ਪਾਕਿਸਤਾਨ ਵਲੋਂ ਇਕ ਸਾਲ ਦੀ ਪਾਬੰਦੀ ਦਾ ਸਾਹਮਣਾ ਕਰ ਰਹੇ ਗੇਂਦਬਾਜ਼ ਮੁਹੰਮਦ ਆਸਿਫ਼ ਨੂੰ ਦਖਣੀ ਅਫ਼ਰੀਕਾ ਵਿਖੇ ਚੈਂਪੀਅਨਸ ਟਰਾਫ਼ੀ ਲਈ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਉਸ ‘ਤੇ ਇਹ ਰੋਕ ਪਿਛਲੇ ਸਾਲ ਇੰਡੀਅਨ ਪ੍ਰੀਮੀਅਰ ਲੀਗ ਵਿਚ ਪਾਬੰਦੀਸ਼ੁਦਾ ਦਵਾਈ ਦੀ ਵਰਤੋਂ ਕਰਨ ਕਰਕੇ ਲਾਈ ਗਈ ਸੀ।
ਉਸ ‘ਤੇ ਇਕ ਸਾਲ ਲਈ ਲਾਈ ਗਈ ਪਾਬੰਦੀ 22 ਸਤੰਬਰ ਨੂੰ ਖ਼ਤਮ ਹੋ ਰਹੀ ਹੈ ਅਤੇ ਉਸੇ ਦਿਨ ਤੋਂ ਚੈਂਪੀਅਨਸ ਟਰਾਫ਼ੀ ਦੀ ਸ਼ੁਰੂਆਤ ਹੋ ਰਹੀ ਹੈ। ਮੁੱਖ ਚੋਣਕਾਰ ਇਕਬਾਲ ਕਾਸਿਮ ਨੇ ਇਸ ਬਾਰੇ ਕਿਹਾ ਕਿ ਉਨ੍ਹਾਂ ਨੇ ਜਿਹੜੀ ਗਲਤੀ ਕੀਤੀ ਉਹ ਉਸਦੀ ਸਜ਼ਾ ਕੱਟ ਰਹੇ ਹਨ। ਸਾਨੂੰ ਲਗਦਾ ਹੈ ਕਿ ਇੰਨੇ ਵੱਡੇ ਟੂਰਨਾਮੈਂਟ ਦੇ ਲਈ ਉਹ ਇਕ ਅਹਿਮ ਖਿਡਾਰੀ ਹੋਣਗੇ। ਪਾਕਿਸਤਾਨ ਉਸ ਟੂਰਨਾਮੈਂਟ ਵਿਚ ਗਰੁਪ ਏ ਵਿਚ ਆਸਟ੍ਰੇਲੀਆ, ਭਾਰਤ ਅਤੇ ਵੈਸਟ ਇੰਡੀਜ਼ ਦੇ ਨਾਲ ਹੈ। ਟੀਮ ਨੂੰ ਆਸ ਹੈ ਕਿ ਇਸ ਸਾਲ ਦੀ ਇੰਗਲੈਂਡ ਟਵੰਟੀ-20 ਦਾ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਉਨ੍ਹਾਂ ਦੀ ਟੀਮ ਹੁਣ ਚੈਂਪੀਅਨਸ ਟਰਾਫ਼ੀ ਵੀ ਜਿੱਤ ਸਕੇਗੀ।
ਇਸਦੇ ਨਾਲ ਹੀ ਮੁਹੰਮਦ ਆਸਿਫ਼ ਨੂੰ ਆਸ ਹੋਵੇਗੀ ਕਿ ਨਸ਼ੀਲੇ ਪਦਾਰਥਾਂ ਨਾਲ ਜੁੜੇ ਵਿਵਾਦਾਂ ਕਰਕੇ ਸੁਰਖੀਆਂ ਵਿਚ ਆਉਣ ਤੋਂ ਬਾਅਦ ਹੁਣ ਉਹ ਮੈਦਾਨ ਵਿਚ ਅਜਿਹਾ ਕੁਝ ਕਰਿਸ਼ਮਾ ਕਰ ਵਿਖਾਉਣ ਜਿਸ ਨਾਲ ਉਨ੍ਹਾਂ ਦਾ ਮਾਣ ਬਰਕਰਾਰ ਰਹੇ। ਇਸਤੋਂ ਪਹਿਲਾਂ 2006 ਵਿਚ ਪਾਕਿਸਤਾਨ ਕ੍ਰਿਕਟ ਬੋਰਡ ਨੇ ਨਸ਼ੀਲੀਆਂ ਦਵਾਈਆਂ ਦੀ ਵਰਤੋਂ ‘ਤੇ ਰੋਕ ਲਾਈ ਸੀ ਪਰ ਉਸ ਵੇਲੇ ਉਹ ਇਹ ਕਹਿੰਦੇ ਹੋਏ ਫੈਸਲੇ ਨੂੰ ਚੁਣੌਤੀ ਦੇਣ ਵਿਚ ਕਾਮਯਾਬ ਰਹੇ ਸਨ ਕਿ ਉਸਨੇ ਜਾਣ ਬੁਝਕੇ ਇਹ ਦਵਾਈ ਨਹੀਂ ਸੀ ਲਈ।
ਪਿਛਲੇ ਸਾਲ ਆਈਪੀਐਲ ਵਿਚ ਨਸ਼ੀਲੀ ਦਵਾਈ ਲੈਣ ਤੋਂ ਇਲਾਵਾ ਉਸ ਨੂੰ ਦੁਬਈ ਹਵਾਈ ਅੱਡੇ ‘ਤੇ ਅਫ਼ੀਮ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਬਾਅਦ ਵਿਚ ਦਸ ਲੱਖ ਰੁਪਏ ਜੁ਼ਰਮਾਨਾ ਕੀਤਾ ਗਿਆ ਸੀ। ਉਸ ਵੇਲੇ ਉਸਨੇ ਕਿਹਾ ਸੀ ਕਿ ਸੀ ਉਸਦੀ ਜੜੀ ਬੂਟੀਆਂ ਵਾਲੀ ਦਵਾਈ ਵਿਚ ਅਫ਼ੀਮ ਵੀ ਹੈ ਪਰ ਜਦ ਉਹ ਪਾਕਿਸਤਾਨ ਕ੍ਰਿਕਟ ਬੋਰਡ ਦੇ ਅਨੁਸ਼ਾਸਨਿਕ ਮਾਮਲਿਆਂ ਦੀ ਕਮੇਟੀ ਦੇ ਸਾਹਮਣੇ ਪਹੁੰਚੇ ਤਾਂ ਉਸਨੇ ਆਪਣੀ ਗਲਤੀ ਮੰਨ ਲਈ ਸੀ। ਪਾਕਿਸਤਾਨੀ ਟੀਮ ਵਿਚ ਅਬਦੁਲ ਰੱਜ਼ਾਕ ਦੀ ਥਾਂ ਰਾਣਾ ਨਵੇਦ-ਉਲ ਹਸਨ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਨਾਲ ਹੀ 19 ਸਾਲਾ ਉਮਰ ਅਕਮਲ ਨੂੰ ਵੀ ਥਾਂ ਮਿਲੀ ਹੈ।
ਪਾਕਿਸਤਾਨੀ ਟੀਮ ਵਿਚ ਯੁਨੂਸ ਖਾਨ ( ਕਪਤਾਨ ), ਇਮਰਾਨ ਨਜ਼ੀਰ, ਮਿਸਬਾਹ-ਉਲ-ਹਕ, ਉਮਰ ਅਕਮਲ, ਸ਼ੋਇਬ ਮਲਿਕ, ਸ਼ਾਹਿਦ ਅਫਰੀਦੀ, ਰਾਣਾ ਨਵੇਦ-ਉਲ-ਹਸਨ, ਫ਼ਵਾਦ ਆਲਮ, ਮੁਹੰਮਦ ਯੂਸੁਫ਼, ਕਾਮਰਾਨ ਅਕਮਲ, ਉਮਰ ਗੁਲ, ਮੁਹੰਮਦ ਆਮਿਰ, ਮੁਹੰਮਦ ਆਸਿਫ਼, ਰਾਵ ਇਫਤਿਖਾਰ, ਸਈਦ ਅਜਮਲ ਦੇ ਨਾਮ ਸ਼ਾਮਲ ਹਨ।
ਮੁਹੰਮਦ ਆਸਿਫ਼ ਦੀ ਟੀਮ ਵਿਚ ਵਾਪਸੀ
This entry was posted in ਖੇਡਾਂ.