ਇਹ ਨਵੰਬਰ 1976 ਦੇ ਆਖਰੀ ਹਫਤੇ ਦੀ ਗਲ ਹੈ ਕਿ ਤਤਕਾਲੀ ਕੇਂਦਰੀ ਮੰਤਰੀ ਡਾ. ਕਰਨ ਸਿਘ ਨੇ ਨਾਮਵਰ ਚਿੱਤਰਕਰ ਸ. ਸੋਭਾ ਸਿੰਘ ਦੇ ਚਿੱਤਰਾਂ ਦੀ ਇਕ ਪ੍ਰਦਰਸ਼ਨੀ ਦਾ ਰਫੀ ਮਾਰਗ, ਨਵੀਂ ਦਿੱਲੀ ਸਥਿਤ ਫਾਈਂਨ ਆਰਟ ਗੈਲਰੀ ਵਿਖੇ ਪ੍ਰਬੰਧ ਕਰਵਾਇਆ।ਡਾ. ਕਰਨ ਸਿੰਘ ਇਸ ਚਿੱਤਰਕਾਰ ਦੀ ਕਲਾ ਦੇ ਬੜੇ ਪ੍ਰਸੰਸਕ ਹਨ ਅਤੇ ਇਹ ਪ੍ਰਦਰਸ਼ਨੀ ਚਿੱਤਰਕਾਰ ਦੇ 75ਵੇਂ ਜਨਮ ਦਿਨ ‘ਤੇ ਲਲਿਤ ਕਲਾ ਅਕਾਡਮੀ ਦੇ ਸਹਿਯੋਗ ਨਾਲ ਲਗਾਈ ਗਈ ਸੀ। ਲਲਿਤ ਕਲਾ ਅਕਾਡਮੀ ਦੇ ਤੱਤਕਾਲੀ ਚੇਅਰਮੈਨ ਅਤੇ ਕੇਂਦਰੀ ਮੰਤਰੀ ਸ੍ਰੀ ਰਾਮ ਨਿਵਾਸ ਮਿਰਧਾ, ਵੀ ਚਿੱਤਰਕਾਰ ਦੇ ਬੜੇ ਪ੍ਰਸੰਸਕ ਸਨ ਅਤੇ ਅੰਦਰੇਟਾ ਵਿਖੇ ਉਨ੍ਹਾਂ ਦੀ ਆਰਟ ਗੈਲਰੀ ਦੇਖ ਚੁਕੇ ਸਨ । ਇਕ ਅਤਿ ਨੇੜਲੀ ਰਿਸ਼ਤੇਦਾਰੀ ਕਾਰਨ ਇਹ ਲੇਖਕ ਵੀ ਚਿੱਤਰਕਾਰ ਦੇ ਨਾਲ ਦਿੱਲੀ ਗਿਆ ਸੀ। ਇਸ ਪ੍ਰਦਰਸ਼ਨੀ ਦੇਖਣ ਲਈ ਪ੍ਰਦਰਸ਼ਤ ਚਿਤਰਾਂ ਦੀ ਸੂਚੀ ਅਤੇ ਚਿੱਤਰਕਾਰ ਦੇ ਜੀਵਨ ਤੇ ਕਲਾ ਬਾਰੇ ਇਕ ਕਿਤਾਬਚੇ ਤੇ ਇਕ ਕਾਰਡ ਸਮੇਤ ਮੈਂ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਦੇ ਸਕਤ੍ਰੇਤ ਵਿਖੇ ਦੇ ਕੇ ਆਇਆ ਸੀ।ਉਨ੍ਹਾ ਦਿਨਾਂ ਵਿਚ ਸਾਰੇ ਦੇਸ਼ ਵਿਚ ਐਮਰਜੈਂਸੀ ਲਗੀ ਹੋਈ ਸੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਮੈਂ ਖੁਦ ਰਾਸ਼ਟਰਪਤੀ ਭਵਨ ਦੇ ਅੰਦਰ ਜਾ ਕੇ ” ਸਵਾਗਤੀ ਦਫਤਰ” ਇਹ ਕਾਰਡ ਦੇ ਕੇ ਆਇਆ, ਪਰ ਪ੍ਰਧਾਨ ਮੰਤਰੀ ਦੇ ਦਫਤਰ ਜਾਣ ਸਮੇਂ ਮੁਖ ਗੇਟ ‘ਤੇ ਹੀ ਸਕਿਉਰਿਟੀ ਅਧਿਕਾਰੀਆਂ ਨੇ ਲੈ ਲਏ ਸਨ।
ਉਨ੍ਹਾਂ ਦਿਨਾਂ ਵਿਚ ਤੱਤਕਾਲੀ ਰਾਸ਼ਟਰਪਤੀ ਸ੍ਰੀ ਫਖ਼ਰ-ਉ-ਦੀਨ ਅਹਿਮਦ ਦਿੱਲੀ ਤੋਂ ਬਾਹਰ ਸਨ। ਇਸ ਪ੍ਰਦਰਸਨੀ ਦੇ ਆਖਰੀ ਦਿਨ 29 ਨਵੰਬਰ, ਚਿੱਤਰਕਾਰ ਦੇ 75ਵੇਂ ਜਨਮ ਦਿਵਸ ਵਾਲੇ ਦਿਨ ਸ਼ਾਮ ਨੂੰ ਬਿਨਾਂ ਕਿਸੇ ਅਗਾਊਂ ਸੂਚਨਾ, ਅਚਾਨਕ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਆਪਣੇ ਛੋਟੇ ਪੁੱਤਰ ਸੰਜੇ ਗਾਂਧੀ ਨਾਲ ਪ੍ਰਦਰਸ਼ਨੀ ਦੇਖਣ ਪਹੁੰਚੇ।ਉਸ ਸਮੇਂ ਉਨਾ ਦੇ ਨਾਲ ਇਕ ਵੀ ਵਰਦੀਧਾਰੀ ਪੁਲਿਸ ਜਾਂ ਸੁਰੱਖਆ ਫੋਰਸਾਂ ਦਾ ਇਕ ਮੁਲਾਜ਼ਮ ਨਹੀਂ ਸੀ, ਹਾਂ ਸਾਦਾ ਕੱਪੜਿਆਂ ਵਿਚ ਕਈ ਸਕਿਉਰਿਟੀ ਵਾਲੇ ਥੋੜੀ ਦੇਰ ਪਹਿਲਾਂ ਪਹੁੰਚ ਗਏ ਸਨ। ਜਿਸ ਸਮੇਂ ਸ੍ਰੀਮਤੀ ਗਾਂਧੀ ਇਸ ਆਰਟ ਗੈਲਰੀ ਪਹੁੰਚੇ ਤਾਂ ਸ੍ਰੀ ਦਰਬਾਰਾ ਸਿੰਘ, ਜੋ ਉਸ ਸਮੇਂ ਪੰਜਾਬ ਤੋਂ ਲੋਕ ਸਭਾ ਦੇ ਮੈਂਬਰ ਸਨ, ਇਹ ਪ੍ਰਦਰਸ਼ਨੀ ਦੇਖ ਰਹੇ ਸਨ, ਉਹ ਚੁਪ ਚਪੀਤੇ ਇਕ ਦੰਮ ਬਾਹਰ ਚਲੇ ਗਏ। ਭਾਵੇਂ ਚਿੱਤਰਕਰ ਸੋਭਾ ਸਿੰਘ ਉਸ ਸਮੇਂ ਉਥੇ ਮੌਜੂਦ ਸਨ, ਉਨ੍ਹਾਂ ਮੈਨੂੰ ਕਿਹਾ ਕਿ ਮੈਂ ਸ੍ਰੀਮਤੀ ਗਾਂਧੀ ਨੂੰ ਹਰ ਚਿੱਤਰ ਬਾਰ ਵਿਸਥਾਰਪੂਰਬਕ ਜਾਣਕਾਰੀ ਦੇ ਕੇ ਪ੍ਰਦਰਨੀ ਦਿਖਾਵਾਂ। ਇਕ ਗਾਈਡ ਵਾਂਗ ਮੈਂ ਸ੍ਰੀਮਤੀ ਗਾਂਧੀ ਨੂੰ ਇਹ ਪ੍ਰਦਰਸ਼ਨੀ ਦਿਖਾਉਣ ਲਗਾ। ਉਹ ਬੜੀ ਹੀ ਦਿਲਚਸਪੀ ਨਾਲ ਰੁਕ ਰੁਕ ਕੇ ਹਰ ਚਿੱਤਰ ਨੂੰ ਬੜੇ ਹੀ ਗੌਹ ਨਾਲ ਦੇਖਣ ਲਗੇ।ਜਦੋ ਉਨ੍ਹਾ ਦਾ ਆਪਣਾ ਪੋਟਰੇਟ ਸਾਹਮਣੇ ਆਇਆ ਤਾਂ ਉਹ ਇਕ ਦਮ ਅਗੇ ਤੁਰ ਗਏ ਤੇ ਅਗਲੇ ਚਿੱਤਰ ਨੂੰ ਵੇਖਣ ਲਗੇ।
ਉਨ੍ਹਾ ਦਿਨਾਂ ਵਿਚ ਅਖ਼ਬਾਰਾਂ ਵਿਚ ਦੁਨੀਆ ਦੇ ਸਭ ਤੋਂ ਕੀਮਤੀ ਹੀਰੇ “ਕੋਹੇਨੂਰ” ਬਾਰੇ ਵਾਦ ਵਿਵਾਦ ਚਲ ਰਿਹਾ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਜੱਥੇਦਾਰ ਗੁਰਚਰਨ ਸੰਘ ਟੌਹੜਾ ਤੇ ਦੇਸ਼ ਵਿਦੇਸ਼ ਦੀਆਂ ਕਈ ਸਿੱਖ ਸੰਸਥਾਵਾਂ ਵਲੋਂ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਇਸ ਹੀਰੇ ਉਤੇ ਖਾਲਸਾ-ਪੰਥ ਦਾ ਹੱਕ ਹੈ ਕਿਉਂਕਿ ਇਹ ਮਹਾਰਾਜਾ ਰਣਜੀਤ ਸਿੰਘ ਦੇ “ਤੋਸ਼ਾਖਾਨਾ” ਵਿਚ ਸੀ, ਇਸ ਲਈ ਭਾਰਤ ਸਰਕਾਰ ਇੰਗਲੈਂਡ ਤੋਂ ਇਹ ਹੀਰਾ ਮੰਗਵਾ ਕੇ ਸ਼੍ਰੋਮਣੀ ਕਮੇਟੀ ਨੂੰ ਦੇਵੇ ਤਾਂ ਜੋ ਇਸ ਨੂੰ ਸਚਖੰਡ ਸ੍ਰੀ ਹਰਿੰਮਦਰ ਸਾਹਿਬ ਵਿਖੇ ਕੇਂਦਰੀ ਸਿੱਖ ਅਜਾਇਬ ਘਰ ਜਾਂ ਤੋਸ਼ਾਖਾਨਾ ਵਿਚ ਰਖਿਆ ਜਾਏ, ਜਦੋਂ ਕਿ ਦੂਜੇ ਪਾਸੇ ਪਾਕਿਸਤਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਸ੍ਰੀ ਜ਼ੈਡ. ਏ. ਭੁੱਟੋ ਵੀ ਜਵਾਬੀ ਦਾਅਵਾ ਕਰ ਰਹੇ ਸਨ ਕਿ ਮਹਾਰਾਜਾ ਰਣਜੀਤ ਸਿੰਘ ਦੀ ਸਲਤਨਤ ਦਾ ਬਹੁਤ ਵਡਾ ਖੇਤਰ ਅਤੇ ਰਾਜਧਾਨੀ ਲਾਹੋਰ ਪਾਕਿਸਤਨ ਵਿਚ ਹੈ ਅਤੇ ਮਹਾਰਾਜਾ ਦਾ ਜਨਮ ਵੀ ਗੁਜਰਾਂਵਾਲਾ ਵਿਖੇ ਹੋਇਆ ਸੀ।ਪਰਦਰਸ਼ਨੀ ਵਿਚ ਮਹਾਰਾਜਾ ਦਲੀਪ ਸਿਘ ਦਾ ਇਕ ਆਦਮ-ਕੱਦ ਚਿੱਤਰ ਵੀ ਸ਼ਾਮਿਲ ਸੀ, ਜਦੋਂ ਇਸ ਤਸਵੀਰ ਲਾਗੇ ਆਏ, ਤਾਂ ਮੈਂ ਸ੍ਰੀਮਤੀ ਗਾਂਧੀ ਨੂੰ ਦਸਿਆ ਕਿ ਇਹ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਰਾਜਕੁਮਾਰ ਅਤੇ ਪੰਜਾਬ ਦੇ ਆਖਰੀ ਮਹਾਰਾਜਾ ਸਨ, ਅਤੇ ਅੰਗਰੇਜ਼ਾਂ ਨੇ ਇਨ੍ਹਾਂ ਤੋਂ ਜੋ ਕੋਹੇਨੂਰ ਹੀਰਾ ਮਲਕਾ ਵਿਕਟੋਰੀਆਂ ਨੂੰ ਭੇਂਟ ਕਰਵਾਇਆ ਸੀ, ਤਾਂ ਸ੍ਰੀਮਤੀ ਗਾਂਧੀ ਕਹਿਣ ਲਗੇ,” ਭੁਟੋ ਸਾਹਿਬ ਹੀਰਾ ਮਾਂਗ ਰਹੇ ਹੈਂ, ਯਹ ਹੀਰਾ ਤੋ ਭਾਰਤ ਕਾ ਹੈ’।”
ਲਗਭਗ 40-45 ਮਿੰਟ ਲਗਾ ਕੇ ਸਾਰੀਆਂ ਤਸਵੀਰਾਂ ਦੇਖ ਕੇ ‘ ਦਰਸ਼ਕ ਕਿਤਾਬ (ਵਿਜ਼ਿਟਰ ਬੁੱਕ) ਵਿਚ ਬਿਨਾ ਕੁਝ ਲਿਖੇ ਸ੍ਰੀਮਤੀ ਗਾਂਧੀ ਨੇ ਚਿੱਤਰਕਾਰ ਸੋਭਾ ਸਿੰਘ ਨੂੰ ਸਾਰੇ ਚਿੱਤਰਾ ਦੀ ਸ਼ਲਾਘਾ ਕਰਦਿਆਂ ਮੁਸਕਰਾ ਕੇ ਕਿਹਾ, ” ਸਭੀ ਪੇਂਟਿੰਗਜ਼ ਬਹੁਤ ਹੀ ਖੂਬਸੂਰਤ ਹੈਂ” ਅਤੇ ਦੋਨੋ ਹੱਥ ਜੋੜ ਕੇ “ਨਮਸਕਾਰ” ਕਹਿੰਦੇ ਹੋਏ ਇਕ ਦਮ ਵਾਪਸ ਚਲੇ ਗਏ। ਉਹ ਹਨੇਰੀ ਵਾਂਗ ਅਚਾਨਕ ਆਏ ਅਤੇ ਅਚਾਨਕ ਚਲੇ ਗੇ। ਇਹ ਉਨ੍ਹਾਂ ਦੀ ਕਾਰਜਸ਼ੈਲੀ ਦਾ ਸਟਾਈਲ ਸੀ।
ਫੋਟੋ: ਸ੍ਰੀਮਤੀ ਗਾਂਧੀ ਆਪਣੇ ਪੁੱਤਰ ਸੰਜੇ ਗਾਂਧੀ ਸਮੇਤ ਚਿੱਤਰ ਪਰਦਰਸ਼ਨੀ ਦੇਖਦੇ ਹੋਏ, ਚਿੱਤਰਕਾਰ ਸੋਭਾ ਸਿੰਘ ਤੇ ਲਖਕ ਵੀ ਨਜ਼ਰ ਆ ਰਹੇ ਹਨ। (ਫੋਟੋ: ਬਾਜਵਾ ਫੋਟੋਜ਼ ਬਟਾਲਾ)
_