ਫਤਿਹਗੜ੍ਹ ਸਾਹਿਬ :- “ਸ: ਮਨੋਹਰ ਸਿੰਘ ਗਿੱਲ ਖੇਡ ਵਜ਼ੀਰ ਕੇਂਦਰੀ ਹਕੂਮਤ ਵੱਲੋਂ ਕੇਂਦਰੀ ਗ੍ਰਹਿ ਵਜ਼ੀਰ ਸ਼੍ਰੀ ਪੀ. ਚਿਦੰਬਰਮ ਨੂੰ ਪੱਤਰ ਲਿਖਦੇ ਹੋਏ ਜੋ ਮੁਲਕ ਦੀਆਂ ਵੱਖ ਵੱਖ ਜ਼ੇਲ੍ਹਾ ਵਿੱਚ ਲੰਮੇ ਸਮੇਂ ਤੋਂ ਬੰਦੀ ਬਣੇ ਸਿੱਖ ਨੌਜਵਾਨਾਂ ਦੀ ਰਿਹਾਈ ਅਤੇ ਬਾਹਰਲੇ ਮੁਲਕਾਂ ਵਿੱਚ ਵਿਚਰ ਰਹੇ ਸਿੱਖਾਂ ਦੀ ਬਣਾਈ ਗਈ ਕਾਲੀ ਸੂਚੀ ਨੂੰ ਖਤਮ ਕਰਨ ਦੀ ਜ਼ੋਰਦਾਰ ਗੁਜ਼ਾਰਿਸ ਕੀਤੀ ਹੈ, ਇਹ ਸ: ਮਨੋਹਰ ਸਿੰਘ ਗਿੱਲ ਵੱਲੋਂ ਕੀਤਾ ਗਿਆ ਉੱਦਮ ਅਤਿ ਸ਼ਲਾਘਾਯੋਗ ਹੈ।”
ਇਹ ਉਪਰੋਕਤ ਵਿਚਾਰ ਭਾਈ ਇਕਬਾਲ ਸਿੰਘ ਟਿਵਾਣਾ ਸਿਆਸੀ ਅਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ: ਗਿੱਲ ਵੱਲੋਂ ਕੀਤੀ ਗਈ ਉਪਰੋਕਤ ਕਾਰਵਾਈ ਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀ ਸਿੱਖ ਕੌਮ ਵੱਲੋਂ ਉਚੇਚੇ ਤੌਰ ਤੇ ਸਵਾਗਤ ਅਤੇ ਧੰਨਵਾਦ ਕਰਦੇ ਹੋਏ ਇੱਕ ਪ੍ਰੈੱਸ ਬਿਆਨ ਵਿੱਚ ਪ੍ਰਗਟਾਏ। ਉਹਨਾਂ ਕਿਹਾ ਕਿ ਹਿੰਦੋਸਤਾਨ ਦੇ ਵਿਧਾਨ ਦੀ ਧਾਰਾ 21 ਮੁਲਕ ਵਿੱਚ ਰਹਿਣ ਵਾਲੀਆਂ ਵੱਖ ਵੱਖ ਕੌਮਾਂ, ਧਰਮ ਅਤੇ ਫਿਰਕਿਆਂ ਨਾਲ ਸੰਬੰਧਿਤ ਸ਼ਹਿਰੀਆਂ ਅਤੇ ਨਾਗਰਿਕਾਂ ਨੂੰ ਹਰ ਖੇਤਰ ਵਿੱਚ ਬਰਾਬਰਤਾ ਦੇ ਅਧਿਕਾਰ ਪ੍ਰਦਾਨ ਕਰਦੀ ਹੈ। ਪਰ ਹਿੰਦ ਹਕੂਮਤ ਨੇ ਆਪਣੇ ਹੀ ਵਿਧਾਨ ਦੀ ਉਪਰੋਕਤ ਧਾਰਾ ਦਾ ਉਲੰਘਣ ਕਰਕੇ ਕੇਵਲ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨਾਂ ਨੂੰ ਬਿਨਾਂ ਟਰਾਇਲਾਂ ਤੋਂ ਬੀਤੇ 22-25 ਸਾਲਾਂ ਤੋਂ ਬੰਦੀ ਬਣਾਇਆ ਹੋਇਆ ਹੈ। ਜਦੋਂ ਕਿ ਉਹ ਆਪਣੀ ਬਣਦੀ ਸਜ਼ਾ 14-14 ਸਾਲ ਪੂਰੀ ਕਰ ਚੁੱਕੇ ਹਨ। ਬਲਕਿ ਸਿੱਖ ਕੌਮ ਨਾਲ ਸੰਬੰਧਿਤ ਵਿਦੇਸ਼ਾ ਵਿੱਚ ਵਿਚਰ ਰਹੇ ਆਜ਼ਾਦੀ ਚਾਹੁਣ ਵਾਲੇ ਸਿੱਖਾਂ ਦੀ “ਕਾਲੀ ਸੂਚੀ” ਬਣਾ ਕੇ ਸਿੱਖ ਕੌਮ ਨੂੰ ਲੰਮੇ ਸਮੇਂ ਤੋਂ ਜਲੀਲ ਵੀ ਕੀਤਾ ਜਾ ਰਿਹਾ ਹੈ। ਉਹਨਾਂ ਨੂੰ ਆਪਣੇ ਘਰਾਂ ਅਤੇ ਰਿਸ਼ਤੇਦਾਰ ਸੰਬੰਧੀਆਂ ਤੋਂ ਜ਼ਬਰੀ ਦੂਰ ਰੱਖਿਆ ਹੋਇਆ ਹੈ। ਇੱਥੇ ਇਹ ਵਰਣਨ ਕਰਨਾ ਹੋਰ ਵੀ ਜ਼ਰੂਰੀ ਹੈ ਕਿ ਦੁਨੀਆ ਦੇ ਕਿਸੇ ਵੀ ਮੁਲਕ ਦੀ ਹਕੂਮਤ ਨੇ ਆਪਣੇ ਨਾਗਰਿਕਾਂ ਜਾਂ ਸ਼ਹਿਰੀਆਂ ਦੀ ਕਦੀ ਵੀ ਹਿੰਦ ਹਕੂਮਤ ਦੀ ਤਰ੍ਹਾ ਕਾਲੀ ਸੂਚੀ ਨਹੀ ਬਣਾਈ ਅਤੇ ਨਾ ਹੀ ਆਪਣੇ ਜਨਮ ਅਸਥਾਨ ਤੋ ਕਿਸੇ ਨੂੰ ਜ਼ਬਰੀ ਦੂਰ ਰੱਖਿਆ ਹੈ। ਹਿੰਦ ਹਕੂਮਤ ਦੀਆਂ ਉਪਰੋਕਤ ਮਨੁੱਖਤਾ ਵਿਰੋਧੀ ਕਾਰਵਾਈਆਂ ਕਾਰਨ ਅਤੇ ਘੱਟ ਗਿਣਤੀ ਕੌਮਾਂ ਦਾ ਕਤਲੇਆਮ ਕਰਨ ਦੀ ਮੰਦਭਾਵਨਾ ਕਰਕੇ ਹੀ, ਸਮੁੱਚੇ ਮੁਲਕਾਂ ਦੀ ਕੌਮਾਂਤਰੀ ਜਥੇਬੰਦੀ ਯੂ ਐਨ ਓ ਦੇ ਅਧੀਨ ਸਮੁੱਚੇ ਧਰਮਾਂ ਦੀ ਆਜ਼ਾਦੀ ਲਈ ਬਣਾਏ ਗਏ “ਅਮਰੀਕਨ ਕਮੀਸ਼ਨ” ਨੇ ਬੀਤੇ ਦਿਨੀ ਆਪਣੀ ਜਾਰੀ ਕੀਤੀ ਗਈ 11 ਪੰਨਿਆਂ ਦੀ ਰਿਪੋਰਟ ਵਿੱਚ ਹਿੰਦੋਸਤਾਨ ਨੂੰ “ਹਿੰਸਕ ਮੁਲਕ” ਵੀ ਐਲਾਨਿਆ ਹੈ ਅਤੇ ਇਸਦੀਆਂ ਮਨੁੱਖਤਾ ਵਿਰੋਧੀ ਕਾਰਵਾਈਆਂ ਉੱਤੇ ਗੌਰ ਰੱਖਣ ਦੀ ਹਦਾਇਤ ਵੀ ਕੀਤੀ ਹੈ। ਜਿਸ ਤੋਂ ਇਹ ਪ੍ਰਤੱਖ ਸਾਬਿਤ ਹੋ ਜਾਂਦਾ ਹੈ ਕਿ ਹਿੰਦੋਸਤਾਨ ਦੇ ਹੁਕਮਰਾਨ ਆਪਣੇ ਹੀ ਮੁਲਕ ਵਿੱਚ ਵੱਸਣ ਵਾਲੀ ਸਿੱਖ ਕੌਮ, ਮੁਸਲਿਮ ਕੌਮ ਅਤੇ ਇਸਾਈ ਕੌਮ ਨਾਲ ਘੋਰ ਜਿਆਦਤੀਆਂ ਅਤੇ ਵਿਤਕਰੇ ਕਰਦੇ ਆ ਰਹੇ ਹਨ।
ਸ: ਮਨੋਹਰ ਸਿੰਘ ਗਿੱਲ ਜੋ ਪਹਿਲੇ ਵੀ ਆਪਣੀਆਂ ਇਨਸਾਫ ਪਸੰਦ ਉਦਮਾਂ ਕਾਰਨ ਕੇਵਲ ਸਿੱਖ ਕੌਮ ਵਿੱਚ ਹੀ ਨਹੀਂ ਸਮੁੱਚੇ ਮੁਲਕ ਨਿਵਾਸੀਆਂ ਵਿੱਚ ਇੱਕ ਵਿਸ਼ੇਸ ਸਥਾਨ ਰੱਖਦੇ ਹਨ, ਉਹਨਾਂ ਵੱਲੋਂ ਹਮੇਸਾਂ ਦੀ ਤਰ੍ਹਾ ਅਮਲੀ ਰੂਪ ਵਿੱਚ ਸਿੱਖ ਕੌਮ ਦੇ ਨੌਜਵਾਨਾਂ ਦੀ ਰਿਹਾਈ ਅਤੇ ਸਿੱਖ ਕੌਮ ਦੀ ਕਾਲੀ ਸੂਚੀ ਖਤਮ ਕਰਨ ਲਈ ਉਠਾਇਆ ਗਿਆ ਕਦਮ ਕਾਬਿਲ ਏ ਤਾਰੀਫ਼ ਹੈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮੌਜੂਦਾ ਗ੍ਰਹਿ ਵਜ਼ੀਰ ਪੀ ਚਿਦੰਬਰਮ ਨੂੰ ਇਹ ਸੰਜੀਦਾ ਅਪੀਲ ਕਰਦਾ ਹੈ ਕਿ ਮੁਲਕ ਦੇ ਵਿਧਾਨ ਦੀ ਬਰਾਬਰਤਾ ਵਾਲੀ ਸੋਚ ਅਨੁਸਾਰ ਜਿੰਨੀ ਜਲਦੀ ਹੋ ਸਕੇ, ਵੱਖ ਵੱਖ ਜ਼ੇਲ੍ਹਾ ਵਿੱਚ ਗੈਰ ਕਾਨੂੰਨੀ ਤਰੀਕੇ ਬੰਦੀ ਬਣਾਏ ਗਏ ਸਿੱਖ ਨੌਜਵਾਨਾਂ ਦੀ ਤੁਰੰਤ ਰਿਹਾਈ ਲਈ ਅਮਲੀ ਕਦਮ ਉਠਾਉਣ, ਉੱਥੇ ਸਿੱਖ ਕੌਮ ਨਾਲ ਕਾਲੀ ਸੂਚੀ ਬਣਾ ਕੇ ਕੀਤੀ ਜਾ ਰਹੀ ਵਿਤਕਰੇ ਭਰੀ ਕਾਰਵਾਈ ਨੂੰ ਵੀ ਤੁਰੰਤ ਖਤਮ ਕਰ ਦਿੱਤਾ ਜਾਵੇ।
ਕੇਰਾਂ ਤਾਂ ਡਰ ਹੀ ਗਿਆ ਕਿ ਗਿੱਲ ਕਿਤੇ ਸੂਚੀਆਂ ਬਣਾਉਣ ਵਾਲਾ ‘ਗਿੱਲ’ ਤਾਂ ਨੀਂ, ਪਰ ਪਹਿਲੀਆਂ ਹੀ
ਲੈਣਾਂ ਵਿੱਚ ਪਤਾ ਲੱਗ ਗਿਆ ਕਿ ਇਹ ਤਾਂ ਦੂਜਾ ਖੇਡਾਂ ਵਾਲਾ ਗਿੱਲ ਹੈ। ਨਾਲੇ ਬਣਾਉਣ ਆਲਾਂ ਤਾਂ ਉਈਂ
ਨਾ ਹਟਾਵੇ ਨਾ, ਜੇ ਮੌਕਾ ਲੱਗੇ ਤਾਂ ਹੋਰ ਪੁਆ ਭਾਵੇਂ ਦੇਵੇ ਬੁੱਚੜ।