ਨਵੀਂ ਦਿੱਲੀ- ਰਿਸ਼ਵਤਖੋਰੀ ਦੇ ਮਾਮਲੇ ਵਿਚ ਫਸੇ ਬੂਟਾ ਸਿੰਘ ਦੇ ਬੇਟੇ ਸਬੰਧੀ ਪੁੱਛਗਿੱਛ ਦੇ ਮਾਮਲੇ ਵਿਚ ਬੂਟਾ ਸਿੰਘ ਨੇ ਸੀਬੀਆਈ ਦੇ ਸਾਹਮਣੇ ਆਉਣੋਂ ਇਨਕਾਰ ਕਰ ਦਿੱਤਾ ਹੈ। ਬੂਟਾ ਸਿੰਘ ਦੇ ਬੇਟੇ ‘ਤੇ ਲੱਗੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਵਿਚ ਸੀਬੀਆਈ ਨੇ ਉਨ੍ਹਾਂ ਨੂੰ ਸਮਨ ਕੀਤਾ ਹੈ। ਬੂਟਾ ਸਿੰਘ ਦਾ ਕਹਿਣਾ ਹੈ ਕਿ ਅਨੁਸੂਚਿਤ ਜਾਤੀ-ਜਨਜਾਤੀ ਕਮਿਸ਼ਨ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਸੰਵਿਧਾਨਿਕ ਸੰਸਥਾ ਹਾਂ ਅਤੇ ਮੇਰੇ ਕੋਲ ਸਿਵਲ ਕੋਰਟ ਦੀਆਂ ਸ਼ਕਤੀਆਂ ਹਨ। ਅਜਿਹੇ ਵਿਚ ਸੀਬੀਆਈ ਨੂੰ ਮੈਨੂੰ ਸੰਮਨ ਕਰਨ ਦਾ ਕੋਈ ਇਖਤਿਆਰ ਨਹੀਂ ਹੈ।
ਸੀਬੀਆਈ ਦੇ ਡਾਇਰੈਕਟਰ ਅਸ਼ਵਨੀ ਕੁਮਾਰ ਨੂੰ ਭੇਜੀ ਦੋ ਪੰਨਿਆਂ ਦੀ ਚਿੱਠੀ ਵਿਚ ਬੂਟਾ ਸਿੰਘ ਨੇ ਸੀਬੀਆਈ ਵਲੋਂ ਸਮਨ ਕਰਨ ਦੇ ਅਧਿਕਾਰ ‘ਤੇ ਸਵਾਲ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕਮਿਸ਼ਨ ਦਾ ਦਰਜਾ ਆਪਣੇ ਆਪ ਵਿਚ ਦੀਵਾਨੀ ਅਦਾਲਤ ਦੇ ਬਰਾਬਰ ਹੁੰਦਾ ਹੈ। ਇਸ ਲਿਹਾਜ਼ ਨਾਲ ਕਮਿਸ਼ਨ ਦੇ ਪ੍ਰਧਾਨ ਨੂੰ ਸਿਵਲ ਕੋਰਟ ਦੇ ਬਰਾਬਰ ਸ਼ਕਤੀਆਂ ਹਾਸਲ ਹਨ। ਇਸਤੋਂ ਇਲਾਵਾ, ਇਹ ਕਾਨੂੰਨ ਦੀ ਸਥਾਪਤ ਪ੍ਰਕਿਰਿਆ ਹੈ ਕਿ ਪੁਲਿਸ ਜਾਂ ਸੀਬੀਆਈ ਦਾ ਕੋਈ ਵੀ ਅਧਿਕਾਰੀ ਉਨ੍ਹਾਂ ਨੂੰ ਆਪਣੇ ਸਨਮੁੱਖ ਪੇਸ਼ ਹੋਣ ਦਾ ਹੁਕਮ ਨਹੀਂ ਦੇ ਸਕਦਾ। ਬੂਟਾ ਸਿੰਘ ਨੂੰ ਸੀਬੀਆਈ ਨੇ ਸੋਮਵਾਰ ਤੱਕ ਪੇਸ਼ ਹੋਣ ਲਈ ਕਿਹਾ ਸੀ ਪਰ ਉਹ ਨਹੀਂ ਗਏ।
ਸੀਬੀਆਈ ਨੂੰ ਮੈਨੂੰ ਸਮਨ ਕਰਨ ਦਾ ਹੱਕ ਨਹੀਂ-ਬੂਟਾ ਸਿੰਘ
This entry was posted in ਭਾਰਤ.