ਕਾਂਡ 4
ਗ੍ਰਿਫ਼ਤਾਰ ਕਰਨ ਤੋਂ ਬਾਅਦ ਰਣਜੋਧ ਨੂੰ ਸਦਰ ਠਾਣੇ ਲਿਜਾਇਆ ਗਿਆ। ਪੱਗ ਨਾਲ ਬੰਨ੍ਹੇ ਹੱਥ ਖੋਹਲ ਕੇ ਸਿਪਾਹੀਆਂ ਨੇ ਉਸ ਨੂੰ ਹਵਾਲਾਤ ਵਿਚ ਤਾੜ ਦਿੱਤਾ। ਮੋਟੇ ਸਰੀਆਂ ਵਾਲੇ ਹਵਾਲਾਤ ‘ਚੋਂ ਅਜੀਬ ਬਦਬੂ ਮਗਜ਼ ਨੂੰ ਚੜ੍ਹਦੀ ਸੀ। ਉਤੇ ਲੈਣ ਲਈ ਦੋ ਬੋਰੀਆਂ ਦੀ ਪੱਲੀ ਸਿਪਾਹੀ ਸਲਾਖਾਂ ਵਿਚ ਦੀ ਅੰਦਰ ਸੁੱਟ ਗਿਆ ਸੀ।
ਸਰਦੀ ਅਸਮਾਨੋਂ ਵਰਨ੍ਹੀ ਸੁਰੂ ਹੋ ਗਈ ਸੀ।
ਜਿਉਂ ਜਿਉਂ ਠਾਣੇ ਅੰਦਰ ਸ਼ਾਂਤੀ ਜਿਹੀ ਵਰਤਦੀ ਜਾ ਰਹੀ ਸੀ। ਤਿਉਂ ਤਿਉਂ ਕੁਝ ਸੋਚ ਕੇ ਰਣਜੋਧ ਦਾ ਚਿਹਰਾ ਪੀਲਾ ਭੂਕ ਹੁੰਦਾ ਜਾ ਰਿਹਾ ਸੀ। ਆਪਣੇ ਨਾਲ ਅਗਾਊਂ ਹੋਣ ਵਾਲੇ ਸਲੂਕ ਲਈ ਉਹ ਦਿਲ ਕਰੜਾ ਕਰ ਰਿਹਾ ਸੀ। ਚਾਹੇ ਦਿਨੇ ਪੰਚਾਇਤ ਠਾਣੇਦਾਰ ਨੂੰ ਮਿਲ ਹੀ ਗਈ ਸੀ: ਪਰ ਇਹਨਾਂ ਬੁੱਚੜਾਂ ਦਾ ਕੋਈ ਇਤਬਾਰ ਨਹੀ ਸੀ। ਮੁੰਡਾ ਅੱਖਾਂ ਮੀਟ ਰੱਬ ਨੂੰ ਧਿਆ ਰਿਹਾ ਸੀ। ਪਰ ਉਸ ਦਾ ਹੌਂਸਲਾ ਮੁੱਠੀ ਵਿਚੋਂ ਰੇਤੇ ਵਾਂਗ ਕਿਰ ਜਾਂਦਾ ਸੀ।
ਵੱਡੀ ਰਾਤ ਗਈ ਬਲੀ ਸਿੰਘ ਅਤੇ ਸਰਪੰਚ ਠਾਣੇ ਰਣਜੋਧ ਦੀ ਰੋਟੀ ਲੈ ਕੇ ਆ ਗਏ। ਦੋ ਕੰਬਲ ਅਤੇ ਇੱਕ ਸਿਰਹਾਣਾ ਉਹਨਾਂ ਦੇ ਕੋਲ ਕੱਛ ਵਿਚ ਦੱਬੇ ਹੋਏ ਸਨ।
ਮੁੰਡੇ ਦਾ ਰੋਟੀ ਖਾਣ ਨੂੰ ਉੱਕਾ ਹੀ ਮਨ ਨਹੀ ਮੰਨਦਾ ਸੀ। ਹਵਾਲਾਤ ਕੋਲ ਸੰਤਰੀ ‘ਟੱਪ-ਟੱਪ’ ਪੈਰ ਮਾਰਦਾ ਅੜਬ ਕੁੱਕੜ ਵਾਂਗ ਪਹਿਰਾ ਦੇ ਰਿਹਾ ਸੀ। ਬੱਤੀ ਕਾਫ਼ੀ ਮੱਧਮ ਸੀ। ਇਸ ਲਈ ਬਰਾਂਡੀ ਵਿਚ ਕੱਸਿਆ ਉਹ ਤਮਾਸ਼ੇ ਵਾਲਾ ਰਿੱਛ ਲੱਗਦਾ ਸੀ।
-”ਕਿਉਂ ਕਾਇਮ ਐਂ?” ਸਰਪੰਚ ਨੇ ਪੁੱਛਿਆ।
-”ਅਜੇ ਤੱਕ ਤਾਂ ਕਾਇਮ ਈ ਆਂ ਜੀ।”
-”ਤੂੰ ਦਿਲ ਨਾ ਸਿੱਟ-ਕੱਲ੍ਹ ਨੂੰ ਤੈਨੂੰ ਕੋਈ ਬੰਨ੍ਹ ਸੁੱਬ ਕਰਕੇ ਲੈ ਜਾਵਾਂਗੇ-ਬੱਸ ਅੱਜ ਦੀ ਰਾਤ ਕੱਢ ਕਿਵੇਂ ਨਾ ਕਿਵੇਂ-ਹੱਥ ਇਹ ਤੈਨੂੰ ਲਾਉਂਦੇ ਨਹੀ-ਠਾਣੇਦਾਰ ਨੂੰ ਮੈਂ ਠੋਕ ਕੇ ਕਹਿ ਦਿੱਤਾ ਸੀ।”
-”ਹੱਥ ਨਹੀ ਲਾਉਂਦੇ” ਸੁਣ ਕੇ ਰਣਜੋਧ ਦਾ ਦਿਲ ਕੁਝ ਟਿਕਿਆ।
ਬਲੀ ਸਿੰਘ ਨੇ ਰੋਟੀਆਂ ‘ਤੇ ਗੋਭੀ ਦੀ ਸਬਜ਼ੀ ਪਾ ਕੇ ਮੁੰਡੇ ਨੂੰ ਫੜਾ ਦਿੱਤੀ। ਜੀਅ ਨਾ ਚਾਹੁੰਦੇ ਹੋਏ ਵੀ ਰਣਜੋਧ ਨੇ ਤਿੰਨ ਰੋਟੀਆਂ ਅੰਦਰ ਲੰਘਾ ਲਈਆਂ। ਇੱਕ ਗਿਲਾਸ ਦੁੱਧ ਦਾ ਵੀ ਪੀ ਲਿਆ। ਕੰਬਲ ਫੜ ਕੇ ਰੱਖ ਲਏ।
-”ਦੋਨੋ ਕੰਬਲ ਜੋੜ ਕੇ ਉੱਤੇ ਲੈ ਲਈਂ-ਠਾਰੀ ਬਹੁਤ ਐ ਜੋਧ!” ਭਰੇ ਮਨ ਨਾਲ ਬਲੀ ਸਿੰਘ ਨੇ ਕਿਹਾ। ਇਕੱਲੇ-ਇਕੱਲੇ ਪੁੱਤ ਦਾ ਫਿ਼ਕਰ ਉਸ ਨੂੰ ਵੱਢ-ਵੱਢ ਖਾ ਰਿਹਾ ਸੀ। ਦੱਬੇ ਘੁੱਟੇ ਦਿਲ ਨਾਲ ਉਹ ਹਵਾਲਾਤ
ਵੱਲ ਪਿੱਠ ਕਰੀ ਬੈਠਾ ਭਾਂਡੇ ਸਮੇਟ ਰਿਹਾ ਸੀ। ਉਸ ਦੀਆਂ ਅੱਖਾਂ ਹੰਝੂਆਂ ਨਾਲ ਨੱਕੋ-ਨੱਕ ਭਰੀਆਂ ਹੋਈਆਂ ਸਨ।
-”ਸਰਦਾਰ ਬਹਾਦਰ ਸਰਪੰਚ ਸਾਹਿਬ-ਸਾਡੇ ਬਾਰੇ ਵੀ ਕੁਛ ਸੋਚੋ-ਉਪਰੋਂ ਕੱਕਰ ਡਿੱਗਣ ਡਿਹੈ।” ਬੂਟਾਂ ਨਾਲ ਧਰਤੀ ਲਤਾੜਦਾ ਸੰਤਰੀ ਹਵਾਲਾਤ ਕੋਲ ਆ ਗਿਆ। ਬਾਘੜ ਬਿੱਲੇ ਜਿੱਡਾ ਮੂੰਹ ਖੋਹਲ ਕੇ ਉਸ ਨੇ ਡਾਂਗ ਜਿੱਡੀ ਉਬਾਸੀ ਲਈ ਸੀ। ਭੱਠੇ ਦੀ ਚਿਮਨੀ ਵਾਂਗ ਉਸ ਦੇ ਮੂੰਹ ‘ਚੋਂ ਭਾਫ਼ ਨਿਕਲ ਕੇ ਵਰੋਲਾ ਜਿਹਾ ਬਣ ਗਈ।
-”ਕਿੰਨੇ ਕੁ ਨਾਲ ਸਾਰ ਲੇਂਗਾ?”
-”ਅਧੀਏ ਬਿਨਾਂ ਬਿਲਕੁਲ ਈ ਨਹੀਂ ਸਰਨਾਂ-ਮਹਾਰਾਜ ਥੋਡਾ ਭਲਾ ਕਰੇ-ਸ਼ਾਬਾਸ਼!”
-”ਪਰ ਮੁੰਡੇ ਨੂੰ ਤੰਗ ਨਾ ਕਰਿਓ!” ਸਰਪੰਚ ਨੇ ਪੰਜਾਹਾਂ ਦਾ ਨੋਟ ਉਸ ਵੱਲ ਵਧਾਉਂਦਿਆਂ ਕਿਹਾ।
-”ਸਾਹਬ ਬਹਾਦਰ-ਫੁੱਲ ਦੀ ਨਹੀ ਲਾਉਂਦੇ-ਇਹ ਮੇਰਾ ਵਾਅਦਾ ਰਿਹਾ।” ਉਸ ਨੇ ਉਂਗਲਾਂ ਦਾ ਮੋਚਨਾਂ ਬਣਾ ਕੇ ਨੋਟ ਫੜ ਲਏ।
ਸਰਪੰਚ ਨੂੰ ਸੰਤਰੀ ਕੰਮ ਦਾ ਬੰਦਾ ਲੱਗਿਆ।
-”ਕਿਹੜਾ ਪਿੰਡ ਐ ਸੰਤਰੀ ਜੀ?”
-”ਮੇਰਾ ਪਿੰਡ ਜੀ ਲੋਪੋ ਐ।”
-”ਬੱਧਨੀ ਕਲਾਂ ਕੋਲੇ?”
-”ਹਾਂ-ਸਾਹਬ ਬਹਾਦਰ।”
-”ਸੰਤਰੀ ਜੀ-ਇਸ ਮੁੰਡੇ ਬਾਰੇ ਕੋਈ ਜਾਣਕਾਰੀ ਹੈ-ਬਈ ਕੀ ਕਰਨਗੇ?” ਸਰਪੰਚ ਨੇ ਇੱਕ ਸੌ ਦਾ ਨੋਟ ਸੰਤਰੀ ਵੱਲ ਕਰਦਿਆਂ ਪੁੱਛਿਆ। ਜਿਹੜਾ ਫਿਰ ਸੰਤਰੀ ਨੇ ਉਂਗਲਾਂ ਦਾ ਚਿਮਟਾ ਬਣਾ ਕੇ ਫੜ ਲਿਆ।
-”ਸਾਹਬ ਬਹਾਦਰ-ਪੂਰੀ ਪੱਕੀ ਜਾਣਕਾਰੀ ਤਾਂ ਹੈ ਨਹੀ-ਪਰ ਮੇਰੇ ਤਜਰਬੇ ਅਨੁਸਾਰ ਕਿਸੇ ਖਾੜਕੂ ਜਾਂ ਲੁਟੇਰੇ ਦੀ ਸ਼ਨਾਖਤ ਕਰਵਾ ਕੇ ਗਵਾਹੀ ਪੁਆਉਣਗੇ।”
-”ਕਹਿਣ ਦਾ ਮਤਲਬ ਖੂਹ ‘ਚੋਂ ਕੱਢ ਕੇ ਖਾਤੇ ‘ਚ ਸਿੱਟਣਗੇ?”
-”ਤੁਸੀਂ ਆਪ ਈ ਸਿਆਣੇ ਹੋ-ਸਾਹਬ ਬਹਾਦਰ।” ਠੰਡ ਤੋਂ ਡਰਦੇ ਸੰਤਰੀ ਨੇ ਮਫ਼ਲਰ ਨਾਲ ਮੂੰਹ ਢਕ ਲਿਆ। ਮਫ਼ਲਰ ਉਪਰੋਂ ਉਸ ਦੀਆਂ ਲਾਲ ਅੱਖਾਂ ‘ਗਟਰ-ਗਟਰ’ ਝਾਕ ਰਹੀਆਂ ਸਨ।
-”ਕੋਈ ਉਪਾ ਸੰਤਰੀ ਜੀ?”
-”ਸਾਹਬ ਬਹਾਦਰ ਗੁਰਬਾਣੀ ਕਹਿੰਦੀ ਐ-ਪਾਪਾਂ ਬਾਝਹੁ ਹੋਵੈ ਨਾਹੀ-ਮੋਇਆਂ ਸਾਥ ਨ ਜਾਈ-ਕਲਯੁੱਗ ਵਿਚ ਤਾਂ ਪੈਸਾ ਈ ਪ੍ਰਧਾਨ ਅਂੈ-ਮੱਥਾ ਟੇਕੋ ਬੰਦਾ ਛੁਡਾਓ-ਸਰਦਾਰ ਮੂੰਹ ਦਾ ਮਿੱਠੈ ਪਰ ਦਿਲੋਂ ਅੱਤ ਦਾ ਬੇਈਮਾਨ ਐਂ-ਚਾਹੇ ਥੋਨੂੰ ਉਹ ਕਿੰਨੀਆਂ ਮਿੱਠੀਆਂ ਮਾਰੀ ਜਾਵੇ-ਪਰ ਬੰਦਾ ਜਮਾਂ ਨਹੀ ਛੱਡਦਾ-ਇਹ ਮੈਥੋਂ ਲਿਖਵਾ ਲਵੋ!”
ਬਲੀ ਸਿੰਘ ਨੂੰ ਮੁੜ੍ਹਕਾ ਆ ਗਿਆ।
-”ਸੰਤਰੀ ਜੀ-ਕਿੰਨਿਆਂ ਕੁ ਨਾਲ ਵਿਰੂ?”
-”ਸਾਹਬ ਬਹਾਦਰ ਇਹ ਨਹੀ ਆਖ ਸਕਦੇ।”
-”ਤਾਂ ਵੀ-ਕੋਈ ਅੰਦਾਜ਼ਾ?”
-”ਦੇਖੋ ਸਾਹਬ ਬਹਾਦਰ-ਵੱਡਾ ਖਾੜਕੂ ਪੰਜ ਲੱਖ-ਛੋਟਾ ਖਾੜਕੂ ਦੋ ਲੱਖ-ਲੁਟੇਰਾ ਇੱਕ ਲੱਖ ਤੇ ਆਮ ਆਦਮੀ ਦਾ ਸੱਤਰ ਹਜ਼ਾਰ ਚੱਲਦੈ-ਆਪਾਂ ਤਾਂ ਸਿੱਧੇ ਸਾਧੂ ਬੰਦੇ ਸੌ ਪੰਜਾਹ ਆਲੇ ਈ ਐਂ-ਮੇਰਾ ਨਾਂ ਬਿਲਕੁਲ ਨਾ ਲਇਓ-ਹੋਰ ਨਾ ਮੇਰੇ ਬੀਰ ਮੇਰਾ ਜੁੱਲੀ ਬਿਸਤਰਾ ਗੋਲ ਕਰਵਾ ਦਿਓ।”
-”ਤੁਸੀਂ ਬਿਲਕੁਲ ਬੇਧੜਕ ਰਹੋ-ਪਰ ਲੈਣ ਦੇਣ ਦੀ ਗੱਲ ਫਿਰ ਕਰੀਏ ਕੀਹਦੇ ਨਾਲ ਇਹ ਵੀ ਦੱਸੋ?” ਸਰਪੰਚ ਅੱਗੇ ਇੱਕ ਵੱਡੀ ਔਕੜ ਪਰਬਤ ਵਾਂਗ ਖੜ੍ਹੀ ਸੀ।
-”ਸਰਦਾਰ ਦੀ ਹੌਲਦਾਰ ਤੇ ਸਿਪਾਹੀ ਗੁਰਮੀਤ ਨਾਲ ਸਿੱਧੀ ਗੱਲ ਐ-ਉਨ੍ਹਾਂ ਨਾਲ ਭੰਨ ਤੋੜ ਕਰ ਲਓ-ਬੰਦਾ ਛੁੱਟ ਜਾਊ।”
-”ਮਿਹਰਬਾਨੀ ਸੰਤਰੀ ਜੀ!”
-”ਤਾਬਿਆਦਾਰ ਆਂ-ਸਾਹਬ ਬਹਾਦਰ।”
-”ਸਾਡੇ ਮੁੰਡੇ ਦਾ ਖਿਆਲ ਰੱਖਿਓ!”
-”ਬੇਚਿੰਤ ਹੋ ਕੇ ਜਾਓ!”
ਉਹ ਤੁਰ ਗਏ।
ਸੰਤਰੀ ਅੰਦਰੋਂ ਹੋਰ ਬੋਰੀਆਂ ਲੈ ਆਇਆ।
-”ਕੀ ਨਾਂ ਐ ਰੱਬ ਦਿਆ ਬੰਦਿਆ?”
-”ਜੀ ਰਣਜੋਧ ਸਿੰਘ ਐ।”
-”ਲੈ ਰਣਜੋਧ ਸਿਆਂ-ਆਹ ਬੋਰੀਆਂ ਵੀ ਹੇਠ ਵਿਛਾ ਲੈ ਤੇ ਕੰਬਲ ਜੋੜ ਕੇ ਰੱਬ ਦਾ ਨਾਂ ਲੈ-ਪੈ ਜਾਹ-ਸਵੇਰੇ ਚਾਰ ਵਜੇ ਤੱਕ ਮੇਰੀ ਡਿਊਟੀ ਐ-ਇੱਥੇ ਚਿੜੀ ਨਹੀ ਫੜਕਦੀ।”
-”ਅੱਛਾ ਜੀ।” ਰਣਜੋਧ ਨੂੰ ਜਾਪਿਆ ਕਿ ਸਾਰੇ ਪੁਲੀਸ ਵਾਲੇ ਇੱਕੋ ਜਿਹੇ ਨਹੀ। ਇੰਨ੍ਹਾਂ ਵਿਚ ਸਤਜੁਗੀ ਬੰਦੇ ਵੀ ਵਸਦੇ ਐ। ਉਸ ਨੇ ਸਾਰੀਆਂ ਬੋਰੀਆਂ ਹੇਠ ਵਿਛਾ ਲਈਆਂ ਅਤੇ ਕੰਬਲ ਜੋੜ ਕੇ ਪੈ ਗਿਆ। ਨੀਂਦ ਉਸ ਤੋਂ ਕੋਹਾਂ ਦੂਰ ਸੀ। ਕਿਸੇ ਸੋਚ, ਕਿਸੇ ਡਰ ਨੇ ਉਸ ਅੰਦਰ ਖੱਲ੍ਹੜ ਪਾਇਆ ਹੋਇਆ ਸੀ। ਕੀ ਕਰਨਗੇ ਮੇਰੇ ਨਾਲ ਇਹੇ? ਕੁੱਟਣਗੇ ਜਾਂ ਕੇਸ ਪਾਉਣਗੇ? ਕੁਛ ਵੀ ਹੋਵੇ ਦੋਵੀਂ ਪਾਸੀਂ ਬਿਪਤਾ ਈ ਬਿਪਤਾ ਹੈ! ਉਹ ਠੰਢੀ ਫ਼ਰਸ਼ ‘ਤੇ ਪਿਆ ਪਲਸੇਟੇ ਮਾਰੀ ਜਾ ਰਿਹਾ ਸੀ।
ਰਾਤ ਅੱਧੀ ਹੋ ਚੁੱਕੀ ਸੀ।
ਅਸਮਾਨੋਂ ਧੁੰਦ ਸੁਰੂ ਹੋ ਗਈ ਸੀ।
ਜਹਾਨ ਸੁੱਤਾ ਪਿਆ ਸੀ।
ਸੰਤਰੀ ‘ਟੱਪ-ਟੱਪ’ ਕਰਦਾ ਹਵਾਲਾਤ ਤੱਕ ਆਉਂਦਾ ਅਤੇ ਫਿਰ ਜਾ ਕੇ ਕੁਝ ਪਲਾਂ ਲਈ ਕੁਰਸੀ ‘ਤੇ ਜਾ ਕੇ ਬੈਠ ਜਾਂਦਾ। ਲੱਗਦਾ ਸੀ ਨੀਂਦ ਨੇ ਉਸ ਨੂੰ ਬਹੁਤ ਸਤਾ ਰੱਖਿਆ ਸੀ। ਜਦੋਂ ਸੰਤਰੀ ਫਿਰ ਹਵਾਲਾਤ ਤੱਕ ਆਇਆ ਤਾਂ ਰਣਜੋਧ ਉਠ ਕੇ ਬੈਠ ਗਿਆ।
-”ਕਿਉਂ ਰਣਜੋਧ ਸਿਆਂ-ਨੀਂਦ ਨਹੀ ਆਉਂਦੀ?”
-”ਨੀਂਦ ਕਿੱਥੇ ਜੀ?”
-”ਪਾਅਲ਼ਾ ਤਾਂ ਨਹੀ ਲੱਗਦਾ?”
-”ਨਹੀ ਪਾਅਲ਼ਾ ਤਾਂ ਨਹੀ ਲੱਗਦਾ ਜੀ।”
-”ਹੋਰ-ਪਾਣੀ ਧਾਣੀ ਤਾਂ ਨਹੀ ਪੀਣਾ?”
-”ਨਹੀ ਜੀ ਕਾਸੇ ਦੀ ਲੋੜ ਨਹੀ।”
-”ਘੰਟਾ ਕੁ ਅੜਕ ਮੈਂ ਚਾਹ ਧਰਦੈਂ।”
-”ਸੰਤਰੀ ਜੀ-ਕਿੰਨੇ ਕੁ ਦਿਨ ਮੈਨੂੰ ਐਥੇ ਹੋਰ ਰੱਖਣਗੇ-ਪਤਾ ਹੈ ਕੁਛ?”
-”ਮਿੱਤਰਾ ਇਹ ਤਾਂ ਰੱਖਣ ਵਾਲੇ ਈ ਜਾਨਣ।”
-”ਸੰਤਰੀ ਜੀ ਮੇਰਾ ਤਾਂ ਕੋਈ ਦੋਸ਼ ਈ ਨਹੀ।”
-”ਹੈ ਕਮਲਾ! ਦੋਸ਼ੀ ਨਿਰਦੋਸ਼ ਨੂੰ ਇੱਥੇ ਕੋਈ ਪੁੱਛਦੈ?”
-”ਥੋਨੂੰ ਮੇਰੀ ਘਾਣੀ ਬਾਰੇ ਤਾਂ ਪਤਾ ਈ ਹੋਣੈ?”
-”ਬਿਲਕੁਲ ਪਤਾ ਐ।”
-”ਫੇਰ ਦੱਸੋ ਮੇਰਾ ਕਸੂਰ ਈ ਕੀ ਐ-ਜਦੋਂ ਅਗਲੇ ਅਸਲਾ ਲੈ ਕੇ ਆ ਗਏ?”
-”ਰਣਜੋਧ ਸਿਆਂ-ਖੂਹ ‘ਚ ਡਿੱਗੀ ਇੱਟ ਕਦੇ ਸੁੱਕੀ ਨਿਕਲੀ ਐ? ਹੁਣ ਤਾਂ ਗਿੱਦੜਾਂ ਦੇ ਭੱਤੇ ਆ ਗਿਐਂ-ਤੇਰੇ ‘ਚੋਂ ਕੁਛ ਨਾ ਕੁਛ ਤਾਂ ਜਰੂਰ ਕੱਢਣਗੇ।” ਸੰਤਰੀ ਨੇ ਸੌ ਹੱਥ ਰੱਸੇ ਦੇ ਸਿਰੇ ਤੋਂ ਗੰਢ ਖੋਲ੍ਹ ਦਿੱਤੀ। ਮੁੰਡੇ ਨੂੰ ਹਨ੍ਹੇਰੇ ਵਿਚ ਰੱਖ ਕੇ ਉਹ ਧਰਵਾਸ ਨਹੀ ਦੇਣਾ ਚਾਹੁੰਦਾ ਸੀ।
ਰਣਜੋਧ ਰੋਣ ਲੱਗ ਪਿਆ।
-”ਰੋਣ ਨਾਲ ਕੁਛ ਨਹੀ ਬਣਨਾ-ਮੁਸੀਬਤਾਂ ਮਰਦਾਂ ਤੇ ਈ ਪੈਂਦੀਐਂ-ਦਿਲ ਸ਼ੇਰ ਵਰਗਾ ਕਰੇਂਗਾ ਤਾਂ ਹੀ ਇੱਥੇ ਦਿਨ ਕਟੀ ਹੋਊ-ਨਹੀ ਤਾਂ ਦਿਨਾਂ ‘ਚ ਈ ਹਾਰਜੇਂਗਾ ਮਿੱਤਰਾ-ਕੰਬਲ ਲੈ ਤੇ ਅੱਖਾਂ ਮੀਚ ਕੇ ਪੈ ਜਾਹ-ਆਪੇ ਨੀਂਦ ਆ ਜਾਊ।”
ਸੰਤਰੀ ਫਿਰ ਪਰ੍ਹੇ ਨੂੰ ਤੁਰ ਗਿਆ।
ਰਣਜੋਧ ਕੰਬਲ ਘੁੱਟ ਕੇ ਪੈ ਗਿਆ।
ਅਸਲ ਵਿਚ ਰਣਜੋਧ ਰਾਤ ਨੂੰ ਖੇਤ ਪਾਣੀ ਲਾ ਰਿਹਾ ਸੀ। ਬਿਜਲੀ ਸਿਰਫ਼ ਰਾਤ ਨੂੰ ਹੀ ਆਉਂਦੀ ਸੀ। ਚਾਹੇ ਪੰਜਾਬ ਦੇ ਹਾਲਾਤ ਕਿਤਨੇ ਵੀ ਮਾੜੇ ਸਨ। ਪਰ ਕਿਸਾਨਾਂ ਨੇ ਆਪਣੀਆਂ ਫ਼ਸਲਾਂ ਛੱਡ ਕੇ ਕਿੱਧਰ ਦੌੜ ਜਾਣਾ ਸੀ? ਗੌਰਮਿੰਟ ਨੇ ਕਿਹੜਾ ਉਹਨਾਂ ਨੂੰ ਕੋਈ ਭੱਤਾ ਦੇ ਦੇਣਾ ਸੀ ਕਿ ਹਾਲਾਤ ਖਰਾਬ ਹਨ, ਬਾਹਰ ਰਾਤ ਨੂੰ ਪਾਣੀ ਲਾਉਣ ਨਾ ਜਾਓ। ਕਿਸਾਨਾਂ ਨੇ ਤਾਂ ਕਰ ਕੇ ਹੀ ਖਾਣਾ ਸੀ। ਦੁਨੀਆਂ ਦਾ ਪੇਟ ਪਾਲਣ ਵਾਲਾ ਪੰਜਾਬ ਦਾ ਕਿਸਾਨ ਖ਼ੁਦ ਭੁੱਖਾ ਮਰਨ ‘ਤੇ ਆਇਆ ਹੋਇਆ ਸੀ। ਕਿਸੇ ਸਰਕਾਰੇ ਦਰਬਾਰੇ ਪੁੱਛ-ਪੜਤਾਲ ਜਾਂ ਸੁਣਵਾਈ ਨਹੀ ਸੀ। ਅੰਨ੍ਹੀ ਨੂੰ ਬੋਲਾ ਘੜੀਸੀ ਫਿਰਦਾ ਸੀ। ਮੰਤਰੀਆਂ ਦਾ ਸਾਰਾ ਜੋਰ ਆਪਣੇ ਸਕੇ ਸੋਧਰਿਆਂ ਨੂੰ ਕੁਰਸੀਆਂ ਦਿਵਾਉਣ ‘ਤੇ ਲੱਗਾ ਹੋਇਆ ਸੀ। ਹੋਰ ਕੋਈ ਖਾਵੇ ਖ਼ਸਮਾਂ ਨੂੰ। ਮਰਨ ਪਰ੍ਹੇ-ਫ਼ਾਹਾ ਨਿੱਬੜੇ!
ਰਣਜੋਧ ਜਦੋਂ ਨੱਕਾ ਮੋੜ ਕੇ ਆਇਆ ਤਾਂ ਉਸ ਦੀ ਤਪਾਈ ਹੋਈ ਧੂਣੀ ‘ਤੇ ਚਾਰ ਨੌਜਵਾਨ ਬੈਠੇ ਹੱਥ ਸੇਕ ਰਹੇ ਸਨ। ਹਥਿਆਰ ਉਹਨਾਂ ਨੇ ਇੱਕ ਪਾਸੇ, ਇੱਕ ਮੰਜੀ ‘ਤੇ ਰੱਖੇ ਹੋਏ ਸਨ। ਓਪਰੇ ਹਥਿਆਰਬੰਦ ਬੰਦੇ ਦੇਖ ਕੇ ਰਣਜੋਧ ਦਾ ਅੰਦਰ ਹਿੱਲ ਗਿਆ। ਉਸ ਨੇ ਸੋਚਿਆ-ਜਾਹ ਜਾਂਦੀਏ ਅੱਜ ਪਤਾ ਨਹੀ ਕੀ ਬੀਤੇਗੀ? ਉਹ ਪਾਣੀ ਵਾਲੀ ਮੋਟਰ ਦੇ ਚਲ੍ਹੇ ਕੋਲ ਸੁੰਨ ਹੋਇਆ ਖੜਾ ਸੀ। ਉਹ ਚਾਹੁੰਦਾ ਸੀ ਕਿ ਕਹੀ ਸੁੱਟ ਕੇ ਕਿਸੇ ਪਾਸੇ ਦੌੜ ਜਾਵੇ। ਪਰ ਦਿਲ ਨੇ ਹਾਂਮੀ ਨਾ ਭਰੀ। ਜੇ ਪਤਾ ਲੱਗ ਗਿਆ ਤਾਂ ਗੋਲੀ ਨਾਲ ਉੜਾ ਦੇਣਗੇ। ਸੋਚਾਂ ਦੀਆਂ ਉਲਝਣਾਂ ਵਿਚ ਬੁਰੀ ਤਰ੍ਹਾਂ ਨਾਲ ਘਿਰਿਆ ਮੁੰਡਾ ਦਿਲ ਕਰੜਾ ਕਰਕੇ ਧੂਣੀ ਕੋਲ ਆ ਗਿਆ। ਧੂਣੀ ਲੱਟ-ਲੱਟ ਮੱਚ ਰਹੀ ਸੀ।
-”ਆਓ ਖ਼ਾਲਸਾ ਜੀ-ਵਾਹਿਗੁਰੂ ਜੀ ਕਾ ਖ਼ਾਲਸਾ-ਵਾਹਿਗੁਰੂ ਜੀ ਕੀ ਫ਼ਤਹਿ।” ਜੱਥੇ ਦੇ ਮੋਢੀ ਨੇ ਕਿਹਾ ਤਾਂ ਰਣਜੋਧ ਨੇ ਡਰਦਿਆਂ ਰਵਾਇਤੀ ਜਿਹਾ ‘ਫ਼ਤਹਿ’ ਦਾ ਉੱਤਰ ਦਿੱਤਾ।
-”ਖੇਤ ਆਪਣਾ ਈ ਐ ਖ਼ਾਲਸਾ ਜੀ?”
-”ਹਾਂ ਜੀ।”
-”ਬੜੀ ਭਾਰੀ ਫ਼ਸਲ ਐ।”
-”…….।” ਮੁੰਡਾ ਚੁੱਪ ਰਿਹਾ। ਉਹ ਆਖਣਾ ਚਾਹੁੰਦਾ ਸੀ ਕਿ ਦਿਨ ਰਾਤ ਵੀ ਅਸੀਂ ਹੀ ਮਰਦੇ ਐਂ।
-”ਕਿਹੜਾ ਨਗਰ ਐ?”
-”ਚੜਿੱਕ-ਤੇ ਆਪਣਾ?” ਰਣਜੋਧ ਨੇ ਦਿਲ ਤਕੜਾ ਕਰਕੇ ਪੁੱਛ ਹੀ ਲਿਆ।
-”ਖ਼ਾਲਸਾ ਜੀ ਜੇ ਸੋਚੀਏ ਤਾਂ ਸਾਰੇ ਨਗਰ ਈ ਆਪਣੇ ਐਂ-ਵੈਸੇ ਕੋਈ ਵੀ ਨਹੀ।” ਮੋਢੀ ਗੱਲ ਗੋਲ ਹੀ ਕਰ ਗਿਆ।
-”…….!” ਰਣਜੋਧ ਖ਼ਾਮੋਸ਼ ਹੋ ਗਿਆ।
-”ਪੰਜਾਬ ਦੀ ਧਰਤੀ ਦੇ ਗਲੋਂ ਗੁਲਾਮੀ ਦਾ ਜੂਲਾ ਲਾਹੁੰਣ ਲਈ ਹਥਿਆਰ ਚੁੱਕੇ ਐ ਖ਼ਾਲਸਾ ਜੀ-ਇੱਕ ਨਾ ਇੱਕ ਦਿਨ ਇਸ ਗੁਰੂਆਂ ਦੀ ਧਰਤੀ ਤੇ ਸਾਡੇ ਖ਼ਾਲਸੇ ਦਾ ਰਾਜ ਹੋਵੇਗਾ-ਦਿੱਲੀ ਦੇ ਲਾਲ ਕਿਲ੍ਹੇ ਤੇ ਕੇਸਰੀ ਨਿਸ਼ਾਨ ਝੁਲਾਉਣ ਲਈ ਅਸੀਂ ਬਚਨਬੱਧ ਐਂ-ਐਮੇ ਨਹੀ ਅਸੀਂ ਕੱਕਰ ਭਰੀਆਂ ਰਾਤਾਂ ‘ਚ ਸੱਪਾਂ ਦੀਆਂ ਸਿਰੀਆਂ ਮਿੱਧਦੇ ਫਿਰਦੇ।”
-”………।”
-”ਕੀ ਨਾਂ ਐ ਆਪਣਾ?”
-”ਰਣਜੋਧ ਸਿੰਘ।”
-”ਬੱਲੇ-ਬੱਲੇ! ਰਣਜੋਧ ਸਿਆਂ ਸਾਡਾ ਇੱਕ ਕੰਮ ਕਰ-ਸਿੰਘਾਂ ਦੀ ਮੱਦਦ ਕਰਨਾ ਹਰ ਸਿੰਘ ਦਾ ਫ਼ਰਜ਼ ਐ-ਖ਼ਾਲਸੇ ਦੀ ਆਜ਼ਾਦੀ ਲਈ ਅਸੀਂ ਨੰਗੇ ਧੜ ਮੈਦਾਨੇ-ਜੰਗ ਲੜ ਰਹੇ ਹਾਂ।”
-”……..।” ਰਣਜੋਧ ਠਠੰਬਰ ਗਿਆ। ਕਿਤੇ ਪੈਸੇ ਈ ਨਾ ਮੰਗ ਲੈਣ? ਘਰੇ ਤਾਂ ਅੱਗੇ ਈ ਭੰਗ ਭੁੱਜਦੀ ਐ-ਨਾਲੇ ਇਹ ਤਾਂ ਮੰਗਦੇ ਵੀ ਲੱਖਾਂ ਤੋਂ ਘੱਟ ਨਹੀ ਪਤੰਦਰ!
-”ਹੁਕਮ ਕਰੋ?” ਮੁੰਡੇ ਨੇ ਦਿਲ ਨੂੰ ਬੰਨ੍ਹ ਮਾਰਿਆ ਹੋਇਆ ਸੀ। ਪਰ ਫਿਰ ਵੀ ਉਸ ਦਾ ਦਿਲ “ਫੜ੍ਹੱਕ-ਫੜ੍ਹੱਕ” ਵੱਜੀ ਜਾ ਰਿਹਾ ਸੀ। ਕੰਨ ਉਸ ਨੇ ਅਗਲੀ ਗੱਲ ਸੁਣਨ ਲਈ ਸਹੇ ਵਾਂਗ ਚੁੱਕੇ ਹੋਏ ਸਨ।
-”ਫੌਜਾਂ ਕੱਲ੍ਹ ਦੀਆਂ ਭੁੱਖੀਐਂ-ਲੰਗਰ ਦਾ ਪ੍ਰਬੰਧ ਕਰੋ!” ਹੁਕਮ ਹੋ ਗਿਆ। ਰਣਜੋਧ ਦਾ ਦਿਲ ਥਾਵੇਂ ਆ ਗਿਆ। ਬਾਕੀ ਦੇ ਸਾਥੀ ਔਤਾਂ ਦੀ ਮਟੀ ਵਾਂਗ ਸੁੰਨ ਸਨ। ਕੋਈ ਬੋਲ ਨਹੀ ਰਿਹਾ ਸੀ। ਕੋਈ ਹੀਲ-ਹੁੱਜਤ ਨਹੀ ਸੀ।
-”ਕਰ ਦਿੰਨੇ ਐਂ ਜੀ।” ਰਣਜੋਧ ਨੇ ਕਿਹਾ।
-”ਕਰ ਦਿੰਨੇ ਐਂ ਨਹੀ ਖ਼ਾਲਸਾ ਜੀ-ਤੁਰੰਤ ਹੀ ਕਰੋ-ਅਸੀਂ ਅੱਗੇ ਜਾ ਕੇ ਜੱਥਦਾਰ ਦਾ ਹੁਕਮ ਵਜਾਉਣੈ-ਸਮਾਂ ਬਹੁਤ ਘੱਟ ਐ-ਜਿੰਨੀ ਜਲਦੀ ਹੋ ਸਕੇ ਜਾਉ ਤੇ ਝੱਟਪੱਟ ਮੁੜ ਆਓ-ਔਰ ਸੁਣੋ! ਕਿਸੇ ਕੋਲ ਭਾਫ਼ ਨਾ ਨਿਕਲੇ-ਨਹੀ ਤੁਹਾਨੂੰ ਸਾਡੇ ਕਾਨੂੰਨਾਂ ਦਾ ਪਤਾ ਈ ਐ-ਪ੍ਰੀਵਾਰ ਸਮੇਤ ਸੋਧਾ!” ਹੁਕਮ ਦੇ ਨਾਲ ਮੋਢੀ ਨੇ ਧਮਕੀ ਵੀ ਦੇ ਮਾਰੀ।
-”ਬਿਲਕੁਲ ਨਹੀ ਨਿਕਲਦੀ-ਪਰ ਮੈ ਕਿਆਰਾ ਮੋੜ ਆਵਾਂ?”
-”ਮੋੜ ਆਉ!”
ਰਣਜੋਧ ਨੇ ਚਾਰ ਕਿਆਰਿਆਂ ਵਿਚ ਪਾਣੀ ਖੁੱਲ੍ਹਾ ਛੱਡ ਦਿਤਾ ਅਤੇ ਆਪ ਸਾਈਕਲ ਲੈ ਕੇ ਪਿੰਡ ਨੂੰ ਤੁਰ ਗਿਆ। ਜਦੋਂ ਰਣਜੋਧ ਨੇ ਘਰੇ ਜਾ ਕੇ ਅਸਲ ਗੱਲ ਜ਼ਹਿਰ ਕੀਤੀ ਤਾਂ ਘਰ ਵਿਚ ਇੱਕ ਦਮ ਭੂਚਾਲ ਆ ਗਿਆ। ਸਾਰਿਆਂ ਦੇ ਮੂੰਹ ਠਾਕੇ ਗਏ। ਅਚਾਨਕ ਪਈ ਧਾੜ ‘ਤੇ ਉਹ ਹੈਰਾਨੀ ਨਾਲੋਂ ਡਰੇ ਹੋਏ ਵੱਧ ਸਨ। ਪਰ ਗੱਲ ਰਣਜੋਧ ਦੇ ਬਾਪੂ ਬਲੀ ਸਿੰਘ ਨੇ ਆਪਣੇ ਹੱਥ ਵਿਚ ਲੈ ਲਈ।
-”ਤੀਮੀਆਂ ਆਲੀ ਮੂੜ੍ਹ ਮੱਤ ਨਾ ਵਰਤੋ-ਰੋਟੀ ਲਾਹੋ ਤੇ ਫੜਾਓ ਮੁੰਡੇ ਦੇ ਹੱਥ-ਜਲਦੀ ਕਰੋ-ਕੁੜੀ ਯਹਾਵੇ ਦੇ ਕਿਤੇ ਖੇਤੋਂ ਪਿੰਡ ਨੂੰ ਮੋੜਾ ਨਾ ਪਾ ਲੈਣ-ਇਹਨਾਂ ਪਰੇਤਾਂ ਤੋਂ ਤਾਂ ਰੱਬ ਦੂਰ ਈ ਰੱਖੇ-ਪਤਾ ਨਹੀ ਕਦੋਂ ਫ਼ੈਰ ਖੋਲ੍ਹ ਦੇਣ।”
-”ਵੇ ਖਸਮਾਂ ਨੂੰ ਖਾਣਿਆਂ ਕਿਤੇ ਗਿੱਝੇ ਗਿਝਾਏ ਨਿੱਤ ਨਾ ਆ ਮਰਿਆ ਕਰਨ?” ਰਣਜੋਧ ਦੀ ਮਾਂ ਨੇ ਦੁਹਾਈ ਦਿੱਤੀ। ਉਸ ਨੂੰ ਸਹੇ ਨਾਲੋਂ ਜਿ਼ਆਦਾ ਪਹੇ ਦਾ ਡਰ ਮਾਰ ਰਿਹਾ ਸੀ। ਗਿੱਲੇ ਗੋਹੇ ਵਾਂਗ ਉਹ ਅੰਦਰੋਂ ਧੁਖ਼ ਰਹੀ ਸੀ।
-”ਤੂੰ ਡੌਂਡੀ ਪਿੱਟ ਕੇ ਗੁਆਂਢੀਆਂ ਨੂੰ ਦੱਸਣੈ-ਕੁੱਤੀਏ ਰੰਨੇ? ਪਹਿਲਾਂ ਆਬਦਾ ਮੂੰਹ ਬੰਦ ਕਰ-ਕਿਵੇਂ ਚਬੜ ਚਬੜ ਮਾਰੀ ਜਾਂਦੀ ਐ ਜਾਬ੍ਹਾਂ ਨੂੰ-ਹਰਾਮ ਦੀ!”
-”…….।”
-”ਰੋਟੀ ਖੁਆ ਕੇ ਫਾਹਾ ਵੱਢੋ-ਨਹੀ ਸਾਲੇ ਸਾਰਿਆਂ ਨੂੰ ਫੂਕ ਕੇ ਪਰ੍ਹਾਂ ਹੋਣਗੇ-।” ਬਲੀ ਸਿੰਘ ‘ਉਹਨਾਂ’ ਦਾ ਗੁੱਸਾ ਆਪਣੀ ਧਰਮ ਪਤਨੀ ‘ਤੇ ਕੱਢ ਰਿਹਾ ਸੀ। ਪਈ ਬਿੱਜ ‘ਤੇ ਉਸ ਦਾ ਕੋਈ ਵਿਰੋਧ ਨਹੀ ਕਰ ਰਿਹਾ ਸੀ।
ਸਾਰੇ ਬੜੀ ਧੀਮੀ ਅਵਾਜ਼ ਵਿਚ ਬੋਲ ਰਹੇ ਸਨ।
-”ਜੇ ਪੁਲਸ ਨੂੰ ਪਤਾ ਲੱਗ ਗਿਆ-ਫੇਰ ਕੀ ਕਰੇਂਗਾ-ਜਣਦਿਆਂ ਨੂੰ ਰੋਣਿਆਂ?” ਬੇਬੇ ਨੇ ਅਗਲਾ ਫਿ਼ਕਰ ਦੱਸਿਆ।
-”ਤੇਰੀ ਗੁੱਤ ਪਿੱਛੇ ਮੱਤ ਐ-।” ਰਣਜੋਧ ਦੇ ਬਾਪੂ ਨੇ ਉਸ ਦੀ ਮਾਂ ਦੀ ਧੌਣ ‘ਚ ਮੁੱਕੀ ਦੇ ਮਾਰੀ।
-”ਮੁਰਦਾ ਬੋਲੂ ਖੱਫਣ ਪਾੜੂ-ਜੇ ਤੂੰ ਇਉਂ ਈ ਕੁੱਤੇ ਮਾਂਗੂੰ ਭੌਂਕੀ ਗਈ-ਤੇਰੀ ਮਾਂ ਪੁਲਸ ਨੂੰ ਤਾਂ ਆਪੇ ਈ ਪਤਾ ਲੱਗੂ-ਤੂੰ ਰੋਟੀਆਂ ਲਾਹ ਕੇ ਹੱਥ ਫੜਾ ਉਹਦੇ-ਉਹ ਕੰਜਰ ਖੇਤੋਂ ਤੁਰਦੇ ਹੋਣ-ਜੇ ਚਿੜ ਕੇ ਜਿਦ ‘ਚ ਆ ਗਏ-ਨਿੱਤ ਲੰਗਰ ਭਾਲਿਆ ਕਰਨਗੇ-ਖੇਤ ਈ ਪਾ ਲਈਂ ਰਸੋਈ ਫੇਰ-ਚਲੋ ਕੁੜ੍ਹੇ ਕੁੜੀਓ ਕੀ ਬਿਟਰ ਬਿਟਰ ਝਾਕੀ ਜਾਨੀਐਂ? ਲਾਹੋ ਰੋਟੀ!” ਬਲੀ ਸਿੰਘ ਨੇ ਤਾੜ ਕੇ ਸਾਰੀਆਂ ਚੌਂਕੇ ਵਾੜ ਦਿੱਤੀਆਂ।
ਪਲਾਂ ‘ਚ ਰੋਟੀ ਤਿਆਰ ਹੋ ਗਈ।
ਰੋਟੀਆਂ ਅਤੇ ਸਬਜ਼ੀ ਬੰਨ੍ਹ ਕੇ ਬੇਬੇ ਨੇ ਮੁੰਡੇ ਦੇ ਹੱਥ ਫੜਾ ਦਿੱਤੀਆਂ। ਤੁਰਨ ਲੱਗੇ ਪੁੱਤ ਨੂੰ ਬਾਪੂ ਨੇ ਰੋਕ ਲਿਆ। ਉਹ ਮੁੰਡੇ ਵੱਲ ਇਸ ਤਰ੍ਹਾਂ ਤੱਕ ਰਿਹਾ ਸੀ, ਜਿਵੇਂ ਪੁੱਤ ‘ਜੰਗ’ ਨੂੰ ਚੱਲਿਆ ਸੀ!
-”ਉਹਨਾਂ ਨੂੰ ਪੁੱਤ ਲੰਗਰ ਝੁਲਸਾ ਕੇ ਤੁਰਦਾ ਕਰ-ਘਬਰਾਉਣਾ ਬਿਲਕੁਲ ਨਹੀ-ਤੇ ਨਾ ਹੀ ਕਿਸੇ ਕੋਲ ਕੋਈ ਗੱਲ ਕਰਨੀ ਐਂ ਸ਼ੇਰਾ-ਵੇਲੇ ਬਹੁਤ ਮਾੜੇ ਆ ਗਏ-ਬੰਦੇ ਦੀ ਅੱਜ ਕੱਲ੍ਹ ਕੁੱਤੇ ਜਿੰਨੀ ਕਦਰ ਨਹੀ-ਕਾਲੇ ਦਿਨਾਂ ‘ਚ ਪੁੱਤਰਾ ਕੋਈ ਨਹੀ ਕਿਸੇ ਦੀ ਹਾਂਮੀ ਭਰਦਾ-ਜਦੋਂ ਰੋਟੀ ਖਾ ਕੇ ਤੁਰ ਜਾਣ-ਮੋਟਰ ਬੰਦ ਕਰਕੇ ਆ ਜਾਈਂ-ਖਸਮਾਂ ਨੂੰ ਖਾਵੇ ਪਾਣੀ-ਗੱਲ ਬੰਨ੍ਹ ਲਈ ਪੱਲੇ?”
ਸਿਰ ਹਿਲਾ ਕੇ ਰਣਜੋਧ ਨੇ ਹਾਮੀ ਭਰ ਦਿੱਤੀ ਅਤੇ ਸਾਈਕਲ ਤੇ ਲੱਤ ਦੇ ਲਈ। ਬਲੀ ਸਿੰਘ ਵੱਡਾ ਦਰਵਾਜਾ ਬੰਦ ਕਰਕੇ “ਵਾਹਿਗੁਰੂ-ਵਾਹਿਗੁਰੂ” ਜਪਦਾ ਵਾਪਿਸ ਆ ਗਿਆ।
-”ਅੱਧੀ ਰਾਤੋਂ ਤੁਰੇ ਫਿਰਦੇ ਓਂ, ਸੁੱਖ ਐ?” ਬਨੇਰੇ ਉਪਰੋਂ ਗੁਆਂਢੀ ਨੇ ਪੁੱਛਿਆ। ਉਹ ਸਾਂਝੀ ਕੰਧ ਉਪਰੋਂ ਸੱਪ ਵਾਂਗ ਸਿਰ ਚੁੱਕੀ ਖੜ੍ਹਾ ਸੀ। ਉਸ ਦੀਆਂ ਅੱਖਾਂ ਵਿਹੜੇ ਵਿਚ ਘੁਕੀ ਜਾ ਰਹੀਆਂ ਸਨ।
ਬਲੀ ਸਿੰਘ ਦਾ ਮੱਥਾ ਜੋਰ ਦੇਣੇ ਠਣਕਿਆ।
ਪਰ ਉਹ ਸੰਭਲ ਗਿਆ। ਘਬਰਾਉਣਾ ਅੱਤ ਦੀ ਬੇਵਕੂਫ਼ੀ ਸੀ।
-”ਆਹੋ ਕਾਮਰੇਟਾ ਸੁੱਖ ਈ ਐ-ਆਪਣੇ ਜੋਧ ਦੇ ਦਰਦ ਹੁੰਦਾ ਸੀ-ਚੂਰਨ ਲੈ ਕੇ ਗਿਐ।” ਬਲੀ ਸਿੰਘ ਨੇ ਪਸੀਨੇ ਨਾਲ ਤਰ-ਬਤਰ ਹੱਥ ਮਲੇ। ਅੰਦਰੋਂ ਉਹ ਬੁਰੀ ਤਰ੍ਹਾਂ ਨਾਲ ਥਿੜਕ ਗਿਆ ਸੀ।
-”ਮੈ ਤਾਂ ਕੁਛ ਹੋਰ ਸੋਚਿਆ ਸੀ।” ਕਾਮਰੇਡ ਬੋਲਿਆ।
-”ਕੀ…..?” ਸਾਹ ਬਲੀ ਸਿੰਘ ਦੇ ਸੰਘ ਵਿਚ ਹੀ ਅੜ ਗਿਆ ਸੀ। ਲੱਤਾਂ ਉਸ ਦੀਆਂ ਜਵਾਬ ਦੇ ਰਹੀਆਂ ਸਨ।
-”ਮੈ ਕਿਹਾ ਕਿਤੇ ਮੱਝ ਸੂਅ ਪਈ।”
ਬਲੀ ਸਿੰਘ ਨੇ ਪੂਰਾ ਸਾਹ ਲਿਆ।
ਖ਼ੁਸ਼ਕ ਹੋਏ ਪ੍ਰਾਣਾਂ ਵਿਚ ਜਾਨ ਮੁੜ ਆਈ।
-”ਨਹੀ ਮੱਝ ਕਾਹਨੂੰ ਸੂਈ ਐ।”
-”ਦਰਦਾਂ ਨੂੰ ਵੀ ਬਲੀ ਸਿਆਂ ਕੀ ਦੋਸ਼ ਐ? ਸਪਰੇਆਂ ਖਾਦਾਂ ਨਿਰੀਆਂ ਜਹਿਰ ਐ-ਪਰ ਕੋਈ ਵੱਸ ਨਹੀ-ਜੇ ਸਪਰੇਅ ਨਹੀ ਕਰਦੇ-ਖਾਦਾਂ ਨਹੀ ਪਾਉਂਦੇ-ਫਸਲ ਨਹੀ ਹੁੰਦੀ-ਦਾਣੇ ਨਹੀ ਖਾਣ ਜੋਗੇ ਘਰੇ ਆਉਂਦੇ।” ਕਰਦਾ ਕਰਦਾ ਕਾਮਰੇਡ ਕੰਧੋਂ ਥੱਲੇ ਲਹਿ ਗਿਆ।
ਬਲੀ ਸਿੰਘ ਕੁੜ੍ਹਦਾ ਅੰਦਰ ਚਲਾ ਗਿਆ।
-”ਜਦੋਂ ਭਿੰਡਰਾਂ ਆਲ਼ਾ ਜਿਉਂਦਾ ਸੀ-ਉਦੋਂ ਮੇਰੇ ਸਾਲੇ ਪਤਾ ਨਹੀ ਕਿਹੜੀ ਕੂਟੀਂ ਚੜ੍ਹ ਗਏ ਸੀ-ਬਾਹਵਾ ‘ਰਾਮਦਾਰੀ ਰਹੀ ਸੀ-ਹੁਣ ਕੁੜੀ ਚੋਦ ਫੇਰ ਗੰਡੋਇਆਂ ਮਾਂਗੂੰ ਬਾਹਰ ਨਿੱਕਲ ਆਏ।”
-”ਚੱਲ ਨਾ ਬਿਲੂੰ-ਬਿਲੂੰ ਕਰ-ਪੈ ਜਾਹ ਹੁਣ।”
-”ਪੈ ਤਾਂ ਜਾਨੈ-ਕਿਹੜਾ ਨੀਂਦ ਆਉਣੀ ਐਂ।”
-”ਰੱਬ ਦਾ ਨਾਂ ਲੈ।”
-”ਬਥੇਰਾ ਲਈਦੈ-ਪਤਾ ਨਹੀ ਰੱਬ ਵੀ ਕਿਹੜੀ ਪਹਾੜੀ ਚੜ੍ਹ ਗਿਆ?”
-”ਭੀੜਾਂ ਭਗਤਾਂ ਤੇ ਈ ਪੈਂਦੀਐਂ।”
-”ਨਿੱਤ ਬੇਗੁਨਾਂਹ ਮਰੀ ਜਾਂਦੇ ਐ।”
-”ਉਹਦੇ ਰੰਗ ਨਿਆਰੇ ਐ-।”
-”ਕੀਤੀ….!”
-”ਹਾਂ ਬੇਬੇ….?”
-”ਤੂੰ ਆਬਦੀ ਭਾਬੀ ਕੋਲੇ ਪੈ ਜਾਹ ਪੁੱਤ!”
-”ਅਸੀਂ ਪੈ ਗਈਆਂ ਬੇਬੇ।”
ਕੁੜੀ ਦਾ ਉਤਰ ਆਇਆ।
-”ਸ਼ਾਬਾਸ਼ੇ ਪੁੱਤ!”
ਨਣਾਨ ਭਰਜਾਈ ਨੂੰ ਵੀ ਅੱਚਵੀ ਲੱਗੀ ਹੋਈ ਸੀ।
-”ਕੀਤੀ ਮੇਰਾ ਤਾਂ ਦਿਲ ਘਟੀ ਜਾਂਦੈ।”
-”ਤੋੜ ਤਾਂ ਭਾਬੀ ਮੈਨੂੰ ਵੀ ਲੱਗੀ ਪਈ ਐ।”
-”ਪਤਾ ਨਹੀ ਕੀ ਹੋਊ?”
-”ਜੋ ਦੁਨੀਆਂ ਨਾਲ ਹੋਊ-ਉਹੀ ਆਪਣੇ ਨਾਲ ਹੋਊ।”
-”ਹੇ ਡਾਢਿਆ ਰੱਬਾ ਸੁੱਖ ਸ਼ਾਂਤੀ ਈ ਰੱਖੀਂ।” ਭਾਬੀ ਨੇ ਗਜ਼ ਭਰ ਲੰਮਾ ਹਾਉਕਾ ਲਿਆ। ਜੋ ਕੀਤੀ ਦੇ ਦਿਲੋਂ ਆਰ ਪਾਰ ਲੰਘ ਗਿਆ। ਉਸ ਨੇ ਸੱਜ-ਵਿਆਹੀ ਭਾਬੀ ਨੂੰ ਜੱਫੀ ਵਿਚ ਲੈ ਕੇ ਧਾਹ ਮਾਰੀ। ਉਸ ਦਾ ਕਾਲਜਾ ਭਾਬੀ ਦੇ ਦੁੱਖ ਨਾਲ ਕਤਲ ਹੋਇਆ ਪਿਆ ਸੀ। ਕੁੜੀ ਦੀਆਂ ਅੱਖਾਂ ਕਿਸੇ ਗਰੀਬ ਦੇ ਘਰ ਵਾਂਗ ਚੋਅ ਰਹੀਆਂ ਸਨ। ਪਈ ਕੀਤੀ ਦੇ ਹੰਝੂ ਉਸ ਦੇ ਕੰਨਾਂ ‘ਤੇ “ਤਰਿੱਪ-ਤਰਿੱਪ” ਡਿੱਗ ਰਹੇ ਸਨ। ਇਹ ਹੀ ਹਾਲ ਭਾਬੀ ਦਾ ਸੀ। ਉਸ ਦੀ ਛਾਤੀ ਵਿਚੋਂ ਝੱਖੜ ਵਾਂਗ ਹਾਉਕਾ ਉਠਦਾ ਸੀ ਅਤੇ ਸਾਰੇ ਸਰੀਰ ਨੂੰ ਛਾਂਗ ਜਾਂਦਾ ਸੀ।
ਬੇਬੇ-ਬਾਪੂ ਵੀ ਹੌਲੀ ਹੌਲੀ ਦੁੱਖ ਫਰੋਲ ਰਹੇ ਸਨ।
ਰਾਤ ਦਾ ਡੇੜ੍ਹ ਵੱਜ ਗਿਆ ਸੀ ਜਦੋਂ ਰਣਜੋਧ ਰੋਟੀ ਲੈ ਕੇ ਉਨ੍ਹਾਂ ਕੋਲ ਪੁੱਜਿਆ। ਧੂਣੀ ਅਜੇ ਵੀ ਲਟਾ-ਲਟ ਬਲ ਰਹੀ ਸੀ। ਸ਼ਾਇਦ ਸਿੰਘਾਂ ਨੇ ਹੋਰ ਬਾਲਣ ਉਪਰ ਸੁੱਟ ਦਿੱਤਾ ਸੀ।
ਜਦ ਰੋਟੀ ਅਤੇ ਸਬਜ਼ੀ ਵਾਲਾ ਪੋਣਾਂ ਖੋਲ੍ਹ ਕੇ ਰਣਜੋਧ ਨੇ ਉਹਨਾਂ ਅੱਗੇ ਕਰਿਆ ਤਾਂ ਉਹ ਹਾਬੜਿਆਂ ਵਾਂਗ ਰੋਟੀ ਨੂੰ ਪੈ ਗਏ। ਰਣਜੋਧ ਦੇ ਮਨ ਨੇ ਕੁਝ ਸੰਤੁਸ਼ਟੀ, ਕੁਝ ਰਾਹਤ ਮਹਿਸੂਸ ਕੀਤੀ। ਭੁੱਖਿਆਂ ਨੂੰ ਖੁਆਉਣਾ ਤਾਂ ਇੱਕ ਧਰਮ ਦਾ ਕੰਮ ਹੈ। ਚਾਹੇ ਇਹ ਖਾੜਕੂ ਹਨ ਅਤੇ ਚਾਹੇ ਲੁਟੇਰੇ। ਹਨ ਤਾਂ ਅਕਸਰ ਰੱਬ ਦੇ ਮਾਨੁੱਖ ਹੀ। ਇਹ ਚਾਹੇ ਕੋਈ ਅਸੀਸ ਦੇਣ ਨਾ ਦੇਣ। ਪਰ ਇਹਨਾਂ ਦੀਆਂ ਭੁੱਖੀਆਂ ਆਂਦਰਾਂ ਤਾਂ ਅਸੀਸਾਂ ਜਰੂਰ ਦੇਣਗੀਆਂ। ਇਹ ਜੋ ਚੰਗਾ-ਮੰਦਾ ਕੰਮ ਕਰਦੇ ਹਨ-ਆਪੇ ਭੁਗਤਣਗੇ-ਆਪਾਂ ਨੂੰ ਕੀ? “ਫ਼ਰੀਦਾ ਤੇਰੀ ਝੌਂਪੜੀ ਗਲ ਕਟੀਅਨ ਕੇ ਪਾਸ।। ਜੋ ਕਰਨਗੇ ਸੋ ਭਰਨਗੇ ਤੂੰ ਕਿਉਂ ਭਇਓ ਉਦਾਸ।।” ਮੈ ਤਾਂ ਰੋਟੀ ਲਿਆ ਕੇ ਪੁੰਨ ਦਾ ਕੰਮ ਹੀ ਖੱਟਿਆ ਹੈ-ਰੱਬ ਉਪਰ ਦੇਖਦਾ ਹੈ।
ਰੋਟੀ ਖਾ ਕੇ ਉਹਨਾਂ ਵੱਡੇ ਵੱਡੇ ਡਕਾਰ ਮਾਰੇ।
ਪਾਣੀ ਵਾਲੇ ਚਲ੍ਹੇ ਕੋਲ ਹੋ ਕੇ ਹੱਥ ਧੋ, ਕੁਰਲੀਆਂ ਕਰ ਲਈਆਂ। ਭੰਡਾਰੇ ਭਰਪੂਰ ਹੋ ਗਏ ਸਨ।
-”ਹੁਣ ਤਾਂ ਇੱਕ ਇੱਕ ਗਿਲਾਸ ਚਾਹ ਹੋਵੇ ਨਾ-ਤਾਂ ਬੱਸ ਚਿੱਠੇ ਈ ਤਰ ਜਾਣ।” ਇੱਕ ਨੇ ਪਰਨੇ ਨਾਲ ਮੂੰਹ ਪੂੰਝਦਿਆਂ ਆਖਿਆ। ਮੋਢੀ “ਮੈਦਾਨ ਮਾਰਨ” ਤੁਰ ਗਿਆ।
-”ਕਿਉਂ, ਏਥੇ ਤੇਰੀ ਬੇਬੇ ਸੂਈ ਐ?” ਨਾਲ ਦੇ ਨੇ ਟਾਂਚ ਕੀਤੀ।
-”ਤੇਰੀ ਸੂਈ ਹੋਣੀ ਐ?”
-”ਦੁੱਧ ਦੀ ਬੋਤਲ ਪਈ ਐ-ਮੈ ਚਾਹ ਧਰ ਦਿੰਨੈ-ਤੁਸੀਂ ਤਕਰਾਰ ਨਾ ਕਰੋ-।” ਰਣਜੋਧ ਨੇ ਕਿਹਾ।
-” ਉਏ ਬੱਲੇ ਰਣਜੋਧ ਸਿੰਘ ਸ਼ੇਰਾ! ਸੇਰ ਖੂਨ ਵਧਾ ਦਿੱਤਾ ਗੱਲ ਕਰਕੇ-ਧਰ ਚਾਹ ਮੱਲ ਬਣਕੇ-ਜਿੱਦੇਂ ਖਾਲਸਤਾਨ ਬਣ ਗਿਆ ਤੈਨੂੰ ਕੋਈ ਅਹੁਦਾ ਜਰੂਰ ਦੇਵਾਂਗੇ।”
-”ਸਾਲਿਆ ਚੂਹੜ੍ਹਿਆ-ਜਦੋ ਨੂੰ ਖਾਲਿਸਤਾਨ ਬਣਨੈ-ਉਦੋਂ ਨੂੰ ਤੇਰੇ ਹੱਡ ਗੰਗਾ ਪਏ ਹੋਣਗੇ।” ਸਾਥੀ ਨੇ ਕਿਹਾ।
-”ਸ਼ਹਾਦਤ ਵੀ ਕਹਿੰਦੇ ਕਿਸਮਤ ਆਲੇ ਨੂੰ ਨਸੀਬ ਹੁੰਦੀ ਐ-ਸ਼ਹੀਦ ਸਿੱਧਾ ਸੁਰਗਾਂ ਨੂੰ ਜਾਂਦੈ-।”
-”ਸੁਰਗਾਂ ‘ਚ ਵਾੜ ਕੇ ਤੈਨੂੰ ਰੱਬ ਨੇ ਆਬਦਾ ਸੁਰਗ ਪਲੀਤ ਕਰਨੈ? ਨਾਸਾਂ ‘ਚ ਦੇ ਲਊ ਉਂਗਲ-ਝੜ੍ਹੰਮ!”
-”ਐਥੇ ਤਾਂ ਸਾਲੀ ਨਹੀ ਸੀ ਕਰਮਾਂ ‘ਚ-ਰੱਬ ਦੇ ਸੁਰਗ ‘ਚ ਤਾਂ ਮੈ ਦੇਬਤੀਆਂ ਤੋਂ ਲੱਤਾਂ ਘੁਟਾਇਆ ਕਰੂੰ-ਤੇ ਨਾਲੇ ਕਰਿਆ ਕਰੂੰ ਚੋਲ੍ਹ ਮੋਲ੍ਹ।”
-”ਸਾਲੇ ਚੂਹੜ੍ਹੇ ਨੂੰ ਰੋਟੀਆਂ ਦਾ ਥੱਬਾ ਖਾ ਕੇ ਗੱਲਾਂ ਕਿਮੇਂ ਆਉਣ ਲੱਗ ਪਈਆਂ-ਮਰਿਆਂ ਮਾਂਗੂੰ ਬੈਠਾ ਸੀ।”
-”ਉਥੇ ਤਾਂ ਮੇਰੇ ਯਾਰ ਚੂਹੜ੍ਹਿਆਂ ਦਾ ਸੁਰਗ ਵੀ ਅੱਡ ਈ ਹੋਊ।”
-”ਐਮੇ ਨਾ ਚੂਹੜ੍ਹਾ-ਚੂਹੜ੍ਹਾ ਆਖੀ ਜਾਓ-ਮੈ ਕਲਗੀਆਂ ਆਲੇ ਪਾਤਸ਼ਾਹ ਦਾ ਰੰਘਰੇਟਾ ਸਿੰਘ ਐਂ-ਦਸਮੇ ਪਿਤਾ ਮੈਨੂੰ ਥੋਡਾ ਸਰਪੈਂਚ ਬਣਾਉਣਗੇ।”
-”ਮੂੰਹ ਵੀ ਫਿਰ ਸਾਥੋਂ ਈ ਭੰਨਾਇਆ ਕਰੇਂਗਾ।”
-”ਮੈ ਸੁਰਗ ‘ਚ ਪਹੁੰਚਣ ਸਾਰ ਥੋਡੀਆਂ ਅਗਾਊਂ ਜਮਾਨਤਾਂ ਕਰਵਾ ਦੇਣੀਐਂ-ਜਾਣ ਸਾਰ ਦਰਖਾਸਤ ਦੇ ਦੇਣੀ ਐਂ।”
-”ਕੁਛ ਕਰੀਂ-ਤੇਰੀਆਂ ਵਿੰਗੀਆਂ ਜਿਹੀਆਂ ਲੱਤਾਂ ਅਸੀਂ ਦੋ ਥਾਂ ਕਰਨੀਆਂ ਈ ਕਰਨੀਐਂ-ਤੂੰ ਆਬਦਾ ਜੋਰ ਲਾ ਲਈਂ-ਇੱਕੋ ਟੱਕ ਨਾਲ ਲੱਤ ਗਰਚ ਦੇਣੇ ਪਰ੍ਹੇ-ਬੱਸ…!”
-”ਫੇਰ ਸਿੱਧੇ ਈ ਟਾਡਾ ਅਧੀਨ ਅੰਦਰ।”
-”ਉਥੇ ਟਾਡਾ ਚੂਹੜ੍ਹਿਆਂ ਤੇ ਲਾਗੂ ਹੁੰਦਾ ਹੋਊ-ਜੱਟਾਂ ਤੇ ਨਹੀ।” ਇੱਕ ਨੇ ਲਾ ਕੇ ਆਖਿਆ ਤਾਂ ਮੁੰਡਾ ਵੱਟ ਖਾ ਗਿਆ। ਉਸ ਦੀਆਂ ਚੜ੍ਹ ਮੱਚੀਆਂ ਸਨ।
-”ਉਏ ਨਲਾਇਕੋ ਕੁੱਤਿਓ ਜੱਟੋ! ਤੁਸੀਂ ਉਦੋਂ ਕਿੱਥੇ ਗਏ ਸੀ ਉਏ, ਜਦੋਂ ਬਾਜਾਂ ਆਲੇ ਪਿਤਾ ਨੇ ਪੰਜ ਪਿਆਰੇ ਸਾਜੇ ਸੀ? ਕੋਈ ਉੱਠਿਆ ਉਦੋਂ ਥੋਡੇ ‘ਚੋ? ਤੁਸੀਂ ਉਸ ਵੇਲੇ ਕਿੱਥੇ ਸੀ, ਜਦੋਂ ਨੌਵੇਂ ਗੁਰੂ ਤੇਗ ਬਹਾਦਰ ਦਾ ਸੀਸ ਚਾਂਦਨੀ ਚੌਂਕ ‘ਚ ਪਿਆ ਸੀ? ਤੁਸੀਂ ਉਦੋਂ ਨਾ ਨਿੱਤਰੇ? ਉਦੋਂ ਨਿੱਤਰਿਆ ਸਰਦਾਰ ਜੀਵਨ ਸਿੰਘ ਰੰਘਰੇਟਾ-ਗੁਰੂ ਦਾ ਲਾਡਲਾ ਸੂਰਮਾਂ-ਬਾਘ ਸ਼ੇਰ ਬਹਾਦਰ-ਸਾਨੂੰ ਗੁਰੂ ਕਿਆਂ ਨੇ ਰੰਘਰੇਟੇ ਗੁਰੂ ਕੇ ਬੇਟੇ ਦਾ ਥਾਪੜਾ ਦਿੱਤਾ ਹੋਇਐ-ਤੇ ਤੁਸੀਂ ਪਾੜ ਕੇ ਮੁਖਤੀ ਦੀਆਂ ਰੋਟੀਆਂ ਬਣਨ ਤੁਰਪੇ ਸੂਰਮੈਂ-ਸਾਲੇ ਕੋਹੜ੍ਹੀ ਕਿਸੇ ਥਾਂ ਦੇ।” ਉਹ ਤਾਅ ਖਾ ਗਿਆ ਸੀ।
ਚਾਹ ਆ ਗਈ।
ਉਸ ਨੇ ਜੋਸ਼ ਵਿਚ ਚਾਹ ਦਾ ਗਿਲਾਸ ਮੂੰਹ ਨੂੰ ਲਾ ਲਿਆ। ਸੜਦੀ ਚਾਹ ਨੇ ਮੁੰਡੇ ਦਾ ਮੂੰਹ ਲੂਹ ਦਿੱਤਾ।
-”ਮਰੋ ਉਏ ਭੈਣ ਦੇਣੇ ਦਿਓ!” ਉਸ ਨੇ ਚਾਹ ਦਾ ਗਿਲਾਸ ਹੇਠਾਂ ਰੱਖ ਕੇ, ਹੱਥ ਮਲਦਿਆਂ “ਸੀਅ-ਸੀਅ” ਕਰਨੀ ਸੁਰੂ ਕਰ ਦਿੱਤੀ।
-”ਕਿੱਡਾ ਹਲਕਿਆ ਵਿਐ-ਹੌਲੀ ਮਰਲਾ।”
-”ਬਾਹਲੀ ਤੱਤੀ ਐ ਸਾਲੀ-ਮੇਰਾ ਤਾਂ ਮੂੰਹ ਜਲ ਗਿਆ-ਹੱਥ ਮੱਚਗੇ।”
-”ਕੋਈ ਮਗਰ ਪਿਐ?”
-”ਉਤੋਂ ਟੈਮ ਦੇਖਲਾ ਕੀ ਹੋਣ ਆਲੈ-ਮੇਰੇ ਰਿਸ਼ਤੇਦਾਰਾਂ ਨੇ ਚਾਰ ਵਜੇ ਈ ਨਾਕੇ ਆ ਮੱਲਣੇ ਐਂ-ਤੁਸੀਂ ਤਾਂ ਸਾਲਿਓ ਕਿਸੇ ਪੁਲੀ ਦੀ ਆੜ ਲੈ ਲਵੋਂਗੇ-ਮੈ ਤਾਂ ਗੁਰੂ ਦਾ ਸੂਰਮਾਂ ਸਿੱਧੀ ਹਿੱਕ ‘ਚ ਗੋਲੀ ਖਾਊਂ।”
-”ਸੁਰਗ ਵੀ ਤੈਨੂੰ ਈ ਉਡੀਕਦੈ।”
ਮੋਢੀ ‘ਮੈਦਾਨ-ਮਾਰ’ ਕੇ ਵਾਪਿਸ ਆ ਗਿਆ।
ਸਾਰੇ ਸ਼ਾਂਤ ਹੋ ਗਏ।
-”ਹਾਂ ਬਈ ਸਿੰਘੋ ਤਿਆਰ ਹੋ?”
-”ਬੱਸ ਘੁੱਟ ਕੁ ਚਾਹ ਰਹਿੰਦੀ ਐ।”
-”ਪੀਓ ਤੇ ਬਣੋ ਮੱਲ।”
ਸਾਰਿਆਂ ਨੇ ਚਾਹ ਨਬੇੜ ਦਿੱਤੀ।
-”ਲੈ ਬਈ ਰਣਜੋਧ ਸਿਆਂ-ਤੇਰਾ ਬਹੁਤ ਬਹੁਤ ਧੰਨਵਾਦ-ਜਿਉਂਦੇ ਰਹੇ ਤਾਂ ਤੇਰਾ ਅਹਿਸਾਨ ਮੋੜਾਂਗੇ-ਗੁਰੂ ਨੂੰ ਪਿਆਰੇ ਹੋ ਗਏ ਤਾਂ ਕੁਛ ਕਹਿ ਨਹੀ ਸਕਦੇ।” ਮੋਢੀ ਨੇ ਕਿਹਾ।
ਰਣਜੋਧ ਨੇ ਸੁੱਖ ਦਾ ਸਾਹ ਲਿਆ ਕਿ ਜਿਹੜਾ ਆਹ ਕੁਛ ਕਹਿ ਗਏ, ਹੁਣ ਨਹੀ ਮੁੜ ਕੇ ਆਉਂਦੇ। ਉਸ ਨੇ ਗਿਲਾਸ ਇਕੱਠੇ ਕਰਕੇ ਕੋਠੜੀ ਅੰਦਰ ਸੁੱਟ ਦਿੱਤੇ ਅਤੇ ਆਪ ਮੋਟਰ ਬੰਦ ਕਰਕੇ ਘਰ ਨੂੰ ਤਿੱਤਰ ਹੋ ਗਿਆ।
ਸਵੇਰ ਦੇ ਸਵਾ ਚਾਰ ਵੱਜ ਗਏ ਸਨ।
ਖਿੱਤੀਆਂ ਘੁੰਮ ਗਈਆਂ ਸਨ।
ਪਹਿਲੇ ਸਿਪਾਹੀ ਦੀ ਡਿਊਟੀ ਬਦਲ ਗਈ ਸੀ। ਪਹਿਲਾ ਸਿਪਾਹੀ ਤਿੰਨ ਵਜੇ ਰਣਜੋਧ ਲਈ ਚਾਹ ਲੈ ਕੇ ਆਇਆ ਸੀ। ਪਰ ਮੁੰਡੇ ਨੂੰ ਮਸਾਂ ਹੀ ਸੁੱਤਾ ਦੇਖ ਕੇ, ਉਸ ਨੇ ਰਣਜੋਧ ਨੂੰ ਜਗਾਉਣਾ ਠੀਕ ਨਾ ਸਮਝਿਆ ਅਤੇ ਦੂਜੇ ਗਿਲਾਸ ਵਾਲੀ ਚਾਹ ਵੀ ਆਪ ਹੀ ਪੀ ਲਈ।
ਹੁਣ ਡਿਊਟੀ ਗੁਰਮੀਤ ਦੀ ਸੀ।
ਗੁਰਮੀਤ ਸੁਭਾਅ ਦਾ ਬਹੁਤ ਹੀ ਕੁਰੱਖ਼ਤ ਅਤੇ ਦਿਮਾਗ ਦਾ ਖਰ ਬੰਦਾ ਸੀ। ਉਸ ਦੀ ਬੇਈਮਾਨ ਅੱਖ ਵਿਚ ਹਮੇਸ਼ਾ ਘੂਰ ਅਤੇ ਮੂੰਹ ‘ਤੇ ਸਿੱਧੀ ਗਾਲ੍ਹ ਲਿਖੀ ਹੋਈ ਸੀ। ਉਸ ਦੀ ਖੋਦੀ ਬੋਕ ਦਾਹੜੀ ਉਸ ਦੇ ਚਿਹਰੇ ਨੂੰ ਹੋਰ ਭਿਆਨਕ ਬਣਾਉਂਦੀ ਸੀ ਅਤੇ ਲੰਡੀਆਂ ਜਿਹੀਆਂ ਮੁੱਛਾਂ ਨੂੰ ਉਹ ਚੂਹੇ ਦੀ ਪੂਛ ਵਾਂਗ ਤਿੱਖੀਆਂ ਕਰਕੇ ਰੱਖਦਾ ਸੀ। ਮੰਤਰੀ ਦੇ ਘਰ ਗਈ ਗਧੀ ਵਾਂਗ , ਠਾਣੇਦਾਰ ਦਾ ਟਾਊਟ ਹੋਣ ਕਰਕੇ ਠਾਣੇ ਦੇ ਕਿਸੇ ਕਰਮਚਾਰੀ ਨੂੰ ਕੁਝ ਬਿਦਦਾ ਹੀ ਨਹੀ ਸੀ।
ਰਣਜੋਧ ਦੇ ਵੱਜਦੇ ਘੁਰਾੜ੍ਹੇ ਸਿਪਾਹੀ ਦੇ ਕੰਨਾਂ ਵਿਚ ਹੁੱਝਾਂ ਮਾਰ ਰਹੇ ਸਨ। ਰਾਤ ਦੀ ਪੀਤੀ ਹੋਈ ਦੇਸੀ ਦਾਰੂ ਅਜੇ ਵੀ ਨਾ ਉਤਰਨ ਕਾਰਨ ਉਸ ਦਾ ਸਿਰ “ਟੱਸ-ਟੱਸ” ਕਰ ਰਿਹਾ ਸੀ। ਉਸ ਨੂੰ ਚੇਹ ਚੜ੍ਹੀ ਹੋਈ ਸੀ।
ਪੈਂਦੀ ਸੱਟੇ ਉਸ ਨੇ ਸਲਾਖਾਂ ਵਿਚੋਂ ਦੀ ਰਣਜੋਧ ਦੀ ਵੱਖੀ ਵਿਚ ਬੰਦੂਕ ਦਾ ਬੱਟ ਮਾਰਿਆ। ਬੱਟ ਇਤਨੀ ਬੇਰਹਿਮੀ ਨਾਲ ਮਾਰਿਆ ਕਿ ਮੁੰਡਾ ਫ਼ਰਸ਼ ‘ਤੇ ਹੀ ਚਾਕੂ ਵਾਂਗ ਇਕੱਠਾ ਹੋ ਗਿਆ ਅਤੇ ਨਾਲ ਹੀ ਉਸ ਦੀ ਇੱਕ ਦਰਦਨਾਕ ਚੀਕ “ਹਾਏ ਉਏ ਰੱਬਾ ਮਰ ਗਿਆ!” ਨਿਕਲੀ। ਬੱਟ ਦੀ ਚੀਸ ਮੁੰਡੇ ਦੇ ਸਰੀਰ ਅੰਦਰ ਅੱਗ ਦੀਆਂ ਲਾਟਾਂ ਬਣ, ਭਾਂਬੜ ਤਰ੍ਹਾਂ ਫ਼ੈਲ ਗਈ। ਉਹ ਵੱਖੀ ਘੁੱਟੀ, ਕਮਾਨੀ ਵਾਂਗ ਦੂਹਰਾ ਹੋਇਆ ਫ਼ਰਸ਼ ‘ਤੇ ਹੀ ਪਿਆ ਸੀ। ਉਠਣ ਲਈ ਸਾਹ-ਸਤ ਨਹੀ ਰਿਹਾ ਸੀ। ਉਸ ਨੇ ਔਖਾ ਸੌਖਾ ਹੋ ਕੇ ਪਾਸਾ ਪਰਤਿਆ ਅਤੇ ਨਵੇਂ ਸਿਪਾਹੀ ਨੂੰ ਗਹੁ ਨਾਲ ਤੱਕ ਕੇ ਪਹਿਚਾਨਣ ਦੀ ਕੋਸਿ਼ਸ਼ ਕੀਤੀ। ਸਿਪਾਹੀ ਭੂਸਰਿਆ, ਸਾਹਣ ਵਾਂਗ ਫੂੰਕਾਰੇ ਮਾਰੀ ਜਾ ਰਿਹਾ ਸੀ। ਉਸ ਦੀ ਭਿਆਨਕ ਨਜ਼ਰ ਮੁੰਡੇ ਦੇ ਮੂੰਹ ‘ਤੇ ਅੱਗ ਵਰ੍ਹਾ ਰਹੀ ਸੀ।
-”ਹਾਏ ਸੰਤਰੀ ਜੀ-ਮੈ ਤਾਂ ਮਰ ਗਿਆ….!”
ਰਣਜੋਧ ਦੀਆਂ ਪੱਸਲੀਆਂ ‘ਚੋਂ ਲਾਟਾਂ ਨਿਕਲ ਰਹੀਆਂ ਸਨ।
-”ਤੇਰੀ ਮੈ ਭੈਣ ਨੂੰ ਨਵੇਂ ਦੁੱਧ ਕਰ ਦਿਆਂ-ਐਥੇ ਪਿਆ ਮੌਜ ਨਾਲ ਘੁਰਾੜ੍ਹੇ ਮਾਰੀ ਜਾਨੈਂ-ਸਹੁਰੀਂ ਆਇਐਂ?” ਸਿਪਾਹੀ ਨੇ ਬੰਦੂਕ ਦਾ ਬੱਟ ਹੋਰ ਦੇ ਮਾਰਿਆ। ਰਣਜੋਧ ਹਲਾਲ ਕੀਤੇ ਜਾ ਰਹੇ ਬੱਕਰੇ ਵਾਂਗ ਮਿਆਂਕ ਕੇ ਨਿੱਸਲ ਹੋ ਗਿਆ। ਨਿਰਬਲ ਹੋ ਗਿਆ। ਤੇਜ਼, ਪਰ ਗੁੱਝੀ ਸੱਟ ਨਾਲ ਨਾ ਤਾਂ ਉਸ ਨੂੰ ਚੱਜ ਨਾਲ ਸਾਹ ਆ ਰਿਹਾ ਸੀ ਅਤੇ ਨਾ ਹੀ ਕੁਝ ਬੋਲ ਸਕਦਾ ਸੀ। ਖੱਸੀ ਕੀਤੇ ਬਲਦ ਵਾਂਗ ਉਹ ਕਸੀਸ ਜਿਹੀ ਵੱਟੀ ਪਿਆ ਸੀ। ਪਰ ਫਿਰ ਵੀ ਉਸ ਨੇ ਸਾਰਾ ਬਲ ਇਕੱਠਾ ਕਰ ਕੇ ਹੰਭਲਾ ਮਾਰਿਆ ਅਤੇ ਪਰ੍ਹੇ ਹਵਾਲਾਤ ਦੀ ਕੰਧ ਨਾਲ ਲੱਗ ਗਿਆ। ਇੱਥੇ ਉਸ ਨੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕੀਤਾ। ਕਿਉਂਕਿ ਇੱਥੇ ਸਿਪਾਹੀ ਦੀ ਬੰਦੂਕ ਦਾ ਬੱਟ ਨਹੀ ਪਹੁੰਚ ਸਕਦਾ ਸੀ। ਪਰ ਫਿਰ ਉਸ ਦਾ ਦਿਲ ਡੋਲ ਗਿਆ – ਇਹਦਾ ਬੁੱਚੜ ਦਾ ਕੀ ਇਤਬਾਰ? ਜੇ ਹਵਾਲਾਤ ਦਾ ਜਿੰਦਰਾ ਖੋਲ੍ਹ ਕੇ ਕੁੱਟਣ ਡਹਿ ਗਿਆ, ਫੇਰ ਕੀ ਕਰੂੰ? ਉਸ ਨੂੰ ਮਹਿਸੂਸ ਹੋਇਆ ਕਿ ਇੱਕ ਦੇਵਤੇ ਦਾ ਪਹਿਰਾ ਹਟ ਕੇ ਜਮਦੂਤ ਦਾ ਪਹਿਰਾ ਆ ਗਿਆ ਲੱਗਿਆ ਸੀ। ਠੰਡ ਕਾਰਨ ਮੁੰਡੇ ਦੀ ਸੱਟ ਦੀਆਂ ਚਸਕਾਂ ਹੋਰ ਵੱਧ ਗਈਆਂ। ਉਸ ਨੇ ਕੰਬਲ ਖਿੱਚ ਕੇ ਵੱਖੀਆਂ ‘ਤੇ ਘੁੱਟ ਲਏ। ਬੋਰੀਆਂ ਤੋਂ ਪਰ੍ਹੇ ਉਹ ਸੱਖਣੀ ਠੰਢੀ ਫ਼ਰਸ਼ ‘ਤੇ ਹੀ ਬੈਠਾ ਸੀ। ਬੋਰੀਆਂ ਖਿੱਚ ਕੇ ਕੋਲੇ ਕਰਨ ਦੀ ਉਸ ਵਿਚ ਸੱਤਿਆ ਹੀ ਨਹੀ ਰਹੀ ਸੀ।
-”ਮਾਈ ਬਾਪ ਮੈਨੂੰ ਕਿਉਂ ਮਾਰਦੇ ਓਂ? ਸਹੁੰ ਗੁਰੂ ਦੀ ਮੈ ਤਾਂ ਬਿਲਕੁਲ ਈ ਨਿਰਦੋਸ਼ ਆਂ-ਰਹਿਮ ਕਰੋ-ਧਰਮ ਨਾਲ ਮਰ ਜਾਊਂਗਾ।” ਮੁੰਡੇ ਦੇ ਜੋੜੇ ਹੱਥ ਕੰਬੀ ਜਾ ਰਹੇ ਸਨ। ਉਸ ਨੇ ਹੌਂਸਲਾ ਕਰਕੇ ਪੁੱਛਿਆ ਸੀ।
-”ਤੂੰ ਨਿਰਦੋਸ਼ ਐਂ?”
-”ਬਿਲਕੁਲ ਹਜੂਰ-ਰੱਬ ਨੂੰ ਜਾਨ ਦੇਣੀ ਐਂ-ਸਵੇਰ ਅੰਮ੍ਰਿਤ ਵੇਲੇ ਦਾ ਮੌਕਾ ਐ-ਜਮਾਂ ਈ ਝੂਠ ਨਹੀ ਬੋਲਦਾ।”
-”ਤੇ ਜਿਹਨਾਂ ਨੂੰ ਰੋਟੀ ਖੁਆਈ ਐ-ਉਹ ਥੋਡੀ ਕੁੜੀ ਦੇ ਖਸਮ ਸੀਗੇ?”
-”ਮਾਈ ਬਾਪ-ਤਕੜੇ ਦਾ ਸੱਤੀਂ ਵੀਹੀਂ ਸੌ-ਬੰਦੂਖਾਂ ਅੱਗੇ ਕੀਹਦਾ ਜੋਰ ਚੱਲਦੈ?”
-”ਜੇ ਬੰਦੂਕ ਦੇ ਜੋਰ ਤੇ ਥੋਡੀ ਕੁੜੀ ਮੰਗਣ ਦੇ ਦੇਵੇਂਗਾ?”
-”——।” ਰਣਜੋਧ ਨਿਰੁੱਤਰ ਹੋ ਗਿਆ। ਅਸ਼ਲੀਲ ਗੱਲ ਕਾਲਜਾ ਪਾੜ ਗਈ ਸੀ। ਉਸ ਨੂੰ ਵੱਖੀ ਦਾ ਦਰਦ ਭੁੱਲ ਗਿਆ।
ਪਹੁ ਫ਼ਟ ਗਈ।
ਚੜ੍ਹਦੀ ਵਾਲੇ ਪਾਸੇ ਲਾਲੀ ਹੀ ਲਾਲੀ ਬਿਖ਼ਰ ਗਈ।
ਅਸਮਾਨ ਦਾ ਰੰਗ ਗਾਹੜ੍ਹਾ ਰੱਤਾ ਹੋ ਗਿਆ ਸੀ।
ਠਾਣੇ ਦਾ ਚਿਤੌੜਗੜ੍ਹ ਦੇ ਕਿਲ੍ਹੇ ਜਿੱਡਾ ਵੱਡਾ ਦਰਵਾਜਾ ਖੁੱਲ੍ਹ ਗਿਆ ਸੀ। ਸੜਕਾਂ ‘ਤੇ ਮੋਟਰ ਗੱਡੀਆਂ ਦੀ ਆਵਾਜਾਈ ਸੁਰੂ ਹੋ ਗਈ ਸੀ। ਸੰਸਾਰ ਹਰਕਤ ਵਿਚ ਆ ਗਿਆ ਸੀ। ਲੋਕ ਕੰਮਾਂ ਕਾਰਾਂ ਨੂੰ ਤੁਰ ਪਏ ਸਨ। ਸਿਪਾਹੀ ਨਹਾ ਧੋ ਕੇ ਤਿਆਰ ਹੋ ਰਹੇ ਸਨ। ਸੰਸਾਰਕ ਜੀਵਨ ਫਿਰ ਤੁਰ ਪਿਆ ਸੀ।
ਹਵਾਲਾਤ ਦਾ ਪਹਿਰਾ ਦਿਨ ਚੜ੍ਹਦੇ ਹੀ ਖ਼ਤਮ ਹੋ ਜਾਂਦਾ ਸੀ। ਸੂਰਜ ਦੀ ਪਹਿਲੀ ਕਿਰਨ ਦੇ ਨਾਲ ਹੀ ਬਲੀ ਸਿੰਘ ਅਤੇ ਸਰਪੰਚ ਚਾਹ ਲੈ ਕੇ ਆ ਗਏ। ਸਾਹ-ਸਤ ਖਿੱਚੀ ਬੈਠੇ ਰਣਜੋਧ ਨੂੰ ਦੇਖ ਕੇ ਬਾਪੂ ਬਲੀ ਸਿੰਘ ਮਿੱਟੀ ਹੋ ਗਿਆ।
-”ਕਿਉਂ ਕੋਈ ਪੁੱਛ-ਗਿੱਛ ਕੀਤੀ?” ਸਰਪੰਚ ਨੇ ਮੁੰਡੇ ਦੇ ਚਿਹਰੇ ਦੀ ਪੀੜ ਪੜ੍ਹਦਿਆਂ ਪੁੱਛਿਆ।
-”ਪੁੱਛ-ਗਿੱਛ ਤਾਂ ਕੋਈ ਨਹੀ ਕੀਤੀ ਪਰ ਸਵੇਰ ਦੀ ਡਿਊਟੀ ਆਲਾ ਸਿਪਾਹੀ ਐਮੇ ਈ ਸੁੱਤੇ ਪਏ ਦੇ ਬੱਟ ਮਾਰ ਗਿਆ।” ਬਾਕੀ ਦੀ ਗੱਲ ਉਸ ਨੇ ਕਾਲਜੇ ਹੇਠ ਦੱਬ ਲਈ।
-”ਕੋਈ ਨੀ ਮਾੜੇ ਮੋਟੇ ਬੱਟਾਂ ਦਾ ਕੀ ਐ? ਮੈਂ ਠਾਣੇਦਾਰ ਨੂੰ ਫੇਰ ਆਖ ਦਿੰਨੈ-ਕੰਨ ਖਿੱਚਦੂ ਸਾਰਿਆਂ ਦੇ।”
-”ਤੂੰ ਚਾਹ ਪੀ-ਕਾਇਮ ਹੋ।”
ਰਣਜੋਧ ਚਾਹ ਪੀਣ ਲੱਗ ਪਿਆ।
ਬਲੀ ਸਿੰਘ ਫਿਰ ਮੁੰਡੇ ਵੱਲ ਪਿੱਠ ਕਰੀ ਬੈਠਾ ਸੀ। ਉਸ ਦਾ ਦਰਦ ਉਸ ਤੋਂ ਝੱਲਿਆ ਨਹੀ ਜਾਂਦਾ ਸੀ।
ਠਾਣੇਦਾਰ ਚੁਬਾਰਿਓਂ ਪੌੜੀਆਂ ਉਤਰ ਆਇਆ। ਉਸ ਨੇ ਚਿਣ ਕੇ ਪੱਗ ਬੰਨ੍ਹੀਂ ਹੋਈ ਸੀ ਅਤੇ ਮੁੱਛਾਂ ਦੇ ਕੁੰਢ ਵੱਖਰਾ ਹੀ ਪ੍ਰਭਾਵ ਦੇ ਰਹੇ ਸਨ। ਮੋਢੇ ਦੇ ਸਟਾਰ ਧੁੱਪ ਵਿਚ ਚਾਂਭੜਾਂ ਮਾਰ ਰਹੇ ਸਨ। ਉਹ ਬੜੀ ਤੇਜ਼ੀ ਨਾਲ,
ਰੇਲ ਵਾਂਗ ਪੌੜੀਏਂ ਉਤਰਿਆ ਸੀ।
-”ਆਓ ਸਰਪੰਚ ਸਾਹਿਬ-ਕੋਈ ਸ਼ਕਾਇਤ ਤਾਂ ਨਹੀਂ?” ਠਾਣੇਦਾਰ ਆਪਣੀ ਥਾਂ ਬਿਲਕੁਲ ਸੱਚਾ ਸੀ।
-”ਸਰਦਾਰ ਜੀ-ਸਵੇਰ ਦੀ ਡਿਊਟੀ ਵਾਲੇ ਸਿਪਾਹੀ ਨੇ ਬਿਨਾਂ ਗੱਲੋਂ ਮੁੰਡੇ ਦੇ ਬੱਟ ਮਾਰੇ-ਆਹ ਦੇਖ ਲਓ ਚਿੱਬ ਪਾਏ ਪਏ ਐ ਵਿਚਾਰੇ ‘ਚ।”
ਸਰਦਾਰ ਚੁੱਪ ਹੋ ਗਿਆ।
-”ਮੁਣਸ਼ੀ….!”
-”ਜੀ ਹਜੂਰ….?”
-”ਤੜਕੇ ਪਹਿਰੇ ਤੇ ਕੌਣ ਸੀ?”
-”ਜੀ ਗੁਰਮੀਤ!”
-”ਕੁੜੀ ਚੋਦ ਦੇ ਬਿੱਲੀ ਮੂੰਹੇਂ ਨੂੰ ਕਿੰਨੀ ਵਾਰੀ ਕਿਹੈ ਬਈ ਹਵਾਲਾਤੀਆਂ ਨੂੰ ਤੰਗ ਨਾ ਕਰਿਆ ਕਰ-ਪਰ ਐਡਾ ਢੀਠ ਐ-ਪੰਗੇ ਲੈਣੋ ਨਹੀ ਹੱਟਦਾ-ਤੁਸੀਂ ਰਾਤ ਦੀ ਦਿਓ ਮੁਆਫੀ-ਮੁੜ ਕੇ ਕੋਈ ਐਸੀ ਗਲਤੀ ਨਹੀ ਕਰਦਾ।”
-”ਇੱਕ ਗੱਲ ਮਿਹਰਬਾਨੀ ਕਰਕੇ ਹੋਰ ਦੱਸ ਦਿਓ-ਬਈ ਮੁੰਡੇ ਨੂੰ ਹੋਰ ਕਿੰਨ੍ਹਾਂ ਕੁ ਚਿਰ ਰੱਖੋਂਗੇ?”
-”ਉਹ ਤਾਂ ਮੈ ਕੱਲ੍ਹ ਈ ਦੱਸ ਦਿੱਤਾ ਸੀ।”
-”ਸਰਦਾਰ ਮੂੰਹ ਛੋਟਾ ਐ-ਗੱਲ ਵੱਡੀ ਐ।”
-”ਖੁੱਲ੍ਹ ਕੇ ਕਰੋ-ਘਬਰਾਓ ਨਾ।”
-”ਮੈ ਤਾਂ ਇਹ ਬੇਨਤੀ ਕਰਨੀ ਸੀ-ਬਈ ਜੇ ਕਿਸੇ ਅਫ਼ਸਰ ਨੂੰ ਲੈ ਦੇ ਕੇ ਖਹਿੜਾ ਛੁੱਟਦੈ ਤਾਂ-।” ਬਾਕੀ ਗੱਲ ਸਰਪੰਚ ਨੇ ਜਾਣ ਕੇ ਅਧੂਰੀ ਛੱਡ ਦਿੱਤੀ। ਠਾਣੇਦਾਰ ਅੰਦਰ ਕੁਤਕੁਤੀ ਉਠੀ। ਅੱਖਾਂ ਵਿਚ ਚਮਕ ਆ ਗਈ।
-”ਦੇਖੋ…!” ਉਹ ਸਰਪੰਚ ਨੂੰ ਇੱਕ ਪਾਸੇ ਲੈ ਗਿਆ।
-”ਅੱਜ ਸਾਹਬ ਆ ਰਹੇ ਐ।”
-”ਜੀ….।”
-”ਕੱਲ੍ਹ ਮੇਰੀਆਂ ਅਦਾਲਤ ‘ਚ ਦੋ ਪੇਸ਼ੀਆਂ ਐਂ-ਤੁਸੀਂ ਪਰਸੋਂ ਆਓ-ਬੈਠ ਕੇ ਗੱਲ ਨਿਪਟ ਲਵਾਂਗੇ।”
-”ਸੱਤ ਬਚਨ ਸਰਕਾਰ।”
ਉਹ ਰਣਜੋਧ ਨੂੰ ਦੱਸ, ਹੌਲੇ ਫੁੱਲ ਹੋ ਕੇ ਠਾਣੇ ਤੋਂ ਤੁਰ ਪਏ। ਉਹ ਆਪਣੇ ਆਪ ਨੂੰ ਬੜਾ ਹਲਕਾ ਮਹਿਸੂਸ ਕਰ ਰਹੇ ਸਨ।
ਸਵੇਰੇ ਦਸ ਕੁ ਵਜੇ ਦੇ ਕਰੀਬ ਐਸ ਪੀ ਪਹੁੰਚ ਗਿਆ। ਲਾਲ ਬੱਤੀਆਂ ਵਾਲੀਆਂ ਸਰਕਾਰੀ ਗੱਡੀਆਂ ਮਿਆਂਕਦੀਆਂ ਅੰਦਰ ਆ ਪਹੁੰਚੀਆਂ ਸਨ। ਠਾਣੇ ਅੰਦਰ ਗਰਦੋਗੋਰ ਮੱਚੀ ਹੋਈ ਸੀ। ਠਾਣੇ ਦਾ ਹਰ ਕਰਮਚਾਰੀ ਆਪਣੀ ਡਿਊਟੀ ਪ੍ਰਤੀ ਸੁਚੇਤ ਹੋ ਗਿਆ ਸੀ। ਕੋਈ ਅੱਖ ਵਿਚ ਪਾਇਆ ਨਹੀ ਰੜਕਦਾ ਸੀ। ਜਿਵੇਂ ਸਾਰੇ ਦੇ ਸਾਰੇ ਸਾਧੂ-ਸੰਤ ਸਨ।
ਸਾਹਿਬ ਲਈ ਚਾਹ, ਦੁੱਧ, ਆਂਡੇ, ਆਮਲੇਟ, ਗੱਲ ਕੀ ਹਰ ਚੀਜ਼ ਹਾਜ਼ਰ ਸੀ। ਪਰ ਸਾਹਿਬ ਕਿਸੇ ਚੀਜ਼ ਨੂੰ ਨੱਕ ਨਹੀ ਕਰ ਰਿਹਾ ਸੀ। ਠਾਣੇਦਾਰ ਨੇ ਰੋਜ਼ਨਾਮਚਾ ਅਤੇ ਹੋਰ ਜ਼ਰੂਰੀ ਫ਼ਾਈਲਾਂ ਸਾਹਿਬ ਦੇ ਅੱਗੇ ਲਿਆ ਧਰੀਆਂ। ਉਸ ਨੇ ਸਾਰੀਆਂ ਫ਼ਾਈਲਾਂ ਅਤੇ ਰੋਜ਼ਨਾਮਚਾ ਬੜੇ ਗਹੁ ਨਾਲ ਨਿਰਖੇ ਸਨ।
ਫ਼ਾਈਲਾਂ ਦੇਖ ਕੇ ਐਸ ਪੀ ਨੇ ਠਾਣੇਦਾਰ ਸਪੁਰਦ ਕਰ ਦਿੱਤੀਆਂ ਅਤੇ ਠਾਣੇਦਾਰ ਨੇ ਅੱਗੇ ਮੁਣਸ਼ੀ ਨੂੰ ਫੜਾ ਦਿੱਤੀਆਂ। ਹਰ ਹਰਕਤ ਬੜੀ ਤੇਜ਼ੀ ਨਾਲ ਹੋ ਰਹੀ ਸੀ।
-”ਹਾਂ ਬਈ ਗੁਰਪ੍ਰੀਤ ਸਿਆਂ-ਤੇਰੇ ਇਲਾਕੇ ਦਾ ਕੀ ਹਾਲ ਐ?” ਐਸ ਪੀ ਨੇ ਚਾਹ ਦੀ ਘੁੱਟ ਭਰ ਕੇ ਪੁੱਛਿਆ। ਮੂੰਹ ਵਿਚ ਆਇਆ ਲੈਚੀ ਦਾ ਪੱਤ ਚੰਗੀ ਤਰ੍ਹਾਂ ਚੂਸ ਕੇ ਉਸ ਨੇ ਫ਼ੂਕ ਮਾਰ ਕੇ ਪਾਸੇ ਸੁੱਟ ਦਿੱਤਾ।
-”ਤੁਹਾਡੀ ਦਇਆ ਹੈ ਸਰ-ਸਭ ਠੀਕ ਠਾਕ ਹੈ।”
-”ਠੀਕ ਠਾਕ ਨਹੀ-ਤੇਰੇ ਇਲਾਕੇ ਵਿਚ ਅੱਤਵਾਦੀ ਸ਼ਰੇਆਮ ਘੁੰਮ ਰਹੇ ਹਨ-ਇਹ ਠੀਕ ਹੈ ਕਿ ਅਜੇ ਤੱਕ ਉਹਨਾਂ ਨੇ ਕੋਈ ਵੱਡੀ ਕਾਰਵਾਈ ਇਲਾਕੇ ਵਿਚ ਨਹੀ ਕੀਤੀ-ਪਰ ਸੁਚੇਤ ਰਹੋ-ਵਾਰਦਾਤ ਕਦੇ ਵੀ ਕਰ ਸਕਦੇ ਹਨ।”
-”ਜੀ ਸਰਕਾਰ!”
-”ਤੇਰੇ ਇਲਾਕੇ ਵਿਚ ਲੋਕ ਉਹਨਾਂ ਨੂੰ ਪਨਾਂਹਾਂ ਦੇ ਰਹੇ ਹਨ-ਜ਼ਰਾ ਸਖ਼ਤੀ ਵਰਤੋ!”
-”ਜੀ ਸਰਕਾਰ!”
-”ਕਿਸੇ ਤਰ੍ਹਾਂ ਦੀ ਢਿੱਲ ਨਹੀ ਵਰਤਣੀ-ਅੱਤਵਾਦੀਆਂ ਨੂੰ ਸਹਿਯੋਗ ਦੇਣ ਵਾਲੇ ਲੋਕ ਤੁਰੰਤ ਅੰਦਰ ਦਿਓ!”
-”ਜੀ ਸਰਕਾਰ-ਇੱਕ ਪਨਾਂਹੀਆ ਫੜਿਆ ਵੀ ਐ ਸਰ!” ਠਾਣੇਦਾਰ ਨੇ ਦੱਸਿਆ।
-”ਉਸ ਦੀ ਗ੍ਰਿਫ਼ਤਾਰੀ ਕਿਉਂ ਨਹੀ ਪਾਈ?”
-”ਸਰ ਅੱਜ ਈ ਫੜ ਕੇ ਲਿਆਏ ਆਂ!”
-”ਗੁੱਡ! ਉਸ ਤੋਂ ਅੱਤਵਾਦੀਆਂ ਬਾਰੇ ਪੂਰੀ ਪੜਤਾਲ ਕਰੋ-ਅਡੈਂਟੀਫ਼ਾਈ ਲਈ ਪਨਾਂਹੀ ਨੂੰ ਹਮੇਸ਼ਾ ਹੱਥ ਹੇਠ ਰੱਖੋ!”
-”ਜੀ ਸਰਕਾਰ!”
-”ਰਾਤਰੀ ਗਸ਼ਤ ਹੋਰ ਵਧਾਓ!”
-”ਜੀ ਸਰਕਾਰ!”
-”ਅੱਤਵਾਦੀਆਂ ਨੂੰ ਵਾਹ ਲੱਗਦੀ ਰਾਤ ਨੂੰ ਗ੍ਰਿਫ਼ਤਾਰ ਕਰੋ!”
-”ਜੀ ਸਰਕਾਰ!”
-”ਗ੍ਰਿਫ਼ਤਾਰੀ ਉਪਰੰਤ ਤੇਜ਼ੀ ਨਾਲ ਪੁੱਛ ਗਿੱਛ ਕਰੋ-ਅਗਰ ਨਾ ਲੀਹ ਤੇ ਆਵੇ ਇੰਟੈਰੋਗੇਟ ਕਰੋ!”
-”ਜੀ ਸਰਕਾਰ!”
-”ਅਗਰ ਅੱਤਵਾਦੀ ਨਹੀ ਪੇਸ਼ ਹੁੰਦੇ-ਉਹਨਾਂ ਦੇ ਮਾਂ ਬਾਪ ਰਿਸ਼ਤੇਦਾਰ ਲਿਆ ਕੇ ਠਾਣੇ ਡੱਕੋ!”
-”ਜੀ ਸਰਕਾਰ!”
-”ਇੱਕ ਲਾਸਟ ਅਤੇ ਅਹਿਮ ਗੱਲ-ਅੱਤਵਾਦੀਆਂ ਨੂੰ ਅਦਾਲਤ ਪੇਸ਼ ਕਰਕੇ ਰਿਮਾਂਡ ਲੈਣ ਦੀ ਗਲਤੀ ਕਦਾਚਿੱਤ ਨਹੀ ਕਰਨੀ-।”
-”ਜੀ ਸਰਕਾਰ!”
-”ਮੇਰੇ ਕਹਿਣ ਦਾ ਮਤਲਬ ਸਮਝ ਰਹੇ ਹੋ ਨਾ? ਫੜੋ, ਇੰਟੈਰੋਗੇਟ ਕਰੋ ਤੇ ਪਾਰ ਬੁਲਾਓ!”
-”ਜੀ ਸਰਕਾਰ!”
-”ਕੋਈ ਸਬੂਤ ਪਿੱਛੇ ਨਹੀ ਛੱਡਣਾ-ਐਸੀ ਤਕਨੀਕ ਵਰਤਣੀ ਐ ਕਿ ਮੁਕਾਬਲਾ ਅਸਲੀ ਦਿਸੇ-ਮੁਕਾਬਲਾ ਦੋ ਅਤੇ ਤਿੰਨ ਵਜੇ ਰਾਤ ਨੂੰ ਬਣਾਇਆ ਜਾਵੇ।”
-”ਜੀ ਸਰਕਾਰ!”
-”ਇੱਕ ਸਭ ਤੋਂ ਖ਼ਾਸ ਗੱਲ-ਆਪਣੇ ਸਟਾਫ਼ ਤੇ ਕਰੜੀ ਨਜ਼ਰ ਰੱਖੀ ਜਾਵੇ-ਕੋਈ ਸੀਕਰੇਸੀ ਲੀਕ ਆਊਟ ਬਿਲਕੁਲ ਨਾ ਹੋਵੇ।”
-”ਜੀ ਸਰਕਾਰ!”
-”ਅਗਰ ਕੋਈ ਸਟਾਫ਼ ਮੈਂਬਰ ਐਸਾ ਕਰਨ ਦੀ ਜੁਅਰਤ ਕਰੇ-ਤੁਰੰਤ ਸਸਪੈਂਡ ਕਰਕੇ ਕੇਸ ਦਰਜ਼ ਕਰੋ ਔਰ ਮੈਨੂੰ ਇਤਲਾਹ ਦਿਓ!”
-”ਜੀ ਸਰਕਾਰ!”
-”ਡਿਊਟੀ ਵਿਚ ਕੋਈ ਕੁਤਾਹੀ ਨਾ ਹੋਵੇ-ਬੀ ਕੇਅਰਫੁੱਲ!”
-”ਜੀ ਸਰਕਾਰ!”
-”ਵੈੱਲ! ਮਿਸਟਰ ਗਰੇਵਾਲ-ਆਈ ਵਿਸ਼ ਯੂ ਆਲ ਦਾ ਬੈੱਸਟ!” ਐਸ ਪੀ ਸਖ਼ਤ ਹਦਾਇਤਾਂ ਦੇਣ ਤੋਂ ਬਾਅਦ ਉਠ ਕੇ ਖੜ੍ਹਾ ਹੋ ਗਿਆ। ਠਾਣੇਦਾਰ ਦਾ “ਜੀ ਸਰਕਾਰ” ਕਹਿੰਦੇ ਦਾ ਮੂੰਹ ਸੁੱਕ ਗਿਆ ਸੀ।
ਐਸ ਪੀ ਤੁਰ ਗਿਆ।
ਨਾਲ ਆਈਆਂ ਕਾਰਾਂ ਸਾਇਰਨ ਵਜਾਉਦੀਆਂ ਆਪਣੇ ਰਾਹ ਪੈ ਗਈਆਂ। ਗਰਦੋਗੋਰ ਫਿਰ ਉਠ ਖੜੀ ਸੀ। ਠਾਣੇਦਾਰ ਨੇ ਆਪਣਾ ਪਸੀਨਾ ਪੂੰਝਿਆ।
-”ਬੜਾ ਚਤਰ ਅਫ਼ਸਰ ਐ।”
-”ਮਾਰਖੋਰਾ ਵੀ ਬਥੇਰਾ ਐ।”
-”ਗੱਲ ਕਰਦਾ ਸੰਘੀ ਘੁੱਟਣ ਆਉਂਦੈ।”
ਉਹ ਗੱਲਾਂ ਕਰਦੇ ਰਹੇ।