ਆਨੰਦਪੁਰ-ਲੋੜ ਪੈਣ ‘ਤੇ ਰਾਜ ਸਰਕਾਰ ਟੈਕਸ ਵਿਚ ਵਾਧਾ ਕਰ ਸਕਦੀ ਹੈ, ਕਿਉਂਕਿ ਟੈਕਸਾਂ ਦੀ ਰਕਮ ਨਾਲ ਹੀ ਵਿਕਾਸ ਦੇ ਕੰਮ ਹੁੰਦੇ ਹਨ। ਇਹ ਵਿਚਾਰ ਮੰਗਲਵਾਰ ਨੂੰ ਵਿੱਤ ਮੰਤਰੀ ਡਾਕਟਰ ਉਪਿੰਦਰਜੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਖ਼ਜ਼ਾਨਾ ਖਾਲੀ ਹੋਣ ਦੀ ਗੱਲ ਕਰਨ ਵਾਲੇ ਸਮਝ ਲੈਣ ਕਿ ਸਰਕਾਰ ਦਾ ਖ਼ਜ਼ਾਨਾ ਨਾ ਕਦੀ ਖਾਲੀ ਹੁੰਦਾ ਹੈ ਨਾ ਕਦੀ ਭਰਦਾ ਹੈ। ਇਹ ਤਾਂ ਸਰਕਾਰ ਦੇ ਕੰਮ ਦੀ ਰਫ਼ਤਾਰ ‘ਤੇ ਨਿਰਭਰ ਹੈ ਅਤੇ ਇਹ ਸਰਕਾਰੀ ਖ਼ਰਚ ਆਪਣੀ ਰਫ਼ਤਾਰ ਨਾਲ ਨਿਰੰਤਰ ਚਲਦਾ ਰਹਿੰਦਾ ਹੈ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਜੇਕਰ ਨਗਰ ਪਰੀਸ਼ਦ ਸਾਰਾ ਟੈਕਸ ਜਮ੍ਹਾਂ ਕਰ ਦੇਵੇ ਅਤੇ ਭ੍ਰਿਸ਼ਟਾਚਾਰ ਪੂਰੀ ਤਰ੍ਹਾਂ ਖ਼ਤਮ ਹੋ ਜਾਵੇ ਤਾਂ ਸੂਬੇ ਨੂੰ ਕਦੀ ਵੀ ਕਰਜ਼ਾ ਲੈਣ ਦੀ ਲੋੜ ਨਹੀਂ ਪਵੇਗੀ। ਅੰਗ੍ਰੇਜ਼ੀ ਵਿਚ ਹੋ ਰਹੇ ਕੰਮਕਾਰ ਬਾਰੇ ਉਨ੍ਹਾਂ ਨੇ ਕਿਹਾ ਕਿ ਉਹ ਕਿਸੇ ਵੀ ਉਸ ਫਾਈਲ ‘ਤੇ ਦਸਤਖਤ ਨਹੀਂ ਕਰਨਗੇ ਜਿਹੜੀ ਅੰਗ੍ਰੇਜ਼ੀ ਵਿਚ ਹੋਵੇਗੀ। ਅਧਿਕਾਰੀਆਂ ਨੂੰ ਵੀ ਹਿਦਾਇਤ ਦਿੱਤੀ ਗਈ ਹੈ ਕਿ ਉਹ ਆਪਣਾ ਕੰਮ ਪੰਜਾਬੀ ਵਿਚ ਹੀ ਕਰਨ।
ਏਡਿਡ ਅਤੇ ਗ਼ੈਰ ਸਰਕਾਰੀ ਸਕੂਲਾਂ ਦੇ ਰਿਟਾਇਰ ਅਧਿਆਪਕਾਂ ਦੀ ਪੈਨਸ਼ਨ ਬਾਰੇ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੀ ਪੈਨਸ਼ਨ ਦੇ ਲਈ 273 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ। ਆਉਣ ਵਾਲੇ ਸਮੇਂ ਵਿਚ ਹਰੇਕ ਸਾਲ 200 ਕਰੋੜ ਰੁਪਏ ਦੀ ਰਕਮ ਪੈਨਸ਼ਨਰਾਂ ਦੇ ਲਈ ਦਿੱਤੀ ਜਾਵੇਗੀ।