ਗਦਰ ਪਾਰਟੀ ਦੀ ਲਹਿਰ ਧਰਮ ਨਿਰਪੱਖ ਲਹਿਰ ਸੀ: ਡਾ. ਜਸਪਾਲ ਸਿੰਘ

Gadri-1

ਸੈਕਰਾਮੈਂਟੋ, ਕੈਲੀਫੋਰਨੀਆਂ(ਹੁਸਨ ਲੜੋਆ ਬੰਗਾ) -  ਗਦਰ ਮੈਮੋਰੀਅਲ ਫਾਊਂਡੇਸ਼ਨ ਆਫ਼ ਅਮਰੀਕਾ ਵੱਲੋਂ ਉੱਤਰੀ ਅਮਰੀਕਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਈ ਗਦਰ ਯਾਦਗਾਰੀ ਪੰਜਾਬੀ ਕਾਨਫ਼ਰੰਸ ਦਾ ਮਿਤੀ 22 ਅਗਸਤ 2009 ਨੂੰ ਸਫਲ ਆਯੋਜਨ ਕੀਤਾ ਗਿਆ। ਇਸ ਮੌਕੇ ਪਟਿਆਲੇ ਤੋਂ ਉਚੇਚੇ ਤੌਰ ਤੇ ਪਹੁੰਚੇ ਕਾਨਫ਼ਰੰਸ ਦੇ ਮੁੱਖ ਮਹਿਮਾਨ ਡਾਕਟਰ ਜਸਪਾਲ ਸਿੰਘ, ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਟੀ ਪਟਿਆਲਾ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ  ਗਦਰ ਪਾਰਟੀ ਦੀ ਲਹਿਰ ਪੂਰੀ ਤਰ੍ਹਾਂ ਧਰਮ ਨਿਰਪੱਖ ਅਤੇ ਕੌਮੀ ਲਹਿਰ ਸੀ ਜਿਸ ਵਿੱਚ ਵੱਖ ਵੱਖ ਧਰਮਾਂ, ਖਿੱਤਿਆਂ ਅਤੇ ਵਰਗਾਂ ਦੇ ਲੋਕਾਂ ਨੇ ਦੇਸ ਦੀ ਆਜ਼ਾਦੀ ਵਾਸਤੇ ਸੰਕੀਰਣਤਾਵਾਂ ਤੋਂ ਉੱਤੇ ਉਠ ਕੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਇਹ ਲਹਿਰ ਸੱਚੇ ਸੁੱਚੇ ਅਤੇ ਮਿਹਨਤਕਸ਼ ਲੋਕਾਂ ਦੇ ਸੰਘਰਸ਼ ਦੀ ਗਾਥਾ ਹੈ ਜੋ ਕਿ ਕੈਲੇਫ਼ੋਰਨੀਆਂ ਦੀ ਧਰਤੀ ਤੋਂ ਸੁਰੂ ਹੋ ਕੇ ਹਿੰਦੁਸਤਾਨ ਤੱਕ ਪਹੁੰਚਿਆ। ਉਹਨਾਂ ਨੇ ਗਦਰੀਆਂ ਵੱਲੋਂ ਲਿਖੇ ਸਾਹਿਤ ਅਤੇ ਗੁਰੂ ਗ੍ਰੰਥ ਸਾਹਿਬ ਦੀਆਂ ਟੂਕਾਂ ਦਾ ਹਵਾਲਾ ਦੇ ਕੇ ਸਾਬਤ ਕੀਤਾ ਕਿ ਇਸ ਲਹਿਰ ਵਿੱਚ ਸ਼ਾਮਿਲ ਪੰਜਾਬੀ ਯੋਧਿਆਂ ਨੇ ਸਿੱਖ ਇਤਿਹਾਸ ਅਤੇ ਸਿੱਖ ਸਿਧਾਂਤਾਂ ਤੋਂ ਸਿੱਧੇ ਤੌਰ ਤੇ ਪ੍ਰੇਰਨਾ ਲਈ । ਸਿੱਖੀ ਦੇ ਜਜ਼ਬੇ ਕਾਰਨ ਹੀ ਇਹਨਾਂ ਕਾਮਿਆਂ ਨੇ ਇਸ ਸੰਘਰਸ਼ ਨੂੰ ਵਿੱਢਿਆ ਅਤੇ ਆਪਣੀਆਂ ਜਾਨਾਂ ਤੱਕ ਕੁਰਬਾਨ ਕਰ ਦਿੱਤੀਆਂ। ਪਰ ਉਹਨਾਂ ਨੇ ਇਹ ਵੀ ਕਿਹਾ ਕਿ ਕੋਈ ਵੀ ਸੱਚਾ ਪੰਜਾਬੀ ਧਾਰਮਿਕ ਕੱਟੜਤਾ ਦਾ ਸਿ਼ਕਾਰ ਨਹੀਂ ਹੋ ਸਕਦਾ ਕਿਉਂਕਿ ਸਿੱਖ ਧਰਮ ਮੂਲ ਰੂਪ ਵਿੱਚ ਧਰਮ ਨਿਰਪੱਖਤਾ, ਸਾਂਝੇ ਸਭਿਆਚਾਰ ਅਤੇ ਸਾਂਝੀਵਾਲਤਾ ਦਾ ਪਹਿਰੇਦਾਰ ਹੈ। Gadri-2ਡਾਕਟਰ ਜਸਪਾਲ ਸਿੰਘ ਨੇ ਅਫ਼ਸੋਸ ਜ਼ਾਹਰ ਕੀਤਾ ਕਿ ਭਾਰਤੀ ਆਜ਼ਾਦੀ ਦਾ ਮੂਲ ਸਿਹਰਾ ਸ਼ਾਂਤਮਈ ਅੰਦੋਲਨ ਦੇ ਸਿਰ ਬੱਝਣ ਕਾਰਨ ਇਤਿਹਾਸ ਵਿੱਚ ਗਦਰ ਲਹਿਰ ਦੀ ਦੇਣ ਨੂੰ ਉਸਦਾ ਬਣਦਾ ਸਥਾਨ ਨਹੀਂ ਮਿਲ ਸਕਿਆ। ਉਹਨਾਂ ਕਿਹਾ ਕਿ ਇਸ ਮੌਕੇ ਤੇ ਸੈਕਰਾਮੈਂਟੋ ਪਹੁੰਚ ਕੇ ਉਹ ਆਪਣੇ ਆਪ ਨੂੰ ਸਨਮਾਨਿਤ ਹੋਇਆ ਮਹਿਸੂਸ ਕਰਦੇ ਹਨ ਕਿਉਂਕਿ ਇਸ ਨਾਲ ਅਸੀਂ ਸਾਰੇ ਆਪਣੇ ਮਾਣਮੱਤੇ ਵਿਰਸੇ ਨਾਲ ਜੁੜ ਰਹੇ ਹਾਂ। ਡਾਕਟਰ ਜਸਪਾਲ ਸਿੰਘ ਨੇ ਕਿਹਾ ਕਿ ਪੰਜਾਬੀ ਯੂਨੀਵਰਸਟੀ ਦੀ ਸਥਾਪਨਾ ਦਾ ਮੁੱਖ ਮੰਤਵ ਪੰਜਾਬੀ ਭਾਸ਼ਾ, ਵਿਰਸਾ, ਸਭਿਆਚਾਰ ਅਤੇ ਇਤਿਹਾਸ ਦੀ ਸੰਭਾਲ ਕਰਨਾ ਹੈ। ਇਸ ਲਈ ਗਦਰੀ ਯੋਧਿਆਂ ਦਾ ਇਤਿਹਾਸ ਅਤੇ ਸਾਹਿਤ ਸੰਭਾਲਣਾ ਵੀ ਉਸ ਦਾ ਕਰਤੱਵ ਹੈ । ਉਹਨਾਂ ਐਲਾਨ ਕੀਤਾ ਕਿ ਇਸ ਦਿਸ਼ਾ ਵੱਲ ਪੰਜਾਬੀ ਯੂਨੀਵਰਸਟੀ ਪਟਿਆਲਾ, ਗਦਰ ਫ਼ਾਊਂਡੇਸ਼ਨ ਦੇ ਸਹਿਯੋਗ ਨਾਲ ਕਿਸੇ ਵੀ ਕਿਸਮ ਦਾ ਸਾਰਥਕ ਪ੍ਰਾਜੈਕਟ ਕਰਨ ਲਈ ਹਰ ਸਮੇਂ ਤਿਆਰ ਹੈ। ਗੁਰੁ ਨਾਨਕ ਦੇਵ ਯੂਨੀਵਰਸਟੀ ਅੰਮ੍ਰਿਤਸਰ ਦੇ ਰੀਟਾਇਰਡ ਪ੍ਰੋਫ਼ੈਸਰ ਅਤੇ ਜਾਣੇ ਪਛਾਣੇ ਵਿਦਵਾਨ ਡਾਕਟਰ ਹਰੀਸ਼ ਪੁਰੀ ਨੇ ਇਸ ਕਾਨਫ਼ਰੰਸ ਵਿੱਚ ਆਪਣਾ ਕੁੰਜੀਵੱਤ ਭਾਸ਼ਨ ਪੜਦ੍ਹਿਆਂ ਕਿਹਾ ਕਿ ਗਦਰ ਪਾਰਟੀ ਨੇ ਨਾ ਸਿਰਫ਼ ਭਾਰਤੀਆਂ ਨੂੰ ਆਜ਼ਾਦੀ ਦੀ ਲੜਾਈ ਵਿੱਚ ਹਿੱਸਾ ਲੈਣ ਦੀ ਪ੍ਰੇਰਨਾ ਦਿੱਤੀ ਬਲਕਿ ਉਹਨਾਂ ਨੂੰ ਬਿਹਤਰ ਇਨਸਾਨ ਬਣਨ ਦਾ ਰਾਹ ਵੀ ਦਿਖਾਇਆ। ਭਾਵੇਂ ਗਦਰ ਸੰਗਰਾਮ ਆਪਣੇ ਸਮੇਂ ਵਿੱਚ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋਇਆ ਪਰ ਇਸ ਨੇ ਲੋਕਾਂ ਨੂੰ ਫਿਰਕਿਆਂ ਅਤੇ ਜ਼ਾਤਾਂ ਦੀਆਂ ਤੰਗ ਵਲਗਣਾਂ ਵਿੱਚੋਂ ਬਾਹਰ ਕੱਢਿਆ। ਇਸ ਬਦਲਵੀਂ ਮਾਨਸਿਕਤਾ, ਅਤੇ ਨਵੀਂ ਚੇਤਨਾ ਦਾ ਸਭਿਆਚਾਰਕ ਪ੍ਰਭਾਵ ਬਹੁਤ ਦੂਰਗਾਮੀ ਬਣਿਆਂ। ਇਸ ਲਹਿਰ ਨੇ ਦੇਸ਼ ਦੀ ਆਜ਼ਾਦੀ ਦੇ ਅਰਥਾਂ , ਗੁਲਾਮੀ ਦੇ ਜ਼ਹਿਰ , ਧਰਮ ਅਤੇ ਫਿਰਕਿਆਂ ਦੀਆਂ ਦੀਵਾਰਾਂ, ਊਚ ਨੀਚ, ਜਾਤ ਪਾਤ, ਸਵੈ-ਪਹਿਚਾਣ ਅਤੇ ਜਿ਼ੰਦਗੀ ਦੇ ਮੰਤਵ ਬਾਰੇ ਸਾਡੇ ਨਜ਼ਰੀਏ ਨੂੰ ਬਦਲ ਕੇ ਰੱਖ ਦਿੱਤਾ। ਗਦਰ ਲਹਿਰ ਉੱਤੇ ਪੀ ਐਚ ਡੀ ਕਰਨ ਵਾਲੇ ਅਤੇ ਯੂਨੀਵਰਸਟੀ ਵੱਲੋਂ ਪ੍ਰਕਾਸਿ਼ਤ ਪੁਸਤਕ ਗਦਰ ਲਹਿਰ: ਵਿਚਾਰਧਾਰਾ, ਜਥੇਬੰਦੀ, ਰਣਨੀਤੀ‛ ਦੇ ਲੇਖਕ ਡਾਕਟਰ ਪੁਰੀ ਨੇ ਇਸ ਕਾਨਫ਼ਰੰਸ ਦੇ ਮਹੱਤਵ ਨੂੰ ਉਭਾਰਦਿਆਂ ਕਿਹਾ ਕਿ ਅਜੋਕੇ ਖੁਦਗ਼ਰਜ਼ ਮਾਹੌਲ ਵਿੱਚ ਮਾਨਵੀ ਚਿੰਤਨ ਦੀ ਗੁੰਜਾਇਸ਼ ਬਹੁਤ ਘੱਟ ਹੋ ਗਈ ਹੈ। ਇਹ ਅਤੀਤ ਨੂੰ ਭੁੱਲਣ ਦਾ ਯੁੱਗ ਬਣ ਗਿਆ ਹੈ। ਅਜਿਹੇ ਸਮੇਂ ਆਪਣੀ ਵਿਰਾਸਤ ਨੂੰ ਯਾਦ ਰੱਖਣ ਅਤੇ ਇਸ ਤੋਂ ਸਬਕ ਲੈਣ ਦੀ ਕੋਸਿ਼ਸ਼ ਕਰਨਾ ਬਹੁਤ ਮਹੱਤਵ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਗਦਰ ਲਹਿਰ ਨੂੰ ਕਿਸੇ ਵੀ ਕਿਸਮ ਦੀ ਰਾਜਨੀਤੀ ਲਈ ਵਰਤਣ ਤੋਂ ਗੁਰੇਜ਼ ਕਰਨਾ ਜ਼ਰੂਰੀ ਹੈ। ਇਸ ਪ੍ਰਸੰਗ ਵਿੱਚ ਉਹਨਾਂ ਨੇ ਗਦਰ ਦੀ ਲਹਿਰ ਨੂੰ ਬਹੁਤ ਸੰਜੀਦਗੀ ਨਾਲ ਵਿਚਾਰਨ ਦੀ ਪਿਰਤ ਦੀ ਪ੍ਰਸੰਸਾ ਕੀਤੀ ਅਤੇ ਇਸ ਨੂੰ ਇੱਕ ਇਤਿਹਾਸਕ ਕਦਮ ਮੰਨਿਆਂ। ਭਾਰਤ ਤੋਂ ਹੀ ਆਏ ਡਾ. ਸੁਰਿੰਦਰ ਮੰਡ ਨੇ ‘ਹਿੰਦੁਸਤਾਨ ਦੀ ਆਜ਼ਾਦੀ ਦੀ ਲੜਾਈ ਵਿੱਚ ਗਦਰ ਲਹਿਰ ਦਾ ਯੋਗਦਾਨ ਅਤੇ ਮੌਜੂਦਾ ਹਾਲਾਤ‛ ਦੇ ਵਿਸ਼ੇ ਉੱਤੇ ਆਪਣਾ ਪੇਪਰ ਪੜ੍ਹਦਿਆਂ ਕਿਹਾ ਕਿ ਗਦਰੀਆਂ ਨੇ 1913-14 ਵਿੱਚ ਉਦੋਂ ਹਿੰਦੁਸਤਾਨ ਦੀ ਪੂਰਨ ਆਜ਼ਾਦੀ ਦਾ ਜਥੇਬੰਦਕ ਸੰਘਰਸ ਲੜਿਆ ਜਦ ਅਜੇ ਕਿਸੇ ਪਾਰਟੀ ਨੇ ਐਸਾ ਸੋਚਿਆ ਵੀ ਨਹੀਂ ਸੀ। ਉਨ੍ਹਾਂ ਅਨੁਸਾਰ ਗਦਰ ਪਾਰਟੀ ਨੇ ਉਸ ਵਕਤ ਜਮਹੂਰੀ ਰਾਜਸੀ ਪ੍ਰਬੰਧ ਅਤੇ ਲੁੱਟ ਖਸੁੱਟ ਤੋਂ ਰਹਿਤ ਸਮਾਜ ਉਸਾਰਨ ਦਾ ਨਾਰਾ ਦਿੱਤਾ ਜਦ ਅਜੇ ਪਹਿਲਾ ਰੂਸੀ ਇਨਕਲਾਬ (1917) ਵੀ ਨਹੀਂ ਸੀ ਹੋਇਆ। ਮੰਡ ਅਨੁਸਾਰ ਗਦਰ ਲਹਿਰ ਵਿੱਚ 95% ਪੰਜਾਬੀ ਸਨ, ਇਸ ਕਰਕੇ ਲਹਿਰ ਅੱਜ ਵੀ ਨਾਰਥ ਅਮਰੀਕਾ ਵਿੱਚ ਵੱਸਦੇ ਪੰਜਾਬੀਆਂ ਬਾਰੇ ਇਹ ਚਾਨਣ ਕਰਦੀ ਹੈ ਕਿ ਪੰਜਾਬੀ ਸਿਰਫ਼ ਕਾਮੇ ਹੀ ਨਹੀਂ ਸਗੋਂ ਵਤਨ ਉੱਤੋਂ ਜਿੰ਼ਦਗੀਆਂ ਵਾਰਨ ਵਾਲੇ ਵੀ ਹਨ। ਕਾਨਫ਼ਰੰਸ ਵਿੱਚ ਬਹਿਸ ਨੂੰ ਸ਼ੁਰੂ ਕਰਦਿਆਂ ਪ੍ਰਸਿੱਧ ਕਵੀ ਅਤੇ ਚਿੰਤਕ ਡਾਕਟਰ ਜਸਵੰਤ ਸਿੰਘ ਨੇਕੀ ਨੇ ਕਿਹਾ ਕਿ ਗਦਰ ਲਹਿਰ ਦੇ ਯੋਧਿਆਂ ਨੇ ਸਾਂਝੀਵਾਲਤਾ ਦਾ ਸਬਕ ਗੁਰੂ ਨਾਨਕ ਤੋਂ ਅਤੇ ਸੰਘਰਸ਼ ਤੇ ਕੁਰਬਾਨੀ  ਦਾ ਜਜ਼ਬਾ ਗੁਰੂ ਗੋਬਿੰਦ ਸਿੰਘ ਤੋਂ ਪ੍ਰਾਪਤ ਕੀਤਾ। ਉਹਨਾਂ ਇਹ ਵੀ ਕਿਹਾ ਕਿ ਗੁਰੂ ਨਾਨਕ ਦੇਵ ਨੇ ਆਪਣੀ ਬਾਣੀ ਵਿੱਚ ਪਹਿਲੀ ਵਾਰ ਹਿੰਦੁਸਤਾਨ ਸ਼ਬਦ ਦਾ ਪ੍ਰਯੋਗ ਕਰਕੇ ਸਾਨੂੰ ਇੱਕ ਕੌਮ ਬਣਾਇਆ। ਕਾਨਫ਼ਰੰਸ ਤੋਂ ਪਹਿਲਾਂ ਗਦਰ ਫ਼ਾਊਂਡੇਸ਼ਨ ਦੀ ਕਾਰਜਕਾਰਨੀ ਦੇ ਮੈਂਬਰ ਹਿੰਦੁਸਤਾਨ ਤੋਂ ਆਏ ਵਿਦਵਾਨਾਂ ਅਤੇ ਸਾਹਿਤਕਾਰਾਂ ਨਾਲ ਮਿਲ ਕੇ ਗਦਰੀ ਬਾਬਿਆਂ ਦੀਆਂ ਕਬਰਾਂ ਉੱਤੇ ਅਕੀਦਤ ਦੇ ਫੁੱਲ ਚੜ੍ਹਾਉਣ ਗਏ। ਕਾਨਫ਼ਰੰਸ ਦਾ ਉਦਘਾਟਨ ਕਰਦਿਆਂ ਡੇਵਿਸ ਯੂਨੀਵਰਸਟੀ ਅਮਰੀਕਾ ਦੇ ਉੱਘੇ ਵਿਗਿਆਨੀ ਡਾਕਟਰ ਗੁਰਦੇਵ ਖੁਸ਼ ਨੇ ਕਿਹਾ ਕਿ ਗਦਰ ਪਾਰਟੀ ਦਾ ਇਤਿਹਾਸ ਸਾਡਾ ਅਮੀਰ ਵਿਰਸਾ ਹੈ ਜਿਸਨੂੰ ਭੁੱਲਣਾ ਇਤਿਹਾਸਕ ਗਲਤੀ ਹੋਵੇਗੀ। ਸੰਸਥਾ ਦੇ ਪ੍ਰਧਾਨ ਚਰਨ ਜੱਜ ਨੇ ਸਾਰੇ ਵਿਦਵਾਨਾਂ ਨੂੰ ਜੀ ਆਇਆਂ ਕਹਿੰਦਿਆਂ ਕਾਨਫ਼ਰੰਸ ਦੇ ਮਹੱਤਵ ਅਤੇ ਸੰਸਥਾ ਵੱਲੋਂ ਕੀਤੇ ਗਏ ਕੰਮਾਂ ਬਾਰੇ ਜਾਣਕਾਰੀ ਦਿੱਤੀ। ਹੋਰਨਾਂ ਬੁਲਾਰਿਆਂ ਤੋਂ ਇਲਾਵਾ ਪ੍ਰਸਿੱਧ ਕਹਾਣੀਕਾਰ ਬਲਦੇਵ ਧਾਲੀਵਾਲ, ਸਥਾਨਕ ਸਾਹਿਤਕਾਰ ਡਾਕਟਰ ਅਮਰੀਕ ਸਿੰਘ, ਸੁਖਵਿੰਦਰ ਕੰਬੋਜ, ਭੁਪਿੰਦਰ ਦਲੇਰ, ਫ਼ਾਰੂਖ਼ ਤਰਾਜ਼, ਡਾਕਟਰ ਉਂਕਾਰ ਸਿੰਘ ਬਿੰਦਰਾ ਅਤੇ ਹਰਵਿੰਦਰ ਰਿਆੜ ਨੇ ਵੀ ਸੰਬੋਧਨ ਕੀਤਾ। ਫ਼ਾਊਂਡੇਸ਼ਨ ਦੇ ਚੇਅਰਮੈਨ ਕੁਲਦੀਪ ਧਾਲੀਵਾਲ ਨੇ 2013 ਵਿੱਚ ਕੀਤੇ ਜਾਣ ਵਾਲੀ ਗਦਰ ਲਹਿਰ ਦੇ ਸ਼ਤਾਬਦੀ ਸਮਾਰੋਹਾਂ ਦਾ ਜਿ਼ਕਰ ਕੀਤਾ ਅਤੇ ਦੱਸਿਆ ਕਿ ਸੰਸਥਾ ਵੱਲੋਂ ਘੱਟੋ ਘੱਟ 100 ਦੇਸ਼ਾਂ ਤੋਂ ਡੈਲੀਗੇਟ ਬੁਲਾਉਣ ਦੀ ਯੋਜਨਾ ਹੈ। ਸ਼ਤਾਬਦੀ ਸਮਾਗਮ ਸਾਲਾਨਾ ਸਮਾਗਮਾਂ ਦੀ ਲੜੀ ਦਾ ਢੁਕਵਾਂ ਸਿਖ਼ਰ ਹੋਣਗੇ ਅਤੇ ਉਸ ਸਮੇਂ ਵੱਖ ਵੱਖ ਕਲਾਵਾਂ ਰਾਹੀਂ ਗਦਰੀਆਂ ਦੇ ਯੋਗਦਾਨ ਨੂੰ ਯਾਦ ਕੀਤਾ ਜਾਵੇਗਾ। ਉਹਨਾਂ ਨੇ ਕਾਨਫ਼ਰੰਸ ਦਾ ਮੰਚ ਸਚੰਾਲਨ ਵੀ ਕੀਤਾ। ਪ੍ਰਧਾਨਗੀ ਮੰਡਲ ਵਿੱਚ ਇੰਡੀਆ ਤੋਂ ਆਏ ਮਹਿਮਾਨਾਂ ਤੋਂ ਇਲਾਵਾ ਜਥੇਬੰਦੀ ਦੇ ਪ੍ਰਧਾਨ ਚਰਨ ਸਿੰਘ ਜੱਜ, ਜਗਜੀਤ ਸਿੰਘ ਕੰਦੋਲਾ, ਕੁਲਦੀਪ ਸਿੰਘ ਅਟਵਾਲ, ਕਹਾਣੀਕਾਰਾ ਮਨਜੀਤ ਸੇਖੋਂ, ਗ਼ਜ਼ਲਗੋ ਕੁਲਵਿੰਦਰ ਅਤੇ ਸੈਕਰਾਮੈਂਟੋ ਸਿੱਖ ਭਾਈਚਾਰੇ ਦੇ ਆਗੂ ਡਾਕਟਰ ਨਰਿੰਦਰ ਸਿੰਘ ਪਰਿਹਾਰ ਐਮ ਡੀ ਸ਼ਾਮਲ ਸਨ। ਇਸ ਮੌਕੇ ਤੇ ਗਦਰ ਮੇਮੋਰੀਅਲ ਫ਼ਾਊਂਡੇਸ਼ਨ ਦੀ ਸਮੁੱਚੀ ਕਮੇਟੀ ਨੇ ਡਾਕਟਰ ਜਸਪਾਲ ਸਿੰਘ, ਡਾਕਟਰ ਹਰੀਸ਼ ਪੁਰੀ, ਡਾਕਟਰ ਜਸਵੰਤ ਸਿੰਘ ਨੇਕੀ, ਡਾਕਟਰ ਆਤਮਜੀਤ, ਡਾਕਟਰ ਸੁਰਿੰਦਰ ਮੰਡ, ਡਾਕਟਰ ਗੁਰਦੇਵ ਖ਼ੁਸ਼, ਸੁਰਿੰਦਰ ਧਨੋਆ, ਰਾਜ ਭਨੋਟ, ਅਵਤਾਰ ਸਿੰਘ ਤਾਰੀ, ਕੁਲਵਿੰਦਰ ਸਿੰਘ, ਗੁਰਇਕਬਾਲ ਸਿੰਘ ਕੰਗ, ਹੈਰੀ ਮਲਹੋਤਰਾ ਅਤੇ ਹੋਰ ਸਪਾਂਸਰਾਂ ਦਾ ਯਾਦਗਾਰੀ ਪਲੇਕਾਂ ਨਾਲ ਸਨਮਾਨ ਕੀਤਾ ਗਿਆ। ਕਮੇਟੀ ਦੇ ਸਮੂਹ ਮੈਂਬਰ ਇਸ ਸਮਾਗਮ ਵਿੱਚ ਸ਼ਾਮਿਲ ਸਨ ਜਿਨ੍ਹਾਂ ਵਿੱਚ ਗੁਰਦੀਪ ਸਿੰਘ ਗਿੱਲ, ਜਰਨੈਲ ਸਿੰਘ ਮੰਡੇਰ, ਬਲਵਿੰਦਰ ਸਿੰਘ ਡੁਲਕੂ, ਸੁਰਜੀਤ ਸਿੰਘ ਅਟਵਾਲ, ਜਨਕ ਰਾਜ ਸਿੱਧਰਾ, ਗੁਲਿੰਦਰ ਸਿੰਘ ਗਿੱਲ, ਜਗਜੀਤ ਸਿੰਘ ਕੰਦੋਲਾ ਅਤੇ ਕੁਲਦੀਪ ਅਟਵਾਲ ਸ਼ਾਮਲ ਸਨ। ਇਸ ਮੌਕੇ ਉੱਤੇ ਪ੍ਰਸਿੱਧ ਪੰਜਾਬੀ ਨਾਟਕ ਕਾਰ ਅਤੇ ਨਿਰਦੇਸ਼ਕ ਡਾਕਟਰ ਆਤਮਜੀਤ ਦਵਾਰਾ ਉਚੇਚੇ ਤੌਰ ਤੇ ਲਿਖੇ ਨਾਟਕ ਗਦਰ ਐਕਸਪ੍ਰੈੱਸ ਵੀ ਪੇਸ਼ ਕੀਤਾ ਗਿਆ। ਗਦਰ ਦੇ ਇਤਿਹਾਸ ਨੂੰ ਕਈ ਇਤਿਹਾਸਾਂ ਦਾ ਸਮੂਹ ਕਿਹਾ ਜਾਂਦਾ ਹੈ ਜਿਸ ਵਿੱਚ ਡੇਢ ਸੌ ਤੋਂ ਵੱਧ ਯੋਧੇ ਸ਼ਹੀਦ ਹੋਏ। ਇੰਨੇ ਵੱਡੇ ਆਕਾਰ ਵਾਲੇ ਇਤਿਹਾਸ ਉੱਤੇ ਰੋਸ਼ਨੀ ਪਾਉਣ ਵਾਲਾ ਅਜੇ ਤੱਕ ਕੋਈ ਵੀ  ਨਾਟਕ ਕਿਸੇ ਭਾਸ਼ਾ ਵਿੱਚ ਨਹੀਂ ਸੀ ਲਿਖਿਆ ਗਿਆ। ਪਰ ਜਿਸ ਮਿਹਨਤ ਅਤੇ ਸੂਝ ਨਾਲ ਆਤਮਜੀਤ ਨੇ ਇਸ ਨਾਟਕ ਵਿੱਚ ਗਦਰੀਆਂ ਦੇ ਸਮੁੱਚੇ ਇਤਿਹਾਸ, ਘਟਨਾਵਾਂ, ਕੁਰਬਾਨੀਆਂ, ਸਿਧਾਂਤਾਂ ਅਤੇ ਮਜਬੂਰੀਆਂ ਨੂੰ ਮੰਚ ਤੇ ਸਾਕਾਰ ਕੀਤਾ ਉਸਦੀ ਭਰਪੂਰ ਪ੍ਰਸੰਸਾ ਕੀਤੀ ਗਈ। ਆਤਮਜੀਤ ਦੇ ਨਿਰਦੇਸ਼ਨ ਅਤੇ ਮਿਹਨਤ ਦੀ ਭਰਪੂਰ ਸਲਾਹੁਤਾ ਕਰਦਿਆਂ ਸ੍ਰੋਤਿਆਂ ਨੇ ਇਸ ਪੇਸ਼ਕਾਰੀ ਨੂੰ ਅਮਰੀਕਾ ਵਿੱਚ ਇੱਕ ਵੱਖਰੇ ਅਤੇ ਸਾਰਥਕ ਅਨੁਭਵ ਦਾ ਨਾਂ ਦਿੱਤਾ। ਇਹ ਆਸ ਕੀਤੀ ਜਾਂਦੀ ਹੈ ਕਿ ਤਕਨੀਕੀ ਤੌਰ ਤੇ ਨਿਪੁੰਨ ਅਜਿਹੇ ਨਾਟਕ ਦੀ ਪੇਸ਼ਕਾਰੀ ਦੇ ਨਾਲ ਪੰਜਾਬੀ ਵਿੱਚ ਨਾਟਕ ਲਿਖਣ ਅਤੇ ਨਾਰਥ ਅਮਰੀਕਾ ਵਿੱਚ ਤਿਆਰ ਕਰਨ ਦੀ ਨਵੀਂ ਪਰੰਪਰਾ ਦਾ ਜਨਮ ਹੋਵੇਗਾ। ਇਹ ਨਾਟਕ ਬੇ ਏਰੀਏ ਦੇ ਪ੍ਰਸਿੱਧ ਗਰੁੱਪ ਪੰਜਾਬ ਲੋਕ ਰੰਗ ਦੇ ਕਲਾਕਾਰਾਂ ਵੱਲੋਂ ਖੇਡਿਆ ਗਿਆ। ਇਸ ਦਾ ਸਹਿ ਨਿਰਦੇਸ਼ਨ ਸੁਰਿੰਦਰ ਧਨੋਆ ਨੇ ਅਤੇ ਸੰਗੀਤ ਤੇ ਗਾਇਣ ਪਰਮਜੀਤ ਸਿੰਘ ਤੇ ਰੇਣੂੰ ਸਿੰਘ ਨੇ ਕੀਤਾ। ਨਾਟਕ ਵਿੱਚ ਸੁਰਿੰਦਰ ਧਨੋਆ, ਜਸਵਿੰਦਰ ਧਨੋਆ, ਧਰਮ ਪਾਲ ਰਿੰਕੂ, ਹਰਮੇਸ਼ ਸਿੱਧੂ, ਸੋਨੂੰ ਰੰਧਾਵਾ, ਕਮਲ ਰੰਧਾਵਾ, ਜਸਵਿੰਦਰ ਬਾਵਾ, ਮਨਜੀਤ ਸਿੰਘ, ਬਲਵਿੰਦਰ, ਜਸਪਾਲ ਸੈਣੀ, ਜਸਵਿੰਦਰ ਸੱਗੀ, ਗੁਰਸ਼ਰਨ ਸੇਖੋਂ, ਦਿਲਾਵਰ ਚਾਹਲ, ਦਰਸ਼ਨ ਔਜਲਾ, ਰਛਪਾਲ ਖੰਘੂੜਾ ਅਤੇ  ਪਾਲੀ ਧਨੌਲਾ ਨੇ ਆਪਣੀ ਕਲਾ ਅਤੇ ਮਿਹਨਤ ਦਾ ਜਿਊਂਦਾ ਜਾਗਦਾ ਸਬੂਤ ਦਿੱਤਾ। ਸੂਝਵਾਨ ਸਰੋਤਿਆਂ ਨੇ ਇਸ ਨਾਟਕ ਦੀ ਪੇਸ਼ਕਾਰੀ ਨੂੰ ਅਮਰੀਕਾ ਦੇ ਪੰਜਾਬੀ ਜੀਵਨ ਵਿੱਚ ਵਾਪਰੀ ਇਤਿਹਾਸਕ ਘਟਨਾ ਮੰਨਿਆਂ। ਗਦਰ ਫ਼ਾਊਂਡੇਸ਼ਨ ਆਫ਼ ਅਮਰੀਕਾ ਵੱਲੋਂ ਕਰਵਾਈ ਗਈ ਦਿਨ ਭਰ ਦੀ ਇਸ ਕਾਨਫ਼ਰੰਸ ਅਤੇ ਨਾਟਕ ਦੀ ਪੇਸ਼ਕਾਰੀ ਵਿੱਚ ਹਿੱਸਾ ਲੈਣ ਲਈ ਕੈਲੇਫ਼ੋਰਨੀਆਂ ਦੇ ਵੱਖ ਵੱਖ ਹਿੱਸਿਆਂ ਤੋਂ ਅਨੇਕਾਂ ਲੋਕ ਆਪਣੇ ਪਰਿਵਾਰਾਂ ਸਮੇਤ ਪਹੁੰਚੇ ਅਤੇ ਉਹਨਾਂ ਨੇ ਭਰਪੂਰ ਹਾਜ਼ਰੀ ਲਵਾਈ। ਪਹਿਲੀ ਵਾਰ ਕਰਵਾਈ ਗਈ ਅਜਿਹੀ ਸਾਰਥਕ ਕਾਨਫ਼ਰੰਸ ਅਤੇ ਢੁਕਵੇਂ ਨਾਟਕ ਦੀ ਦਰਸ਼ਕਾਂ, ਸਰੋਤਿਆਂ, ਮੀਡੀਏ ਅਤੇ ਵਿਦਵਾਨਾਂ ਵੱਲੋਂ ਰੱਜਵੀਂ ਪ੍ਰਸੰਸਾ ਕੀਤੀ ਗਈ। ਉਮੀਦ ਕੀਤੀ ਜਾਂਦੀ ਹੈ ਕਿ 2013 ਤੱਕ ਇਹ ਲੜੀ ਆਪਣੇ ਇੱਕ ਸਿਖ਼ਰ ਨੂੰ ਛੂਹੇਗੀ। ਕਾਨਫ਼ਰੰਸ ਵਿੱਚ ਆਏ ਮਹਿਮਾਨਾਂ ਅਤੇ ਵਿਦਵਾਨਾਂ ਨੇ ਮਹਿਸੂਸ ਕੀਤਾ ਕਿ ਸੈਕਾਮੈਂਟੋ ਦੀ ਧਰਤੀ ਉੱਤੇ 97 ਸਾਲ ਬਾਦ ਹੋਈ ਇਹ ਗਦਰ ਕਾਨਫ਼ਰੰਸ ਅਤੇ ਨਾਟਕ ‘ਗਦਰ ਐਕਸਪ੍ਰੈੱਸ’ ਨੇ ਇਤਿਹਾਸ ਉੱਤੇ ਇੱਕ ਹੋਰ ਇਤਿਹਾਸ ਲਿਖਿਆ ਹੈ।

This entry was posted in ਸਥਾਨਕ ਸਰਗਰਮੀਆਂ (ਅਮਰੀਕਾ).

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>