ਵਿਸ਼ਵ ਸਵਾਸਥ ਸੰਗਠਨ ਦਾ ਕਹਿਣਾ ਹੈ ਕਿ ਐਚਆਈਵੀ, ਟੀਬੀ ਅਤੇ ਮਲੇਰੀਆ ਜਿਹੀਆਂ ਬਿਮਾਰੀਆਂ ਦੇ ਲਈ ਹੋਮੀਓਬੈਥੀ ਦੇ ਇਲਾਜ ‘ਤੇ ਨਿਰਭਰ ਨਹੀਂ ਕਰਨਾ ਚਾਹੀਦਾ। ‘ਵਾਇਸ ਆਫ਼ ਯੰਗ ਸਾਇੰਸ ਨੈਟਵਰਕ’ ਦੇ ਬ੍ਰਿਟੇਨ ਅਤੇ ਅਫ਼ਰੀਕੀ ਖੋਜਕਾਰਾਂ ਨੇ ਜੂਨ ਵਿਚ ਵਿਸ਼ਵ ਸਵਾਸਥ ਸੰਗਠਨ (ਡਬਲਿਊਐਚਓ) ਨੂੰ ਲਿਖੀ ਚਿੱਠੀ ਵਿਚ ਕਿਹਾ ਸੀ, “ਅਸੀਂ ਵਿਸ਼ਵ ਸਵਾਸਥ ਸੰਗਠਨ ਤੋਂ ਮੰਗ ਕਰਦੇ ਹਾਂ ਕਿ ਉਹ ਟੀਬੀ, ਬੱਚਿਆਂ ਦੇ ਅਤਿਸਾਰ, ਇੰਫਲੁਏਂਜ਼ਾ, ਮਲੇਰੀਆ, ਅਤੇ ਐਚਆਈਵੀ ਦੇ ਲਈ ਹੋਮੀਓਪੈਥੀ ਦੇ ਇਲਾਜ ਨੂੰ ਹੁੰਗਾਰਾ ਦੇਣ ਦੀ ਨਿਖੇਧੀ ਕਰੇ।” ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਜਿਹੜੇ ਸਾਥੀ ਦੁਨੀਆਂ ਦੇ ਦਿਹਾਤੀ ਅਤੇ ਗਰੀਬ ਲੋਕਾਂ ਦੇ ਨਾਲ ਕੰਮ ਕਰਦੇ ਹਨ, ਉਹ ਉਨ੍ਹਾਂ ਤਕ ਵੱਡੀ ਮੁਸ਼ਕਲ ਨਾਲ ਡਾਕਟਰੀ ਸਹਾਇਤਾ ਪਹੁੰਚਾ ਪਾਉਂਦੇ ਹਨ। ਅਜਿਹੇ ਵਿਚ ਜਦ ਪ੍ਰਭਾਵਸ਼ਾਲੀ ਇਲਾਜ ਦੀ ਥਾਂ ਹੋਮੀਓਪੈਥੀ ਆ ਜਾਂਦੀ ਹੈ ਤਾਂ ਅਨੇਕਾਂ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਉਨ੍ਹਾਂ ਦੇ ਮੁਤਾਬਕ ਹੋਮੀਓਪੈਥੀ ਇਨ੍ਹਾਂ ਬਿਮਾਰੀਆਂ ਦਾ ਇਲਾਜ ਨਹੀਂ ਕਰ ਸਕਦੀ।
ਡਾਕਟਰ ਰਾਬਰਟ ਹੇਗਨ ਸੇਂਟ ਐਂਡਰਿਊ ਯੂਨੀਵਰਸਿਟੀ ਵਿਚ ਖੋਜਕਾਰ ਹਨ ਅਤੇ ਵਾਇਸ ਆਫ਼ ਯੰਗ ਸਾਇੰਸ ਨੈਟਵਰਕ ਦੇ ਮੈਂਬਰ ਵੀ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਦੁਨੀਆਂ ਭਰ ਦੀਆਂ ਸਰਕਾਰਾਂ ਅਜਿਹੀਆਂ ਖ਼ਤਰਨਾਕ ਬੀਮਾਰੀਆਂ ਦੇ ਇਲਾਜ ਲਈ ਹੋਮੀਓਪੈਥਿਕ ਇਲਾਜ ਦੇ ਖਤਰਿਆਂ ਨੂੰ ਸਮਝਣ।
ਵਿਸ਼ਵ ਸਿਹਤ ਜਥੇਬੰਦੀ ਦੇ ਸਟਾਪ ਟੀਬੀ ਵਿਭਾਗ ਦੇ ਡਾਇਰੈਕਟਰ ਡਾਕਟਰ ਮਾਰੀਓ ਰੇਵੀਗੀਲਓ ਨੇ ਕਿਹਾ, “ਟੀਬੀ ਦੇ ਇਲਾਜ ਲਈ ਸਾਡੀਆਂ ਹਿਦਾਇਤਾਂ ਅਤੇ ਇੰਟਰਨੈਸ਼ਨਲ ਸਟੈਂਡਰਡਜ਼ ਆਫ਼ ਟਿਯੂਬਰਕੋਲਾਸਿਸ ਕੇਅਰ – ਦੋਵੇਂ ਹੀ ਹੋਮੀਓਪੈਥੀ ਦੀ ਵਰਤੋਂ ਦੀਆਂ ਸਿਫਾਰਿਸ਼ਾਂ ਨਹੀਂ ਕਰਦੀਆਂ।” ਡਾਕਟਰਾਂ ਨੇ ਇਹ ਸਿ਼ਕਾਇਤ ਵੀ ਕੀਤੀ ਕਿ ਬੱਚਿਆਂ ਦੇ ਅਤਿਸਾਰ ਦੇ ਇਲਾਜ ਲਈ ਹੋਮੀਓਪੈਥੀ ਦੀ ਵਰਤੋਂ ਨੂੰ ਉਤਸਾਹਿਤ ਕੀਤਾ ਜਾ ਰਿਹਾ ਹੈ। ਵਿਸ਼ਵ ਸਿਹਤ ਜਥੇਬੰਦੀ ਦੇ ਬਾਲ ਅਤੇ ਵੱਡੇ ਬੱਚਿਆਂ ਦੀ ਸਿਹਤ ਅਤੇ ਵਿਕਾਸ ਦੇ ਲਈ ਇਕ ਬੁਲਾਰੇ ਨੇ ਕਿਹਾ ਕਿ ਸਾਨੂੰ ਅਜੇ ਤੱਕ ਅਜਿਹੇ ਪ੍ਰਮਾਣ ਨਹੀਂ ਮਿਲ ਕਿ ਇਨ੍ਹਾਂ ਬਿਮਾਰੀਆਂ ਵਿਚ ਹੋਮੀਓਪੈਥੀ ਦੇ ਇਲਾਜ ਨਾਲ ਕੋਈ ਫਾਇਦਾ ਹੁੰਦਾ ਹੈ।
ਰਾਇਲ ਲਿਵਰਪੂਲ ਯੂਨੀਵਰਸਿਟੀ ਹਸਪਤਾਲ ਵਿਚ ਛੂਤ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਨਿਕ ਬੀਚਿੰਗ ਦਾ ਕਹਿਣਾ ਹੈ ਕਿ ਮਲੇਰੀਆ, ਐਚਆਈਵੀ ਅਤੇ ਟੀਬੀ ਜਿਹੀਆਂ ਫੈਲਣ ਵਾਲੀਆਂ ਬਿਮਾਰੀਆਂ ਨਾਲ ਵੱਡੀ ਗਿਣਤੀ ਵਿਚ ਲੋਕ ਮਰਦੇ ਹਨ ਪਰ ਇਨ੍ਹਾਂ ਦਾ ਕਈ ਤਰ੍ਹਾਂ ਨਾਲ ਇਲਾਜ ਕੀਤਾ ਜਾ ਸਕਦਾ ਹੈ। ਜਦਕਿ ਅਹਿਜੇ ਕੋਈ ਸਬੂਤ ਨਹੀਂ ਹਨ ਕਿ ਹੋਮੀਓਪੈਥੀ ਇਨ੍ਹਾਂ ਫੈਲਣ ਵਾਲੀਆਂ ਬਿਮਾਰੀਆਂ ਵਿਚ ਕਾਰਗਰ ਸਿੱਧ ਹੁੰਦੀ ਹੈ। ਇਸ ਲਈ ਸਿਹਤ ਮੁਲਾਜ਼ਮਾਂ ਵਲੋਂ ਅਜਿਹੀਆਂ ਮਾਰੂ ਬਿਮਾਰੀਆਂ ਦੇ ਇਲਾਜ ਲਈ ਹੋਮੀਓਪੈਥੀ ਦਾ ਪ੍ਰਚਾਰ ਕਰਨਾ ਬਹੁਤ ਗੈਰ ਜਿ਼ੰਮੇਵਾਰੀ ਦਾ ਕੰਮ ਹੈ। ਉਧਰ ਸੁਸਾਇਟੀ ਆਫ਼ ਹੋਮੀਓਪੈਥਸ ਦੀ ਮੁੱਖ ਕਾਰਜਕਾਰੀ ਪਾਓਲਾ ਰਾਸ ਦਾ ਕਹਿਣਾ ਸੀ ਕਿ ਇਹ ਹੋਮੀਓਪੈਥੀ ਦੇ ਬਾਰੇ ਵਿਚ ਭੰਡੀ ਪ੍ਰਚਾਰ ਕਰਨ ਦੀ ਇਕ ਨਾਕਾਮ ਕੋਸਿ਼ਸ਼ ਹੈ। ਹੋਮੀਓਪੈਥੀ ਦੇ ਇਲਾਜ ਬਾਰੇ ਹੁਣ ਬਹੁਤ ਪੁਖਤਾ ਸਬੂਤ ਸਾਹਮਣੇ ਆ ਰਹੇ ਹਨ ਜਿਹੜੇ ਵਧਦੇ ਜਾ ਰਹੇ ਹਨ।
ਐਚਆਈਵੀ, ਟੀਬੀ ਆਦਿ ਲਈ ਹੋਮੀਓਪੈਥੀ ਠੀਕ ਨਹੀਂ-ਡਬਲਿਊਐਚਓ
This entry was posted in ਅੰਤਰਰਾਸ਼ਟਰੀ.