਜ ਦੇਖਣ ਨੂੰ ਮਿਲ ਜਾਣਗੇ।
ਹੁਣ ਸਾਡੀ ਇੱਕ ਗਲ ਸਮਝ ਨਹੀਂ ਆਉਂਦੀ ਕਿ ਇਹ ਅਖੌਤੀ ਨੇਤਾ ਏਥੇ ਏਹੋ ਜੇਹਾ ਕੀ ਸੰਵਾਰਨ ਆਉਂਦੇ ਹਨ ਜਿਹੜਾ ਏਥੋਂ ਦੀਆਂ ਸਰਕਾਰਾਂ ਤੋਂ ਨਹੀਂ ਹੁੰਦਾ! ਸੋਚਣ ਵਾਲ਼ੀ ਗੱਲ ਹੈ ਕਿ ਏਥੇ ਨਾ ਤਾਂ ਕਿਤੇ ਟੁੱਟੀਆਂ ਸੜਕਾਂ ਨੇ, ਨਾ ਕਿਤੇ ਕੋਈ ਸਿਹਤ ਸਹੂਲਤਾਂ ਦੀ ਘਾਟ ਆ, ਨਾ ਕਿਸੇ ਸਕੂਲ ਵਿੱਚ ਤਿੰਨ ਸੌ ਜੁਆਕਾਂ ਲਈ ਇਕ ਮਾਸਟਰ ਹੈ, ਨਾ ਕਿਤੇ ਸਾਡੇ ਕੋਈ ਹੱਕ ਹੀ ਖਾ ਰਿਹਾ ਹੈ, ਨਾ ਬੁਢਾਪਾ ਪੈਨਸ਼ਨ ਲੈਣ ਲਈ ਪਟਵਾਰੀਆਂ ਦੀ ਦੇਹਲੀ ਨੀਵੀਂ ਤੇ ਤਲੀ ਗਰਮ ਕਰਨੀ ਪੈਂਦੀ ਹੈ, ਨਾ ਕਿਤੇ ਕੰਡਕਟਰ ਭਾਰਤੀ ਹੋਣ ਲਈ ਟ੍ਰਾਂਸਪੋਰਟ ਮੰਤਰੀ ਦਾ ਫ਼ੋਨ ਕਰਵਾਉਣਾ ਪੈਂਦਾ ਹੈ ਅਤੇ ਨਾ ਹੀ ਕਿਸੇ ਕੰਮ ਲਈ ਸਰਕਾਰੀ ਦਫ਼ਤਰਾਂ ਦੇ ਗੇੜੇ ਲਾਉਣੇ ਪੈਂਦੇ ਹਨ। ਬਿਜਲੀ ਦਾ ਕੋਈ ਰੌਲ਼ਾ ਹੀ ਨਹੀਂ; ਜੇ ਇਹ ਕਿਤੇ ਜਾਊ ਤਾਂ ਹੀ ਆਉਣ ਦੀ ਸਮੱਸਿਆ ਆਵੇਗੀ! ਹੁਣ ਤੁਸੀਂ ਹੀ ਦੱਸੋ ਕਿ ਇਹਨਾਂ ਦਾ ਅਸਲੀ ਮਕਸਦ ਕੀ ਹੋ ਸਕਦਾ ਹੈ ਏਥੇ ਦੇ ਭਲਵਾਨੀ ਗੇੜੇ ਦੇਣ ਦਾ! ਅਸੀਂ ਤਾਂ ਸੋਚ ਸੋਚ ਕੇ ਇਕ ਹੀ ਨਤੀਜਾ ਕੱਢਿਆ ਕਿ ਜਾਂ ਤਾਂ ਇਹ ਆਪਣਾ ਕਾਲ਼ਾ ਧਨ ਸਾਂਭਣ ਆਉਂਦੇ ਹਨ ਜਾਂ ਫੇਰ ਏਥੇ ਡਾਲਰ ਇਕੱਠੇ ਕਰਨ ਆਉਂਦੇ ਹੋਣਗੇ! ਕਿਉਂਕਿ ਜੇ ਇਹਨਾਂ ਦਾ ਮਕਸਦ ਸਮੱਸਿਆ ਸੁਲਝਾ ਕੇ ਜਨਤਾ ਦੀ ਸੇਵਾ ਕਰਨਾ ਹੁੰਦਾ ਤਾਂ ਇਹ ਕਾਰਜ ਇਹ ਅਖੌਤੀ ਨੇਤਾ ਆਪਣੇ ਦੇਸ਼ ਵਿੱਚ ਹੀ ਕਰ ਲੈਂਦੇ! ਹੁਣ ਇਕ ਹੋਰ ਗੱਲ ਏਥੇ ਸੋਚਣ ਦੀ ਇਹ ਹੈ ਕਿ ਜੇ ਇਹਨਾਂ ਨੂੰ ਇਕੱਲੇ ਡਾਲਰ ਹੀ ਪਿਆਰੇ ਹੁੰਦੇ ਤਾਂ ਇਹ ਪੱਕੇ ਤੋਰ ਤੇ ਵਿਦੇਸ਼ ਹੀ ਆ ਵਸਦੇ। ਨਹੀਂ ਮੇਰੇ ਵੀਰੋ ਇਹਨਾਂ ਨੂੰ ਇਕੱਲੇ ਡਾਲਰਾਂ ਨਾਲ ਪ੍ਰੇਮ ਨਹੀਂ ਇਹਨਾਂ ਨੂੰ ਤਾਂ ਚੌਧਰ, ਕੁਰਸੀ, ਵਾਹ-ਵਾਹ, ਚਮਚਾਗੀਰੀ, ਸਲੂਟਾਂ ਨਾਲ ਹੀ ਪ੍ਰੇਮ ਹੈ। ਭਾਵੇਂ ਇਹ ਆਪਣੀ ਨੇਤਾਗੀਰੀ ਵਿਦੇਸ਼ ਵਿਚ ਆ ਕੇ ਵੀ ਕਰ ਸਕਦੇ ਹਨ ਪਰ ਇਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਏਥੇ ਉਹੋ ਜਿਹੇ ਨਜ਼ਾਰੇ ਨਹੀਂ ਆਉਣੇ ਜੋ ਇੰਡੀਆ ਵਿਚ ਹਨ। ਏਥੇ ਤਾਂ ਸੱਚੀਂ-ਮੁੱਚੀਂ ਦਾ ਸੇਵਾਦਾਰ ਬਣਨਾ ਪੈਂਦਾ ਨਾ ਕਿ ਕਾਗਜ਼ੀ!
ਹੁਣ ਤੁਸੀ ਸੋਚਦੇ ਹੋਵੋਗੇ ਕਿ ਕੋਈ ਮਰਜ਼ੀ ਕੁਝ ਕਰੀ ਜਾਵੇ ਤੁਹਾਨੂੰ ਕੀ ਤਕਲੀਫ਼? ਭਰਾਵੋ, ਜੇ ਤਕਲੀਫ਼ ਹੋਈ ਹੈ ਤਾਂ ਹੀ ਇਹ ਖ਼ਤ ਲਿਖਣ ਬੈਠੇ ਹਾਂ। ਸਭ ਤੋਂ ਵੱਡੀ ਤਕਲੀਫ਼ ਤਾਂ ਇਹ ਹੈ ਕਿ ਆਮ ਜਨਤਾ, ਜਿਸ ਨੇ ਕਰੜੀ ਮਿਹਨਤ ਸਦਕਾ ਇਕ ਚੰਗੇ ਸਿਸਟਮ ਵਿੱਚ ਹਾਲੇ ਸੁੱਖ ਦਾ ਸਾਹ ਲੈਣਾ ਸ਼ੁਰੂ ਹੀ ਕੀਤਾ ਸੀ ਤੇ ਓਹੀ ਕਲੇਸ਼ ਏਥੇ ਵੀ ਸ਼ੁਰੂ ਹੋ ਗਿਆ। ਅਸੀਂ ਵਿਦੇਸ਼ਾਂ ਵਿੱਚ ਵੱਖ ਵੱਖ ਥਾਂਵਾਂ ਤੋਂ ਆ ਕੇ ਵਸੇ ਹੋਣ ਕਰਕੇ ਸਾਡੇ ਵਿੱਚ ਕੋਈ ਜਿਆਦਾ ਸ਼ਰੀਕਾ ਨਹੀਂ ਸੀ ਪਰ ਇਹਨਾਂ ਨੇ ਆ ਕੇ ਸਾਡੇ ਵਿੱਚ ਫੇਰ ਵੰਡੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਪਹਿਲਾਂ ਅਸੀਂ ਇਕ ਦੂਜੇ ਨੂੰ ਉਸ ਦੇ ਪਿੰਡ ਜਾ ਹਲਕੇ ਕਰਕੇ ਜਾਣਦੇ ਹੁੰਦੇ ਸੀ ਕਿ ਫ਼ਲਾਣਾ ਸਿਓਂ ਮਾਲਵੇ ਦਾ ਤੇ ਫ਼ਲਾਣਾ ਸਿਓਂ ਦੁਆਬੇ ਦਾ। ਹੁਣ ਸਾਡੀ ਪਛਾਣ ਪਾਰਟੀਆਂ ਦੇ ਆਧਾਰ ਤੇ ਹੁੰਦੀ ਹੈ। ਕੋਈ ਜਿੱਤਦਾ ਹਾਰਦਾ ਪੰਜਾਬ ‘ਚ ਹੈ ਤੇ ਮੇਹਣੋ-ਮੇਹਣੀਂ ਅਸੀਂ ਏਥੇ ਹੋਣ ਲੱਗ ਜਾਂਦੇ ਹਾਂ। ਹੁਣ ਸਾਨੂੰ ਆਪਣਿਆਂ ਦਾ ਫ਼ਿਕਰ ਘੱਟ ਤੇ ਪਾਰਟੀਆਂ ਦਾ ਫ਼ਿਕਰ ਜਿਆਦਾ ਰਹਿੰਦਾ ਹੈ। ਏਥੋਂ ਤੱਕ ਕਿ ਹੁਣ ਸਾਡਾ ਆਪਣੇ ਦੇਸ਼ ਗੇੜਾ ਲਾਉਣ ਦਾ ਪ੍ਰੋਗਰਾਮ ਵੀ ਵੋਟਾਂ ਦੇ ਹਿਸਾਬ ਨਾਲ ਹੀ ਬਣਦਾ ਹੈ। ਸਾਨੂੰ ਸੁਖ ਇਹਨਾਂ ਦਾ ਭੋਰਾ ਵੀ ਨਹੀਂ ਹੈ। ਜਦੋਂ ਕਦੇ ਸਾਨੂੰ ਕੋਈ ਲੋੜ ਪੈਂਦੀ ਹੈ ਤਾਂ ਉਹ ਫੇਰ ਵਿਚਾਰੇ ਡਾਲਰ ਹੀ ਪੂਰੀ ਕਰਦੇ ਹਨ। ਜੋ ਪਿੱਛੇ ਸਾਡੀ ਜਾਇਦਾਦ ਹੈ, ਉਹਨਾਂ ਨੂੰ ਜਿਆਦਾ ਖ਼ਤਰਾ ਇਹਨਾਂ ਤੋਂ ਹੀ ਹੁੰਦਾ ਹੈ ਕਿਉਂਕਿ ਇਹਨਾਂ ਦੇ ਇਸ਼ਾਰੇ ਤੇ ਹੀ ਕੋਈ ਨਾ ਕੋਈ ਸਾਡੀ ਜਾਇਦਾਦ ਉਤੇ ਅੱਖ ਰੱਖ ਲੈਂਦਾ ਹੈ ਤੇ ਫੇਰ ਸਾਨੂੰ ਦੋਹਾਂ ਪਾਸਿਆਂ ਤੋਂ ਰਗੜਾ ਚੜ੍ਹਦਾ ਹੈ। ਜੇ ਅਸੀਂ ਆਪਣੇ ਹੱਡ ਬਚਾਉਣ ਆਪਣੇ ਮੁਲਕ ਆਉਂਦੇ ਹਾਂ ਤਾਂ ਵੀ ਸਭ ਨੂੰ ਸਾਡੇ ਡਾਲਰ ਹੀ ਦਿਸਦੇ ਹਨ; ਸਾਡਾ ਵਜੂਦ ਕੋਈ ਖ਼ਾਸ ਮਹਿਨਾ ਨਹੀਂ ਰੱਖਦਾ। ਜਦੋਂ ਅਸੀਂ ਨਾਜਾਇਜ਼ ਕਬਜ਼ਿਆਂ ਦੀ ਸ਼ਿਕਾਇਤ ਕਰਨ ਥਾਣਿਆਂ ‘ਚ ਜਾਂਦੇ ਹਾਂ ਤਾਂ ਮੂਹਰਿਓਂ ਅਫ਼ਸਰ ਲਾਲ਼ਾਂ ਸਿੱਟੀ ਜਾਂਦੇ ਆ। ਜੇ ਉਹਨਾਂ ਤੋਂ ਬਚਣ ਲਈ ਇਹਨਾਂ ਲੀਡਰਾਂ ਕੋਲ ਜਾਈਦਾ ਤਾਂ ਮਹਿਸੂਸ ਹੁੰਦਾ ਕਿ ਇਸ ਨਾਲੋਂ ਤੋਂ ਉਸ ਅਫ਼ਸਰ ਦਾ ਮੂੰਹ ਹੀ ਛੋਟਾ ਸੀ ਤੇ ਸੌਖਾ ਭਰ ਜਾਂਣਾ ਸੀ। ਫੇਰ ਭਗਵੰਤ ਮਾਨ ਦੀ ਉਹ ਗੱਲ ਚੇਤੇ ਆਉਂਦੀ ਹੈ ਕਿ ਸਾਨੂੰ ਕੀ ਫਾਇਦਾ ਹੋਇਆ ਤੁਹਾਨੂੰ ਐਲ।ਐਮ।ਏ। (ਐਮ।ਐਲ।ਏ।) ਬਣਾਉਣ ਦਾ? ਦੁੱਖ ਤਾਂ ਹੋਰ ਵੀ ਬਥੇਰੇ ਹਨ ਪਰ ਇਸ ਲਈ ਤਾਂ ਪੂਰੀ ਕਿਤਾਬ ਲਿਖਣੀ ਪੈਣੀ ਹੈ। ਇਸ ਲਈ ਅਗਲੀ ਤਕਲੀਫ਼ ਤੇ ਜਾਂਦੇ ਹਾਂ।
ਸਾਡਾ ਦੂਜਾ ਦੁੱਖ ਸੰਵੇਦਨਸ਼ੀਲ ਹੈ; ਇਸ ਲਈ ਇਹ ਤੁਹਾਡੇ ਨਾਲ ਸਾਂਝਾ ਕਰਨਾ ਅਤਿ ਜਰੂਰੀ ਹੈ। ਸਾਡਾ ਸਿੱਖ ਧਰਮ ਵੇਲੇ ਵੇਲੇ ਸਿਰ ਕਿਸੇ ਨਾ ਕਿਸੇ ਰੋਗ ਨਾਲ ਪੀੜਤ ਹੀ ਰਿਹਾ ਹੈ। ਕਦੇ ਵਕਤ ਦੇ ਹਾਕਮਾਂ ਨੇ ਸਾਨੂੰ ਦਬਾਉਣ ਦੀ ਕੋਸ਼ਸ਼ ਕੀਤੀ ਤੇ ਕਦੇ ਹੋਰ ਕੌਮਾਂ ਨੂੰ ਸਾਡਾ ਧਰਮ ਚੁਭਣ ਲੱਗਿਆ ਤੇ ਕਦੇ ਸਾਡੇ ਆਪਣਿਆਂ ਨੇ ਸਾਨੂੰ ਅੰਦਰੋਂ ਅੰਦਰੀਂ ਵੰਡਿਆ। ਕਦੇ ਮਸੰਦਾਂ ਨੇ ਸਾਨੂੰ ਖੋਰਾ ਲਾਇਆ। ਅੱਜ ਦੇ ਵਕਤ ਵਿੱਚ ਜੇ ਕੋਈ ਸਿੱਖ ਕੌਮ ਨੂੰ ਖੋਰਾ ਲਾ ਰਿਹਾ ਹੈ ਤਾਂ ਇਹ ਹਨ ਆਪੇ ਬਣੇ ਬਾਬੇ ਅਤੇ ਸੰਤ।ਅਸੀਂ ਪਹਿਲਾਂ ਵੀ ਚਿੰਤਾ ਵਿੱਚ ਰਹਿੰਦੇ ਸੀ ਕਿ ਸਾਡਾ ਧਰਮ ਕਿਧਰ ਨੂੰ ਜਾ ਰਿਹਾ ਹੈ।ਪਰ ਹੁਣ ਤਾਂ ਅਸੀਂ ਇਹਨਾਂ ਅਖੌਤੀ ਬਾਬਿਆਂ ਤੋਂ ਬਹੁਤ ਹੀ ਦੁਖੀ ਹੋ ਗਏ ਹਾਂ।ਹਰ ਤੀਜੇ ਦਿਨ ਜਥਾ ਲੈ ਕੇ ਵਿਦੇਸ਼ਾਂ ਚ ਆ ਬਹੁੜਦੇ ਹਨ ਅਤੇ ਸਾਨੂੰ ਜਜ਼ਬਾਤੀ ਕਰ ਕੇ ਆਪਣੀਆਂ ਝੋਲ਼ੀਆਂ ਭਰ ਕੇ ਮੁੜ ਜਾਂਦੇ ਹਨ। ਹਰ ਵਾਰ ਅਸੀਂ ਸੋਚਦੇ ਹਾਂ ਕਿ ਸ਼ਾਇਦ ਇਹ ਮਹਾਂਪੁਰਖ ਸਾਨੂੰ ਮੁਕਤੀ ਦਾ ਰਾਹ ਦਿਖਾਏਗਾ ਪਰ ਜਦ ਕਿਸੇ ਵੀ ਬਾਬੇ ਦੀ ਆਮਦ ਦਾ ਪਤਾ ਚਲਦਾ ਹੈ ਕਿ ਐਨੀ ਤਾਰੀਖ਼ ਨੂੰ ਸੰਤ ਜੀ ਆ ਰਹੇ ਹਨ ਤਾਂ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਉਹਨਾਂ ਦੇ ਕੱਚੇ ਚਿੱਠੇ ਏਥੇ ਪਹੁੰਚ ਜਾਂਦੇ ਹਨ। ਇਹਨਾਂ ਨੂੰ ਸੁਣ ਸੁਣ ਕੇ ਬਾਬੇ ਦੇ ਆਉਣ ਤੱਕ ਬਾਬੇ ਚ ਸ਼ਰਧਾ ਹੀ ਨਹੀਂ ਰਹਿੰਦੀ। ਸਾਨੂੰ ਇਹ ਵੀ ਪਤਾ ਕਿ ਭਾਵੇਂ ਕੋਈ ਕਿੰਨਾ ਵੀ ਮਾੜਾ ਬਾਬਾ ਹੋਵੇ ਪਰ ਜਦ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਬੈਠ ਕੇ ਕਥਾ ਕੀਰਤਨ ਕਰਦਾ ਹੈ ਤਾਂ ਉਹ ਕੋਈ ਬੁਰਾਈ ਨਹੀਂ ਕਰ ਸਕਦਾ ਪਰ ਅਸੀਂ ਕੀ ਕਰੀਏ ਜਦੋਂ ਸਾਡੇ ਜ਼ਿਹਨ ਵਿੱਚ ਬਾਬੇ ਦਾ ਅਸਲੀ ਰੂਪ ਘੁੰਮ ਰਿਹਾ ਹੁੰਦਾ ਹੈ ਤਾਂ ਮਨ ਉਹਨਾਂ ਦੇ ਵਿਚਾਰਾਂ ਵਿਚ ਲਗਦਾ ਹੀ ਨਹੀਂ।
ਭਰਾਵੋ, ਤੁਹਾਡੇ ਅੱਗੇ ਬੇਨਤੀ ਹੈ ਕਿ ਜਾਂ ਤਾਂ ਤੁਸੀ ਇਹੋ ਜਿਹੇ ਬਾਬਿਆਂ ਨੂੰ ਸਾਡੇ ਕੋਲ ਭੇਜਿਆ ਨਾ ਕਰੋ ਜਾਂ ਫੇਰ ਇਹਨਾਂ ਦੀਆਂ ਕਰਤੂਤਾਂ ਆਪਣੇ ਕੋਲ ਰੱਖ ਲਿਆ ਕਰੋ। ਇਸ ਨਾਲ ਅਸੀਂ ਅਣਜਾਣਪੁਣੇ ਵਿੱਚ ਕੁਝ ਵਕਤ ਰੱਬ ਦਾ ਨਾਂ ਤਾਂ ਚਿੱਤ ਲਾ ਕੇ ਲੈ ਲਿਆ ਕਰਾਂਗੇ। ਜੇ ਅਸਲੀ ਪੁੱਛੋ ਤਾਂ ਤੁਸੀਂ ਇਹਨਾਂ ਨੂੰ ਏਥੇ ਨਾ ਹੀ ਭੇਜਿਆ ਕਰੋ। ਜੇ ਭੇਜਣਾ ਵੀ ਹੋਵੇ ਤਾਂ ਕੋਈ ਆਪਣੇ ਨਾਂ ਮੂਹਰੇ ਗਿਆਨੀ, ਭਾਈ ਜਾਂ ਕਥਾ ਵਾਚਕ ਲਗਾਉਣ ਵਾਲਾ ਭੇਜ ਦਿਆ ਕਰੋ ਨਹੀਂ ਤਾਂ ਇਕੱਲੇ ਕੀਰਤਨ ਕਰਨ ਵਾਲੇ ਸਿੰਘ ਹੀ ਭੇਜ ਦਿਆ ਕਰੋ ਕਿਉਂਕਿ ਅਸੀਂ ਪਿਛਲੇ ਕਾਫ਼ੀ ਸਮੇਂ ਤੋਂ ਇਹ ਤੱਤ ਕੱਢਿਆ ਹੈ ਕਿ ਇਹਨਾਂ ਅਖੌਤੀ ਸੰਤਾਂ ਨਾਲੋਂ ਇਹ ਲੋਕ ਹਜ਼ਾਰ ਗੁਣਾਂ ਚੰਗੇ ਹੁੰਦੇ ਹਨ। ਘੱਟ ਤੋਂ ਘੱਟ ਇਹ ਸਾਡੇ ਜਜ਼ਬਾਤ ਤਾਂ ਨਹੀਂ ਭੜਕਾਉਂਦੇ। ਨਾ ਹੀ ਇਹਨਾਂ ਨੂੰ ਪੈਰੀਂ ਹੱਥ ਲਗਵਾਉਣ ਦਾ ਚਸਕਾ ਹੁੰਦਾ, ਨਾ ਹੀ ਇਹਨਾਂ ਨੂੰ ਇਕ ਦੂਜੇ ਤੋਂ ਵੱਡਾ ਡੇਰਾ ਤੇ ਇਮਾਰਤਾਂ ਬਣਾਉਣ ਲਈ ਫ਼ੰਡ ਚਾਹੀਦਾ ਹੁੰਦਾ। ਬੱਸ ਜੋ ਮੱਥਾ ਟੇਕ ਦਿਓ ਓਸੇ ਨਾਲ ਸਬਰ ਕਰ ਲੈਂਦੇ ਹਨ ਅਤੇ ਜੇ ਮਰਯਾਦਾ ਮੁਤਾਬਿਕ ਸਿਰੋਪਾ ਦੀ ਬਖਸ਼ਿਸ਼ ਹੋ ਜਾਵੇ ਤਾਂ ਹੋਰ ਵੀ ਚੰਗਾ। ਇਸ ਦੇ ਉਲ਼ਟ ਆਪਣੇ ਮੂਹਰੇ ਸੰਤ ਲਗਾਉਣ ਵਾਲੇ ਇਹੋ ਜਿਹੀਆਂ ਉਦਾਹਰਣਾਂ ਦਿੰਦੇ ਹਨ ਕਿ ਇਕ ਅਡੋਲ ਗੁਰਸਿੱਖ ਵੀ ਡੋਲ ਜਾਂਦਾ ਹੈ। ਭਰਾਵੋ, ਜੋ ਬੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਉਸ ਨੂੰ ਇਹ ਚੰਗੀ ਤਰ੍ਹਾਂ ਪਤਾ ਕਿ ਇਕ ਸੰਤ ਦੀ ਨਿੰਦਿਆ ਦਾ ਕੀ ਨਤੀਜਾ ਨਿਕਲਦਾ ਹੈ; ਇਸ ਲਈ ਉਹ ਇਕ ਸੰਤ ਪ੍ਰਤੀ ਕੋਈ ਸ਼ਬਦ ਬੋਲਣ ਤੋਂ ਪਹਿਲਾਂ ਕਈ ਵਾਰ ਸੋਚਦਾ ਹੈ। ਬੱਸ ਸਾਡੀ ਏਸੇ ਕਮਜੋਰੀ ਦਾ ਇਹ ਅਖੌਤੀ ਸੰਤ ਲਾਭ ਲੈ ਰਹੇ ਹਨ। ਅਸੀਂ ਤਾਂ ਹੈਰਾਨ ਹਾਂ ਕਿ ਇਹਨਾਂ ਨੂੰ ਰੱਬ ਦਾ ਭੋਰਾ ਵੀ ਡਰ ਨਹੀਂ ਹੈ; ਉਲ਼ਟਾ ਹਿੱਕ ਤਾਣ ਕੇ ਗ਼ਲਤੀਆਂ ਕਰਦੇ ਹਨ। ਇਕ ਦਿਨ ਦੀ ਗਲ ਤੁਹਾਨੂੰ ਸੁਣਾਉਂਦਾ ਹਾਂ। ਅਸੀਂ ਕਿਸੇ ਇਕ ਬਾਬੇ ਨੂੰ ਉਸ ਦੀ ਪੁਰਾਣੀ ਕਰਤੂਤ ਯਾਦ ਕਰਵਾ ਦਿੱਤੀ ਤਾਂ ਮੂਹਰੋਂ ਕਹਿੰਦਾ, ”ਆਖ਼ਰ ਅਸੀਂ ਨੌਂ ਸੌ ਚੂਹਾ ਖਾ ਕੇ ਹੱਜ ਨੂੰ ਤਾਂ ਆ ਗਏ; ਕਈ ਤਾਂ ਹੱਜ ਕਰਦੇ ਵੀ ਚੂਹੇ ਖਾਈ ਜਾਂਦੇ ਹਨ”।ਹੁਣ ਤੁਸੀ ਦੱਸੋ ਇਹੋ ਜਿਹੇ ਵਿਚਾਰਾਂ ਵਾਲੇ ਕੌਮ ਦਾ ਕੀ ਸਵਾਰ ਦੇਣਗੇ? ਪਹਿਲਾਂ ਤਾਂ ਇਹ ਦੀਵਾਨ ਲਾਉਣ ਤੋਂ ਪਹਿਲਾਂ ਕਿਸੇ ਕਲਾਕਾਰ ਵਾਂਗੂੰ ਸ਼ਰਤਾਂ ਪੂਰੀਆ ਕਰਵਾ ਕੇ ਆਉਂਦੇ ਹਨ ਤੇ ਫੇਰ ਜਾਣ ਲੱਗੇ ਨਖ਼ਰੇ ਕਰਦੇ ਹਨ ਕਿ ਜੇਹੜੀ ਲੋਈ ਤੁਸੀ ਦਿੱਤੀ ਹੈ ਇਹੋ ਜਿਹੀ ਤਾਂ ਸਾਡੇ ਸੇਵਾਦਾਰ ਵੀ ਉਤੇ ਨਹੀਂ ਲੈਂਦੇ। ਇਕ ਹੋਰ ਖ਼ਾਸ ਗਲ ਇਹ ਹੈ ਕਿ ਜੇ ਤੁਹਾਡੇ ਚ ਹਿੰਮਤ ਹੈ ਤਾਂ ਇਹਨਾਂ ਅਖੌਤੀ ਸੰਤਾਂ ਨੂੰ ਸ੍ਰੀ ਗੁਰੂ ਅਮਰਦਾਸ ਜੀ ਦੀ ਚਲਾਈ ਲੰਗਰ ਦੀ ਮਹਾਨ ਪਰੰਪਰਾ ਮੁਤਾਬਿਕ, ਪੰਗਤ ਵਿੱਚ ਬਹਿ ਕੇ ਲੰਗਰ ਛਕਾ ਕੇ ਦਿਖਾ ਦਿਓ ਤਾਂ ਅਸੀਂ ਤੁਹਾਡੇ ਵੱਲੋਂ ਭੇਜੇ ਹਰ ਸੰਤ ਦੇ ਪੈਰਾਂ ਹੇਠ ਹੱਥ ਰੱਖਾਂਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੇ ਸੰਤ ਦੀ ਨਿੰਦਿਆ ਨਾ ਕਰਨ ਲਈ ਕਿਹਾ ਗਿਆ ਹੈ ਤਾਂ ਇਸ ‘ਧੁਰ ਕੀ ਬਾਣੀ’ ਵਿੱਚ ਸੰਤ ਦੀ ਪ੍ਰੀਭਾਸ਼ਾ ਵੀ ਦਰਜ ਹੈ ਕਿ ਸੰਤ ਕਿਹੋ ਜਿਹੇ ਹੁੰਦੇ ਹਨ।
ਸਾਧ ਕੀ ਸੋਭਾ ਊਚ ਤੇ ਊਚੀ॥
ਸਾਧ ਕੀ ਸੋਭਾ ਮੂਚ ਤੇ ਮੂਚੀ॥
ਸਾਧ ਕੀ ਸੋਭਾ ਸਾਧ ਬਨਿ ਆਈ॥
ਨਾਨਕ ਸਾਧ ਪ੍ਰਭ ਭੇਦੁ ਨ ਭਾਈ॥੮॥੭॥ (੨੭੨)
ਪਹਿਲਾਂ ਸਿੱਖ ਇਤਿਹਾਸ ਵਿੱਚ ਅਸੀਂ ਬਹੁਤ ਕਰਨੀ ਵਾਲੇ ਸੰਤਾਂ ਬਾਰੇ ਪੜ੍ਹ ਚੁਕੇ ਹਾਂ ਪਰ ਅੱਜ ਤੱਕ ਇਹ ਨਹੀਂ ਸੁਣਿਆ ਕਿ ਕਿਸੇ ਸੰਤ ਨੇ ਮਹਿਲ ਉਸਾਰੇ ਹੋਣ ਜਾਂ ਫਿਰ ਗੰਨਮੈਨ ਰੱਖੇ ਹੋਣ। ਅਸੀਂ ਤਾਂ ਕੁਝ ਇਹੋ ਜਿਹੇ ਮਹਾਂਪੁਰਖਾਂ ਨੂੰ ਜਰੂਰ ਜਾਣਦੇ ਹਾਂ ਜੇਹੜੇ ਸਾਰੀ ਉਮਰ ਕੱਖਾਂ ਦੀਆਂ ਕੁੱਲੀਆਂ ਵਿੱਚ ਨਾਮ ਸਿਮਰਨ ਕਰਦੇ ਰਹੇ ਤੇ ਜਾਣ ਲੱਗਿਆਂ ਕੋਈ ਯਾਦਗਾਰ ਵੀ ਨਹੀਂ ਛੱਡ ਕੇ ਗਏ। ਤੁਸੀ ਅਕਸਰ ਸੁਣਦੇ ਹੋ ਕਿ ਸਾਧਾਂ ਨੂੰ ਕੀ ਸੁਆਦਾਂ ਨਾਲ਼? ਪਰ ਅਜ ਕਲ੍ਹ ਦੇ ਸੰਤਾਂ ਨੂੰ ਤਾਂ ਲੰਗਰ ਦਾ ਪ੍ਰਸ਼ਾਦਾ ਚੰਗਾ ਨਹੀਂ ਲਗਦਾ। ਐਸ।ਯੂ।ਬੀ। ਗੱਡੀ ਤੋਂ ਬਿਨਾਂ ਇਹਨਾਂ ਨੂੰ ਯਾਤਰਾ ਕਰਨੀ ਸੋਭਾ ਨਹੀਂ ਦਿੰਦੀ। ਪੰਜ ਸੱਤ ਗੰਨਮੈਨਾ ਬਿਨਾਂ ਵੀ ਕਾਹਦੀ ਸਾਧ ਗਿਰੀ? ਤੁਸੀ ਦੱਸੋ, ਆਪਣੀ ਜਾਨ ਦੀ ਰਾਖੀ ਦੂਜਿਆਂ ਤੋਂ ਕਰਵਾਉਣ ਵਾਲਾ ਦੂਜੇ ਦੀ ਜਾਨ ਕਿਵੇਂ ਬਚਾਊ? ਜੇ ‘ਸਾਧ’ ਸ਼ਬਦ ਵਰਤਿਆ ਤਾਂ ਤੁਹਾਨੂੰ ਇਸ ਦੇ ਅੱਖਰੀ ਅਰਥ ਵੀ ਯਾਦ ਕਰਵਾ ਦੇਵਾਂ। ਸਾਧ ਦਾ ਮਤਲਬ ਹੈ ਜਿਸ ਨੇ ਸਭ ਕੁਝ ਸਾਧ ਲਿਆ ਹੋਵੇ। ਉਂਜ ਜੇ ਦੇਖਿਆ ਜਾਵੇ ਤਾਂ ਇਹਨਾਂ ਵੀ ਸਭ ਕੁਝ ਸਾਧ ਹੀ ਲਿਆ ਹੈ। ਬੱਸ ਫ਼ਰਕ ਯੁੱਗ ਦਾ ਹੈ। ਕਲਯੁਗ ਵਿੱਚ ਜੋ ਬੰਦਾ ਕੋਠੀ, ਕਾਰ, ਕੁੱਕੜ, ਕੁੜੀ ਅਤੇ ਕੈਸ਼; ਇਹਨਾਂ ਪੰਜ ਚੀਜ਼ਾਂ ਤੇ ਆਪਣੀ ਪਕੜ ਮਜ਼ਬੂਤ ਕਰ ਲਵੇ ਓਹੀ ਸਾਧ ਹੁੰਦਾ ਹੈ। ਅਸਲ ਵਿੱਚ ਇਹਨਾਂ ਨੂੰ ਸੰਤ ਦੀ ਥਾਂ ਤੇ ਅਸੰਤ ਕਿਹਾ ਜਾਵੇ ਤਾਂ ਜਿਆਦਾ ਠੀਕ ਹੋਵੇਗਾ ਕਿਉਂਕਿ ਗੁਰਬਾਣੀ ਵਿੱਚ ਇਸ ਦੀ ਪ੍ਰੀਭਾਸ਼ਾ ਇੰਜ ਦਰਜ ਹੈ:
ਅਸੰਤੁ ਅਨਾੜੀ ਕਦੇ ਨ ਬੂਝੈ॥
ਕਥਨੀ ਕਰੇ ਤੈ ਮਾਇਆ ਨਾਲਿ ਲੂਝੈ॥
ਅੰਧੁ ਅਗਿਆਨੀ ਕਦੇ ਨ ਸੀਝੈ॥੨॥ (੧੬੦)
ਇਸ ਦੇ ਨਾਲ ਹੀ ਗੁਰਬਾਣੀ ਵਿੱਚ ਜੋ ਤ੍ਰੈ ਗੁਣਾਂ ਦਾ ਜ਼ਿਕਰ ਆਉਂਦਾ ਹੈ ਉਹਨਾਂ ਦੇ ਨਾਂ ਹਨ: ਰੱਜੋ ਗੁਣ, ਤਮੋ ਗੁਣ ਅਤੇ ਸਤੋ ਗੁਣ। ਇਸ ਦੀ ਪੂਰੀ ਵਿਆਖਿਆ ਕਰਨ ਤੋਂ ਤਾਂ ਅਸੀਂ ਅਗਿਆਨੀ ਅਸਮਰਥ ਹਾਂ ਪਰ ਏਨਾ ਕੁ ਜਰੂਰ ਪਤਾ ਹੈ ਕਿ ਅੱਜ ਕਲ੍ਹ ਦੇ ਸੰਤ ਪਹਿਲੇ ਦੋ ਗੁਣਾਂ ਵਿਚ ਵਿਸ਼ਵਾਸ ਕਰਦੇ ਹਨ ਅਤੇ ਤੀਜਾ ਸਤੋ ਗੁਣ ਤਾਂ ਇਹਨਾਂ ਨੂੰ ਚੰਗਾ ਨਹੀਂ ਲਗਦਾ। ਗੁਰਬਾਣੀ ਅਸਲੀ ਸੰਤ ਦੀ ਮਹਾਨਤਾ ਬਾਰੇ ਸਾਨੂੰ ਦੱਸਦੀ ਹੈ ਕਿ ਸੰਤ ਏਥੇ ਅਤੇ ਦਰਗਾਹੇ ਆਪ ਆਪਣੇ ਭਗਤਾਂ ਨੂੰ ਬਾਂਹ ਫੜ ਕੇ ਪਾਰ ਲੰਘਾਉਂਦਾ ਹੈ ਪਰ ਅੱਜ ਦਾ ਸੰਤ ਏਥੇ ਤਾਂ ਸਾਡਾ ਗੀਝਾ ਫੋਲਣ ਦੀ ਕੋਸ਼ਸ਼ ਕਰਦਾ ਅਤੇ ਅੱਗੇ ਕਿਸੇ ਦੇਖਿਆ ਨਹੀਂ। ਗੁਰਬਾਣੀ ਵਿੱਚ ਅਥਾਹ ਵਿਸ਼ਵਾਸ ਰੱਖਣ ਕਰਕੇ ਸੰਤ ਦੀ ਨਿੰਦਿਆ ਕਰਨ ਵਿੱਚ ਡਰ ਤਾਂ ਬਹੁਤ ਲਗ ਰਿਹਾ ਹੈ ਪਰ ਹੌਸਲਾ ਇਕ ਹੀ ਗੱਲ ਦਾ ਹੈ ਕਿ ਗੁਰਬਾਣੀ ਦਾ ਹੋਕਾ ਸੱਚ ਤੇ ਬਸ ਸਚ ਹੈ। ਅਸਲੀ ਸੰਤ ਨੂੰ ਕੁਝ ਕਹਿਣਾ ਸੰਤ ਦੀ ਨਿੰਦਿਆ ਹੋ ਸਕਦੀ ਹੈ ਪਰ ਇਹਨਾਂ ਆਪੇ ਬਣੇ ਡਰਾਮੇ ਬਾਜਾਂ ਨੂੰ ਨੰਗਾ ਕਰਨ ਲਈ ਤਾਂ ਸੱਚ ਦੀ ਹੀ ਲੋੜ ਹੈ; ਚਾਹੇ ਉਹ ਕਿਸੇ ਦੇ ਹਜ਼ਮ ਹੋਵੇ ਚਾਹੇ ਨਾ ਹੋਵੇ।
ਪਿਛਲੇ ਦਿਨੀਂ ਕਿਸੇ ਸਾਡੇ ਨਾਲ ਇਸ ਦੁੱਖ ਵਿੱਚ ਸ਼ਰੀਕ ਹੁੰਦਿਆਂ ਦਲੀਲ ਦਿੱਤੀ ਕਿ ਹੁਣ ਤਾਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਵਾਲਾ ਵਕਤ ਆ ਗਿਆ ਹੈ ਤੇ ਸਾਨੂੰ ਮੱਖਣ ਸ਼ਾਹ ਲੁਬਾਣੇ ਵਾਂਗੂੰ ਅਸਲੀ ਸੰਤ ਲੱਭਣਾ ਪਊ ਪਰ ਯਾਰੋ, ਇਹ ਉਸ ਦੇ ਆਪਣੇ ਵਿਚਾਰ ਹੋ ਸਕਦੇ ਹਨ; ਸਾਨੂੰ ਤਾਂ ਇਹ ਗੱਲ ਜਚੀ ਨਹੀਂ। ਅਸੀਂ ਤਾਂ ਗੁਰੂ ਮਾਨਿਓ ਗ੍ਰੰਥ ਵਿੱਚ ਹੀ ਵਿਸ਼ਵਾਸ ਕਰਦੇ ਹਾਂ ਤੇ ਸਾਨੂੰ ਤਾਂ ਕਦੇ ਕਿਸੇ ਇਨਸਾਨ ਤੋਂ ਕੋਈ ਸੇਧ ਲੈਣ ਦੀ ਲੋੜ ਮਹਿਸੂਸ ਨਹੀਂ ਹੋਈ। ਜਦ ਕਦੇ ਕਿਸੇ ਦੁਚਿੱਤੀ ਵਿੱਚ ਆਏ ਤਾਂ ਬਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈਣ ਵਿੱਚ ਬੜੀ ਖ਼ੁਸ਼ੀ ਮਹਿਸੂਸ ਹੋਈ ਹੈ ਪਰ ਹਾਂ, ਕਦੇ ਕਦੇ ਗਿਆਨੀ ਇਨਸਾਨ ਦੀ ਘਾਟ ਬਹੁਤ ਰੜਕਦੀ ਹੈ ਕਿਉਂਕਿ ਕਈ ਵਾਰ ਸਮੁੰਦਰੋਂ ਡੂੰਘੀ ਬਾਣੀ ਸਾਡੇ ਜਿਹੇ ਦੁਨਿਆਵੀ ਪੁਰਖਾਂ ਨੂੰ ਸਮਝ ਨਹੀਂ ਆਉਂਦੀ। ਇਸ ਲਈ ਉਸ ਵਕਤ ਗੁਰਬਾਣੀ ਦੇ ਦਾਇਰੇ ਵਿੱਚ ਰਹਿਣ ਵਾਲਾ ਕੋਈ ਗਿਆਨੀ ਸਾਨੂੰ ਬਾਣੀ ਦੀ ਡੂੰਘਾਈ ਸਮਝਾ ਦੇਵੇ ਤਾਂ ਸਾਨੂੰ ਬੜੀ ਤਸੱਲੀ ਹੋਵੇਗੀ। ਸੋ ਵੀਰੋ, ਜੇ ਤੁਸੀ ਸਚਮੁਚ ਹੀ ਸਾਡੀ ਮਦਦ ਕਰਨਾ ਚਾਹੁੰਦੇ ਹੋ ਤਾਂ ਗਿਆਨਵਾਨ ਕਥਾ ਵਾਚਕ ਸਾਡੇ ਕੋਲ ਭੇਜ ਦਿਆ ਕਰੋ ਜਿਨ੍ਹਾਂ ਤੋਂ ਅਸੀਂ ਤੇ ਸਾਡੀ ਜਵਾਨ ਹੋ ਰਹੀ ਪੀਹੜੀ ਕੁਝ ਸਿੱਖ ਕੇ ਗੁਰਸਿੱਖ ਬਣ ਸਕੇ। ਸਾਨੂੰ ਰਾਜੇ ਰਾਣੀਆਂ ਦੀਆਂ ਬਾਤਾਂ ਸੁਣਾਉਣ ਵਾਲ਼ੇ ਬਾਬੇ ਨਹੀਂ ਚਾਹੀਦੇ। ਗੁਰਬਾਣੀ ਪੜ੍ਹ ਸੁਣ ਕੇ ਸਾਨੂੰ ਏਨਾ ਕੁ ਗਿਆਨ ਤਾਂ ਆ ਹੀ ਗਿਆ ਹੈ ਕਿ ਜਿਸ ਨੂੰ ਸਚਮੁਚ ਦਾ ਗਿਆਨ ਹੁੰਦਾ ਹੈ ਉਹ ਕਦੇ ਆਪਣੇ ਨਾਂ ਅੱਗੇ ਸੰਤ ਨਹੀਂ ਲਿਖ ਸਕਦਾ। ਸਾਨੂੰ ਤਾਂ ‘ਧੁਰ ਕੀ ਬਾਣੀ’ ਦੇ ਸਹਾਰੇ ਮੁਕਤੀ ਦਾ ਰਾਹ ਦਿਖਾਉਣ ਵਾਲੇ ਕਿਸੇ ਮਹਾਪੁਰਖ ਦੀ ਉਡੀਕ ਹੈ ਜੋ ਹਾਲੇ ਤਕ ਤਾਂ ਸਾਨੂੰ ਮਿਲਿਆ ਨਹੀਂ, ਜੇ ਕਦੇ ਤੁਹਾਨੂੰ ਮਿਲ ਜਾਵੇ ਤਾਂ ਜਰੂਰ ਦੱਸਣਾ।ਸਾਨੂੰ ਇਹ ਵੀ ਚੰਗੀ ਤਰ੍ਹਾਂ ਪਤਾ ਹੈ ਕਿ ਸਾਡੇ ਇਸ ਲੇਖ ਬਾਰੇ ਇਹਨਾਂ ਅਖੋਤਿਆਂ, ਫੇਰ ਗੁਰਬਾਣੀ ਦੀ ਆੜ ਲੈ ਕੇ ਇਹ ਹੀ ਦਲੀਲ ਦੇਣੀ ਹੈ ਕਿ:
ਮੰਦਾ ਕਿਸੈ ਨ ਆਖੀਐ ਪੜਿ ਅਖਰੁ ਏਹੋ ਬੁਝੀਐ ॥
ਮੂਰਖੈ ਨਾਲਿ ਨ ਲੁਝੀਐ ॥੧੯॥(੪੭੩)
ਇਸ ਖ਼ਤ ਦੇ ਅਖੀਰ ਵਿੱਚ ਇੱਕ ਹੋਰ ਬੇਨਤੀ ਕਰਨੀ ਚਾਹੁੰਦੇ ਹਾਂ: ਜੋ ਤੁਹਾਨੂੰ ਇਕ ਭੁਲੇਖਾ ਹੈ ਕਿ ਵਿਦੇਸ਼ਾਂ ਚ ਡਾਲਰ ਦਰਖ਼ਤਾਂ ਨੂੰ ਲਗਦੇ ਹਨ; ਉਹ ਕਿਸੇ ਹੱਦ ਤਕ ਠੀਕ ਵੀ ਹੈ ਪਰ ਦੋਸਤੋ ਦਰਖ਼ਤਾਂ ਨੂੰ ਡਾਲਰਾਂ ਨਾਲ ਕੰਡੇ ਵੀ ਲੱਗੇ ਹੁੰਦੇ ਹਨ। ਕੁਝ ਡਾਲਰ ਕਾਫ਼ੀ ਉਚਾਈ ਤੇ ਲੱਗੇ ਹੁੰਦੇ ਹਨ ਤੇ ਉਹਨਾਂ ਨੂੰ ਤੋੜਨ ਲਈ ਸਾਰਾ ਸਾਰਾ ਦਿਨ ਅਤੇ ਕਈ ਕਈ ਵਾਰ ਪੌੜੀ ਤੇ ਚੜ੍ਹਨਾ ਉੱਤਰਨਾ ਪੈਂਦਾ ਹੈ। ਕੁਝ ਲੋਕਾਂ ਨੂੰ ਭੁਲੇਖਾ ਹੈ ਕਿ ਡਾਲਰ ਫ਼ਰਸ਼ਾਂ ਤੋਂ ਹੀ ਹੂੰਝਣੇ ਹੁੰਦੇ ਹਨ। ਬਿਲਕੁਲ ਠੀਕ, ਵੀਰ ਜੀ, ਤੁਸੀ ਸੌ ਪ੍ਰਤੀਸ਼ਤ ਸਹੀ ਅੰਦਾਜ਼ਾ ਲਾਇਆ ਪਰ ਵੀਰ ਇਕ ਛੋਟਾ ਜਿਹਾ ਹਾਦਸਾ ਸੁਣਾਉਣਾ ਚਾਹੁੰਦੇ ਹਾਂ: ਚਾਰ ਕੁ ਮਹੀਨੇ ਪਹਿਲਾਂ ਸਾਡਾ ਇਕ ਲੇਖਕ ਭਾਈ ਵਿਦੇਸ਼ ਦੀ ਚਮਕ ਚ ਸੰਮੋਹਤ ਹੋ ਕੇ ਕਿਵੇਂ ਨਾ ਕਿਵੇਂ ਇਥੇ ਆਉਣ ਵਿੱਚ ਕਾਮਯਾਬ ਹੋ ਗਿਆ। ਜਦ ਥੋਹੜੀ ਕੁ ਦੇਰ ਬਾਅਦ ਸੰਮੋਹਨ ਟੁੱਟਿਆ ਤਾਂ ਅਸੀਂ ਪੁੱਛਿਆ, ”ਕਿਵੇਂ ਚੱਲ ਰਹੀ ਹੈ ਲਾਈਫ਼?” ਤਾਂ ਕਹਿੰਦਾ, ”ਵੀਰ, ਦੇਖਿਆ ਜਾਵੇ ਤਾਂ ਕੋਈ ਖ਼ਾਸ ਫ਼ਰਕ ਨਹੀਂ। ਓਥੇ ਵੀ ਪੱਪਾ ਚਲਾਉਂਦੇ ਸੀ ਤੇ ਏਥੇ ਵੀ ਪੱਪਾ ਹੀ ਚਲਾ ਰਹੇ ਹਾਂ।” ਜਦੋਂ ਅਸੀਂ ਉਸ ਦੀ ਗੱਲ ਸਮਝਣ ਚ ਅਸਮਰਥਤਾ ਦਿਖਾਈ ਤਾਂ ਉਸ ਨੇ ਸਰਲ ਭਾਸ਼ਾ ਚ ਦੱਸਿਆ, ”ਆਪਣੇ ਦੇਸ਼ ਵਿੱਚ ਇਹਨਾਂ ਹੱਥਾਂ ਵਿੱਚ ਪੈਨ ਹੁੰਦਾ ਸੀ ਤੇ ਅਜ ਕਲ੍ਹ ਪੋਚਾ ਹੈ। ਦੋਨੇਂ ਚੀਜ਼ਾਂ ਦੇ ਨਾਂ ਤਾਂ ਪੱਪੇ ਤੋਂ ਹੀ ਸ਼ੁਰੂ ਹੁੰਦੇ ਹਨ।” ਸੋ ਵੀਰ ਜੀ, ਤੁਸੀਂ ਫ਼ਰਸ਼ ਤੋਂ ਡਾਲਰ ਇਕੱਠੇ ਕਰਨ ਵਾਲੀ ਕਹਾਣੀ ਤਾਂ ਸਮਝ ਹੀ ਗਏ ਹੋਵੋਗੇ। ਡਾਲਰ ਇਕੱਠੇ ਕਰਨ ਪਿੱਛੇ ਦੀਆਂ ਕਹਾਣੀਆਂ ਨਾਲ ਤਾਂ ਅਸੀਂ ਖੂਹ ਭਰ ਸਕਦੇ ਹਾਂ ਪਰ ਥਾਂ ਤੇ ਵਕਤ ਦੀ ਕਮੀ ਹੈ।ਬਸ ਇੰਨੀਆਂ ਕੁ ਉਧਰਨਾ ਨਾਲ ਤੁਸੀ ਡਾਲਰਾਂ ਲਈ ਬਹਾਏ ਸਾਡੇ ਮੁੜ੍ਹਕੇ ਦੀ ਮੁਸ਼ਕ ਮਹਿਸੂਸ ਕਰ ਸਕਦੇ ਹੋ। ਹੁਣ ਤੁਸੀਂ ਦੱਸੋ ਕਿ ਜੇ ਸਾਡੇ ਇੱਕ ਦੇ ਚਾਲੀ ਹੁੰਦੇ ਹਨ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਇਹ ਅਖੌਤੀ ਲੀਡਰਾਂ ਜਾਂ ਬਾਬਿਆਂ ਦੀ ਭੇਂਟ ਕਰੀ ਜਾਈਏ। ਹਾਂ, ਵੀਰੋ ਇਕ ਗੱਲ ਹੋਰ: ਜੇ ਤੁਸੀ ਖੇਡ ਮੇਲੇ ਜਾਂ ਕੋਈ ਲੋੜਵੰਦ ਲਈ ਜਾਂ ਕਿਸੇ ਸਮਾਜਿਕ ਬੁਰਾਈ ਨੂੰ ਦੂਰ ਕਰਨ ਲਈ ਕਦੇ ਪੈਸੇ ਦੀ ਥੁੜ ਮਹਿਸੂਸ ਕਰੋ ਤਾਂ ਸਾਨੂੰ ਆਪਣੇ ਵਹਾਏ ਮੁੜ੍ਹਕੇ ਦਾ ਭੋਰਾ ਦੁੱਖ ਨਹੀਂ ਹੋਵੇਗਾ।
ਲਓ ਯਾਰੋ, ਅਸੀਂ ਤਾਂ ਪਰਦੇਸੀਂ ਬੈਠੇ ਐਵੇਂ ਹੀ ਰੋਈ ਜਾਨੇ ਆਂ ਧੰਨ ਹੋ ਤੁਸੀ ਜੋ ਇਹਨਾਂ ਲੋਕਾਂ ਨੂੰ ਹਰ ਵਕਤ ਝੱਲਦੇ ਹੋ। ਸਾਡੇ ਕੋਲ ਤਾਂ ਇਹ ਕਦੇ ਕਦੇ ਹੀ ਆਉਂਦੇ ਹਨ। ਵਾਰੇ ਵਾਰੇ ਜਾਈਏ ਤੁਹਾਡੇ ਜਿਗਰੇ ਦੇ!
ਅੰਤ ਵਿੱਚ ਇੱਕ ਤਜੱਰਬਾ ਲਿਖਣਾ ਚਾਹੁੰਦੇ ਹਾਂ ਕਿ ਜੇ ਤੁਹਾਨੂੰ ਕੋਈ ਕਹੇ, ”ਆਪਣੇ ਦੁੱਖ ਮੈਨੂੰ ਦੇ ਦੇ; ਅਸਲ ਵਿੱਚ ਉਹ ਤੁਹਾਨੂੰ ਹੋਰ ਦੁੱਖ ਦੇਣ ਆਇਆ ਹੁੰਦਾ ਹੈ।
ਤੁਹਾਡੇ ਆਪਣੇ
ਪਰਦੇਸੀ