ਜਸਵੰਤ-ਭਾਜਪਾ ਲੜਾਈ ਵੀ ਕੁਝ ਅਜਿਹੀ ਹੀ
ਹਿੰਦੂ ਇਤਿਹਾਸ ਦੇ ਪੰਨਿਆਂ ਵਿਚ ਰਮਾਇਣ ਦੌਰਾਨ ਵਿਭੀਖਣ ਵਲੋਂ ਆਪਣੇ ਭਰਾ ਰਾਵਣ ਦੇ ਭੇਤ ਸ੍ਰੀ ਰਾਮ ਨੂੰ ਦਸ ਦੇਣ ਕਰਕੇ ਰਾਵਣ ਨੂੰ ਵੱਡੀ ਹਾਰ ਦਾ ਮੂੰਹ ਵੇਖਣਾ ਪਿਆ। ਕਾਲ ਨੂੰ ਆਪਣੇ ਪਾਵੇ ਨਾਲ ਬੰਨ੍ਹੀ ਰੱਖਣ ਵਾਲਾ ਰਾਵਣ ਵੀ ਆਪਣੇ ਭਰਾ ਵਲੋਂ ਦਿੱਤੇ ਗਏ ਭੇਤਾਂ ਕਰਕੇ ਮੌਤ ਦੇ ਮੂੰਹ ਵਿਚ ਚਲਾ ਗਿਆ। ਇਸਦੇ ਨਾਲ ਹੀ ਬਜ਼ੁਰਗਾਂ ਵਲੋਂ ਇਸ ਮੁਹਾਵਰੇ ਨੂੰ ਦੁਨੀਆਂ ਭਰ ਵਿਚ ਉਜਾਗਰ ਕੀਤਾ ਗਿਆ।
ਇਹ ਗੱਲ ਸਿਰਫ਼ ਇਕ ਘਰੇਲੂ ਲੜਾਈ ਵਿਚ ਹੀ ਸਹੀ ਸਾਬਤ ਨਹੀਂ ਹੁੰਦੀ ਸਗੋਂ ਮੌਜੂਦਾ ਸਮੇਂ ਵੱਡੇ ਦੇਸ਼ਾਂ ਵਲੋਂ ਛੋਟੇ ਦੇਸ਼ਾਂ ਵਿਚ ਫੁੱਟ ਪਾਓ ਅਤੇ ਹਥਿਆਰ ਵੇਚ ਆਪਣਾ ਬਿਜ਼ਨਸ ਚਲਾਓ ਵਾਲੀ ਨੀਤੀ ਕੰਮ ਕਰ ਰਹੀ ਹੈ। ਛੋਟੇ ਅਤੇ ਗਰੀਬ ਦੇਸ਼ਾਂ ਦੇ ਲੀਡਰ ਜਿਹੜੇ ਕੁਝ ਹੀ ਸਿੱਕਿਆਂ ਖਾਤਰ ਵਿੱਕ ਜਾਂਦੇ ਹਨ, ਉਨ੍ਹਾਂ ਦੀਆਂ ਗੱਦਾਰੀਆਂ ਕਰਕੇ ਗਰੀਬ ਦੇਸ਼ ਤਬਾਹੀ ਵੱਲ ਵਧਦੇ ਜਾ ਰਹੇ ਹਨ। ਇਹ ਹੀ ਨਹੀਂ ਆਪਣੇ ਹੀ ਦੇਸ਼ ਦੀਆਂ ਖ਼ਬਰਾਂ ਦੇਣ ਵਾਲੇ ਵੀ ਘਰ ਦੇ ਭੇਤੀ ਬਣਕੇ ਆਪਣੇ ਦੇਸ਼ ਦੀ ਗੈ਼ਰਤ ਨੂੰ ਮਿੱਟੀ ਵਿਚ ਰੋਲ ਰਹੇ ਹਨ। ਦੁਨੀਆਂ ਦੇ ਸਾਰੇ ਦੇਸ਼ਾਂ ਵਲੋਂ ਦੂਜੇ ਦੇਸ਼ਾਂ ਦੇ ਲੋੜਵੰਦ ਲੋਕਾਂ ਨੂੰ ਖਰੀਦਕੇ ਆਪਣੇ ਹੀ ਦੇਸ਼ ਵਿਚ ਜਾਸੂਸੀ ਕਰਨ ਦਾ ਜਾਲ ਵਿਛਾਇਆ ਹੋਇਆ ਹੈ। ਇਹ ਹੀ ਨਹੀਂ ਜਿੰਨਾ ਚਿਰ ਪਿੰਡ ਦਾ ਮੁਖ਼ਬਰ ਮੁਖ਼ਬਰੀ ਨਾ ਕਰੇ ਉਨਾ ਚਿਰ ਥਾਣੇ ਵਿਚ ਬੈਠੀ ਪੁਲਿਸ ਨੂੰ ਇਹ ਪਤਾ ਨਹੀਂ ਲਗਦਾ ਕਿ ਕਿਸ ਘਰ ਵਿਚ ਸ਼ਰਾਬ ਦੀ ਭੱਠੀ ਲੱਗੀ ਹੋਈ ਹੈ ਜਾਂ ਕਿਸ ਘਰ ਦੇ ਕਾਕੇ ਵਲੋਂ ਚੋਰੀ ਜਾਂ ਡਾਕੇ ਦੀ ਮੁਹਿੰਮ ਨੂੰ ਸਰਅੰਜ਼ਾਮ ਦਿੱਤਾ ਗਿਆ।
ਸ਼ਰਾਬ ਦੀਆਂ ਭੱਠੀਆਂ ਲਾਉਣ ਵਾਲਿਆਂ ਤੋਂ ਥੋੜ੍ਹਾ ਜਿਹਾ ਪਾਸੇ ਹੋ ਕੇ ਆਪਣੀਆਂ ਲੀਡਰੀਆਂ ਖ਼ਾਤਰ ਦੇਸ਼ ਨੂੰ ਭੱਠੀਆਂ ਵਿਚ ਡਾਹੁਣ ਵਾਲੇ ਲੀਡਰਾਂ ਦੀ ਗੱਲ ਹੀ ਕਰ ਲਈ ਜਾਵੇ। ਪਿਛਲੇ ਦਿਨੀਂ ਭਾਰਤੀ ਜਨਤਾ ਪਾਰਟੀ ਦੇ ਇਕ ਸੀਨੀਅਰ ਲੀਡਰ ਵਲੋਂ ਜਿਨਾਹ ਦੀਆਂ ਸਿਫ਼ਤਾਂ ਅਤੇ ਨਹਿਰੂ ‘ਤੇ ਕਾਂਗਰਸ ਸਬੰਧੀ ਹਿੰਦ-ਪਾਕਿ ਵੰਡ ਦੇ ਕੁਝ ਤਥਾਂ ਨੂੰ ਉਘਾੜਣ ਦੀ ਕੋਸਿ਼ਸ਼ ਕੀਤੀ ਗਈ। ਜਿਸ ਕਰਕੇ ਜਸਵੰਤ ਸਿੰਘ ਨੂੰ ਆਸ ਸੀ ਕਿ ਭਾਜਪਾ ਵਲੋਂ ਉਨ੍ਹਾਂ ਨੂੰ ਇਕ ਵੱਡੇ ਹੀਰੋ ਵਜੋਂ ਕਬੂਲ ਲਿਆ ਜਾਵੇਗਾ, ਕਿਉਂਕਿ ਉਨ੍ਹਾਂ ਨੇ ਕਾਂਗਰਸ ਦੀਆਂ ਧੱਜੀਆਂ ਉਡਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਪਰ ਜਸਵੰਤ ਸਿੰਘ ਦੀ ਬਦਕਿਸਮਤੀ ਨਾਲ ਅਜਿਹਾ ਕੁਝ ਨਾ ਹੋਇਆ ਸਗੋਂ ਜਿਨਾਹ ਦੀਆਂ ਸਿਫ਼ਤਾਂ ਕਰਨ ਕਰਕੇ ਭਾਜਪਾ ਵਲੋਂ ਉਨ੍ਹਾਂ ਨੂੰ ਪਾਰਟੀ ਚੋਂ ਹੀ ਬਰਖਾਸਤ ਕਰ ਦਿੱਤਾ ਗਿਆ।
ਇਸਤੋਂ ਬਾਅਦ ਭਾਰਤੀ ਜਨਤਾ ਪਾਰਟੀ ਅਤੇ ਪਾਰਟੀ ਚੋਂ ਕੱਢੇ ਗਏ ਜਸਵੰਤ ਸਿੰਘ ਵਿਚਕਾਰ ਜੰਗ ਸ਼ੁਰੂ ਹੋ ਗਈ। ਇਥੇ ਇਹ ਵੀ ਜਿ਼ਕਰਯੋਗ ਹੈ ਕਿ ਜਸਵੰਤ ਸਿੰਘ ਨੂੰ ਬਿਨਾਂ ਆਪਣੀ ਸਫ਼ਾਈ ਦੇਣ ਲਈ ਕਿਸੇ ਪ੍ਰਕਾਰ ਦਾ ਕਾਰਨ ਦਸੋ ਨੋਟਿਸ ਵੀ ਨਹੀਂ ਦਿੱਤਾ ਗਿਆ ਸਗੋਂ ਬਿਨਾਂ ਕਿਸੇ ਝਿਜਕ ਦੇ ਬਾਹਰ ਦਾ ਰਾਹ ਵਿਖਾ ਦਿੱਤਾ ਗਿਆ। ਇਥੇ ਇਹ ਗੱਲ ਵੀ ਜਿ਼ਕਰਯੋਗ ਹੈ ਕਿ ਜਸਵੰਤ ਸਿੰਘ ਦੇ ਇਸ ਬਿਆਨ ਕਰਕੇ ਭਾਵੇਂ ਉਸਨੂੰ ਪਾਰਟੀ ਚੋਂ ਕੱਢ ਦਿੱਤਾ ਗਿਆ ਪਰ ਪਾਕਿਸਤਾਨੀ ਲੋਕਾਂ ਵਲੋਂ ਉਸਦੀਆਂ ਸਿਫ਼ਤਾਂ ਦੇ ਪੁੱਲ ਪੂਰੀ ਤਰ੍ਹਾਂ ਬੰਨ੍ਹੇ ਗਏ। ਭਾਜਪਾ ਬਾਰੇ ਤਾਂ ਸਭ ਨੂੰ ਪਤਾ ਹੀ ਹੈ ਪਰ ਦੇਸ਼ ਦੀ ਇਸ ਵੰਡ ਦੇ ਪਿੱਛੇ ਵੀ ਕਾਂਗਰਸ ਦੀ ਇਕ ਵੱਡੀ ਅਤੇ ਡੂੰਘੀ ਸਾਜਿ਼ਸ਼ ਕੰਮ ਕਰਦੀ ਦਿਸ ਰਹੀ ਸੀ। ਕਾਂਗਰਸੀ ਲੀਡਰਾਂ ਨੂੰ ਪਤਾ ਸੀ ਕਿ ਜੇਕਰ ਮੌਜੂਦਾ ਸਮੇਂ ਪਾਕਿਸਤਾਨ ਦੇ ਨਾਮ ‘ਤੇ ਮੁਸਲਮਾਨਾਂ ਨੂੰ ਭਾਰਤ ਤੋਂ ਵੱਖ ਨਾ ਕੀਤਾ ਗਿਆ ਤਾਂ ਮੌਕਾ ਪਾਕੇ ਮੁਸਲਮਾਨ ਕਿਸੇ ਸਮੇਂ ਵੀ ਭਾਰਤ ਦੀ ਹਕੂਮਤ ਉਪਰ ਕਾਬਜ਼ ਹੋ ਸਕਦੇ ਹਨ। ਇਸ ਲਈ ਇਨ੍ਹਾਂ ਵਲੋਂ ਮੁਸਲਮਾਨਾਂ ਨੂੰ ਭਾਰਤੀ ਮੁਸਲਾਮਾਨ ਅਤੇ ਪਾਕਿਸਤਾਨੀ ਮੁਸਲਮਾਨ ਦੇ ਤੌਰ ‘ਤੇ ਦੋ ਹਿੱਸਿਆਂ ਵਿਚ ਵੰਡ ਦਿੱਤਾ ਗਿਆ। ਲੇਕਨ ਕਹਿੰਦੇ ਨੇ ਕੁੱਬੇ ਦੇ ਲੱਤ ਵੱਜੀ ਕੁੱਬੇ ਦਾ ਕੁੱਬ ਨਿਕਲ ਗਿਆ। ਇਹੀ ਹਿਸਾਬ ਪਾਕਿਸਤਾਨੀ ਨਾਲ ਹੋਇਆ ਭਾਵੇਂ ਗਾਂਧੀ ਅਤੇ ਨਹਿਰੂ ਵਲੋਂ ਉਨ੍ਹਾਂ ਨੂੰ ਧਰਮ ਦੇ ਨਾਮ ਉਪਰ ਵੰਡਕੇ ਵੱਖਰਾ ਦੇਸ਼ ਦੇ ਦਿੱਤਾ ਗਿਆ ਪਰ ਪਾਕਿਸਤਾਨ ਦਾ ਆਪਣਾ ਵਖਰਾ ਵਜੂਦ ਹੋਂਦ ਵਿਚ ਆ ਗਿਆ।
ਭਾਜਪਾ ਵਲੋਂ ਜਸਵੰਤ ਸਿੰਘ ਨੂੰ ਸਿਰਫ਼ ਜਿਨਾਹ ਦੀਆਂ ਸਿਫ਼ਤਾਂ ਕਰਨ ਜਾਂ ਨਹਿਰੂ ਦੀ ਬਦਨਾਮੀ ਕਰਨਾ ਕੋਈ ਕਾਰਨ ਨਹੀਂ ਦਿਸਦਾ। ਇਸਦੇ ਪਿੱਛੇ ਭਾਜਪਾ ਦੀ ਆਪਣੀ ਅੰਦਰੂਨੀ ਲੜਾਈ ਵੀ ਜਗ ਜ਼ਾਹਰ ਹੈ ਜਿਸ ਵਿਚ ਵਸੁੰਧਰਾ-ਭਾਜਪਾ ਜੰਗ ਵੀ ਇਸੇ ਧੁੱਖਦੀ ਹੋਈ ਅੱਗ ਦਾ ਹਿੱਸਾ ਹਨ। ਦੂਜੇ ਪਾਸੇ ਅਰੁਣ ਸ਼ੋਰੀ ਜਿਹੇ ਸੀਨੀਅਰ ਲੀਡਰਾਂ ਵਲੋਂ ਜਸਵੰਤ ਸਿੰਘ ਦੀ ਹਿਮਾਇਤ ‘ਤੇ ਖੜਣਾ ਵੀ ਇਸੇ ਹੀ ਅੱਗ ਦਾ ਹਿੱਸਾ ਹੈ। ਇਸ ਵੇਲੇ ਭਾਜਪਾ ਦੋ ਹਿੱਸਿਆਂ ਵਿਚ ਵੰਡੀ ਹੋਈ ਹੈ। ਪਹਿਲਾ ਹਿੱਸਾ ਰਾਜਨਾਥ ਸਿੰਘ ਅਤੇ ਅਡਵਾਨੀ ਗਰੁੱਪ ਦਾ ਹੈ ਅਤੇ ਦੂਜਾ ਹਿੱਸਾ ਇਸ ਗਰੁੱਪ ਦੀਆਂ ਆਪ ਹੁਦਰੀਆਂ ਨੀਤੀਆਂ ਤੋਂ ਦੁਖੀ ਲੀਡਰਾਂ ਦਾ ਹੈ। ਇਸ ਲਈ ਭਾਜਪਾ ਦੀ ਮੌਜੂਦਾ ਲੀਡਰਸਿ਼ਪ ਵਲੋਂ ਕਿਤਾਬ ਦਾ ਬਹਾਨਾ ਲਾ ਕੇ ਜਸਵੰਤ ਸਿੰਘ ਨੂੰ ਬਾਹਰ ਦਾ ਰਾਹ ਦਿਖਾਉਣਾ ਕੋਈ ਅਚੰਭੇ ਵਾਲੀ ਗੱਲ ਨਹੀਂ।
ਪਾਰਟੀ ਚੋਂ ਕੱਢੇ ਜਾਣ ਤੋਂ ਬਾਅਦ ਜਸਵੰਤ ਸਿੰਘ ਵਲੋਂ ਸਿੱਧੇ ਤੌਰ ‘ਤੇ ਭਾਜਪਾ ਦੇ ਆਪੇ ਬਣੇ ਪ੍ਰਧਾਨਮੰਤਰੀ ਦੇ ਅਹੁਦੇ ਦੇ ਹਾਰੇ ਹੋਏ ਹੱਕਦਾਰ ਲਾਲ ਕ੍ਰਿਸ਼ਨ ਅਡਵਾਨੀ ਉਪਰ ਕੰਧਾਰ ਵਿਚ ਭਾਰਤੀ ਹਵਾਈ ਜਹਾਜ਼ ਦੇ ਮੁਸਾਫ਼ਰਾਂ ਨੂੰ ਬਚਾਉਣ ਦੇ ਬਦਲੇ ਅਤਿਵਾਦੀਆਂ ਨੂੰ ਛੱਡਣ ਲਈ ਅਡਵਾਨੀ ਨੂੰ ਜਿ਼ੰਮੇਵਾਰ ਠਹਿਰਾਉਣ ਦੀ ਗੱਲ ਸਾਹਮਣੇ ਆਉਣੀ ਸ਼ੁਰੂ ਹੋ ਗਈ। ਇਸ ਸਬੰਧੀ ਜਸਵੰਤ ਸਿੰਘ ਨੇ ਸਿੱਧੇ ਤੌਰ ‘ਤੇ ਕਹਿ ਦਿੱਤਾ ਹੈ ਕਿ ਇਸ ਸਭ ਕੁਝ ਦੀ ਜਾਣਕਾਰੀ ਲਾਲ ਕ੍ਰਿਸ਼ਨ ਅਡਵਾਨੀ ਨੂੰ ਸੀ। ਇਥੇ ਇਸ ਗੱਲ ਦਾ ਜਿ਼ਕਰ ਵੀ ਕਰਨਾ ਜ਼ਰੂਰੀ ਹੈ ਕਿ ਆਪਣੇ ਕਮਾਂਡੋਜ਼ ਭੇਜਕੇ ਮੁਸਾਫ਼ਰਾਂ ਨੂੰ ਅਗਵਾਕਾਰਾਂ ਤੋਂ ਛੁਡਾਉਣ ਦੇ ਬਦਲੇ ਇਨ੍ਹਾਂ ਨੇ ਲੱਖਾਂ ਕਰੋੜਾਂ ਲੋਕਾਂ ਦੀਆਂ ਜਾਨਾਂ ਨੂੰ ਅਤਿਵਾਦੀਆਂ ਦੇ ਹੱਥ ਵੇਚਣਾ ਵਧੇਰੇ ਠੀਕ ਸਮਝਿਆ। ਉਨ੍ਹਾਂ ਦੀਆਂ ਕਾਰਵਾਈਆਂ ਕਰਕੇ ਹੁਣ ਅਨੇਕਾਂ ਲੋਕ ਬੰਬ ਧਮਾਕਿਆਂ ਦੇ ਨਾਲ ਮਰ ਰਹੇ ਹਨ।
ਦੂਜੀ ਗੱਲ ਜਸਵੰਤ ਸਿੰਘ ਨੇ ਕਹੀ ਕਿ ਉਸ ਵੇਲੇ ਭਾਰਤ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਤਾਂ ਗੁਜਰਾਤ ਦੰਗਿਆਂ ਲਈ ਜਿ਼ੰਮੇਵਾਰ ਮੋਦੀ ਉਪਰ ਕਾਰਵਾਈ ਕਰਨੀ ਚਾਹੁੰਦੇ ਸਨ ਪਰ ਲਾਲ ਕ੍ਰਿਸ਼ਨ ਅਡਵਾਨੀ ਨੇ ਉਨ੍ਹਾਂ ਨੂੰ ਪਾਰਟੀ ਵਿਚ ਬਵਾਲ ਖੜਾ ਹੋਣ ਦਾ ਡਰਾਵਾ ਦੇ ਕੇ ਰੋਕ ਦਿੱਤਾ। ਇਥੇ ਇਹ ਗੱਲ ਤਾਂ ਸਾਫ਼ ਜ਼ਾਹਰ ਹੈ ਕਿ ਜਿਥੇ ਲੋਕਾਂ ਦੀਆਂ ਜਾਨਾਂ ਦੇ ਦੁਸ਼ਮਣ ਅਤਿਵਾਦੀਆਂ ਨੂੰ ਛੱਡਣਾ ਭਾਜਪਾ ਦੀ ਇਕ ਵੱਡੀ ਭੁੱਲ ਸੀ ਉਥੇ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਦੇ ਦੁਸ਼ਮਣ ਨਰਿੰਦਰ ਮੋਦੀ ਨੂੰ ਸਜ਼ਾ ਨਾ ਮਿਲਣੀ ਵੀ ਇਹ ਸਾਬਤ ਕਰਦੀ ਹੈ ਕਿ ਅਡਵਾਨੀ ਦੀ ਨੀਤੀ ਵੀ ਦੂਜੇ ਧਰਮਾਂ ਦੇ ਪ੍ਰਤੀ ਨੇਕ ਨਹੀਂ ਹੈ। ਗੁਜਰਾਤ ਦੰਗਿਆਂ ਦੇ ਪੀੜਤ ਮੁਸਲਮਾਨ ਵੀ ਇਸ ਵੇਲੇ 1984 ਦੰਗਿਆਂ ਦੀ ਮਾਰ ਸਹਿ ਚੁੱਕੇ ਸਿੱਖਾਂ ਵਲੋਂ ਦਰ ਦਰ ‘ਤੇ ਇਨਸਾਫ਼ ਮੰਗਦੇ ਫਿਰ ਰਹੇ ਹਨ। ਨਾ ਹੀ ਟਾਈਟਲਰ-ਸੱਜਣ ਕੁਮਾਰ ਨੂੰ ਸਜ਼ਾ ਮਿਲੀ ਅਤੇ ਨਾ ਹੀ ਮੋਦੀ ਨੂੰ ਸਜ਼ਾ ਮਿਲਣ ਦੇ ਕੋਈ ਆਸਾਰ ਨਜ਼ਰ ਆਉਂਦੇ ਹਨ।
ਇਥੇ ਇਹ ਵੀ ਦਸਣਾ ਜ਼ਰੂਰੀ ਹੈ ਕਿ ਭਾਵੇਂ ਕਾਂਗਰਸ-ਭਾਜਪਾ ਦੋਵੇਂ ਹੀ ਪਾਰਟੀਆਂ ਇਕ ਦੂਜੀ ਦੀਆਂ ਵਿਰੋਧੀ ਹਨ ਪਰੰਤੂ ਨਾ ਭਾਜਪਾ ਦੇ ਰਾਜ ਸਮੇਂ ਟਾਈਟਲਰ, ਸੱਜਣ ਕੁਮਾਰ ਤੇ ਭਗਤ ਦਾ ਕੁਝ ਵਿਗੜਿਆ ਅਤੇ ਨਾ ਹੀ ਕਾਂਗਰਸ ਦੇ ਸਮੇਂ ਮੋਦੀ ਉਪਰ ਹੀ ਕੋਈ ਆਂਚ ਆਈ ਹੈ।
ਗੱਲ ਚਲ ਰਹੀ ਸੀ ਜਸਵੰਤ ਸਿੰਘ ਅਤੇ ਅਡਵਾਨੀ ਵਿਚ ਛਿੜੀ ਜੰਗ ਦੀ। ਇਸ ਜੰਗ ਵਿਚ ਮੌਜੂਦਾ ਸਮੇਂ ਹਾਰ ਭਾਵੇਂ ਜਸੰਵਤ ਸਿੰਘ ਨੂੰ ਪਾਰਟੀ ਚੋਂ ਕੱਢੇ ਜਾਣ ਕਰਕੇ ਹੋਈ ਹੈ। ਲੇਕਨ ਜਸਵੰਤ ਸਿੰਘ ਵਲੋਂ ਅਡਵਾਨੀ ਅਤੇ ਭਾਜਪਾ ਦੀਆਂ ਨੀਤੀਆਂ ਦੇ ਭੇਤ ਖੋਲ੍ਹਕੇ ਪਾਰਟੀ ਨੂੰ ਵੱਡੀ ਪੱਧਰ ‘ਤੇ ਢਾਅ ਲਾਈ ਜਾ ਰਹੀ ਹੈ। ਇਸ ਤੋਂ ਹੋਰ ਕੋਈ ਗੱਲ ਭਾਵੇਂ ਸਾਹਮਣੇ ਆਵੇ ਭਾਵੇ ਨਾ ਪਰੰਤੂ ਇਹ ਸਾਬਤ ਜ਼ਰੂਰ ਹੁੰਦਾ ਹੈ ” ਘਰ ਕਾ ਭੇਤੀ ਲੰਕਾ ਢਾਏ”।