ਫਰੀਮੌਂਟ (ਕੈਲੇਫੋਰਨੀਆ :- ਸਿੱਖ ਸਪੋਰਟਸ ਐਸੋਸੀਏਸ਼ਨ ਆਫ ਯੂ. ਐਸ. ਏ. ਵਲੋਂ 22 ਅਤੇ 23 ਅਗਸਤ ਨੂੰ ਕਰਵਾਈਆਂ ਗਈਆਂ ਤੀਜੀਆਂ ਸਾਲਾਨਾ ਖੇਡਾਂ ਸਫਲਤਾ ਪੂਰਵਕ ਸਮਾਪਤ ਹੋ ਗਈਆਂ ਹਨ।ਪਿਛਲੇ ਸਾਲ ਦੀ ਤਰਾਂ ਇਸ ਵਾਰ ਵੀ ਇਹ ਖੇਡਾਂ ਬਹੁਤ ਰਮਣੀਕ ਥਾਂ ਤੇ ਸਥਿੱਤ ਕੈਲੇਫੋਰਨੀਆ ਸਟੇਟ ਯੂਨੀਵਰਸਿਟੀ ਹੇਵਰਡ ਦੀਆਂ ਸ਼ਾਨਦਾਰ ਗਰਾਊਂਡਾਂ ਵਿਚ ਕਰਵਾਈਆਂ ਗਈਆਂ। ਖੇਡਾਂ ਦਾ ਆਰੰਭ ਅਰਦਾਸ ਅਤੇ ਜੈਕਾਰਿਆਂ ਦੀ ਗੂੰਜ ਨਾਲ ਵੱਖ ਵੱਖ ਟੀਮਾਂ ਦੇ ਖਿਡਾਰੀਆਂ ਅਤੇ ਪ੍ਰਬੰਧਕਾਂ ਦੀ ਹਾਜ਼ਰੀ ਵਿਚ ਹੋਇਆ।ਆਰੰਭਕ ਸਮਾਰੋਹ ਸਮੇਂ ਕੈਲੇਫੋਰਨੀਆਂ ਦੀ ਮਾਨਯੋਗ ਸਟੇਟ ਸੈਨੇਟਰ ਐਲਨ ਕੌਰਬਿਟ, ਹੇਵਰਡ ਅਤੇ ਯੂਨੀਅਨ ਸਿਟੀ ਦੇ ਮੇਅਰਾਂ ਅਤੇ ਸਿੱਖ ਭਾਈਚਾਰੇ ਦੇ ਬਹੁਤ ਸਾਰੇ ਪਤਵੰਤੇ ਦਰਸ਼ਕਾ ਨੇ ਹਾਜ਼ਰੀ ਭਰੀ।ਇਸ ਟੂਰਨਾਮੈਂਟ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਸਾਰੀਆਂ ਮੁੱਖ ਖੇਡਾਂ ਨਾਲੋ ਨਾਲ ਹੀ ਕਰਵਾਈਆ ਗਈਆਂ। ਇਹਨਾ ਵਿਚ ਮੁੱਖ ਤੌਰ ਤੇ ਬਾਸਕਿਟਬਾਲ, ਵਾਲੀਬਾਲ, ਫੁੱਟਬਾਲ (ਸਾਕਰ), ਹਾਕੀ, ਟੈਨਿਸ, ਐਥਲੈਟਿਕਸ, ਕੁਸ਼ਤੀਆਂ ਅਤੇ ਕਬੱਡੀ ਦੇ ਮੁਕਾਬਲੇ ਕਰਵਾਏ ਗਏ।ਇਸ ਸਾਲ ਇਹਨਾ ਖੇਡਾਂ ਵਿਚ ਗੌਲਫ ਦੀ ਖੇਡ ਨੂੰ ਵੀ ਸ਼ਾਮਲ ਕੀਤਾ ਗਿਆ ਸੀ ਜੋ ਕਿ ਮਿਲਪੀਟਸ ਦੇ ਵਿਸ਼ਾਲ ਸੰਮਟਪੋਆਇੰਟ ਗੋਲਫ ਕੋਰਸ ਵਿਖੇ ਬਹੁਤ ਹੀ ਸਫਲਤਾ ਪੂਰਵਕ ਸੰਪੂਰਨ ਹੋਈ। ਇਹਨਾਂ ਸਾਰੀਆਂ ਖੇਡਾਂ ਵਿਚ 900 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ। ਇਸ ਵਾਰ ਕੁੱਝ ਖੇਡਾਂ ਵਿਚ ਸਟੇਟ ਅਤੇ ਨੈਸ਼ਨਲ ਪੱਧਰ ਦੇ ਖਿਡਾਰੀਆਂ ਨੇ ਵੀ ਹਿੱਸਾ ਲਿਆ। ਜਿਹਨਾ ਵਿਚ ਕੇੈਲੇਫੋਰਨੀਆ ਦੇ ਸਟੇਟ ਪੱਧਰ ਦੇ ਉਭਰਦੇ ਟੈਨਿਸ ਖਿਡਾਰੀ ਲਵਦੀਪ ਸਿੰਘ, ਲੰਬੀ ਦੌੜ ਦੇ ਸਟਾਰ ਰਣਬੀਰ ਸਿੰਘ ਢਿੱਲੋਂ (ਹਾਰਵਰਡ ਯੂਨੀਵਰਸਿਟੀ), ਹਾਕੀ ਖਿਡਾਰੀ ਅਜੇਪਾਲ ਸਿੰਘ ਅਤੇ ਅਰਵਿਨ ਸਿੰਘ, ਕੁਸ਼ਤੀਆਂ ਵਿਚ ਕੇੈਲੇਫੋਰਨੀਆ ਜੂਨੀਅਰ ਸਟੇਟ ਚੈਂਪੀਅਨ ਬਸਰਾ ਬ੍ਰਦਰਜ਼ (ਕਰਮਵੀਰ ਸਿੰਘ ਅਤੇ ਜਸਜੀਤ ਸਿੰਘ) ਅਤੇ ਯੂਬਾ ਸਿਟੀ ਤੋਂ ਕੇੈਲੇਫੋਰਨੀਆ ਪੱਧਰ ਦੇ ਉਚ ਕੋਟੀ ਦੇ ਫਰਾਟਾ ਦੌੜਾਕ ਸੰਦੀਪ ਕੌਰ ਬਾਜਵਾ ਅਤੇ ਗੁਰਵਿੰਦਰ ਸਿੰਘ ਬਾਜਵਾ (ਭੈਣ ਅਤੇ ਭਰਾ) ਵੀ ਸ਼ਾਮਲ ਸਨ।
ਪਹਿਲੇ ਦਿਨ ਸਭ ਤੋ ਵੱਧ ਮੁਕਾਬਲੇ ਬਾਸਕਿਟਬਾਲ (36), ਫੁੱਟਬਾਲ (10), ਹਾਕੀ (8) ਅਤੇ ਐਥਲੈਟਿਕਸ ਦੇ ਹੋਏ। ਸਭ ਤੋਂ ਵਧ ਰੌਚਿਕ ਮੁਕਾਬਲੇ ਬਾਸਕਿਟਬਾਲ ਵਿਚ ਵੇਖਣ ਨੂੰ ਮਿਲੇ ਜਿਸ ਵਿਚ ਪੰਜਾਬੀ ਮੂਲ ਦੇ ਸਰੂਆਂ ਵਰਗੇ ਜੁਆਨਾਂ ਦੀਆਂ 38 ਟੀਮਾਂ ਨੇ ਭਾਗ ਲਿਆ। ਬਹੁਤ ਸਾਰੇ ਮੁਕਾਬਲਿਆਂ ਦਾ ਫੈਸਲਾ ੳਵਰ ਟਾਈਮ ਵਿਚ ਹੋਇਆ। ਫੁਟਬਾਲ ਵਿਚ ਕੁਝ ਮੁਕਾਬਲੇ ਏਨੇ ਫਸਵੇਂ ਸਨ ਕਿ ਫੈਸਲਾ ‘ਸਡਨ ਡੈੱਥ’ ਦਾ ਤਰੀਕਾ ਅਪਣਾ ਕੇ ਲਿਆ ਗਿਆ। ਸੈਮੀਫਾਈਨਲ ਅਤੇ ਫਾਈਨਲ ਮੁਕਾਬਲੇ ਦੂਸਰੇ ਦਿਨ ਕਰਵਾਏ ਗਏ। ਇਸ ਤੋਂ ਇਲਾਵਾ ਦੂਸਰੇ ਦਿਨ ਦੇ ਮੁਖ ਮੁਕਾਬਲੇ ਟੈਨਿਸ, ਕੁਸ਼ਤੀਆਂ, ਵਾਲੀਬਾਲ, ਦੌੜਾਂ ਅਤੇ ਕਬੱਡੀ ਦੇ ਸਨ। ਟੈਨਿਸ ਵਿਚ ਸਿੰਗਲ, ਅਤੇ ਡਬਲਜ਼ ਦੇ ਮੁਕਾਬਲੇ ਬੜੇ ਰੌਚਿਕ ਸਨ।ਫੁੱਟਬਾਲ (ਸਾਕਰ) ਦਾ ਫਾਈਨਲ ਮੁਕਾਬਲਾ ਲਾਸ ਏਂਜਲਸ ਅਤੇ ਯੂਬਾ ਸਿਟੀ ਦੀਆਂ ਟੀਮਾਂ ਵਿਚ ਹੋਇਆ ਜਿਸਦਾ ਫੇੈਸਲਾ ਪੈਨਲਟੀ ਕਾਰਨਰ ਨਾਲ ਯੂਬਾ ਸਿਟੀ ਦੀ ਟੀਮ ਦੇ ਹੱਕ ਵਿਚ ਹੋਇਆ। ਵਾਲੀਬਾਲ ਦਾ ਖਿਤਾਬ ਯੂਨੀਅਨ ਸਿਟੀ ਦੀ ਟੀਮ ਨੇ ਲਵਿੰਗਸਟਨ ਦੀ ਟੀਮ ਨੂੰ ਹਰਾ ਕੇ ਲਗਾਤਾਰ ਤੀਸਰੀ ਵਾਰ ਜਿਤਿਆ।ਕਬੱਡੀ ਦੇ ਸਾਰੇ ਮੈਚ ਦੂਸਰੇ ਦਿਨ ਕਰਵਾਏ ਗਏ।ਇਹ ਮੁਕਾਬਲੇ ਸ਼ੁਰੂ ਹੁੰਦਿਆਂ ਸਾਰ ਹੀ ਕਬੱਡੀ ਪ੍ਰੇਮੀਆਂ ਦੀ ਭੀੜ ਵਧਣੀ ਸ਼ੁਰੂ ਹੋ ਗਈ। ਹਜ਼ਾਰਾਂ ਦਰਸ਼ਕਾ ਨੇ ਕਬੱਡੀ, ਕੁਸ਼ਤੀ ਅਤੇ ਦੌੜਾਂ ਦਾ ਅਨੰਦ ਮਾਣਿਆ।ਕਬੱਡੀ ਦਾ ਫਾਈਨਲ ਮੁਕਾਬਲਾ ਸਪੋਰਟਸ ਕਲੱਬ ਬੇ-ਏਰੀਆ ਅਤੇ ਸਪੋਰਟਸ ਕਲੱਬ ਲਾਸ ਬੈਨੋਸ ਵਿਚਕਾਰ ਹੋਇਆ ਜੋ ਕਿ ਇਸ ਵਾਰ ਸਪੋਰਟਸ ਕਲੱਬ ਲਾਸ ਬੈਨੋਸ ਨੇ ਜਿੱਤਿਆ।
ਟੂਰਨਾਮੈਂਟ ਦੇ ਅੰਤ ਵਿਚ ਸਿੱਖ ਸਪੋਰਟਸ ਐਸੋਸੀਏਸ਼ਨ ਆਫ ਯੂ. ਐਸ. ਏ. ਦੀ ਪ੍ਰਬੰਧਕੀ ਕਮੇਟੀ ਵਲੋਂ ਸਾਰੇ ਖਿਡਾਰੀਆਂ, ਵਲੰਟੀਅਰਾਂ, ਦਰਸ਼ਕਾ ਅਤੇ ਵਿਤੀ ਮਦਦ ਕਰਨ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਜੇਤੂਆਂ ਨੂੰ ਇਨਾਮ ਵੰਡੇ ਗਏ ।
ਇਹਨਾ ਖੇਡਾਂ ਦੀ ਮੁਖ ਸਪਾਂਸਰ ਸਬਵੇ ਡੀਵੈਲਪਮੈਂਟ ਕਾਰਪੋਰੇਸ਼ਨ ਸੀ ਜਿਸ ਦੇ ਪ੍ਰਧਾਨ ਦੀਪ ਢੀਂਡਸਾ ਅਤੇ ਸਰਦੂਲ ਸਿੰਘ ਸਮਰਾ ਨੇ ਉਚੇਚੇ ਤੌਰ ਤੇ ਸਿੱਖ ਸਪੋਰਟਸ ਐਸੋਸੀਏਸ਼ਨ ਨੂੰ ਵਧੀਆ ਖੇਡਾਂ ਦਾ ਪ੍ਰਬੰਧ ਕਰਨ ਲਈ ਵਧਾਈ ਦਿੱਤੀ। ਸਿੱਖ ਸਪੋਰਟਸ ਐਸੋਸੀਏਸ਼ਨ ਦੇ ਪ੍ਰਬੰਧਕਾਂ ਵਲੋਂ ਇਲਾਕੇ ਦੇ ਸਮੂਹ ਨਿਵਾਸੀਆਂ, ਸੇਵਾਦਾਰਾਂ, ਖਿਡਾਰੀਆਂ ਦਾ ਅਤੇ ਸਮਰੱਥਕਾਂ ਦਾ ਦਿਲੋਂ ਧੰਨਵਾਦ ਹੈ।ਇਹਨਾ ਖੇਡਾਂ ਦੇ ਸੰਬੰਧ ਵਿਚ ਪਿਛਲੇ ਸਾਲਾਂ ਵਾਂਗ ਇਕ ਬਹੁਤ ਹੀ ਖੂਬਸੂਰਤ ਸੋਵੀਨੀਰ ਵੀ ਕੱਢਿਆ ਜੋ ਕਿ ਵੱਡੀ ਗਿਣਤੀ ਵਿਚ ਮੁਫਤ ਵੰਡਿਆ ਗਿਆ।
ਸਿੱਖ ਸਪੋਰਟਸ ਐਸੋਸੀਏਸ਼ਨ ਜੋ ਕਿ 2006 ਵਿਚ ਹੋਂਦ ਵਿਚ ਆਈ ਸੀ, ਸਾਲ ਵਿਚ ਦੋ ਟੂਰਨਾਮੈਂਟ ਕਰਵਾੳਂੁਦੀ ਹੈ ਜਿਸ ਵਿਚ ਗਰਮੀਆਂ ਵਿਚ ਖੇਡ ਟੂਰਨਾਮੈਂਟ (ਜੋ ਕਿ ਹੁਣੇ ਸੰਪੰਨ ਹੋਇਆ ਹੈ) ਅਤੇ ਸਰਦੀਆਂ ਵਿਚ ਗੁਰੂ ਨਾਨਕ ਮੈਰਾਥਾਨ ਸ਼ਾਮਲ ਹਨ। ਇਹ ਸੰਸਥਾ ਬਹੁਤ ਪੜ੍ਹੇ ਲਿਖੇ ਸੱਜਣਾਂ ਅਤੇ ਖੇਡ ਪ੍ਰੇਮੀਆਂ ਵਲੋਂ ਸਿੱਖ ਭਾਈਚਾਰੇ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ। ਇਸ ਸੰਸਥਾ ਦਾ ਮੁੱਖ ਉਦੇਸ਼ ਵੱਖ ਵੱਖ ਖੇਡਾਂ ਦੇ ਚਾਹਵਾਨ ਨੌਜਵਾਨ ਖਿਡਾਰੀਆਂ ਨੂੰ ਉਤਸ਼ਾਹਿਤ ਕਰਨਾ, ਆਪਣੀ ਮਨ ਪਸੰਦ ਖੇਡ ਨੂੰ ਖੇਡਣ ਦਾ ਮੌਕਾ ਦੇਣਾ ਹੈ ਅਤੇ “ਚੰਗੀ ਸੇਹਤ ਵਿਚ ਚੰਗਾ ਮਨ” ਦੀ ਧਾਰਨਾ ਨੂੰ ਅਮਲੀ ਰੂਪ ਦੇਣਾ ਹੈ।