ਕਿਸੇ ਮੇਰੇ ਵਰਗੇ ਨੇ ਕਿਸੇ ‘ਸਿਆਣੇ’ ਨੂੰ ਪੁੱਛਿਆ…ਅਖੇ ਯਾਰ ਜੀਹਨੂੰ ਸੁਣਦਾ ਨੀ ਹੁੰਦਾ..ਉਹਨੂੰ ‘ਕੀ’ ਆਖਦੇ ਹੁੰਦੇ ਐ…? ਅਗਲਾ ਕਹਿੰਦਾ ਭਾਈ ਉਹਨੂੰ ਤਾਂ ਬਿਚਾਰੇ ਨੂੰ ‘ਜੋ ਮਰਜ਼ੀ’ ਆਖੀ ਚੱਲੋ…ਉਹਨੂੰ ਕਿਹੜਾ ਸੁਣਨੈਂ…? ਪੁੱਛਣਾਂ ਤਾਂ ਉਹ ਵਿਚਾਰਾ ‘ਬੋਲ਼ੇ’ ਬਾਰੇ ਚਾਹੁੰਦਾ ਸੀ, ਪਰ ਉਸ ਨੂੰ ਉੱਤਰ ਹੀ ‘ਹੋਰ’ ਮਿਲ਼ ਗਿਆ! ਕਈ ਵਾਰ ਤੁਸੀਂ ਕਿਸੇ ਨੂੰ ਪਿਆਰ ਸਤਿਕਾਰ ਨਾਲ਼ ਸਮਝਾਉਣ ਦੀ ਕੋਸਿਸ਼ ਕਰਦੇ ਹੋ, ਪਰ ਮੱਝ ਅੱਗੇ ਵੰਝਲੀ ਵਜਾਉਣ ਦਾ ਕੀ ਫ਼ਾਇਦਾ..? ਉਸ ਸਹੁਰੀ ਕਮਲ਼ੀ ਨੂੰ ਸੁਰਾਂ ਦਾ ਨਹੀਂ ਪਤਾ ਹੁੰਦਾ! ਉਸ ਨੂੰ ਤਾਂ ਗੋਹੇ ਨਾਲ਼ ਲਿੱਬੜੀ ਪੂਛ ਘੁੰਮਾ ਕੇ ਤੁਹਾਡੇ ਮੂੰਹ ‘ਤੇ ਹੀ ਮਾਰਨ ਨਾਲ਼ ਲੱਜਤ ਆਉਂਦੀ ਹੈ..! ਕੀ ਕਰੀਏ..? ਮੱਝ ਦੀ ਇਸੇ ਵਿਚ ਈ ਖ਼ੁਸ਼ੀ ਹੈ! ਪਰ ਮੈਨੂੰ ਉਮੀਦ ਐ ਬਈ ਜਿੰਨਾਂ ਚਿਰ ਕਿਸੇ ਦੀ ਗਿੱਚੀ ‘ਚ ‘ਚਿੱਬ’ ਨਾ ਪਵੇ, ਉਹਨੂੰ ‘ਸੁਰਤ’ ਨਹੀਂ ਆਉਂਦੀ..! ਪਰ ਚੁੱਪ ਚਾਪ ਕਿਰਤ ਕਰਨੀ ਈ ਚੰਗੀ ਐ ਭਾਈ! ….ਨਾਲ਼ੇ ਮਲਵਈ ਤਾਂ ਕੰਮ ‘ਤੇ ਈ ਲੋਟ ਐ..! ਵਿਹਲੇ ਹੋਣਗੇ ਤਾਂ ਕੋਈ ਘਤਿੱਤ ਈ ਕਰਨਗੇ…! ਕੋਈ ਕਵੀ ਸ਼ੇਅਰ ਗਾ ਰਿਹਾ ਸੀ, “ਅਗਰ ਚਾਂਦ ਨਾ ਹੋਤੇ ਤੋ ਸਿਤਾਰੇ ਨਾ ਹੋਤੇ..!” ਦੂਜੇ ਪਾਸੇ ਮਰਾਸੀ ਸੁਣਦਾ ਸੀ। ਉਹ ਬਰਾਬਰ ਬੋਲ ਉਠਿਆ, “ਥੋਡੀ ਬੁੜ੍ਹੀ ਨਾ ਹੋਤੀ, ਤੁਸੀਂ ਸਾਰੇ ਨਾ ਹੋਤੇ..!”
ਹੁਣ ਤੁਸੀਂ ਕੁੱਟਣ ਘੜ੍ਹੀਸਣ ਦੀ ਗੱਲ ਸੁਣ ਲਓ..! ਕਿਤੇ ਵੋਟਾਂ ਵੇਲੇ ਕਿਸੇ ਠਾਣੇਦਾਰ ਨੂੰ ਲੋਕਾਂ ਨੇ ਕਿਸੇ ਗੱਲੋਂ ‘ਬੋਕ’ ਬਣਾਂ ਲਿਆ ਤੇ ‘ਥਾਪੜ-ਥਪੜਾਓ’ ਕਰ ਦਿੱਤਾ…! ਸਿਪਾਹੀ ਤਿੱਤਰ ਹੋ ਗਏ….! ਹੋਣਾਂ ਈ ਸੀ..! ਕੁੱਟਣ ਵਾਲ਼ੇ ਕਿਹੜਾ ਉਹਨਾਂ ਦੀ ਭੂਆ ਦੇ ਮੁੰਡੇ ਸੀ…? ਤੇ ਭਾਈ ਲੋਕ ਉਹਨੂੰ ਕੁੱਟਣੋਂ ਨਾ ਹਟਣ…! ਦੋ ਆਜੜੀ ਵਿਚਾਰੇ ਨੇੜੇ ਬੱਕਰੀਆਂ ਚਾਰ ਰਹੇ ਸੀ..! ਤਾਇਆ ਅਤੇ ਭਤੀਜਾ..! ਭਤੀਜੇ ਨੇ ਰੌਲਾ ਪਾਇਆ, “ਉਏ ਕਮਲਿ਼ਆ ਪਿੰਡਾ…ਜੇ ਇਹ ਮਰ ਗਿਆ…ਸਾਰਾ ਪਿੰਡ ਫਾਹੇ ਆਜੂ, ‘ਗੌਰਮਿਲਟੀ’ ਬੰਦੈ….!” ਫੇਰ ਪਿੰਡ ਆਲਿਆਂ ਨੂੰ ਕੁਛ ਅਕਲ ਆਈ…! ਉਹਨੂੰ ਕੁੱਟਣੋ ਹਟੇ…! ਜਦੋਂ ਲੋਕ ਘਰਾਂ ਨੂੰ ਚਲੇ ਗਏ…ਤਾਂ ਰਹਿਮ ਦਿਲ ਬੱਕਰੀਆਂ ਵਾਲ਼ੇ ਨੇ ਆਪਦੀ ਪਾਣੀ ਵਾਲੀ ਡੋਲਣੀ ਠਾਣੇਦਾਰ ਸਾਹਿਬ ਦੇ ਮੂੰਹ ਨੂੰ ਲਾਅਤੀ….ਬਈ ਹਰਫ਼ਲਿਆ ਵਿਆ ਪਾਣੀ ਪੀ ਕੇ ਲੋਟ ਆਜੂ..! ਲੈ ਭਾਈ…ਜਦੋਂ ਠਾਣੇਦਾਰ ਸਾਹਿਬ ਨੂੰ ਪਾਣੀ ਦੀ ਘੁੱਟ ਪੀ ਕੇ ਸੁਰਤ ਜੀ ਆਈ….ਊਸ ਨੇ ਉਠ ਕੇ ਕੌਡੀ ਆਲਿਆਂ ਮਾਂਗੂੰ ਬੱਕਰੀਆਂ ਵਾਲ਼ੇ ਨੂੰ ਈ ਸਿੱਟ ਲਿਆ….ਅਖੇ ਤੇਰੀ ਈ ਕੋਈ ‘ਸਾਜਿਸ਼’ ਐ…! ਲਓ, ਕਰ ਲਓ ਗੱਲ..! ਉਸ ਬੱਕਰੀਆਂ ਵਾਲ਼ੇ ਦਾ ਭਤੀਜਾ ਆਖੀ ਜਾਵੇ, “ਤਾਇਆ..! ਮੈਂ ਸਿਆਣਾ ਨਹੀਂ ਬਣ ਸਕਿਆ..! ਜਦੋਂ ਠਾਣੇਦਾਰ ਨੂੰ ਲੋਕਾਂ ਨੇ ਢਾਹਿਆ ਸੀ, ਉਦੋਂ ਮੈਨੂੰ ਲੋਕਾਂ ਨੂੰ ਵਰਜਣਾਂ ਨੀ ਸੀ ਚਾਹੀਦਾ, ਪਰ ਗਲਤੀ ਬੰਦੇ ਤੋਂ ਹੋ ਜਾਂਦੀ ਐ, ਮੈਂ ਸਿਆਣਾਂ ਨੀ ਤਾਇਆ…!” ਤਾਂ ਤਾਇਆ ਉਸ ਦੀ ਗੱਲ ‘ਕੱਟ’ ਕੇ ਆਖਣ ਲੱਗਿਆ, “ਭਤੀਜ..! ਤੇਰਾ ਤਾਇਆ ਹੁਣ ਤੱਕ ਨ੍ਹੀ ਸਿਆਣਾਂ ਹੋਇਆ…ਭਤੀਜ ਕਿੱਥੋਂ ਹੋਜੂ? ਮੈਂ ਠਾਣੇਦਾਰ ਦੇ ਮੂੰਹ ਨੂੰ ਪਾਣੀ ਲਾ ਕੇ ਉਸ ਤੋਂ ਵੱਡੀ ਗਲਤੀ ਕਰਤੀ..! ਲਾਇਕੀ ਦੀ ਗੱਲ ਭਤੀਜ ਮੈਂ ਵੀ ਨੀ ਕੀਤੀ..!” ਹੁਣ ਦੋਨੋਂ ਪਛਤਾ ਰਹੇ ਸਨ ਅਤੇ ਇਕ ਦੂਜੇ ਦਾ ਦੁੱਖ ਜਿਹਾ ਵੰਡਾ ਰਹੇ ਸਨ!
ਅੱਜ ਮੈਂ ਤੁਹਾਨੂੰ ਛਿੰਦੋ ਦੀ ਗੱਲ ਸੁਣਾਉਂਦਾ ਹਾਂ! ਛਿੰਦੋ ਦਾ ਨਾਂ ਤਾਂ ਸ਼ਾਇਦ ਸੁਰਿੰਦਰ ਜਾਂ ਸ਼ਮਿੰਦਰ ਹੋਵੇ, ਪਰ ਹੈ ਬੜੀ ਕਚੀਲ੍ਹ ਔਰਤ! ਪੂਰੀ ਝੰਡੇ ਹੇਠਲੀ! ਰੱਬ ਨੂੰ ‘ਟੱਬ’ ਸਮਝਣ ਵਾਲ਼ੀ!! ਛਿੰਦੋ ਨੇ ਪਤਾ ਨਹੀਂ ਕਿੰਨੇ ਘਰਾਂ ਵਿਚ ਸਿਆਪੇ ਪਾਏ। ਕਿੰਨੇ ਘਰ ਉਜਾੜੇ। ਉਸ ਦੇ ਚੱਟੇ ਦਰੱਖ਼ਤ ਅਜੇ ਤੱਕ ਹਰੇ ਨਹੀਂ ਹੋਏ। ਛਿੰਦੋ ਇਕ ਜਿਉਂਦੀ ਜਾਗਦੀ ਸੱਠ ਸਾਲ ਦੀ ਪ੍ਰੇਤ ਵਰਗੀ ਆਪਹੁਦਰੀ, ਸੁਆਰਥੀ ਅਤੇ ਖ਼ੁਦਗਰਜ਼ ਔਰਤ ਹੈ। ਗਲਤੀਆਂ ਛਿੰਦੋ ਨੇ ਕੀਤੀਆਂ ਅਤੇ ਭੁਗਤੀਆਂ ਸਭ ਨਿਰਦੋਸਿਆਂ ਨੇ! ਉਸ ਦੀਆਂ ਬੱਤੀ ਸੁਲੱਖਣੀਆਂ ਪੰਜ ਭੈਣਾਂ ਨੇ ਉਸ ਦੀ ਪੂਰੀ ਪਿੱਠ ਥਾਪੜੀ। ਚਾਹੇ ਸਾਰੀਆਂ ਉੱਜੜਨ ਕਿਨਾਰੇ ਹੀ ਹਨ। ਪਰ ਫਿ਼ਰ ਵੀ ਇਕ ਦੂਜੀ ਭੈਣ ਦੀ ਪਿੱਠ ‘ਪੂਰਨੋਂ’ ਨਹੀਂ ਹਟਦੀਆਂ। ਉਸ ਦੇ ‘ਸਤਿਯੁਗੀ’ ਪ੍ਰੀਵਾਰ ਦੀਆਂ ਸਾਰੀਆਂ ਪਰਤਾਂ ਹੁਣ ਹੌਲ਼ੀ-ਹੌਲ਼ੀ ਖੁੱਲ੍ਹਣਗੀਆਂ। ਹਿੱਕ ‘ਤੇ ਹੱਥ ਰੱਖ ਕੇ ਹਰ ਮਹੀਨੇ ਪੜ੍ਹਦੇ ਜਾਇਓ! ਗੰਭੀਰ ਗੱਲਾਂ ਅਗਲੀ ਵਾਰ ਤੋਂ ਸ਼ੁਰੂ ਹੋਣਗੀਆਂ। ਪਰ ਅਜੇ ਛਿੰਦੋ ਦੀ ਇਕ ਆਮ ਜਿਹੀ ਗੱਲ ਹੀ ਸੁਣ ਲਓ! ਪਤਾ ਲੱਗ ਜਾਵੇਗਾ ਕਿ ਛਿੰਦੋ ਕਿੰਨੀ ‘ਚੜ੍ਹਦੀ ਕਲਾ’ ਵਾਲ਼ੀ ਜਿੰਨ ਵਰਗੀ ਤੀਮੀ ਹੈ!
ਛਿੰਦੋ ਦੇ ਛੋਟੇ ਮੁੰਡੇ ਦਾ ਵਿਆਹ ਸੀ। ਛਿੰਦੋ ਦੇ ਘਰਵਾਲ਼ੇ ਦੇਬੂ ਅਤੇ ਛਿੰਦੋ ਨੇ ਸਾਰੇ ਨਜ਼ਦੀਕੀ ਰਿਸ਼ਤੇਦਾਰ ਨੂੰ ਆਪਣੇ ਮੁੰਡੇ ਦੇ ਮੰਗਣੇਂ ‘ਤੇ ਬੁਲਾਇਆ। ਰੌਣਕੀ ਹੋਰਾਂ ਨੇ ਵੀ ਪ੍ਰੀਵਾਰ ਸਮੇਤ ਦਰਸ਼ਣ ਜਾ ਦਿੱਤੇ। ਰੌਣਕੀ ਛਿੰਦੋ ਦੇ ਪ੍ਰੀਵਾਰ ਦੇ ਬਹੁਤਾ ਨੇੜੇ ਤਾਂ ਨਹੀਂ, ਪਰ ਇਤਨਾ ਦੂਰ ਵੀ ਨਹੀਂ ਕਿ ਚੰਗਾ-ਮੰਦਾ ਵੀ ਨਾ ਸਮਝੇ! ਦੇਬੂ ਬਾਈ ਜੀ ਰੌਣਕੀ ਨੂੰ ਦਾਰੂ ਪੀਣ ਲਈ ਜੋਰ ਲਾਉਂਦੇ ਰਹੇ। ਪਰ ਰੌਣਕੀ ਨੇ ਨਹੀਂ ਪੀਤੀ। ਸ਼ਰਾਬ ਰੌਣਕੀ ਨੇ ਬਥੇਰੀ ਪੀਤੀ ਹੈ। ਪਰ ਹੁਣ ਪੰਜ ਕੁ ਸਾਲਾਂ ਤੋਂ ਬਿਲਕੁਲ ਬੰਦ ਕੀਤੀ ਹੋਈ ਹੈ। ਇਸ ਲਈ ਦੇਬੂ ਰੌਣਕੀ ਨਾਲ਼ ‘ਖ਼ਫ਼ਾ’ ਸੀ, “ਤੂੰ ਇਕ ਤਾਂ ਲਾ ਲੈ..!” ਦੇਬੂ ਬਾਈ ਪੈੱਗ ਪਾਈ ਰੌਣਕੀ ਕੋਲ਼ ਖੜ੍ਹਾ ਪਿਆਸੇ ਕਾਂ ਵਾਂਗ ਝਾਕ ਰਿਹਾ ਸੀ। ਪਰ ਹਰ ਵਾਰ ਰੌਣਕੀ ਦਾ ਜਵਾਬ ‘ਨਾਂਹ’ ਵਿਚ ਹੀ ਸੀ। ਬਾਈ ਦੇਬੂ ਨਿਰਾਸ਼ ਹੋ ਗਿਆ। ਉਸ ਤੋਂ ਦੋ ਕੁ ਹਫ਼ਤੇ ਬਾਅਦ ‘ਲੇਡੀ-ਸੰਗੀਤ’ ਪਾਰਟੀ ਹੋਈ। ਲੇਡੀਆਂ ਦੇ ਨਾਲ਼ ਰੌਣਕੀ ਨੂੰ ਵੀ ਸੱਦਾ-ਪੱਤਰ ਆਇਆ ਹੋਇਆ ਸੀ! ਬਾਈ ਦੇਬੂ ਫ਼ੇਰ ਨਿਰਾਸ਼ ਹੋਇਆ ਖੜ੍ਹਾ ਸੀ, ਕਿਉਂਕਿ ਰੌਣਕੀ ਸਾਹਿਬ ਦਾਰੂ ਨਹੀਂ ਪੀ ਰਹੇ ਸਨ, “ਤੂੰ ਸਾਡੇ ਕੰਮੋਂ ਤਾਂ ਗਿਆ..!” ਦੇਬੂ ਵਾਰ ਵਾਰ ਰੌਣਕੀ ਨੂੰ ਆਖ ਕੇ ਆਪਣਾ ਦਿਲ ਜਿਹਾ ‘ਹੌਲ਼ਾ’ ਕਰੀ ਜਾ ਰਿਹਾ ਸੀ। ਰੌਣਕੀ ਦੇ ਮਾਮਾ ਜੀ ਵੀ ‘ਸ਼ੈਂਪੇਨ’ ਪੀਂਦੇ ਆਖ ਰਹੇ ਸਨ, “ਹੈਂ ਬਈ..! ਆਹ ਦਿਨ ਵੀ ਦੇਖਣੇ ਸੀ..!” ਉਹਨਾਂ ਨੂੰ ਵੀ ਰੌਣਕੀ ਭਾਣਜੇ ਦਾ ਦਾਰੂ ਨਾ ਪੀਣਾਂ ਜਚਿਆ ਨਹੀਂ ਸੀ। …ਤੇ ਦੇਬੂ ਬਾਈ ਜੀ ਨੇ ਅਖ਼ੀਰ ਅੱਕ ਕੇ ਆਖ ਦਿੱਤਾ, “ਲੈ ਬਈ ਰੌਣਕੀ ਮਿੱਤਰਾ..! ਤੂੰ ਤਾਂ ਹੁਣ ਜਮਾਂ ਈ ਬੇਰੌਣਕਾ ਹੋ ਗਿਐਂ..! ਜੇ ਤੂੰ ਦਾਰੂ ਨਹੀਂ ਪੀਣੀਂ ਤਾਂ ਬਰਾਤ ਨਾ ਜਾਈਂ, ਸਾਨੂੰ ਸ਼ਰਮ ਆਊਗੀ ਬਈ ਆਹ ਕਿਹੋ ਜਿਆ ਬੰਦਾ ਖਿੱਚੀ ਫਿ਼ਰਦੇ ਐ, ਜਿਹੜਾ ਦਾਰੂ ਈ ਨੀਂ ਪੀਂਦਾ..!” ਰੌਣਕੀ ਨੇ ਫਿ਼ਰ ਇੱਕੋ ਗੱਲ ਆਖੀ ਸੀ, “ਬਾਈ ਜੀ ਬਰਾਤ ਨਾ ਜਾਣਾਂ ਮਨਜ਼ੂਰ ਐ, ਪਰ ਦਾਰੂ ਮੈਂ ਸੱਚੀਂ ਹੀ ਛੱਡ ਦਿੱਤੀ ਐ..!”
ਖ਼ੈਰ ਰੌਣਕੀ ਸਾਹਿਬ ਬਰਾਤ ਵੀ ਗਏ ਅਤੇ ਦਾਰੂ ਵੀ ਨਾ ਪੀਤੀ। ਨਾਲ਼ੇ ਉਹਦੀ ਇੱਜ਼ਤ ਰਹਿ ਗਈ ਅਤੇ ਨਾਲ਼ੇ ਦੇਬੂ ਬਾਈ ਜੀ ਦੀ! ਜਦ ਰੌਣਕੀ ਦਾਰੂ ਪੀਂਦਾ ਸੀ, ਤਾਂ ਬਾਈ ਦੇਬੂ ਆਮ ਹੀ ਆਖ ਦਿੰਦਾ ਸੀ, “ਸਾਡਾ ਰੌਣਕੀ ਸਰੀਰ ਛੱਡ ਸਕਦੈ, ਪਰ ਦਾਰੂ ਨੀ ਛੱਡ ਸਕਦਾ..!” ਪਰ ਹੁਣ ਬਾਈ ਨੂੰ ਸ਼ਾਇਦ ਆਪਣੇ ਕਹੇ ਬੋਲਾਂ ‘ਤੇ ਨਮੋਸ਼ੀ ਆ ਰਹੀ ਸੀ ਕਿ ਆਹ ਪੀ ਕੇ ਲਿਟਣ ਵਾਲ਼ਾ ਬੰਦਾ ਦਾਰੂ ਬਿਲਕੁਲ ਹੀ ਛੱਡ ਗਿਆ..? ਚਲੋ ਜੀ, ਸ਼ੁਕਰ ਰੱਬ ਦਾ! ਵਿਆਹ ਵਧੀਆ ਹੋ ਗਿਆ। ਵਿਆਹ ਦੀ ‘ਡਾਂਸ-ਫ਼ਲੋਰ’ ‘ਤੇ ਰੌਣਕੀ ਨੇ ਵੀ ਸਰਦਾ-ਪੁਰਦਾ ਲੱਕ-ਲੁੱਕ ਹਿਲਾਇਆ। ਹਿਲਾਉਣਾਂ ਈ ਸੀ, ਨਹੀਂ ਤਾਂ ਬਾਈ ਜੀ ਨੇ ਫਿ਼ਰ ਕੋਹੜ ਕਿਰਲੇ ਵਾਂਗ ਪੈੱਗ ਫ਼ੜ ਕੇ ਉਸ ਦੇ ਦੁਆਲ਼ੇ ਹੋ ਜਾਣਾ ਸੀ, “ਦਾਰੂ ਬਿਨਾਂ ਨੱਚਿਆ ਟੱਪਿਆ ਨ੍ਹੀ ਜਾਂਦਾ, ਅੱਜ ਤਾਂ ਇਕ ਅੱਧਾ ਲਾ ਕੇ ਵਰਤ ਤੋੜ ਲੈ..! ਨੱਚਣ ਦਾ ਢੰਗ ਆਜੂ..!”
ਉਸ ਤੋਂ ਹਫ਼ਤਾ ਕੁ ਬਾਅਦ ਵਿਆਹ ਦੀ ਪਾਰਟੀ ਸੀ। ਦੇਬੂ ਬਾਈ ਜੀ ਨੇ ਰੌਣਕੀ ਨੂੰ ਫਿ਼ਰ ਸੱਦਾ ਭੇਜਿਆ ਹੋਇਆ ਸੀ। ਪਾਰਟੀ ਫਿਰ ਚੱਲੀ। ਰੌਣਕੀ ਨੇ ਵੀ ਗਰੀਬੀ ਦਾਹਵੇ ਨਾਲ਼ ਲੱਕ ‘ਤੇ ਹੱਥ ਧਰ ਕੇ ਕੁੱਲਾ ਹਿਲਾਇਆ। ਦੋਸਤਾਂ-ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਮਿਲਿਆ ਗਿਲਿਆ! ਬਾਈ ਜੀ ਵੀ ਹੱਥ ਵਿਚ ਗਿਲਾਸ ਫ਼ੜੀ ‘ਬਲ਼ਦ-ਮੂਤਣੀਆਂ’ ਜਿਹੀਆਂ ਪਾਉਂਦੇ ‘ਡਾਂਸ-ਫ਼ੋਰ’ ‘ਤੇ ਸੂਣ ਵਾਲ਼ੀ ਮੱਝ ਵਾਂਗੂੰ ‘ਵੱਟ’ ਜਿਹਾ ਕਰਦੇ ਕਦੇ ਰੌਣਕੀ ਦਾ ਪੈਰ ਮਿੱਧ ਦਿੰਦੇ ਅਤੇ ਕਦੇ ਕਿਸੇ ਹੋਰ ਦਾ! ਰੌਣਕੀ ਨੇ ਆਪਣਾ ਬਚਾ ਕਰੀ ਰੱਖਿਆ। ਕਿਉਂਕਿ ਉਹ ਰੋਡਵੇਜ਼ ਦੀ ਲਾਰੀ ‘ਤੇ ਹਰ ਰੋਜ ਹੀ ਪੜ੍ਹਨਾ ਗਿੱਝਿਆ ਸੀ, “ਸਵਾਰੀ ਆਪਣੇ ਸਮਾਨ ਦੀ ਆਪ ਜਿਮੇਵਾਰ ਹੈ!” ਪਰ ਅੱਜ ਤਾਂ ਦੇਬੂ ਬਾਈ ਜੀ ਕਸ਼ਮੀਰ ਤੋਂ ਲੈ ਕੇ ਕੰਨਿਆਂ ਕੁਮਾਰੀ ਤੱਕ ਭਾਰਤ ‘ਇਕ’ ਹੋਣ ਵਾਂਗ ਸਾਰੀ ਡਾਂਸ-ਫ਼ਲੋਰ ‘ਤੇ ‘ਕੱਲੇ’ ਹੀ ਛਾਏ ਹੋਏ ਸਨ। ਜਦ ਬਾਈ ਜੀ ਦੇ ਨਸ਼ੇ ਦੀ ‘ਸੂਈ’ ਥੱਲੇ ਨੂੰ ਪੁੱਠੀ ਮੁੜਨ ਲੱਗੀ ਤਾਂ ਉਹ ‘ਪੈਂਚਰ’ ਜਿਹਾ ਹੋਇਆ ਰੌਣਕੀ ਹੋਰਾਂ ਕੋਲ਼ ਆ ਕੇ ਬੈਠ ਗਿਆ। ਰੌਣਕੀ ਹੋਰੀਂ ਰੋਟੀ ਖਾਣ ਦੀ ਤਿਆਰੀ ਕਰ ਰਹੇ ਸਨ! ਬਾਈ ਜੀ ਨੇ ਆਪਣੀ ‘ਊਣੀਂ’ ਟੈਂਕੀ ‘ਫ਼ੁੱਲ’ ਕਰਨ ਲਈ ‘ਵੇਟਰ’ ਨੂੰ ਇਸ਼ਾਰਾ ਕੀਤਾ ਤਾਂ ਲੰਡਾ ਪੈੱਗ ਆ ਗਿਆ। ਬਾਈ ਜੀ ਨੇ ਪੈੱਗ ਸਿਰੇ ਲਾ ਦਿੱਤਾ ਅਤੇ ਅਰਾਮ ਨਾਲ਼ ਅੱਖਾਂ ਮੀਟ ਕੇ ਬੈਠ ਗਏ, ਜਿਵੇਂ ਕਬੂਤਰ ਬਿੱਲੀ ਨੂੰ ਦੇਖ ਕੇ ਮੀਟਦਾ ਹੈ!
ਕੁਝ ਸਮੇਂ ਬਾਅਦ ਛਿੰਦੋ ਭਾਬੀ ਜੀ ਦੇਬੂ ਬਾਈ ਜੀ ਕੋਲ਼ ਆ ਗਏ। ਉਹਨਾਂ ਦੀਆਂ ਡੂੰਘੀਆਂ ਬੱਗੀਆਂ ਅੱਖਾਂ ਵਿਚ ਰੌਣਕੀ ਸਾਹਿਬ ਨੂੰ ਕੋਈ ਗ਼ੈਬੀ ਕਰੋਧ ਦਿਸਿਆ। ਉਹ ਲਹਿੰਗਾ ਅਤੇ ਉਚੀ ਅੱਡੀ ਦੇ ਸੈਂਡਲ਼ ਪਾਈ ਡਾਂਸ ਕਰਦੇ ਕਰਦੇ ‘ਹਫ਼ੇ’ ਪਏ ਸਨ। ਹੁਣ ਉਹ ਇੰਜ ਤੁਰ ਰਹੇ ਸਨ, ਜਿਵੇਂ ਸੂਲਾਂ ‘ਤੇ ਕੁੱਕੜ ਤੁਰਦੈ! ਉਮਰ ਉਹਨਾਂ ਦੀ ਚਾਹੇ ਸੱਠਾਂ ਸਾਲਾਂ ਦੀ ਹੈ, ਪਰ ਬੁੱਢੀ ਘੋੜ੍ਹੀ ਦੇ ਲਾਲ ਲਗਾਮ ਪਾਉਣ ਵਾਂਗ ਉਹ ਅੱਜ ਬਿਊਟੀ ਪਾਰਲਰ ਦੇ ‘ਜੋਤਾ’ ਲੁਆ ਕੇ ਆਏ ਸਨ। ਪਰ ਚਿਹਰੇ ਦੇ ਚਿੱਬ ‘ਮੇਕ-ਅੱਪ’ ਹੇਠੋਂ ਵੀ ਸੱਪ ਵਾਂਗ ਜੀਭਾਂ ਕੱਢਦੇ ਸਨ। ਭਾਬੀ ਜੀ ਨੂੰ ਸ਼ਾਇਦ ਬਾਈ ਜੀ ਨਾਲ਼ ‘ਹੋਰ’ ਡਾਂਸ ਕਰਨ ਦਾ ‘ਝੱਲ’ ਚੜ੍ਹਿਆ ਪਿਆ ਸੀ ਜਾਂ ‘ਹਲ਼ਕ’ ਉਠਿਆ ਹੋਇਆ ਸੀ। ਕੀ ਕਰਦੇ..? ਛਿੰਦੋ ਭਾਬੀ ਜੀ ਦੇਬੂ ਬਾਈ ਜੀ ਨੂੰ ‘ਪਿਆਰ’ ਹੀ ਐਨਾਂ ਕਰਦੇ ਨੇ! ਪਰ ‘ਡਾਂਸ’ ਦੇ ਨਾਂ ਨੂੰ ਬਾਈ ਜੀ ਆਫ਼ਰੇ ਕੱਟਰੂ ਵਾਂਗ ‘ਨਾਂਹ’ ਵਿਚ ਕੰਨ ਜਿਹੇ ਹਿਲਾਈ ਜਾ ਰਹੇ ਸਨ। ਜਦ ਛਿੰਦੋ ਭਾਬੀ ਜੀ ਨੇ ਡਾਂਸ ਕਰਨ ਦੀ ‘ਹਿੰਡ’ ਨਾ ਛੱਡੀ ਤਾਂ ਦੇਬੂ ਬਾਈ ਜੀ ਗਾਲ਼ਾਂ ‘ਤੇ ਉੱਤਰ ਆਏ, “ਮੈਂ ਤੇਰਾ ਨੌਕਰ ਐਂ, ਭੈਣ…!” ਰੋਟੀ ਖਾਂਦੇ-ਖਾਂਦੇ ਰੌਣਕੀ ਸਾਹਿਬ ਨੇ ਬਾਈ ਜੀ ਨੂੰ ਪਲ਼ੋਸ ਕੇ ਠੰਢਾ ਕਰਨ ਦਾ ਯਤਨ ਕੀਤਾ। ਬਾਈ ਜੀ ਪੀਤੀ ਵਿਚ ਕੁਰਸੀ ‘ਤੇ ਬੈਠੇ ਹੀ ਪਠੋਰੇ ਵਾਂਗ ਧੁਰਲ਼ੀਆਂ ਜਿਹੀਆਂ ਮਾਰ ਰਹੇ ਸਨ। ਪਰ ਸਹੁਰਾ ਝੱਲਾ ‘ਪਿਆਰ’ ਕਦੋਂ ਟਿਕਣ ਦਿੰਦਾ ਹੈ? ਛਿੰਦੋ ਭਰਜਾਈ ਜੀ ਫਿ਼ਰ ਬਾਈ ਜੀ ਦੀ ਪੂਛ ਨੂੰ ਫ਼ੜੀ ਖੜ੍ਹੇ, ਮਰੋੜਾ ਦੇ ਰਹੇ ਸਨ, “ਆਓ ਡਾਂਸ ਕਰੋ..!” ਤੇ ਬਾਈ ਜੀ ਨੇ ਫਿ਼ਰ ਉਹੀ ‘ਕੋਰੜਾ ਛੰਦ’ ਪੜ੍ਹਿਆ, ਜੋ ਛਿੰਦੋ ਭਾਬੀ ਜੀ ਪਹਿਲਾਂ ਵੀ ‘ਸਰਵਣ’ ਕਰ ਚੁੱਕੇ ਸਨ।
ਛਿੰਦੋ ਭਾਬੀ ਜੀ ਵਾਰ-ਵਾਰ ਡਾਂਸ ਕਰਨ ਬਾਰੇ ‘ਹਠ’ ਕਰ ਰਹੇ ਸਨ ਅਤੇ ਬਾਈ ਜੀ ‘ਛੰਦ’ ਸੁਣਾ ਰਹੇ ਸਨ। ਸਾਧੂ ਅਤੇ ਬਿੱਛੂ ਦੇ ਕਰਮ ਵਾਲ਼ਾ ‘ਕਾਂਡ’ ਚੱਲ ਰਿਹਾ ਸੀ। ਅਖ਼ੀਰ ਛਿੰਦੋ ਭਾਬੀ ਜੀ ਨੇ ਰੌਣਕੀ ਦੇ ਸਾਹਮਣੇ ਮੇਜ਼ ‘ਤੇ ਪਿਆ ਪਾਣੀ ਦਾ ਗਿਲਾਸ ਬਾਈ ਜੀ ਦੇ ਮੂੰਹ ‘ਤੇ ਪੂਰੇ ਜੋਰ ਮਾਰਿਆ। ‘ਮੋਹ’ ਹੀ ਐਨਾਂ ਸੀ, ਕੀ ਕਰਦੀ..? ਉਹਨਾਂ ਨੇ ਸੋਚਿਆ ਹੋਣੈਂ ਕਿ ਪਤੀ-ਪ੍ਰਮੇਸ਼ਰ ਜੀ ਦੀ ਪੀਤੀ ਹੋਈ ਹੈ, ਪਾਣੀ ਦਾ ਗਿਲਾਸ ਮੂੰਹ ‘ਤੇ ਪਾਏ ਤੋਂ ਸ਼ਾਇਦ ਲਹਿ ਜਾਵੇਗੀ ਅਤੇ ਖ਼ਸਮ ਜੀ ‘ਡਾਂਸ’ ਲਈ ਫਿਰ ਧੱਕਾ ਸਟਾਰਟ ਇੰਜਣ ਵਾਂਗ ਚੱਲ ਪੈਣਗੇ..? ਲੋੜ ਹੀ ਤਾਂ ਕਾਢ ਦੀ ‘ਮਾਂ’ ਹੁੰਦੀ ਹੈ..! …ਤੇ ਬੱਸ ਫਿਰ ਕੀ ਸੀ..? ਮੂੰਹ ‘ਤੇ ਪਾਣੀ ਦਾ ਗਿਲਾਸ ਪੈਣ ਦੀ ਦੇਰ ਸੀ ਕਿ ‘ਸਟਾਰਟ’ ਹੋਏ ਬਾਈ ਜੀ ਨੇ ਰੌਣਕੀ ਹੋਰਾਂ ਦੇ ਸਾਹਮਣੇ ਪਿਆ ਸਾਗ, ਮੀਟ, ਦਾਲ਼-ਸਬਜ਼ੀ ਵਗਾਹ-ਵਗਾਹ ਭਾਬੀ ਜੀ ਵੱਲ ਚਲਾਉਣੀ ਸ਼ੁਰੂ ਕਰ ਦਿੱਤੀ ਅਤੇ ਛਿੰਦੋ ਜੀ ਦੇ ਕੀਮਤੀ ਲਹਿੰਗੇ ‘ਤੇ ਦਾਲ਼ਾਂ-ਸਬਜ਼ੀਆਂ ਦੇ ‘ਡੱਬ’ ਪਾ ਦਿੱਤੇ। ਰੌਣਕੀ ਨੇ ਫ਼ੜਨ ਲਈ ਬਥੇਰਾ ਜੋਰ ਲਾਇਆ, ਪਰ ਬਾਈ ਨੇ ਸਾਗ ਅਤੇ ਮੀਟ ਦੀ ‘ਅਸਾਲਟ’ ਦਾ ਮੂੰਹ ਰੌਣਕੀ ਵੱਲ ਨੂੰ ਕਰ ਦਿੱਤਾ। ਉਸ ਦੇ ਵਾਰ ਐਨੇ ‘ਅੱਧਾਧੁੰਦ’ ਤੇਜ਼ ਸਨ ਕਿ ਅੱਖਾਂ ਮੀਟ ਕੇ ਬਰਦਾਸ਼ਤ ਕਰਨ ਤੋਂ ਇਲਾਵਾ ਰੌਣਕੀ ਹੋਰੀਂ ਕੁਛ ਕਰ ਵੀ ਨਹੀਂ ਸਨ ਸਕਦੇ। ਬਾਦਲ ਸਰਕਾਰ ਦੀ ਪੁਲੀਸ ਦੀਆਂ ‘ਜਲ-ਤੋਪਾਂ’ ਵਾਂਗ ਰੌਣਕੀ ਹੋਰਾਂ ‘ਤੇ ਵੀ ਦਾਲ਼ਾਂ-ਸਬਜ਼ੀਆਂ ਦੀ ਬੁਛਾੜ ਆ ਰਹੀ ਸੀ। ਉਸ ਦੇ ਕੋਟ-ਪੈਂਟ ‘ਤੇ ਵੀ ਭਾਰਤ ਦੇ ਨਕਸ਼ੇ ਪਾ ਦਿੱਤੇ ਅਤੇ ਰੌਣਕੀ ਅਤੇ ਉਸ ਦੇ ਨਾਲ਼ ਬੈਠੇ ਬੇਲੀ ਕਸੀਸ ਵੱਟ ਕੇ ਜਰੀ ਗਏ।
ਜਦ ਦੇਬੂ ਬਾਈ ਜੀ ਦੇ ਸਾਹਮਣੇ ਤੋਂ ਸਾਗ ਅਤੇ ਮੀਟ ਖ਼ਤਮ ਹੋਇਆ ਤਾਂ ਉਹ ‘ਚੌਲ਼ੋ-ਚੌਲ਼ੀ’ ਹੋਣ ਲੱਗ ਪਏ। ਰੌਣਕੀ ਹੋਰੀਂ ਆਪਣਾ ਬਚਾਅ ਕਰਦੇ ਕਰਦੇ ਹਾਰੀ ਫ਼ੌਜ ਵਾਂਗੂੰ ਪਿੱਛੇ ਹਟਣ ਲੱਗ ਪਏ। ਪਰ ਬਾਈ ਦੇ ਸਿਸ਼ਤ ਬੰਨ੍ਹ ਕੇ ਚਲਾਏ ਚੌਲ਼ਾਂ ਦੀ ਮਾਰ ‘ਚ ਰੌਣਕੀ ਜੀ ਆ ਹੀ ਜਾਂਦੇ ਸਨ। ਜਦ ਚੌਲ਼ ਖ਼ਤਮ ਹੋਏ ਤਾਂ ‘ਬੂੰਦੀ’ ਦੀ ਵਾਰੀ ਆ ਗਈ। ਬੂੰਦੀ ਉਡਣ ਲੱਗ ਪਈ..! ਰੌਣਕੀ ਨੇ “ਉਡਾਤੀ ਬੂੰਦੀ” ਦੀ ਵਿਅੰਗਮਈ ਕਹਾਵਤ ਤਾਂ ਬਹੁਤ ਵਾਰ ਸੁਣੀਂ ਸੀ, ਪਰ ਸਮਝ ਅੱਜ ਆਈ ਸੀ ਕਿ ‘ਬੂੰਦੀ ਉਡਾਤੀ’ ਕਿਸ ਬਲਾਅ ਨੂੰ ਕਹਿੰਦੇ ਨੇ..? ਕਿਉਂਕਿ ਬੰਦਾ ਸਕੂਲਾਂ ਵਿਚ ਘੱਟ ਅਤੇ ‘ਤਜ਼ਰਬੇ’ ਤੋਂ ਵੱਧ ਸਿੱਖਦਾ ਹੈ! ਆਪਣਾ ਕੀਮਤੀ ਲਹਿੰਗਾ ਲਿੱਬੜਿਆ ਦੇਖ ਕੇ ਛਿੰਦੋ ਭਾਬੀ ਜੀ ਦਾ ‘ਪਿਆਰ’ ਹੋਰ ਭੜ੍ਹਕ ਪਿਆ ਅਤੇ ਉਹ ਦੋਨਾਂ ਹੱਥਾਂ ਨਾਲ਼ ਬਾਈ ਜੀ ਦੇ ਗਲ਼ ਨੂੰ ‘ਚਿੰਬੜ’ ਗਏ। ਰੌਣਕੀ ਨੇ ਫ਼ੜ ਕੇ ਜੋਕ ਵਾਂਗ ਤੋੜਨਾਂ ਚਾਹਿਆ, ਪਰ ਭਾਬੀ ਜੀ ਦੇ ਜੰਮੂਰਾਂ ਵਰਗੇ ਹੱਥ, ਸਿਕੰਜੇ ਵਾਂਗ ਕਸੇ ਹੋਏ ਸਨ। ਉਹਨਾਂ ਦੇ ਵੱਡੇ-ਵੱਡੇ ਨਹੁੰ ਰੌਣਕੀ ਨੂੰ ਪ੍ਰੇਤ ਵਾਂਗ ਡਰਾਉਣ ਆ ਰਹੇ ਸਨ। ਆਪਣਾ ਗਲ਼ ਜਿਹਾ ਛੁਡਾਉਣ ਲਈ ਬਾਈ ਜੀ ਨੇ ਛਿੰਦੋ ਸਾਹਿਬਾਂ ਨੂੰ ਧੱਕਾ ਮਾਰਿਆ ਤਾਂ ਛਿੰਦੋ ਜੀ ਪਟੜੇ ਵਾਂਗ ਹਾਲ ਦੀ ‘ਸਲਿੱਪਰੀ’ ਫ਼ਰਸ਼ ‘ਤੇ ਜਾ ਪਏ। ਰੌਣਕੀ ਨੇ ਮੌਲੇ ਬਲ਼ਦ ਨੂੰ ਪੂਛੋਂ ਫ਼ੜ ਕੇ ਉਠਾਉਣ ਵਾਂਗ ਛਿੰਦੋ ਨੂੰ ਫ਼ੜ ਕੇ ਖੜ੍ਹਾ ਕੀਤਾ। ਪਰ ਬਾਹਰ ਖੜ੍ਹੇ ਛਿੰਦੋ ਜੀ ਫਿ਼ਰ ਵੀ ਨਾ-ਸ਼ੁਕਰਿਆਂ ਵਾਂਗ ਲੋਕਾਂ ‘ਤੇ ਇਲਜ਼ਾਮ ਲਾਈ ਜਾ ਰਹੇ ਸਨ, “ਕਿਸੇ ਨੇ ਰੋਕਿਆ ਈ ਨ੍ਹੀ, ਸਾਰੇ ਤਮਾਸ਼ਾ ਦੇਖਦੇ ਰਹੇ..!” ਰੌਣਕੀ ਸਾਹਿਬ ਆਪਣਾ ਕੋਟ ਪੈਂਟ ਟਿਸ਼ੂ ਨਾਲ਼ ਸਾਫ਼ ਕਰਦੇ ਸੋਚ ਰਹੇ ਸੀ ਕਿ ਸਿਆਣਿਆਂ ਦਾ ਕਥਨ ਸੱਚਾ ਹੀ ਹੈ, ਅੱਜ ਕੱਲ੍ਹ ਭਲੇ ਦਾ ਜ਼ਮਾਨਾ ਨਹੀਂ! ਪੁੱਛਣਾਂ ਤਾਂ ਰੌਣਕੀ ਇਹ ਚਾਹੁੰਦਾ ਸੀ ਕਿ ਭਾਬੀ ਜੀ..! ਜਦ ਤੁਸੀਂ ਪਾਣੀ ਦਾ ਗਿਲਾਸ ਸ਼ਰਾਬੀ ਬਾਈ ਜੀ ਦੇ ਮੂੰਹ ‘ਤੇ ਮਾਰਿਆ ਸੀ, ਉਦੋਂ ਤੁਹਾਨੂੰ ਨਾ ਕਿਸੇ ਨੇ ਰੋਕਿਆ..? ਦੋਵਾਂ ਪਾਸਿਆਂ ਤੋਂ ਇਹ ਐਕਸ਼ਨ ਹੀ ਇਤਨੀ ਫ਼ੁਰਤੀ ਅਤੇ ਗਿਣੀਂ-ਮਿਥੀ ਸਾਜਿਸ਼ ਵਾਂਗ ਹੋਏ ਕਿ ਸਭ ਦੀ ਸੁਰਤ ਹੀ ਮਾਰੀ ਗਈ! ਖ਼ੈਰ, ਹੁਣ ਤਾਂ ਰੌਣਕੀ ਸਮੇਤ ਦਸਾਂ-ਪੰਦਰਾਂ ਜਾਣਿਆਂ ਨੇ ਆਪਣੇ ਕੋਟ-ਪੈਂਟ ‘ਡਰਾਈ ਕਲੀਨਿੰਗ’ ਲਈ ਦਿੱਤੇ ਹੋਏ ਹਨ। ਅੱਗੇ ਤੋਂ ਤੁਸੀਂ ਵੀ ਆਪਣੇ ਸਮਾਨ ਦੀ ਜਿਮੇਵਾਰੀ ਆਪ ਸੰਭਾਲਣੀ ਐਂ..! ਬਚ ਕੇ ਮੋੜ ਤੋਂ ਬਾਈ ਜੀ..!
ਛਿੰਦੋ ਦੇ ਮੁੰਡੇ ਦੇ ਵਿਆਹ ‘ਤੇ ਦੇਬੂ ਨੇ ‘ਬੂੰਦੀ’ ਉੜਾਈ
This entry was posted in ਵਿਅੰਗ ਲੇਖ.
Maja aa gyea lekh par ke bai ji. Ek dum jabardast!