ਦੂਜਾ ਖ਼ਤ – ਸੁਲਫੇ ਦੀ ਲਾਟ ਵਰਗੀ ਆਪਣੀ ਛਮਕ-ਛੱਲੋ ਦੇ ਨਾਂ !

ਭੱਠਲ ਦੇ ਭਾਸ਼ਣ ਵਰਗੀਏ , ਨੀ ! ਤੈਨੂੰ ਕੈਪਟਨ ਦੀ ਮੁੱਛ ਵਰਗਾ ਪਿਆਰ !!

ਪਰ ਮੈਨੂੰ ਪਤੈ , ਤੇਰੇ ਸੁਭਾਅ ਦਾ ! ਕਿਸੇ ਦਰਵੇਸ਼ ਦੀ ਪੂਛ ਵਰਗਾ ਤੇਰਾ ਇਨਕਾਰ ! ਬਾਰ੍ਹਾਂ ਸਾਲ ਤਾਂ ਕੀ , ਉਮਰਾਂ ਬੀਤ ਜਾਣਗੀਆਂ – ਤੈਨੂੰ ਲੀਹ ‘ਤੇ ਲਿਆਉਣ ਲਈ !  ਜਿੱਦਣ ਤੂੰ ਸਿੱਧੀ ਹੋ ਜਾਵੇਂਗੀ , ਬਾਦਲ ਵੀ ਠੋਕ ਕੇ ਪੱਗ ਬੰਨ੍ਹਣੀ ਸ਼ੁਰੂ ਕਰ ਦੇਊਗਾ । ਅਜੇ ਤਾਂ ਪਜਾਮੇ ਦਾ ਨਾਲਾ ਈ ਲੋਟ ਨਹੀਂ ਆਉਂਦਾ ।

ਬਾਦਲਾਂ ਤੋਂ ਗੱਲ਼ ਯਾਦ ਆਈ , ਮੈਂ ਵੀ ਤੈਨੂੰ ਮਨਪ੍ਰੀਤ ਵਾਂਗੂੰ ਸ਼ਿਅਰ ਸੁਣਾ ਕੇ ਆਪਣੇ  ਮਨ ਦੀ ਭੜਾਸ ਕੱਢਣਾ ਚਾਹੁੰਦਾ ਹਾਂ , ਸੁਣ ਜ਼ਰਾ,

‘ ਲਾਲ ਕਿਲੇ ਦੇ ਅੰਦਰ ਇੱਕ ਬਿਲਡਿੰਗ ਬਰਖੁਰਦਾਰ ਸਾਂਭ ਕੇ ਰੱਖੀ ਹੋਈ ਏ !

ਉਸ ਅੰਦਰ ਯਾਰੋ ! ਸ਼ਾਹ ਜਹਾਨ ਦੀ ਤਲਵਾਰ ਸਾਂਭ ਕੇ ਰੱਖੀ ਹੋਈ ਹੈ !!

ਰਾਣੀ ਝਾਂਸੀ ਦੀ ਜੰਗੀ ਪੁਸ਼ਾਕ ਹੈ ਖੁਰਦ –ਬੁਰਦ ਦਿਲਬਰਾ !

ਨੂਰ ਜਹਾਂ ਦੀ ਉਸ ਅੰਦਰ ਸਲਵਾਰ ਸਾਂਭ ਕੇ ਰੱਖੀ ਹੋਈ ਹੈ !!

**************

ਸਰਦਾਰ ਦਿਲਬਰ ਦਾ  ਇਹ ਸ਼ੇਅਰ ਆਪਣੇ ਵਾਸ਼ਰੂਮ ਦੇ ਸਾਰੇ ਪਾਜ ਉਧੇੜ ਗਿਆ । ਕੀ ਦੱਸਾਂ ? ਅੰਬਿਕਾ ਸੋਨੀ ਦੇ ਬੁੱਲ ਤੋਂ ਸਦਕੇ ਹਾਸੇ ਵਰਗੀਏ ਕੁੜੀਏ ! ਨੂਰ ਜਹਾਂ ਦੇ ਉਪਾਸ਼ਕਾਂ ਨੇ ਤਾਂ ਉਸਦੀ ਸਲਵਾਰ ਹੀ ਸਾਂਭੀ ਸੀ , ਪਰ ਮੈਂ ਤਾਂ ਕੈਨੇਡਾ ਦੇ ਸਾਬਕਾ ਫੌਜੀ – ਚੱਡੀਆਂ ਦੇ ਸ਼ੌਕੀਨ, ਰਸਲ ਵਿਲੀਅਮਜ਼ ਵਾਂਗੂੰ  ਹੋਰ ਵੀ ਬੜਾ ਕੁਝ ਛੁਪਾ ਕੇ ਰੱਖਿਆ ਹੋਇਆ ਏ !

ਪਰ ਫਿਰ ਵੀ ਤੇਰਾ ਗੁਲਾਬੀ ਰੰਗ ਦਾ ਸੇਫਟੀ ਰੇਜ਼ਰ ; ਜਿਵੇਂ : ਮੈਂਥੋਂ ਭੰਡਾਰੀ ਮੰਗ ਕੇ ਲੈ ਗਿਆ ਹੋਵੇ ! ‘ਤੇ ਬਾਕੀ ਦਾ ਸਮਾਨ  ?  ਚੱਲ ਛੱਡ !!!! ਕਿਤੇ  ਜਗੀਰੋ ਗੁੱਸਾ ਹੀ ਨਾ ਕਰ ਜਾਵੇ !?! …..ਬੁੱਢੇ ਵਾਰੇ ਤੂੰ ਮਿਲਿਆ……ਵੇ ! ..ਹੱਥ ‘ਚ ਨੀਲੀਆਂ ਗੋਲੀਆਂ ਲੈ ਕੇ !! ਹੈਂ ! ਨੀਲੀਆਂ ਗੋਲੀਆਂ  !? ………

ਸ਼ੱਕ ਨਾ ਕਰਿਆ ਕਰ , ਜੀਣ ਜੋਗੀਏ ! ਮੈਨੂੰ ਮਨਪ੍ਰੀਤ ਬਾਦਲ ਦੀ ਦਾੜੀ ਵਿਚਲੇ ਧੌਲਿਆਂ ਦੀ ਸੌਂਹ ! ਜਦੋਂ ਤੂੰ ਸੁਖਬੀਰ ਬਾਦਲ ਵਾਂਗੂੰ ਖਚਰਾ ਜਿਹਾ ਹਾਸਾ ਹੱਸਦੀ ਏਂ , ਤਾਂ ਮੈਨੂੰ ਤੂੰ ਦਿਲ ਦੇ ਤਖਤ ਦੀ ਰਾਣੀ ਲੱਗਦੀ ਏਂ ! ਪਰ ਮੇਰੀ ਕਿਸਮਤ ਐਨੀ ਸੁਨਿਹਰੀ ਕਿੱਥੇ !?! ਮੈਂ ਤਾਂ ਆਪ ਮਾਨ ਵਾਂਗੂੰ ਡਾਵਾਂ ਡੋਲ ਹੋਇਆ ਫਿਰਦਾ ਹਾਂ । ਹੁਣ ਤਾਂ ਬੱਸ , ਰਾਮੂੰਵਾਲੀਏ ਵਾਂਗੂੰ ਮੈਂ ਵੀ ਕਵਿਸ਼ਰੀ ਟਾਈਪ ਟੋਟਕੇ ਸੁਣਾਉਣ ਜੋਗਾ ਹੀ ਰਹਿ ਗਿਆਂ , ਪਰ ਮੇਰੇ ਨਾਲੋਂ ਤਾਂ ਉਹ ਵੀ ਚੰਗਾ , ਜਿਹੜਾ ਵਿਦੇਸ਼ੀ ਲਾੜਿਆਂ ਹੱਥੋਂ ਠੱਗੀਆਂ ਕੁੜੀਆਂ ਦੇ ਸਿਰ ‘ਤੇ ਠੋਡੀ ਜਿਹੀ ਰੱਖ ਕੇ ‘ਧੀਏ !…. ਧੀਏ !! ਚੁੱਪ ਕਰ ! ਤੇਰਾ ਦੁੱਖ ਮੈਥੋਂ ਜਰਿਆ ਨਹੀਂ ਜਾਂਦਾ!’  ਕਹਿ ਕੇ ਜਣੀ-ਖਣੀ ਨੂੰ ਕਲਾਵੇ ‘ਚ ਘੁੱਟਕੇ ਤੱਤੇ ਠੰਡੇ ਹੌਂਕੇ ਭਰ ਕੇ ਦਿਲ ਤਾਂ ਹੌਲਾ ਕਰ ਲੈਂਦੈ  , ਪਰ ਸਾਡੀਆਂ ਗਲਵਕੜੀ ਤਾਂ ਹਵਾ ‘ਚ ਹੱਥ- ਪੱਲੇ ਮਾਰਨ ਜੋਗੀਆਂ ਈ ਰਹਿ ਗਈਆਂ ਨੇ । ਢਿੱਡ ‘ਚ ਮੁੱਕੀਆ ਲੈ ਕੇ ਤੁਰੇ ਫਿਰਦੇ ਜਵਾਈਆਂ ਦਾ ਕਿਸੇ ਨੂੰ ਫਿਕਰ ਈ ਨਹੀਂ । ਜਿਹੜੇ ਏਜੰਟਾਂ ਨੂੰ ਥਾਂ –ਥਾਂ ‘ਤੇ ਪਾਣੀ ਪੀ ਪੀ ਕੇ ਕੋਸਦੇ ਨੇ , ਬਾਹਰ ਆਕੇ ਉਨ੍ਹਾਂ ਦੇ ਘਰਾਂ ‘ਚ ਹੀ ਚਰਨ ਪਾ ਕੇ ਮਹਿਮਾਨ ਨਿਵਾਜੀਆਂ ਕਰਾਉਂਦੇ ਨਹੀਂ ਥੱਕਦੇ ! ਪਰ ਇੰਨ੍ਹਾਂ ਦੀਆਂ ਖੋਦੀਆਂ ਦਾੜੀਆਂ ‘ਚ ਕੌਣ ਖੁਰਕੇ ?

ਉਂਝ ਸੱਪਣੀ ਦੀ ਕੁੰਜ ਵਰਗੀਏ ! ਆਪਾਂ ਤਾਂ ਆਪ ਆਪਣੀ ਖੱਲ ਬਚਾਉਂਦੇ ਫਿਰਦੇ ਆਂ , ਜਿਵੇਂ : ਲੰਬੀ ਇਲਾਕੇ ਦੇ ਬਾਜੀਗਰ ਗੁਰਦਾਸੇ ਤੋਂ ਬਚਾਉਂਦੇ ਨੇ ! ਲੰਡੀ ਜੀਪ ‘ਚ ਬਾਜੀਗਰਣਾਂ ਦੀਆਂ ਲਵਾਈਆਂ  ਕਲਾ-ਬਾਜੀਆਂ ਤੋਂ ਪ੍ਰੇਸ਼ਾਨ ਹੱਥ ਜੋੜ ਕੇ ਬਾਜੀਗਰ ਇੱਕੋ ਹੀ ਅਰਜੋਈ ਕਰਦੇ ਨੇ , ਕਿ ਅਸੀਂ ਵੋਟਾਂ ਪਾ ਦਿਆਂਗੇ , ਰੱਬ ਦਾ ਵਾਸਤੈ ! ਬੁੜੇ ਨੂੰ ਚੰਡੀਗੜ੍ਹ ਦੇ ਨਜਾਰਿਆਂ ਚ’ ਹੀ ਉਲਝਾਈ ਰੱਖੋ ! ਪਿੰਡ ਫੇਰਾ ਨਾ ਹੀ ਪਾਵੇ , ਤਾਂ ਈ ਚੰਗੈ !

ਮੈਂ ਝੂਠ ਨਹੀਂ ਬੋਲਦਾ । ਮੈਨੂੰ ਬਾਦਲ ਦੀ ਟੇਢੀ ਪੱਗ ਦੀ ਸੌਂਹ ! “ਮੈਂ ਵੀ ਮਨਪ੍ਰੀਤ ਵਾਂਗੂੰ ਕਰ ਨਾ ਦੇਵਾਂ ਕੋਈ ਕਾਰਾ ! ਟੇਢੀ ਪੱਗ ਵਾਲਿਆ ! ਟੇਢੀ ਪੱਗ ਵਾਲਿਆ !

ਹੁਣ ਮਾਰ ਬਾਦਲਾ ਲਲਕਾਰਾ !! ਟੇਢੀ ਪੱਗ ਵਾਲਿਆ !

ਜਿਹੜਾ ਤੇਰੀ ਜੁੰਡਲੀ ਛੱਡ ਕੇ ਜਾਵੇ , ਲੱਗਦੇ ਨਾ ਪੈਰ ਦੁਬਾਰਾ !…ਓ ਟੇਢੀ ਪੱਗ ਵਾਲਿਆ !! ਹੁਣ ਮਾਰ ਬਾਦਲਾ ਲਲਕਾਰਾ ..!!”

ਮੈਂ ਤਾਂ ਤੈਨੂੰ ਅਜੇ ਵੀ ਕਹਿੰਨਾਂ , ਮੁੜੇ-ਆ ! ਪਰ ਤੈਨੂੰ ਕੋਈ ਸਮਝਾਉਣ ਵਾਲਾ ਈ ਨਹੀਂ , ਜੋ ਕਹਿ ਦੇਵੇ…. ਜਾ ਮੁੜ ਜਾ ! ਅਜੇ ਵੀ ਗੁਰਮੇਲ ਕੋਲੇ ਮੁੜ ਜਾ ..! ਨੀ ਭਰਾਵਾਂ-ਭਰਜਾਈਆਂ ਵਿੱਚ ਕੀ ਰੱਖਿਐ ..?

ਪਰ ਹੀਰੀਏ ! ਕੈਦੋਂ ਹੋਣੀ ਬੇਸ਼ੱਕ ਹਵਾਰੇ ਵਾਂਗੂੰ ਤੈਨੂੰ ਵੀ ਸਰੀ ਚੋਂ ਮੂਵ ਕਰਾ ਕੇ ਤਿਹਾੜ ਜੇਲ ਵਿੱਚ ਤਬਦੀਲ ਕਰ ਦੇਣ , ਪਰ ਆਸ਼ਿਕ ਇਸ਼ਟ ਕਮਾਉਣ ਲਈ ਪਹਾੜ ਖੋਦ ਲੈਂਦੇ ਨੇ , ਸੁਰੰਗਾਂ ਵੀ ਪੁੱਟ ਲੈਂਦੇ ਨੇ !

ਮੈਨੂੰ ਪਤੈ , ਤੂੰ ਮੈਨੂੰ ਪਿਆਰ ਕਰਦੀ ਏਂ ! ਪਰ ਤੇਰਾ ਪਿਆਰ ਵੀ ਠੰਡੀਏ ! ਮਾਈਕ੍ਰੋ-ਵੇਵ ‘ਚ ਤੱਤੀ ਕੀਤੀ ਚਾਹ ਵਰਗੈ , ਪਹਿਲੀਆਂ ਦੋ ਘੁੱਟਾਂ ਬੁੱਲ ਸਾੜਦੀਆਂ ਨੇ ! ਬਾਕੀ ਰਹਿੰਦੀਆਂ ਬੰਦਾ ਠਾਰਦੀਆਂ ਨੇ !! ਨਿੱਘੇ-ਨਿੱਘੇ ਹਾਉਂਕੇ ਭਰ ਕੇ ਤੈਨੂੰ ਗਰਮ ਵੀ ਕੀਤਾ ਤਾਂ ਕੀ ਕੀਤਾ ?

ਚਿਰ ਹੋ ਗਿਐ , ਤੇਰੇ ਦਰਸ਼ਨ ਕੀਤਿਆਂ ਨੂੰ ! ਤੂੰ ਪਤਾ ਨਹੀਂ ਕਿੱਥੇ , ਕਿਹੜੀ ਸੰਗਤ ਦੇ ਦਰਸ਼ਨ ਕਰਦੀ ਫਿਰਦੀ ਏਂ ? ਕਿਤੇ ਸੁਰਿੰਦਰ ਕੌਰ ਵਾਂਗੂੰ ਪਾਰਟੀ ਵਰਕਰਾਂ ਨੂੰ ਹੁਕਮ ਚਾੜ੍ਹ ਕੇ ਧੱਕੇ ਨਾਲ ਰਸਦ ਇਕੱਠੀ ਕਰਵਾ ਕੇ ਲੰਗਰ ਲਵਾਉਣ ਵਿੱਚ ਤਾਂ ਨਹੀਂ ਰੁੱਝ ਗਈ ? ਤੇਰੀ ਸ਼ਰਧਾ ਤੋਂ ਬਲਿਹਾਰੇ ਜਾਵਾਂ ! ਨੰਨੀ ਛਾਂ ਵਰਗੀਏ ! ਨੀ ਸੁਹਾਗਣੇ !! ਕੁੱਖਾਂ ਬਣਾਉਣ ਵਾਲੇ ਤੋਂ ਦੂਰ ਰਹਿ ਕੇ ਪਤਾ ਨਹੀਂ ਤੂੰ ਕਿਹੜੀਆਂ ਕੁੱਖਾਂ ਨੂੰ ਬਚਾਉਣ ਦੀ ਗੱਲ ਕਰਨ ਲੱਗ ਪਈ ਏਂ ?

ਕਈ ਦਿਨਾਂ ਤੋਂ ਤੂੰ ਐਵੇਂ ਹੀ ਮੇਰੇ ਮੂਹਰੇ ਬੋਲਣ ਲੱਗ ਪਈ ਸੀ । ਮੈਂ ਪਤਾ ਨਈਂ ਕੀ ਤੇਰੇ ਬਾਪੂ ਦੀਆਂ ਸਬਸਿਡੀਆਂ ਬੰਦ ਕਰਵਾ ਦਿੱਤੀਆਂ ਨੇ ? ਜਾਂ ਫਿਰ ਓਹਦੇ ਸਿਰ ਚੜੇ ਕਰਜੇ ਦਾ ਪਾਜ ਉਧੇੜ ਦਿੱਤੈ !?!

ਜੀਅ ਤਾਂ ਕਰਦੈ ਤੈਨੂੰ ਦਿਲ ਦੀ ਵਿਧਾਨ ਸਭਾ ਚੋਂ ਬਰਖਾਸਿਤ ਕਰ ਦੇਵਾਂ । ਫੇਰ ਸੋਚਦਾਂ , ਕਿਤੇ ਬਾਗੀਆਂ ਦੇ ਹੱਥਾਂ ‘ਚ ਹੀ ਨਾ ਖੇਡਣ ਲੱਗ ਪਵੇਂ !?!

ਕਦੇ ਕਦੇ ਮੇਰਾ ਚਿੱਤ ਕਰਦੈ , ਕੈਪਟਨ ਵਾਂਗੂੰ ਭੱਠਲ ਨੂੰ ਭੈਣ ਬਣਾ ਕੇ ਤੈਨੂੰ ਚਿੜ-ਚਿੜਾਉਣ ਲਈ ਕਿਸੇ ਸਟੇਜ ‘ਤੇ ਬਣ-ਠਣ ਕੇ ਬੈਠਾਂ । ਪਰ ਫਿਰ ਸੋਚਦਾਂ , ਕਿਤੇ ਲੋਕ ਗਲਤ ਅੰਦਾਜੇ ਹੀ ਨਾ ਲਾਉਣ ਲੱਗ ਪੈਣ ! ਕਿ ਦੇਖੋ ! ਆਸਾ ਸਿੰਘ ਮਸਤਾਨਾ ਦੁਗਾਣੇ ਗਾਉਣ ਲਈ ਕਾਂਗਰਸੀਆਂ ਦੀ ਸਟੇਜ ਆ ਗਿਐ  !!

ਪਰ ਸੱਚ ਕਰ ਕੇ ਜਾਣੀ ! ਮੇਰਾ ਵੀ ਹੁਣ ਜੀਅ ਕਰਦੈ , ਸਾਰਿਆਂ ਨੂੰ ਛੱਡ ਕੇ ਬੀਰ ਦਵਿੰਦਰ ਵਾਂਗੂੰ ਅਜਾਦ ਹੋ ਜਾਵਾਂ ! ਪਰ ਤੂੰ ਮੇਰਾ ਫਿਰ ਵੀ ਯਕੀਨ ਨਹੀਂ ਕਰਨਾ । ਭਲਾ ਤੈਨੂੰ ਕੋਈ ਪੁੱਛਣ ਵਾਲਾ ਹੋਵੇ ! ਮੈਂ ਕੇਹੜਾ ਅਜੀਤੇ ਸੰਤ ਦਾ ਜੂਠਾ ਖਾ ਲਿਐ ? ਇੱਕ ਤੂੰ ਹੀ ਏਂ , ਜਿਹੜੀ ਉੱਜਲ ਵਾਂਗੂੰ ਬਿਆਨ ਦੇ ਕੇ ਮੁੱਕਰ ਜਾਨੀ ਏਂ ! ਗੱਲ – ਗੱਲ ‘ਤੇ ਝੂਠ ਬੋਲਣਾ , ਬੀ.ਸੀ ਦੇ ਮੁੱਖ ਮੰਤਰੀ ਵਾਂਗੂੰ ਤੇਰੀ ਫਿਤਰਤ ਬਣ ਚੁੱਕੀ ਏ ! ਏਦੂੰ ਚੰਗੈ , ਜਾ ! ਤੂੰ ਵੀ ਹੁਣ ਮੇਰੀ ਜਿੰਦਗੀ ਵਿੱਚੋਂ ਸਟੈੱਪ-ਡਾਊਨ ਹੀ ਕਰਜਾ ! ਕੋਈ ਲੱਭ ਲਊਂਗਾ ਗੁੰਮ-ਨਾਮ ਕੁੜੀ ! ਜੋ ਬੈਠਿਆ ਕਰੂਗੀ ਦਿਲ ਦੀ ਵਿਧਾਨ ਸਭਾ ‘ਚ ਕਾਲਾ ਚਸ਼ਮਾ ਲਗਾ ਕੇ ! ਨਾਲੇ ਗੁਨਗਣਾਇਆ ਕਰੂਗੀ… ‘ਜਿਹੜੇ ਪਾਸੇ ਦੇਖਾਂ , ਵੇ ਕਾਲਿਆ ਜਿਹਾ ! ਮੈਨੂੰ ਤੂੰ ਦਿਸਦਾ …..!! ਕਾਲੀ ਐਨਕ ਨਾਲ ਕਾਲਾ ਈ ਦਿਸਣੈ ।‘ਤੇ ਅੱਗੋਂ ਮੈਂ ਕਿਹਾ ਕਰੂੰਗਾ … ‘ਸਾਡਾ ਦਿਲ ਨਾ ਗੋਰੀਏ ਕਾਲਾ ! ਮੋਗਿਓਂ ਕਲੀ ਕਰਵਾਈ ਹੋਈ ਏ !! ਰਹਿੰਦਾ ਚਮੜੀ ਨੂੰ ਪੇਂਟ ਕਰਵਾਉਣਾ , ਸਾਈ ਤਾਂ ਫੜਾਈ ਹੋਈ ਏ !!’

ਪਰ ਅਜੇ ਵੀ ਮੈਂ ਤਾਂ ਆਪਣਾ ਘਰ ਸੁਆਰ ਕੇ ਰੱਖਿਐ ! ਤੂੰ ਉਬਾਮੇ ਵਾਂਗੂੰ ਮੇਰੇ ਘਰ ਆਵੇਂ ਜਾਂ ਨਾ ਆਵੇਂ……. ਤੇਰੀ ਮਰਜੀ !

ਤੇਰੀ ਉਡੀਕ ਵਿੱਚ , ਮੱਕੜ ਦੇ ਦਫਤਰੀ ਭਮੱਕੜਾਂ ਵਰਗਾ-ਤੇਰਾ , ਗੁਰਮੇਲ ਬਦੇਸ਼ਾ , ਸਰੀ ਬੀ.ਸੀ । ਬਾਕੀ , ਜੀਅ ਕੀਤਾ ਤਾਂ ਕਰ’ਲੀਂ

This entry was posted in ਵਿਅੰਗ ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>