ਫਰੀਮੌਂਟ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਗੁਰਬਚਨ ਸਿੰਘ ਜੀ ਖਾਲਸਾ ਨੇ ਐਤਵਾਰ ਨੂੰ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਨੂੰ ਗੁਰਦੁਆਰਾ ਸਾਹਿਬ ਫਰੀਮੌਂਟ ਵਿਖੇ ਉਨ੍ਹਾਂ ਵਲੋਂ ਕੀਤੀਆਂ ਜਾ ਰਹੀਆਂ ਪੰਥਕ ਸੇਵਾਵਾਂ ਦੇ ਲਈ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਸਿੰਘ ਸਾਹਿਬ ਗੁਰਬਚਨ ਸਿੰਘ ਜੀ ਖਾਲਸਾ ਗੁਰੂ ਗ੍ਰੰਥ ਸਾਹਿਬ ਦੀ ਹੱਥ ਲਿਖਤ ਬੀੜ ਦੇ ਸਬੰਧ ਵਿਚ ਰੱਖੇ ਅਖੰਡ ਪਾਠ ਸਾਹਿਬ ਦੇ ਭੋਗ ਵਿਚ ਸ਼ਾਮਲ ਹੋਣ ਲਈ ਆਏ ਸਨ।
ਇਹ ਸਿਰੋਪਾਓ ਜਸਪ੍ਰੀਤ ਸਿੰਘ ਨੂੰ ਸਿੱਖ ਕੌਮ ਦੀ ਸੇਵਾ ਕਰਨ, ਅਮਰੀਕਾ ਵਿਚ ਹਜ਼ਾਰਾਂ ਵਿਅਕਤੀਆਂ ਨੂੰ ਪੱਕਿਆਂ ਕਰਵਾਉਣ, ਗੁਰੂ ਮਾਨਯੋ ਗ੍ਰੰਥ ਟੈਲੀਫਿਲਮ ਬਣਾਉਣ ਲਈ ਦਿੱਤਾ ਗਿਆ। ਉਸ ਤੋਂ ਬਾਅਦ ਜਥੇਦਾਰ ਸਾਹਿਬ ਉਚੇਚੇ ਤੌਰ ‘ਤੇ ਸ: ਜਸਪ੍ਰੀਤ ਸਿੰਘ ਦੇ ਫਰੀਮੌਂਟ ਸਥਿਤ ਦਫ਼ਤਰ ਵੀ ਪਧਾਰੇ। ਉਥੇ ਉਨ੍ਹਾਂ ਨੇ ਸਿੱਖ ਕੌਮ ਨਾਲ ਸਬੰਧਤ ਮਸਲਿਆਂ ‘ਤੇ ਜਸਪ੍ਰੀਤ ਸਿੰਘ ਨਾਲ ਲੰਮਾ ਵਿਚਾਰ ਵਟਾਂਦਰਾ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਗੁਰੂ ਮਾਨਯੋ ਗ੍ਰੰਥ ਟੈਲੀਫਿਲਮ ਦੇ ਕਲਾਕਾਰਾਂ ਅਤੇ ਪੂਰੀ ਟੀਮ ਨੂੰ ਵੀ ਅਸ਼ੀਰਵਾਦ ਦਿੱਤਾ। ਇਸ ਮੌਕੇ ਸਿੰਘ ਸਾਹਿਬ ਭਾਈ ਗੁਰਬਚਨ ਸਿੰਘ ਖਾਲਸਾ ਨੇ ਕਿਹਾ ਕਿ “ਗੁਰੂ ਮਾਨਯੋ ਗ੍ਰੰਥ” ਟੈਲੀ ਫਿਲਮ ਬਣਾਉਣਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਇਸ ਨਾਲ ਸਿੱਖੀ ਦੇ ਪ੍ਰਚਾਰ ਲਈ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਜਸਪ੍ਰੀਤ ਸਿੰਘ ਨੇ ਨਿਊਯਾਰਕ ਅਤੇ ਕੈਲੀਫੋਰਨੀਆਂ ਵਿਚ ਹਜ਼ਾਰਾਂ ਸਿੱਖਾਂ ‘ਤੇ ਪੰਜਾਬੀਆਂ ਨੂੰ ਪੱਕਾ ਕਰਵਾ ਕੇ ਵੱਡੀ ਸੇਵਾ ਕੀਤੀ ਹੈ।
ਇਹ ਫਿਲਮ ਨਵੰਬਰ ਮਹੀਨੇ ਦੇ ਅਖ਼ੀਰ ਤੱਕ ਤਿਆਰ ਹੋ ਕੇ ਰਲੀਜ਼ ਹੋ ਜਾਵੇਗੀ। ਇਸ ਫਿਲਮ ਦਾ ਨਿਰਮਾਣ ਸਿੱਖ ਧਰਮ ਦੇ ਪ੍ਰਚਾਰ ਹਿਤ ਕੀਤਾ ਜਾ ਰਿਹਾ ਹੈ।