ਅਹਿਮਦਾਬਾਦ- ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਖੇਡਿਆ ਗਿਆ ਪਹਿਲਾ ਟੈਸਟ ਮੈਚ ਹਰਭਜਨ ਸਿੰਘ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਬਰਾਬਰੀ ਦੇ ਖ਼ਤਮ ਹੋ ਗਿਆ ਹੈ। ਭਾਰਤ ਨੇ ਆਪਣੀ ਦੂਜੀ ਪਾਰੀ ਵਿਚ 266 ਦੌੜਾਂ ਬਣਾਈਆਂ ਸਨ ਅਤੇ ਨਿਊਜ਼ੀਲੈਂਡ ਦੇ ਸਾਹਮਣੇ ਜਿੱਤਣ ਲਈ 295 ਦੌੜਾਂ ਦਾ ਟੀਚਾ ਰੱਖਿਆ ਸੀ ਜਿਸਨੂੰ ਬਚਦੇ ਸਮੇਂ ਵਿਚ ਹਾਸਲ ਕਰਨਾ ਮੁਮਕਿਨ ਨਹੀਂ ਸੀ। ਨਿਊਜ਼ੀਲੈਂਡ ਨੇ ਇਕ ਵਿਕਟ ਦੇ ਨੁਕਸਾਨ ‘ਤੇ 22 ਦੌੜਾਂ ਬਣਾਈਆਂ ਅਤੇ ਖੇਡ ਦੀ ਬਰਾਬਰੀ ‘ਤੇ ਖ਼ਤਮ ਹੋਣ ਦਾ ਐਲਾਨ ਕਰ ਦਿੱਤਾ।
ਪਹਿਲਾ ਟੈਸਟ ਮੈਚ ਦੇ ਚੌਥੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਨਿਊਜ਼ੀਲੈਂਡ ਦੀ ਸਥਿਤੀ ਕਾਫ਼ੀ ਮਜ਼ਬੂਤ ਹੋ ਚੁੱਕੀ ਸੀ ਕਿ ਉਸਦੀ ਜਿੱਤ ਦੇ ਆਸਾਰ ਸਾਫ਼ ਹੋ ਗਏ ਸਨ। ਪਰ ਅਜਿਹੇ ਦਬਾਅ ਵਿਚ ਵਧੀਆ ਖੇਡ ਲਈ ਮਸ਼ਹੂਰ ਵੀਵੀਐਸ ਲਛਮਣ ਇਕ ਪਾਸੇ ਟਿਕੇ ਰਹੇ ਅਤੇ ਭਾਰਤ ਦੀਆਂ ਸਾਰੀਆਂ ਉਮੀਦਾਂ ਉਸ ਉਪਰ ਲੱਗੀਆਂ ਹੋਈਆਂ ਸਨ ਅਤੇ ਉਨ੍ਹਾਂ ਦੇ ਨਾਲ ਹਰਭਜਨ ਸਿੰਘ ਜਿਸਨੇ ਪਹਿਲੀ ਪਾਰੀ ਵਿਚ ਵਧੀਆ ਖੇਡ ਦਿਖਾਈ ਸੀ। ਇਸ ਪਾਰੀ ਵਿਚ ਵੀ ਹਰਭਜਨ ਸਿੰਘ ਨੇ ਵਧੀਆ ਖੇਡ ਵਿਖਾਉਂਦੇ ਹੋਏ ਆਪਣੇ ਟੈਸਟ ਕੈਰੀਅਰ ਦਾ ਪਹਿਲਾ ਸੈਂਕੜਾ ਲਾਇਆ। ਹਰਭਜਨ ਸਿੰਘ ਨੇ 115 ਦੌੜਾਂ ਬਣਾਈਆਂ ਜਦਕਿ ਲਛਮਣ ਆਪਣਾ ਸੈਂਕੜਾ ਬਨਾਉਣ ਤੋਂ ਰਹਿ ਗਿਆ, ਉਸਨੇ 91 ਦੌੜਾਂ ਬਣਾਈਆਂ। ਹਰਭਜਨ ਅਤੇ ਲਛਮਣ ਵਿਚਕਾਰ 163 ਦੌੜਾਂ ਦੀ ਸ਼ਾਨਦਾਰ ਭਾਈਵਾਲੀ ਨੇ ਨਿਊਜ਼ੀਲੈਂਡ ਦੀਆਂ ਸਾਰੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ। ਨਿਊਜ਼ੀਲੈਂਡ ਦਾ ਇਕੋ ਇਕ ਡਿਗਣ ਵਾਲਾ ਵਿਕਟ ਜ਼ਹੀਰ ਖ਼ਾਨ ਦੇ ਹਿੱਸੇ ਆਇਆ, ਜਦ ਉਸਨੇ ਮੈਕਇੰਟੋਸ਼ ਨੂੰ ਸਿਫ਼ਰ ਦੇ ਸਕੋਰ ‘ਤੇ ਐਲਬੀਡਬਲਿਊ ਆਊਟ ਕੀਤਾ।
ਇਥੇ ਇਹ ਵੀ ਜਿਕਰਯੋਗ ਹੈ ਕਿ ਸੈਂਕੜਾ ਬਨਾਉਣ ਤੋਂ ਬਾਅਦ ਹਰਭਜਨ ਸਿੰਘ ਕੌਮਾਂਤਰੀ ਕ੍ਰਿਕਟ ਕੌਂਸਲ ਦੀ ਬੱਲੇਬਾਜ਼ੀ ਦੀ ਰੈਂਕਿੰਗ ਵਿਚ ਟਾਪ 100 ਬੱਲੇਬਾਜ਼ਾਂ ਵਿਚ ਸ਼ਾਮਲ ਹੋ ਗਏ ਹਨ।
ਹਰਭਜਨ ਨੇ ਲਾਇਆ ਕੈਰੀਅਰ ਦਾ ਪਹਿਲਾ ਸੈਂਕੜਾ
This entry was posted in ਖੇਡਾਂ.