ਨਵੀਂ ਦਿੱਲੀ- ਚਰਚਿੱਤ ਹਾਊਸਿੰਗ ਘੋਟਾਲੇ ਵਿੱਚ ਸੈਨਾ ਦੇ ਕੁਝ ਸਾਬਕਾ ਅਤੇ ਕੁਝ ਮੌਜੂਦਾ ਅਧਿਕਾਰੀਆਂ ਦੇ ਸ਼ਾਮਿਲ ਹੋਣ ਦੀ ਗੱਲ ਸੈਨਾ ਦੇ ਮੁੱਖੀ ਜਨਰਲ ਵੀ. ਕੇ. ਸਿੰਘ ਨੇ ਕਬੂਲ ਕਰ ਲਈ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਘੋਟਾਲੇ ਨੇ ਸੈਨਾ ਨੂੰਸ਼ਰਮਸਾਰ ਕੀਤਾ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਘੋਟਾਲੇ ਵਿੱਚ ਸੈਨਾ ਦੇ ਅਧਿਕਾਰੀਆਂ ਦਾ ਨਾਂ ਸਾਹਮਣੇ ਆਉਣ ਨਾਲ ਉਨ੍ਹਾਂ ਦਾ ਮਨ ਬਹੁਤ ਦੁਖੀ ਹੋਇਆ ਹੈ। ਇਸ ਨਾਲ ਸੈਨਾ ਦਾ ਅਕਸ ਖਰਾਬ ਹੋਇਆ ਹੈ।
ਆਰਮੀ ਚੀਫ਼ ਨੇ ਇਹ ਵੀ ਕਿਹਾ ਕਿ ਭਾਂਵੇ ਅਰੋਪੀ ਅਧਿਕਾਰੀਆਂ ਦੀ ਸੰਖਿਆ ਘੱਟ ਹੈ ਪਰ ਇਸ ਨਾਲ ਸੈਨਾ ਦੇ ਮਨੋਬਲ ਤੇ ਕਾਫ਼ੀ ਪ੍ਰਭਾਵ ਪਿਆ ਹੈ। ਘੋਟਾਲਾ ਉਜਾਗਰ ਹੋਣ ਤੋਂ ਬਾਅਦ ਆਰਮੀ ਮੁੱਖੀ ਨੇ ਪਹਿਲੀ ਵਾਰ ਇਸ ਬਾਰੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕਾਰਗਿੱਲ ਵਿੱਚ ਸ਼ਹੀਦਾਂ ਦੇ ਪਰੀਵਾਰਾਂ ਲਈ ਛੇ ਮੰਜ਼ਲੀ ਇਮਾਰਤ ਦਾ ਨਿਰਮਾਣ ਮੁੰਬਈ ਦੇ ਕੋਲਾਬਾ ਵਿੱਚ ਹੋਣਾ ਸੀ, ਪਰ ਇਹ 31 ਮੰਜਲੀ ਇਮਾਰਤ ਬਣਾ ਦਿਤੀ ਗਈ। ਇਸ ਇਮਾਰਤ ਵਿੱਚ 100 ਤੋਂ ਵੱਧ ਲੋਕਾਂ ਦੇ ਫਲੈਟ ਹਨ। ਇਸ ਵਿੱਚ ਸੈਨਾ ਦੇ ਸਾਬਕਾ ਅਤੇ ਵਰਤਮਾਨ ਅਧਿਕਾਰੀਆਂ ਦੇ ਫਲੈਟ ਵੀ ਸ਼ਾਮਿਲ ਹਨ। ਸਿੰਘ ਨੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਸੈਨਾ ਆਪਣੀ ਕਾਰਵਾਈ ਕਰੇਗੀ ਅਤੇ ਇਸ ਘੋਟਾਲੇ ਵਿੱਚ ਜੇ ਸੈਨਾ ਦਾ ਕੋਈ ਅਧਿਕਾਰੀ ਦੋਸ਼ੀ ਪਾਇਆ ਗਿਆ ਤਾਂ ਉਸਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।