ਲੁਧਿਆਣਾ:- ਰੁੱਖ ਤੇ ਕੁੱਖ ਦੀ ਸਲਾਮਤੀ ਵਾਸਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕੌਮੀ ਸੇਵਾ ਯੋਜਨਾ ਯੂਨਿਟ ਵੱਲੋਂ ਇੰਨਰਵੀਲ ਕਲੱਬ ਅਤੇ ਨੰਨ੍ਹੀ ਛਾਂ ਫਾਉਂਡੇਸ਼ਨ ਦੇ ਸਹਿਯੋਗ ਨਾਲ ਪਾਲ ਆਡੀਟੋਰੀਅਮ ਵਿਖੇ ਕਰਵਾਈ ਗੋਸ਼ਟੀ ਅਤੇ ਚੇਤਨਾ ਕੈਂਪ ਦਾ ਉਦਘਾਟਨ ਕਰਦਿਆਂ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਕਿਹਾ ਹੈ ਕਿ ਜਿੰਨਾਂ ਚਿਰ ਅਸੀਂ ਧੀਆਂ ਨੂੰ ਕੁੱਖ ਵਿੱਚ ਮਾਰਨ ਦੀ ਕੁਰੀਤੀ ਅਤੇ ਰੁੱਖਾਂ ਨੂੰ ਆਰੀ ਫੇਰਨ ਤੋਂ ਬਾਜ਼ ਨਹੀਂ ਆਉਂਦੇ ਤਦ ਤਕ ਅਸੀਂ ਇਨਸਾਨ ਕਹਾਉਣ ਦੇ ਕਾਬਲ ਨਹੀਂ ਹਾਂ। ਉਨ੍ਹਾਂ ਆਖਿਆ ਕਿ ਜ਼ਿੰਦਗੀ ਦੇ ਵੱਖ-ਵੱਖ ਖੇਤਰਾਂ ਵਿੱਚ ਔਰਤ ਦੀ ਪ੍ਰਾਪਤੀ ਮਰਦ ਨਾਲੋਂ ਕਿਤੇ ਚੰਗੇਰੀ ਹੈ ਅਤੇ ਇਸ ਖੇਤਰ ਵਿੱਚ ਮਰਦ ਨੂੰ ਵੀ ਸੁਚੇਤ ਹੋਣਾ ਪਵੇਗਾ। ਉਨ੍ਹਾਂ ਡਾ: ਹਰਸ਼ਿੰਦਰ ਕੌਰ ਪਟਿਆਲਾ ਵੱਲੋਂ ਕੁੱਖ ਦੀ ਸਲਾਮਤੀ ਲਈ ਕੀਤੇ ਜਾ ਰਹੇ ਯਤਨਾਂ ਦੇ ਹਵਾਲੇ ਨਾਲ ਕਿਹਾ ਕਿ ਹਰ ਔਰਤ ਨੂੰ ਉਨ੍ਹਾਂ ਦੇ ਪੈਰ ਚਿਨ੍ਹਾਂ ਤੇ ਚੱਲਣਾ ਚਾਹੀਦਾ ਹੈ । ਡਾ: ਕੰਗ ਨੇ ਆਖਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਾਤਾਵਰਨ ਸੰਭਾਲ, ਜਲ ਸੰਭਾਲ ਦੇ ਨਾਲ ਨਾਲ ਰੁੱਖ ਤੇ ਕੁੱਖ ਦੀ ਸਲਾਮਤੀ ਰਾਹੀਂ ਮਨੁੱਖਤਾ ਦੀ ਰਾਖੀ ਲਈ ਵੀ ਚੇਤਨਾ ਕੈਂਪ ਲਗਾਉਂਦੀ ਰਹੇਗੀ। ਉਨ੍ਹਾਂ ਦੱਸਿਆ ਕਿ ਰਵਾਇਤੀ ਰੁੱਖਾਂ ਦੀ ਸੰਭਾਲ ਲਈ ਯੂਨੀਵਰਸਿਟੀ ਵੱਲੋਂ ਡਾ: ਸਵਾਮੀਨਾਥਨ ਪਾਰਕ ਦੀ ਸਥਾਪਨਾ ਕੀਤੀ ਗਈ ਹੈ ਅਤੇ ਫਰਵਰੀ 2011 ਵਿੱਚ ਖੇਤੀਬਾੜੀ ਨੂੰ ਮੌਸਮੀ ਪ੍ਰਭਾਵ ਤੋਂ ਮੁਕਤ ਰੱਖਣ ਲਈ ਅੰਤਰ ਰਾਸ਼ਟਰੀ ਗੋਸ਼ਟੀ ਵੀ ਕਰਵਾਈ ਜਾ ਰਹੀ ਹੈ। ਡਾ: ਕੰਗ ਨੇ ਯੂਨੀਵਰਸਿਟੀ ਦੇ 300 ਤੋਂ ਵੱਧ ਐਨ ਐਸ ਐਸ ਵਾ¦ਟੀਅਰਾਂ ਨੂੰ ਮੁਬਾਰਕ ਦਿੱਤੀ ਜਿਨ੍ਹਾਂ ਨੇ ਸੇਵਾ ਭਾਵਨਾ ਅਧੀਨ ਇਸ ਕੈਂਪ ਨੂੰ ਆਯੋਜਿਤ ਕੀਤਾ ਹੈ।
ਇਸ ਮੌਕੇ ਭਾਸ਼ਣ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚ ਯਸ਼ਮੀਤ ਕੌਰ ਅਤੇ ਪ੍ਰੀਨੀ ਕੌਰ ਬਾਵਾ ਨੇ ਕੁੱਖ ਦੀ ਸਲਾਮਤੀ ਬਾਰੇ ਵਿਚਾਰ ਪੇਸ਼ ਕੀਤੇ। ਅਸ਼ਵਮੀਤ ਸਿੱਧੂ ਨੇ ਬੱਚੀਆਂ ਦਾ ਗੀਤ ਸੁਣਾਇਆ ਜਦ ਕਿ ਨਵਜੋਤ ਕੌਰ ਨੇ ਸ਼ਿਵ ਕੁਮਾਰ ਬਟਾਲਵੀ ਦੀ ਅਮਰ ਰਚਨਾ ਰੁੱਖ ਸੁਣਾਈ। ਦਿਲਪ੍ਰੀਤ ਸਿੰਘ, ਖੇਤੀ ਕਾਲਜ, ਨਿਸ਼ਿਤਾ ਹੋਮ ਸਾਇੰਸ ਕਾਲਜ, ਹਰਮਨਜੀਤ ਕੌਰ, ਪਾਲਕੀ ਅਰੋੜਾ ਅਤੇ ਰਾਹੁਲ ਵੱਤਾ ਖੇਤੀ ਇੰਜੀਨੀਅਰਿੰਗ ਕਾਲਜ, ਨੇ ਰੁੱਖਾਂ ਦੀ ਮਹੱਤਤਾ, ਭਰੂਣ ਹੱਤਿਆ ਅਤੇ ਵਾਤਵਾਰਨ ਸੰਭਾਲ ਵਿਸ਼ਿਆਂ ਤੇ ਭਾਸ਼ਣ ਦਿੱਤੇ। ਨਵੀਨ ਭੰਡਾਰੀ ਨੂੰ ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲਾਂ, ਪਾਲਕੀ ਅਰੋੜਾ ਨੂੰ ਦੂਜਾ ਅਤੇ ਦਿਲਪ੍ਰੀਤ ਸਿੰਘ ਦੇ ਨਾਲ ਹਰਮਨਜੀਤ ਕੌਰ ਨੂੰ ਤੀਜਾ ਇਨਾਮ ਸਾਂਝੇ ਤੌਰ ਤੇ ਮਿਲਿਆ। ਡਾ: ਕੰਗ ਨੇ ਜੇਤੂਆਂ ਨੂੰ ਇਨਾਮ ਦੇਣ ਦੇ ਨਾਲ ਨਾਲ ਘਰੋਂ ਘਰੀਂ ਲਾਉਣ ਲਈ ਰੁੱਖਾਂ ਦਾ ਪ੍ਰਸ਼ਾਦ ਵੀ ਦਿੱਤੀ। ਜੈਸਲਮੇਰ ਕੈਂਪ ਵਿੱਚ ਭਾਗ ਲੈ ਕੇ ਪਰਤੇ ਵਾ¦ਟੀਅਰਾਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਸ਼੍ਰੀਮਤੀ ਮੀਰਾ ਬਾਜਵਾ ਨੇ ਨੰਨ੍ਹੀ ਛਾਂ ਬਾਰੇ ਜਾਣਕਾਰੀ ਦਿੱਤੀ ਜਦ ਕਿ ਸ਼੍ਰੀ ਕੇ ਐਸ ਬਾਜਵਾ, ਸ਼੍ਰੀਮਤੀ ਪੂਨਮ ਬਿੰਦਰਾ, ਡਾ: ਪ੍ਰਿਤਪਾਲ ਸਿੰਘ ਲੁਬਾਣਾ, ਨਿਰਦੇਸ਼ਕ ਵਿਦਿਆਰਥੀ ਭਲਾਈ, ਡਾ: ਨੀਲਮ ਗਰੇਵਾਲ, ਡੀਨ ਹੋਮ ਸਾਇੰਸ, ਡਾ: ਐਸ ਐਸ ਗੋਸਲ, ਡਾ: ਗੁਰਕਿਰਪਾਲ ਸਿੰਘ ਅਤੇ ਡਾ: ਜਗਤਾਰ ਸਿੰਘ ਧੀਮਾਨ ਵੀ ਇਸ ਮੌਕੇ ਹਾਜ਼ਰ ਸਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ:ਪ੍ਰਿਤਪਾਲ ਸਿੰਘ ਲੁਬਾਣਾ ਨੇ ਦੱਸਿਆ ਕਿ ਐਨ ਐਸ ਐਸ ਪ੍ਰੋਗਰਾਮ 24 ਸਤੰਬਰ 1969 ਨੂੰ ਦੇਸ਼ ਦੀਆਂ 37 ਯੂਨੀਵਰਸਿਟੀਆਂ ਵਿੱਚ ਸ਼ੁਰੂ ਕੀਤਾ ਗਿਆ ਸੀ ਪਰ ਇਸ ਵੇਲੇ ਦੇਸ਼ ਦੀਆਂ ਸਾਰੀਆਂ ਯੂਨੀਵਰਸਿਟੀਆਂ ਵਿੱਚ ਇਹ ਪ੍ਰੋਗਰਾਮ ਚੱਲ ਰਿਹਾ ਹੈ। ਯੂਨੀਵਰਸਿਟੀ ਦੇ ਪ੍ਰੋਗਰਾਮ ਅਫਸਰ ਐਨ ਐਸ ਐਸ ਡਾ: ਦਮਨਜੀਤ ਕੌਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਰੁੱਖ ਤੇ ਕੁੱਖ ਦੀ ਸਲਾਮਤੀ ਵਿੱਚ ਹੀ ਮਨੁੱਖ ਦਾ ਭਵਿੱਖ ਸੁਰੱਖਿਅਤ-ਡਾ: ਕੰਗ
This entry was posted in ਖੇਤੀਬਾੜੀ.