ਬਠਿੰਡਾ- ਆਪਣੇ ਆਪ ਨੂੰ ਸੂਬੇ ਦੇ ਡਿਪਟੀ ਚੀਫ਼ ਮਨਿਸਟਰ ਸੁਖਬੀਰ ਸਿੰਘ ਬਾਦਲ ਦਾ ਪੀਏ ਦਸਣ ਵਾਲਾ ਗੁਰਸੇਵਕ ਸਿੰਘ ਅਕਾਲੀ ਵਰਕਰ ਹੈ ਅਤੇ ਉਸਦੇ ਕਈ ਵੱਡੇ ਲੀਡਰਾਂ ਨਾਲ ਸਬੰਧ ਹਨ। ਰਾਮਪੁਰਾ ਫੂਲ ਥਾਣੇ ਦੀ ਚਾਊਕੇ ਪੁਲਿਸ ਚੌਂਕੀ ਵਲੋਂ ਪੁੱਛਗਿੱਛ ਤੋਂ ਬਾਅਦ ਇਸਦਾ ਖੁਲਾਸਾ ਹੋਇਆ ਹੈ। ਹਾਲਾਂਕਿ ਮੁਲਜਿ਼ਮ ਦਾ ਨਕਲੀ ਪੀਏ ਬਣਕੇ ਠੱਗੀ ਮਾਰਨ ਦਾ ਇਹ ਪਹਿਲਾ ਯਤਨ ਸੀ, ਇਸ ਲਈ ਐਤਵਾਰ ਨੂੰ ਉਸਨੂੰ ਅਦਾਲਤ ਵਿਚ ਪੇਸ਼ ਕਰਕੇ 14 ਦਿਨਾਂ ਦੇ ਰਿਮਾਂਡ ‘ਤੇ ਜੇਲ੍ਹ ਭੇਜ ਦਿੱਤਾ ਗਿਆ ਹੈ।
ਜਿ਼ਕਰਯੋਗ ਹੈ ਕਿ ਗੁਰਸੇਵਕ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਨਿਵਾਸੀ ਪਿੰਡ ਬਲੋਚਾ ਨੂੰ ਥਾਣਾ ਸਾਦਿਕ ਜਿ਼ਲਾ ਫਰੀਦਕੋਟ ਰਾਮਪੁਰਾ ਪੁਲਿਸ ਵਲੋਂ ਸ਼ਨਿੱਚਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸਨੇ ਆਰਮਜ਼ ਐਕਟ ਦੇ ਮਾਮਲੇ ਨੂੰ ਰਫ਼ਾ ਦਫ਼ਾ ਕਰਵਾਉਣ ਲਈ ਹਰਚਰਨ ਸਿੰਘ ਪੁਤਰ ਅਰਜਨ ਸਿੰਘ ਨਿਵਾਸੀ ਚਾਉਕੇ ਤੋਂ 15 ਹਜ਼ਾਰ ਰੁਪਏ ਲਏ ਸਨ। ਗ੍ਰਿਫਤਾਰੀ ਤੋਂ ਬਾਅਦ ਪੁਲਿਸ ਵਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਉਸਨੇ ਇਸਦਾ ਖੁਲਾਸਾ ਕੀਤਾ, ਉਹ ਪਿਛਲੇ ਕਾਫ਼ੀ ਸਮੇਂ ਤੋਂ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ। ਸੂਤਰ ਦਸਦੇ ਹਨ ਕਿ ਉਸਦੇ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਨਾਲ ਜੁੜੇ ਆਦਮੀ ਨਾਲ ਚੰਗੇ ਸਬੰਧ ਹਨ ਅਤੇ ਇਸੇ ਕਰਕੇ ਉਸਨੇ ਨਾ ਸਿਰਫ਼ ਆਰਮਜ਼ ਐਕਟ ਦੇ ਮਾਮਲੇ ਨੂੰ ਰਫਾ ਦਫਾ ਕਰਾਉਣ ਦਾ ਭਰੋਸਾ ਦਿਵਾਇਆ ਸਗੋਂ ਆਪਣੇ ਆਪ ਨੂੰ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਦਾ ਪੀਏ ਦਸਿਆ।
ਸੂਤਰਾਂ ਦੀ ਮੰਨੀਏ ਤਾਂ ਇਸ ਗ੍ਰਿਫਤਾਰੀ ਤੋਂ ਬਾਅਦ ਆਰੋਪੀ ਗੁਰਸੇਵਕ ਸਿੰਘ ਦੇ ਨਜ਼ਦੀਕੀ ਰਹੇ ਕਈ ਲੀਡਰ ਸਰਗਰਮ ਹੋ ਗਏ ਅਤੇ ਇਸੇ ਕਰਕੇ ਇਸ ਸੰਜੀਦਾ ਮਾਮਲੇ ਦੀ ਪੁੱਛਗਿੱਛ ਲਈ ਪੁਲਿਸ ਨੂੰ ਰਿਮਾਂਡ ਲੈਣ ਲਈ ਕੋਈ ਮੁਸ਼ਕਲ ਨਹੀਂ ਸਹਿਣੀ ਪਈ ਅਤੇ ਮੁਲਜ਼ਮ ਨੂੰ ਅਦਾਲਤ ਨੇ ਨਿਆਂਇਕ ਹਿਰਾਸਤ ਵਿਚ ਜੇਲ੍ਹ ਭੇਜ ਦਿੱਤਾ। ਮਾਮਲੇ ਦੇ ਇਨਵੈਸਟੀਗੇਸ਼ਨ ਅਫ਼ਸਰ ਸਬ ਇੰਸਪੈਕਟਰ ਭੁਪਿੰਦਰ ਸਿੰਘ ਨੇ ਕਿਹਾ ਕਿ ਪੁੱਛਗਿੱਛ ਦੌਰਾਨ ਗੁਰਸੇਵਕ ਸਿੰਘ ਦੇ ਅਕਾਲੀ ਦਲ ਨਾਲ ਜੁੜੇ ਹੋਣ ਦਾ ਖੁਲਾਸਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਮੁਲਜਿ਼ਮ ਵਲੋਂ ਠੱਗੀ ਦੇ ਯਤਨ ਦਾ ਇਹ ਪਹਿਲਾ ਮਾਮਲਾ ਸੀ ਅਤੇ ਉਸ ਵਲੋਂ ਸਿ਼ਕਾਇਤਕਰਤਾ ਹਰਚਰਨ ਸਿੰਘ ਤੋਂ ਲਏ 15 ਹਜ਼ਾਰ ਰੁਪਏ ਦੀ ਬਰਾਮਦਗ਼ੀ ਹੋ ਚੁੱਕੀ ਸੀ। ਇਸ ਕਰਕੇ ਉਸਨੂੰ ਅਦਾਲਤ ਵਿਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਗਿਆ।
ਸੁਖਬੀਰ ਬਾਦਲ ਦਾ ਨਕਲੀ ਪੀਏ ਗਿਆ ਜੇਲ੍ਹ
This entry was posted in ਪੰਜਾਬ.