ਅੰਮ੍ਰਿਤਸਰ - ਸ਼੍ਰੋਮਣੀ ਯੂਥ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੰਤਰੀ ਸ੍ਰ ਬਿਕਰਮ ਸਿੰਘ ਮਜੀਠੀਆ ਨੇ ਰਾਜ ਵਿੱਚ ਹੋਈਆਂ ਜਿਮਨੀ ਚੋਣਾਂ ਵਿੱਚ ਪੱਖਪਾਤ ਕਰਨ ਦਾ ਦੋਸ਼ ਲਗਾਉਣ ਵਾਲੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਨੂੰ ਆੜੇ ਹੱਥੀ ਲੈਂਦਿਆਂ ਜਿਮਨੀ ਚੋਣਾਂ ਦੀ ਨਿਮੋਸ਼ੀਜਨਕ ਹਾਰ ਦੀ ਬੁਖਲਾਹਟ ਤੋਂ ਉਭਰਣ ਅਤੇ ਝੂਠੀ ਬਿਆਨਬਾਜੀ ਬੰਦ ਕਰਨ ਲਈ ਕਿਹਾ ਹੈ। ਉਹਨਾਂ ਕਿਹਾ ਕਿ ਕਾਂਗਰਸ ਨੂੰ ਲੋਕਾਂ ਦੇ ਫਤਵੇ ਦਾ ਸਨਮਾਨ ਅਤੇ ਪ੍ਰਵਾਨ ਕਰਨ ਦੀ ਜੁਰਅਤ ਰੱਖਣੀ ਚਾਹੀਦੀ ਹੈ। ਉਹਨਾਂ ਨੂੰ ਸਵਾਲ ਉਠਾਉਦਿਆਂ ਕਿਹਾ ਕਿ ਕੀ ਕਾਂਗਰਸ ਪਾਰਟੀ ਦੇ ਨੇਤਾਵਾਂ ਦਾ ਜਨਤਾ ਤੋਂ ਵਿਸ਼ਵਾਸ਼ ਉਠ ਗਿਆ ਹੈ ਜਾਂ ਉਹ ਆਪਣੀ ਸ਼ਰਮਨਾਕ ਹਾਰ ਨੂੰ ਛੁਪਾਉਣ ਲਈ ਲੋਕਤੰਤਰੀ ਢਾਂਚੇ ਤੇ ਉਂਗਲ ਚੁੱਕ ਰਹੇ ਹਨ? ਇਸ ਪਤਰਕਾਰ ਨਾਲ ਗਲਬਾਤ ਕਰਦਿਆਂ ਸ: ਮਜੀਠੀਆ ਨੇ ਕੈਪਟਨ ਅਮਰਿੰਦਰ ਸਿੰਘ ਦੀ ਰਾਜਨੀਤਕ ਸੂਝਬੂਝ ਦੇ ਦੀਵਾਲੀਏਪਨ ਦਾ ਵੀ ਮਾਖੌਲ ਉਡਾਦਿਆਂ ਕਿਹਾ ਕਿ ਉਹ ਨਾ ਸਿਰਫ ਲੋਕਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਦਿੱਤੇ ਫਤਵੇ ਤੇ ਸ਼ੱਕ ਕਰ ਰਿਹਾ ਹੈ ਬਲਕਿ ਆਜ਼ਾਦਾਨਾ ਤੇ ਨਿਰਪੱਖ ਚੋਣਾਂ ਲਈ ਵਚਨਬੱਧ ਚੋਣ ਕਮਿਸ਼ਨ ਦੀ ਨਿਰਪੱਖਤਾ ਉਤੇ ਵੀ ਉਂਗਲ ਚੁੱਕ ਰਿਹਾ ਹੈ। ਸ੍ਰ ਮਜੀਠੀਆ ਨੇ ਝੋਨੇ ਦੇ ਘੱਟੋ ਘੱਟ ਸਮਰਥਨ ਮੁੱਲ ਵਿੱਚ ਸਿਰਫ ਸੋ ਰੁਪਏ ਦੇ ਨਾ ਮਾਤਰ ਮੁਮੂਲੀ ਵਾਧੇ ’ਤੇ ਕੇਂਦਰ ਸਰਕਾਰ ਖਿਲਾਫ ਸਖਤ ਅਲੋਚਨਾ ਕੀਤੀ। ਉਹਨਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਇਸ ਮੁੱਦੇ ਵੱਲ ਧਿਆਨ ਦਿਵਾਉਂਦਿਆਂ ਕਿਹਾ ਕਿ ਕਾਂਗਰਸੀ ਆਗੂ ਪੰਜਾਬ ਵਿੱਚ ਠੋਠੇ ਰਾਜਨੀਤਕ ਬਿਆਨ ਦੇਣ ਦੀ ਥਾਂ ਪਾਰਟੀ ਦੇ ਦੂਜੇ ਲੀਡਰਾਂ ਸਮੇਤ ਦਿੱਲੀ ਜਾ ਕੇ ਪੰਜਾਬ ਦੀ ਕਿਸਾਨੀ ਲਈ ਝੋਨੇ ਦਾ ਘੱਟੋ ਘੱਟ ਸਮਰਥਨ ਮੁੱਲ 1600 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕਰਾਉਣ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਕਾਂਗਰਸੀ ਨੇਤਾਵਾਂ ਨੂੰ ਕੇਂਦਰੀ ਕਾਂਗਰਸ ਪਾਰਟੀ ਅਤੇ ਯੂ ਪੀ ਏ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਦਾ ਵਿਰੋਧ ਕਰਨ ਲਈ ਸਖਤ ਕਦਮ ਚੁਕਣੇ ਚਾਹੀਦੇ ਹਨ ਅਤੇ ਸੂਬੇ ਦੇ ਸਮੁੱਚੇ ਵਿਕਾਸ ਲਈ ਉਦਯੋਗ ਨੂੰ ਪ੍ਰਫੁੱਲਤ ਕਰਨ ਲਈ ਲੋੜੀਂਦੀਆਂ ਉਸਾਰੂ ਨੀਤੀਆਂ ਅਪਨਾਉਣ ਦੀ ਮੰਗ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਅਤੇ ਪੰਜਾਬ ਸਰਕਾਰ ਕਿਸਾਨੀ ਅਤੇ ਉਦਯੋਗ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰੇਗੀ। ਇਸ ਮੌਕੇ ਸਰਚਾਂਦ ਸਿੰਘ ਵੀ ਮੌਜੂਦ ਸਨ।
ਅਮਰਿੰਦਰ ਦਾ ਲੋਕ ਫਤਵੇ ਤੇ ਸ਼ੱਕ ਕਰਨਾ ਕਾਂਗਰਸ ਦਾ ਜਨਤਾ ਤੋਂ ਵਿਸ਼ਵਾਸ਼ ਉਠਣ ਦੀ ਨਿਸ਼ਾਨੀ – ਮਜੀਠੀਆ
This entry was posted in ਪੰਜਾਬ.