ਬਰਲਿਨ- ਜਮਾਇਕਾ ਦੇ ਉਸੈਨ ਬੋਲਟ ਨੇ ਜਰਮਨੀ ਦੀ ਰਾਜਧਾਨੀ ਵਿਚ ਹੋ ਰਹੀਆਂ ਵਿਸ਼ਵ ਅਥਲੈਟਿਕਸ ਚੈਂਪੀਅਨਸਿ਼ਪ ਵਿਚ ਸੋਨੇ ਦੇ ਮੈਡਲ ਜਿੱਤਣ ਦੀ ਹੈਟ੍ਰਿਕ ਲਾਈ ਹੈ।
100 ਮੀਟਰ ਅਤੇ 200 ਮੀਟਰ ਵਿਚ ਨਵੇਂ ਵਿਸ਼ਵ ਰਿਕਾਰਡ ਦੇ ਨਾਲ ਸੋਨੇ ਦਾ ਮੈਡਲ ਜਿੱਤਣ ਵਾਲੇ ਉਸੈਨ ਬੋਲਟ 400 ਮੀਟਰ ਦੀ ਰਿਲੇ ਦੌੜ ਜਿੱਤਣ ਵਾਲੀ ਜਮੈਕਾ ਦੀ ਟੀਮ ਦਾ ਹਿੱਸਾ ਸਨ। ਪਰ ਉਸੈਨ ਬੋਲਟ ਸਮੇਟ ਜਮਾਇਕਾ ਦੀ ਚੌਕੜੀ ਇਸ ਰਿਲੈ ਦੋੜ ਵਿਚ ਨਵਾਂ ਵਿਸ਼ਵ ਰਿਕਾਰਡ ਨਾ ਬਣਾ ਸਕੀ। ਉਨ੍ਹਾਂ ਨੇ ਇਹ ਦੌੜ 37.31 ਸਕਿੰਟਾਂ ਵਿਚ ਪੂਰੀ ਕੀਤੀ। ਇਸ ਰਿਲੇ ਦੌੜ ਵਿਚ ਸੋਨੇ ਦਾ ਮੈਡਲ ਜਿੱਤਣ ਵਾਲੀ ਜਮਾਇਕਾ ਦੀ ਟੀਮ ਵਿਚ ਉਸੈਨ ਬੋਲਟ ਤੋਂ ਇਲਾਵਾ ਅਸਫ਼ਾ ਪਾਵੇਲ, ਸਟੀਵ ਮੁਲਿੰਗਸ ਅਤੇ ਮਾਈਕਲ ਫਰੇਟਰ ਸ਼ਾਮਲ ਸਨ।
ਇਸ ਦੌੜ ਵਿਚ ਤ੍ਰਿਨਿਡਾਡ ਦੀ ਟੀਮ ਨੇ ਚਾਂਦੀ ਅਤੇ ਬ੍ਰਿਟੇਨ ਦੀ ਟੀਮ ਨੇ ਤਾਂਬੇ ਦਾ ਮੈਡਲ ਜਿਤਿਆ। ਸੈਮੀਫਾਈਨਲ ਵਿਚ ਅਮਰੀਕੀ ਟੀਮ ਅਯੋਗ ਕਰਾਰ ਦਿੱਤੀ ਗਈ ਸੀ। ਇਸਤੋਂ ਬਾਅਦ ਜਮਾਇਕਾ ਦੀ ਟੀਮ ਨੂੰ ਇਸ ਰਿਲੇ ਦੌੜ ਦੀ ਜਿੱਤ ਦਾ ਸਭ ਤੋਂ ਵੱਡਾ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਅਤੇ ਉਨ੍ਹਾਂ ਨੇ ਆਪਣੇ ਪ੍ਰਸੰਸਕਾਂ ਨੂੰ ਨਿਰਾਸ਼ ਨਹੀਂ ਕੀਤਾ।
ਹਾਲਾਂਕਿ ਇਹ ਟੀਮ ਨਵਾਂ ਵਿਸ਼ਵ ਰਿਕਾਰਡ ਨਹੀਂ ਬਣਾ ਸਕੀ। ਪਰ ਉਨ੍ਹਾਂ ਨੇ ਇਸ ਦੌੜ ਨੂੰ ਪੂਰਿਆਂ ਕਰਨ ਵਿਚ ਦੂਜਾ ਸਭ ਤੋਂ ਘੱਟ ਸਮਾਂ ਲਿਆ। ਇਸਦੇ ਬਾਵਜੂਦ ਉਸੈਨ ਬੋਲਟ ਨਿਰਾਸ਼ ਨਜ਼ਰ ਆਏ ਕਿਉਂਕਿ ਉਹ ਪੂਰੀ ਤਰ੍ਹਾਂ ਫਿਟ ਮਹਿਸੂਸ ਨਹੀਂ ਸਨ ਕਰ ਰਹੇ। ਉਸੈਨ ਬੋਲਟ ਨੇ ਇਸ ਚੈਂਪੀਅਨਸਿ਼ਪ ਵਿਚ 100 ਮੀਟਰ ਦੀ ਦੌੜ ਨਵੇਂ ਵਿਸ਼ਵ ਰਿਕਾਰਡ ਦੇ ਨਾਲ 9.58 ਸਕਿੰਟਾਂ ਵਿਚ ਜਿੱਤੀ ਸੀ। ਜਦਕਿ 200 ਮੀਟਰ ਦੀ ਦੌੜ ਉਸਨੇ 19.19 ਸਕਿੰਟਾਂ ਵਿਚ ਪੂਰੀ ਕਰਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ ਸੀ।
ਬੋਲਟ ਨੇ ਤਿੰਨ ਸੋਨ ਤਗਮੇ ਜਿੱਤੇ
This entry was posted in ਖੇਡਾਂ.