ਨਵੀਂ ਦਿੱਲੀ- ਭਾਰਤ ਦੀ ਰਾਜਧਾਨੀ ਦਿੱਲੀ ਵਿਚ ਇਕ ਦਰਿੰਦੇ ਨੇ ਆਪਣੀ ਦਰਿੰਦਗ਼ੀ ਦਾ ਪ੍ਰਦਰਸ਼ਨ ਕਰਦੇ ਹੋਏ ਇਕ ਕੈਂਸਰ ਪੀੜਤ ਔਰਤ ਨੂੰ ਬੁਰੀ ਤਰ੍ਹਾਂ ਸੜਕ ‘ਤੇ ਘਸੀਟਿਆ। ਇਸ ਸਭ ਕੁਝ ਵਾਪਰਿਆ ਵੀ ਮਾਮੂਲੀ ਜਿਹੀ ਕਹਾ ਸੁਣੀ ਕਰਕੇ। ਉਸਨੇ ਉਸ ਔਰਤ ਨੂੰ ਚਪੇੜ ਵੀ ਮਾਰੀ। ਪੀੜਤ ਔਰਤ ਦੀ ਬੇਟੀ ਨੇ ਕਾਰ ਦਾ ਨੰਬਰ ਨੋਟ ਕਰਕੇ ਪੁਲਿਸ ਨੂੰ ਦਸਿਆ। ਮੁਲਜਿ਼ਮ ਗੁੜਗਾਂਵ ਦੀ ਇਕ ਕੰਪਨੀ ਵਿਚ ਨੌਕਰੀ ਕਰਦਾ ਹੈ। ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਹ ਵਾਰਦਾਤ ਸ਼ਨਿੱਚਰਵਾਰ ਦੁਪਹਿਰੇ ਅੰਦਾਜ਼ਨ 4 ਵਜੇ ਵਾਪਰੀ। ਨਿਊ ਮਹਾਵੀਰ ਨਗਰ ਵਿਚ ਰਹਿਣ ਵਾਲੀ ਕਿਰਨ ਆਨੰਦ ਅਤੇ ਉਸਦੀ ਬੇਟੀ ਅਲੀਸ਼ਾ ਪੀਰਾਗੜ੍ਹੀ ਇਲਾਕੇ ਵਿਚ ਆਉਟਰ ਰਿੰਗ ਰੋੜ ‘ਤੇ ਸਕੂਟੀ ‘ਤੇ ਜਾ ਰਹੀਆਂ ਸਨ। ਅਨੀਸ਼ਾ ਸਕੂਟੀ ਡਰਾਈਵ ਕਰ ਰਹੀ ਸੀ। ਇਸੇ ਦੌਰਾਨ ਪੀਰਾਗੜ੍ਹੀ ਵਿਚ ਰਹਿਣ ਵਾਲਾ ਆਸ਼ੂ ਸ਼ੌਕੀਨ ( 22 ਸਾਲ) ਆਪਣੀ ਸੈਂਟਰੋ ਕਾਰ ਵਿਚ ਉਨ੍ਹਾਂ ਦੇ ਨੇੜਿਉਂ ਨਿਕਲਿਆ। ਪੁਲਸ ਮੁਤਾਬਕ ਆਸ਼ੂ ਨੇ ਅਲੀਸ਼ਾ ‘ਤੇ ਫਿਕਰਾ ਕਸਿਆ ਅਤੇ ਸਕੂਟੀ ਨੂੰ ਅੰਦਾਜ਼ਨ ਟੱਚ ਕਰਦੇ ਹੋਏ ਕਾਰ ਉਨ੍ਹਾਂ ਦੇ ਨੇੜਿਉਂ ਕੱਢੀ। ਕਾਰ ਅੱਗੇ ਰੈਡ ਲਾਈਟ ‘ਤੇ ਰੁਕ ਗਈ। ਪਿੱਛੇ ਸਕੂਟੀ ਆਕੇ ਵੀ ਰੈਡ ਲਾਈਟ ‘ਤੇ ਰੁਕੀ। ਪੁਲਿਸ ਦੇ ਡੀਸੀਪੀ ਸ਼ਰਦ ਅਗਰਵਾਲ ਨੇ ਦਸਿਆ ਕਿ ਰੈਡ ਲਾਈਟ ‘ਤੇ ਸਕੂਟੀ ਤੋਂ ਹੇਠਾਂ ਉਤਰੇ ਕਿਰਨ ਆਨੰਦ ਆਸ਼ੂ ਸ਼ੌਕੀਨ ਦੇ ਕੋਲ ਗਈ ਅਤੇ ਉਸਦੀ ਉਸ ਹਰਕਤ ਕਰਕੇ ਉਸਨੂੰ ਬੁਰਾ ਭਲਾ ਕਿਹਾ। ਇਸ ਦੌਰਾਨ ਲਾਈਟ ਗਰੀਨ ਹੋ ਗਈ। ਆਸ਼ੂ ਨੇ ਸੜਕ ‘ਤੇ ਖੜੀ ਕਿਰਨ ਆਨੰਦ ਦਾ ਹੱਥ ਫੜ ਲਿਆ ਅਤੇ ਕਾਰ ਭਜਾ ਲਈ। ਕਿਰਨ ਕਾਰ ਦੇ ਨਾਲ ਘਸੀਟਦੀ ਚਲੀ ਗਈ। ਰੈਡ ਲਾਈਟ ‘ਤੇ ਖੜੀ ਉਸਦੀ ਬੇਟੀ ਆਲੀਸ਼ਾਂ ਨੇ ਚੀਕਾਂ ਮਾਰੀਆਂ, ਪਰ ਕੋਈ ਰਾਹਗੀਰ ਅੱਗੇ ਨਾ ਆਇਆ। ਕੁਝ ਦੂਰ ਤੱਕ ਘਸੀਟੇ ਜਾਣ ਤੋਂ ਬਾਅਦ ਆਸ਼ੂ ਨੇ ਕਿਰਨ ਨੂੰ ਛੱਡ ਦਿੱਤਾ। ਪੁਲਿਸ ਸੂਤਰਾਂ ਮੁਤਾਬਕ ਉਸਨੇ ਕਿਰਨ ਨੂੰ ਚਪੇੜ ਵੀ ਮਾਰੀ, ਪਰ ਪੁਲਿਸ ਅਫ਼ਸਰਾਂ ਵਲੋਂ ਇਸਦੀ ਪੁਸ਼ਟੀ ਨਹੀਂ ਕੀਤੀ ਗਈ।
ਦਿਨ ਦਿਹਾੜੇ ਇਹ ਵਾਰਦਾਤ ਹੋ ਜਾਣ ਤੋਂ ਬਾਅਦ ਵੀ ਕਿਰਨ ਅਤੇ ਆਲੀਸ਼ਾ ਨੇ ਹਿੰਮਤ ਨਹੀਂ ਹਾਰੀ। ਆਲੀਸ਼ਾ ਨੇ ਕਾਰ ਦਾ ਨੰਬਰ ਨੋਟ ਕਰਕੇ ਪੁਲਿਸ ਨੂੰ ਕਾਲ ਕੀਤੀ। ਕਿਰਨ ਨੂੰ ਹਸਪਤਾਲ ਲਿਜਾਇਆ ਗਿਆ। ਉਸਦੀ ਮੈਡੀਕਲ ਜਾਂਚ ਤੋਂ ਬਾਅਦ ਪੱਛਮ ਵਿਹਾਰ ਥਾਣੇ ਵਿਚ ਆਈਪੀਸੀ ਦੀ ਧਾਰਾ 354 ( ਔਰਤਾਂ ਨਾਲ ਬਦਸਲੂਕੀ ), 323 ( ਕੁੱਟਮਾਰ) ਅਤੇ 341 ( ਗੈ਼ਰ ਕਾਨੂੰਨੀ ਢੰਗ ਨਾਲ ਰਾਹ ਰੋਕਣਾ) ਦੇ ਤਹਿਤ ਕੇਸ ਦਰਜ ਕਰ ਲਿਆ ਗਿਆ। ਡੀਸੀਪੀ ਸ਼ਰਦ ਅਗਰਵਾਲ ਨੇ ਦਸਿਆ ਕਿ ਆਸ਼ੂ ਗੁੜਗਾਂਵ ਦੀ ਕਿਸੇ ਕੰਪਨੀ ਵਿਚ ਨੌਕਰੀ ਕਰਦਾ ਹੈ। ਉਸਦੀ ਗ੍ਰਿਫਤਾਰੀ ਲਈ ਪੁਲਿਸ ਨੇ ਕਈ ਥਾਈ ਛਾਪੇ ਮਾਰੇ। ਸ਼ਾਮੀਂ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ।
ਦਰਿੰਦੇ ਨੇ ਔਰਤ ਨੂੰ ਕਾਰ ਨਾਲ ਘਸੀਟਿਆ
This entry was posted in ਭਾਰਤ.