ਭਾਰਤੀ ਜੰਤਾ ਪਾਰਟੀ ਦੇ ਸੀਨੀਅਰ ਨੇਤਾ ਤੇ ਸਾਬਕਾ ਵਿਦੇਸ਼ ਮੰਤਰੀ ਜਸਵੰਤ ਸਿੰਘ ਨੇ ਆਪਣੀ ਪੁਸਤਕ ਵਿਚ ਇਹ ਕਹਿ ਕੇ ਇਕ ਨਵਾਂ ਵਿਵਾਦ ਛੇੜ ਦਿਤਾ ਹੈ ਕਿ 1947 ਵਿਚ ਦੇਸ਼ ਦੀ ਵੰਡ ਲਈ ਕਾਂਗਰਸੀ ਆਗੂ ਪੰਡਤ ਜਵਾਹਰ ਲਾਲ ਨਹਿਰੂ ਤੇ ਸਰਦਾਰ ਪਟੇਲ ਜ਼ਿਮੇਵਾਰ ਸਨ, ਮੁਹੰਮਦ ਅਲੀ ਜਿਨਾਹ ਇਕ ਮਹਾਨ ਭਾਰਤੀ ਸਨ।ਭਾਜਪਾ ਦੇ ਹੀ ਪ੍ਰਮੁਖ ਲੀਡਰ ਤੇ ਲੋਕ ਸਭਾ ਵਿਚ ਵਿਰੋਧੀ ਪਾਰਟੀ ਦੇ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਜਦੋਂ 2005 ਵਿਚ ਪਾਕਿਸਤਾ ਗਏ ਤਾਂ ਉਨਹਾਂ ਨੈ ਜਿਨਾਹ ਨੂੰ ਇਕ “ਸੈਕੂਲਰ”ਲੀਡਰ ਕਰਾਰ ਦਿਤਾੲ ਸੀ,ਜਿਸ ਨਾਰਾਜ਼ ਹੋ ਕੇ ਆਰ.ਐਸ.ਐਸ. ਨੇ ਉਨਹਾਂ ਨੂੰ ਇਕ ਵਾਰੀ ਤਾਂ ਖੁਡੇ-ਲਾਈਨ ਲਗਾ ਦਿਤਾ ਸੀ।ਇਹ ਪੁਸਤਕ ਲਿਖਣ ਕਾਰਨ ਸ੍ਰੀ ਜਸਵੰਤ ਸਿੰਘ ਨੂੰ ਪਾਰਟੀ ਚੋਂ ਕੱਢ ਦਿਤਾ ਗਿਆ ਹੈ।
ਦੇਸ਼ ਦੀ ਵੰਡ ਭਾਰਤੀ ਉਪ-ਮਹਾਂਦੀਪ ਦਾ ਵੀਹਵੀਂ ਸਦੀ ਦਾ ਸਭ ਤੋਂ ਵੱਡਾ ਦੁਖਾਂਤ ਹੈ।ਇਸ ਬੇਲੋੜੀ ਵੰਡ ਨੇ ਲਗਭਗ ਸਵਾ ਕਰੋੜ ਪਰਿਵਾਰਾਂ ਨੂੰ ਅਪਣੇ ਜੱਦੀ ਪੁਸ਼ਤੀ ਘਰ, ਹਵੇਲੀਆਂ, ਜ਼ਮੀਨਾਂ ਜਾਇਦਾਦਾਂ, ਕਾਰੋਬਾਰ ਆਦਿ ਛੱਡ ਕੇ ਖਾਲੀ ਹੱਥ ਉਜੜ ਕੇ ਦੋ ਟੋਟੇ ਕਰਨ ਵਾਲੀ ਲਕੀਰ ਦੇ ਇਸ ਪਾਰ ਆਉਣਾ ਪਿਆ ਜਾਂ ਉਸ ਪਾਰ ਜਾਣਾ ਪਿਆ।ਲਗਭਗ ਦਸ ਲੱਖ ਪੰਜਾਬੀ ਇਸ ਚੰਦਰੀ ਲਕੀਰ ਦੇ ਦੋਨੋ ਪਾਸੇ ਫਿਰਕੂ ਅੰਸਰਾਂ ਦੇ ਹੱਥੋ ਕੋਹ ਕੋਹ ਕੇ ਮਾਰੇ ਗਏ, ਮਾਵਾਂ, ਭੈਣਾ, ਧੀਆਂ ਦੀ ਬੇਪਤੀ ਕੀਤੀ ਗਈ, ਅਪਣੀ ਇਜ਼ਤ ਬਚਾਉਂਦੀਆਂ ਹਜ਼ਾਰਾਂ ਹੀ ਬੀਬੀਆਂ ਨੇ ਖੁਹਾਂ ਜਾਂ ਨਹਿਰਾਂ ਵਿਚ ਛਾਲਾਂ ਮਾਰ ਮਾਰ ਕੇ ਅਪਣੀ ਜਾਨ ਦੇ ਦਿਤੀ।ਹਜ਼ਾਰਾਂ ਹੀ ਬੱਚੇ ਯਤੀਮ ਹੋ ਗਏ, ਸੱਜ-ਵਿਆਹੀਆਂ ਦੇ ਸੁਹਾਗ ਲੁਟੇ ਗਏ, ਬੁੱਢੇ ਮਾਪਿਆਂ ਦੀ ਡੰਗੋਰੀ ਟੁਟ ਗਈ।ਹਜ਼ਾਰਾਂ ਪਰਿਵਾਰ ਪੂਰੀ ਤਰ੍ਹਾ ਤਬਾਹ ਹੋ ਗਏ।
ਇਹ ਪਹਿਲੀ ਵਾਰੀ ਨਹੀਂ ਕਿ ਕਿਸੇ ਨੇਤਾ ਨੇ ਇਹ ਦੋਸ਼ ਲਗਾਇਆ ਹੈ ਕਿ ਭਾਵੇਂ ਮੁਖ ਤੌਰ ‘ਤੇ ਜਿਨਾਹ ਦੇਸ਼-ਵੰਡ ਲਈ ਜ਼ਿਮੇਵਾਰ ਹਨ ਹਨ,ਪਰ ਨਹਿਰੂ ਤੇ ਪਟੇਲ ਨੇ ਫਿਰਕੂ ਆਧਾਰ ‘ਤੇ ਵੰਡ ਕਰਵਾਈ।ਇਸ ਤੋਂ ਪਹਿਲਾਂ ਵੀ ਅਨੇਕਾਂ ਲੀਡਰ ਅਜੇਹਾ ਆਖਦੇ ਰਹੇ ਹਨ ਕਿ ਮਹਾਤਮਾ ਗਾਂਧੀ ਵੰਡ ਦੇ ਸਖ਼ਤ ਖਿਲਾਫ ਸਨ ਤੇ ਕਹਿੰਦੇ ਸਨ ਕਿ ਪਾਕਿਸਤਾਨ ਮੇਰੀ ਲਾਸ਼ ਉਤੇ ਬਣੇ ਗਾ। ਪੰਡਤ ਨਹਿਰੂ ਤੇ ਸਰਦਾਰ ਪਟੇਲ, ਜੋ ਬੁੱਢੇ ਹੋ ਰਹੇ ਸਨ ਅਤੇ ਸੋਚਦੇ ਸਨ ਕਿ ਕਿਤੇ ਆਜ਼ਾਦ ਹਿੰਦੁਸਤਾਨ ‘ਤੇ ਰਾਜ ਕੀਤੇ ਬਿਨਾ ਹੀ ਨਾ ਮਰ ਜਾਈਏ, ਨੇ ਮਹਾਤਮਾ ਗਾਂਧੀ ਉਤੇ ਦਬਾਓ ਪਾ ਕੇ ਵੰਡ ਲਈ ਮਨਾਇਆ। ਅਮਗਰੇਜ਼ੀ ਦੇ ਰੋਜ਼ਾਨਾ ਅਖ਼ਬਾਰ ਹਿੰਦੁਸਤਾਨ ਟਾਈਮਜ਼ ਵਿਚ 30 ਜਨਵਰੀ 1995 ਨੂੰ ਨਾਮਵਰ ਇਤਿਹਾਸਕਾਰ ਡੀ.ਚੀ. ਝਾਅ ਦਾ ਦੇਸ਼-ਵੰਡ ਬਾਰ ਇਕ ਲੇਖ ਛਪਿਆ ਹੈ ਜਿਸ ਵਿਚ ਲਿਖਿਆਂ ਹੈ ਕਿ ਕਾਂਗਰਸ ਪਾਰਟੀ ਵਿਚ ਸਰਦਾਰ ਪਟੇਲ ਪਹਿਲੇ ਲੀਡਰ ਹਨ ਜਿਨ੍ਹਾਂ ਨੇ ਪਾਕਿਸਤਾਨ ਦੀ ਮੰਗ ਪਰਵਾਰ ਕੀਤੀ ਤੇ ਇਕ ਸਾਂਝੇ ਦੋਸਤ ਰਾਹੀਂ ਇਸ ਬਾਰੇ ਜਿਨਾਹ ਨੂੰ ਸੁਨੇਹਾ ਵੀ ਭੇਜਿਆ।ਇਸ ਪਿਛੋਂ ਪੰਡਤ ਨਹਿਰੂ ਵੂੀ ਮੰਨ ਗਏ, ਮਹਾਤਮਾ ਗਾਂਧੀ ਨੇ ਵਿਰੋਧ ਕੀਤਾ ਸੀ, ਪਰ ਇਨ੍ਹਾਂ ਦੋਨਾਂ ਨੇ ਉਨਹਾਂ ਨੂੰ ਮਨਾ ਲਿਆ।
ਬ੍ਰਿਟਿਸ਼ ਇੰਡੀਆ ਦੇ ਤਤਕਾਲੀ ਪ੍ਰਧਾਮ ਮੰਤਰੀ ਕਲੈਮੈਂਟ ਐਟਲੀ ਨੇ 20 ਫਰਵਰੀ 1947 ਨੂੰ ਐਲਾਨ ਕੀਤਾ ਸੀ ਕਿ ਬ੍ਰਿਟਿਸ਼ ਸਰਕਾਰ ਜੂਨ 1948 ਦੇ ਮਹੀਨੇ ਹਕੂਮਤ ਹਿੰਦੁਸਤਾਨੀਆਂ ਨੂੰ ਸੌਂਪ ਦੇਵੇ ਗੀ ।ਕਿਹਾ ਜਾਂਦਾ ਹੈ ਕਿ ਕਾਂਗਰਸੀ ਲੀਡਰਾਂ ਦੀ ਰਾਜ ਕਰਨ ਦੀ ਕਾਹਲ ਨੇ ਜੂਨ 1948 ਦੀੌ ਵਜਾਏ 15 ਅਗੱਸਤ 1947 ਦੀ ਤਾਰੀਖ ਅਗੇ ਕਰਵਾਈ ਤੇ ਜਿਨਾਹ ਵਲੋਂ ਕੀਤਤੀ ਜਾ ਰਹੀ ਪਾਕਿਸਤਾਨ ਦੀ ਮੰਗ ਵੀ ਪਰਵਾਨ ਕਰ ਲਈ।ਉਹ ਥੋੜਾ ਸਬਰ ਕਰਦੇ ਤਾਂ ਹੋ ਸਕਦਾ ਹੈ ਕਿ ਦੇਸ਼-ਵੰਡ ਤੋਂ ਬਚ ਜਾਂਦਾ ਭਾਵੇਂ ਕਿ ਮੁਸਲਿਮ ਲੀਗ ਤੇ ਜਿਨਾਹ ਪਾਕਿਸਤਾਨ ਦੀ ਮੰਗ ‘ਤੇ ਅੜੇ ਹੋਏ ਸਨ। ਸਰਦਾਰ ਪਟੇਲ ਬਾਰੇ ਇਕ ਹੋਰ ਇਲਜ਼ਾਮ ਵੀ ਲਗਦਾ ਹੈ ਕਿ ਉਹ ਕੱਟੜ ਹਿੰਦੂ ਸਨ ਅਤੇ ਉਨ੍ਹਾਂ ਨੇ ਸਿੱਖਾਂ ਨੂੰ ਭੜਕਾ ਕੇ ਕਿ ਪਾਕਿਸਤਾਨ ਵਿਚ ਮੁਸਲਮਾਨਾਂ ਨੇ ਸਿੱਖਾਂ ਦਾ ਵੱਡੇ ਪੱਧਰ ‘ਤੇ ਕਤਲੇਆਮ ਕੀਤਾ ਹੈ, ਦਿੱਲੀ ਤੇ ਪੰਜਾਬ ਵਿਚ ਬੜੇ ਮੁਸਲਮਾਨ ਮਰਵਾਏ।
ਆਜ਼ਾਦੀ ਦੇ ਸੰਘਰਸ਼ ਤੇ ਦੇਸ਼-ਵੰਡ ਬਾਰੇ ਹਿੰਦੁਸਤਾਨ ਤੇ ਪਾਕਿਸਤਾਨੀ ਇਤਿਹਾਸਕਾਰਾਂ , ਵਿਦਵਾਨਾਂ ਤੇ ਪੱਤਰਕਾਰਾਂ ਨੇ ਜੋ ਇਤਿਹਾਸ ਲਿਖਿਆ ਹੈ ਉਹ ਬਹੁਤ ਹੀ ਇਕ-ਪਾਸੜ ਤੇ ਪੱਖਪਾਤੀ ਹੈ।ਭਾਰਤੀ ਇਹਿਾਸਕਾਰ ਤੇ ਪੱਤਰਕਾਰ ਫਿਰਕੂ ਆਧਾਰ ‘ਤੇ ਦੇਸ਼ ਦੇ ਟੁਕੜੇ ਕਰਵਾਉਨ ਲਈ ਪੂਰੀ ਤਰ੍ਹਾਂ ਜਿਨਾਹ ਨੂੰ ਜ਼ਿਮੇਵਾਰ ਠਹਿਰਾ ਰਹੇ ਹਨ, ਜਦੋਂ ਕਿ ਪਾਕਿਸਤਾਨੀ ਇਤਹਾਸਕਾਰ ਤੇ ਪੱਤਰਕਾਰ ਮਹਾਤਮਾ ਗਾਂਧੀ, ਪੰਡਤ ਨਹਿਰੂ ਸਮੇਤ ਕਾਂਗਰਸੀ ਲੀਡਰਾਂ ਨੂੰ। ਕਿਹਾ ਜਾਂਦਾ ਹੈ ਕਿ ਜਿਨਾਹ ਇਕ ਬਹੁਤ ਹੀ ਧਨਾਢ ਪਰਿਵਾਰ ਵਿਚ ਪੈਦਾ ਹੋਏ,ਉਨ੍ਹਾਂ ਦੀ ਪਾਲਣਾ ਪੋਸਣਾ ਅੰਗਰੇਜ਼ਾਂ ਵਾਂਗ ਹੋਈ ਅਤੇ ਉਹ ਬਹੁਤ ਉਦਾਰਵਾਦੀ ਸਨ, ਕੱਟੜਤਾ ਬਿਲਕੁਲ ਹੀ ਨਹੀਂ ਸੀ।ਉਹ ਚਾਹੁੰਦੇ ਸਨ ਕਿ ਆਜ਼ਾਦ ਹਿੰਦੁਸਤਾਨ ਵਿਚ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਵਿਚੋਂ ਇਕ ਅਹੁਦਾ ਮੁਸਲਮਾਨਾਂ ਪਾਸ ਹੋਵੇ, ਪਰ ਨਹਿਰੂ ਇਸ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਸਨ।ਨਾਮਵਰ ਸਿੱਖ ਇਤਿਹਾਸਕਾਰ ਡਾ. ਕ੍ਰਿਪਾਲ ਸਿੰਘ ਨੇ ਦੇਸ਼-ਵੰਡ ਉਤੇ ਬਹੁਤ ਜ਼ਿਆਦਾ ਕੰਮ ਕੀਤਾ ਹੈ,ਉਹ ਕੋਈ ਰੋਸਨੀ ਪਾ ਸਕਦੇ ਹਨ। ਦੇਸ਼-ਵਡ ਲਈ ਕੌਣ ਜ਼ਿਮੇਵਾਰ ਸ,ਿ ਇਸ ਬਾਰੇ ਭਾਰਤੀ ਤੇ ਪਾਕਿਸਤਾਨੀ ਇਤਿਹਾਸਕਾਰਾਂ ਨੂੰ ਪੂਰੀ ਖੋਜ ਤੇ ਆਧਾਰਿਤ ਨਿਰਪੱਖ ਤੇ ਸਹੀ ਇਤਿਹਾਸ ਲਿਖਣ ਦੀ ਲੋੜ ਹੈ।