ਸੰਜੀਵ ਸ਼ਰਮਾ,
ਸਵੇਰ ਹੋਣ ਵਾਲੀ ਸੀ, ਅੱਖ ਲੱਗਣ ਦਾ ਨਾਂ ਨਹੀਂ ਲੈ ਰਹੀ ਸੀ। ਮੇਰੀ ਪਤਨੀ ਦੇ ਬੋਲ – “ਤੁਸੀਂ ਕੀ ਸਮਝੋ ਭੈਣ ਭਰਾ ਕੀ ਹੁੰਦੇ ਹਨ? ਜੇਕਰ ਤੁਹਾਡਾ ਕੋਈ ਭੈਣ ਜਾਂ ਭਰਾ ਹੁੰਦਾ ਤਾਂ ਪਤਾ ਨਹੀਂ ਤੁਸੀਂ ਤਾਂ ਉਹਨਾਂ ਦੀ ਕੀ ਗੱਤ ਬਣਾਨੀ ਕਰਨੀ ਸੀ? ਚੰਗਾ ਹੈ ਤੁਹਾਨੂੰ ਰੱਬ ਨੇ ਕੋਈ ਦਿੱਤਾ ਨਹੀਂ, ਬੱਚ ਗਏ ਨੇ ਵਿਚਾਰੇ। ਸਾਰਾ ਦਿਨ ਮੇਰਿਆਂ ਨੂੰ ਵੇਖ ਕੇ ਮੱਚਦੇ ਰਹਿੰਦੇ ਹੋ।” – ਮੇਰੇ ਕੰਨਾਂ ਵਿੱਚ ਅਜੇ ਵੀ ਗੂੰਜ ਰਹੇ ਸਨ।
ਸੋਚ ਰਿਹਾ ਸਾਂ ਕਿ ਸਹੀ ਤਾਂ ਕਹਿ ਰਹੀ ਸੀ ਉਹ ਕਿ- ਬੰਦਰ ਕੀ ਜਾਣੈ ਅਦਰਕ ਦਾ ਸੁਆਦ। ਤਿੰਨ ਦਿਨ ਪਹਿਲਾਂ ਹੀਂ ਤਾਂ ਮੈਂ ਆਪਣੇ ਜਿੰਦਗੀ ਦੇ ਸੈਂਤੀ ਸਾਲ ਪੂਰੇ ਕੀਤੇ ਸਨ। ਅੱਜ ਤੀਕ ਮੈਂ ਇਹਨਾਂ ਰਿਸ਼ਤਿਆਂ ਦੀ ਨਿੱਘ ਨੂੰ ਲੋਚਦਾ ਹਾਂ, ਸ਼੍ਰੀਮਤੀ ਜੀ ਦੇ ਸ਼ਬਦਾਂ ਨੇ ਬਹੁਤ ਡੂੰਘੀ ਚੋਟ ਦਿੱਤੀ ਸੀ।
ਜੇਕਰ ਮੇਰਾ ਕੋਈ ਭੈਣ-ਭਰਾ ਨਹੀਂ ਸੀ ਤਾਂ ਇਸ ਵਿੱਚ ਮੇਰਾ ਕੀ ਦੋਸ਼? ਮੈਂ ਤਾਂ ਕਿਤੇ ਨਹੀਂ ਸੀ ਕਿਹਾ ਕਿ ਮੇਰਾ ਕੋਈ ਨ ਹੋਵੇ। ਮੈਂਨੂੰ ਤਾਂ ਇੱਕਲਾਪਣ ਹਮੇਸ਼ਾ ਖੱਲਦਾ ਹੈ। ਆਪਣਿਆਂ ਦੀ ਲੋੜ ਸਦਾ ਮਹਿਸੂਸ ਹੁੰਦੀ ਹੈ।
ਆਪਣੀ ਕਿਸਮਤ ਤੇ ਬਹੁਤ ਅਫਸੋਸ ਹੋ ਰਿਹਾ ਹੈ, ਕੀ ਵਿਗੜਦਾ ਰੱਬ ਦਾ, ਜੇ ਉਹ ਮੈਨੂੰ ਵੀ ਭੈਣ-ਭਰਾ ਦੇ ਦਿੰਦਾ? ਕੀ-ਕੀ ਸੁਨਣ ਨੂੰ ਨਹੀਂ ਮਿੱਲਦਾ ਸੀ? ਜਿਸਨੂੰ ਕੋਈ ਗੱਲ ਕਰਨ ਨਹੀਂ ਲੱਭਦੀ ਸੀ ਉਹ ਮੈਨੂੰ ਏਹੀ ਟਕੋਰ ਕਰ ਜਾਂਦਾ ਸੀ।
ਮੈਂ ਤਾਂ ਹਰ ਕਿਸੇ ਨੂੰ ਆਪਣਾ ਬਨਾਉਣ ਦੀ ਕੋਸ਼ਿਸ਼ ਕੀਤੀ ਸੀ, ਹਰ ਤਰ੍ਹਾਂ ਨਾਲ ਸਭ ਨੂੰ ਖੁਸ਼ ਰੱਖਣ ਦਾ ਉਪਰਾਲਾ ਮੈਂ ਹਮੇਸ਼ਾ ਕਰਦਾ ਰਹਿੰਦਾ ਸਾਂ। ਕਿਤੇ ਪੈਸਿਆਂ ਨੂੰ ਮੈਂ ਮਹੱਤਾ ਨਹੀਂ ਸੀ ਦਿੱਤੀ। ਕਿਤੇ ਕਿਤੇ ਤਾਂ ਮੈਂਨੂੰ ਇੰਞ ਜਾਪਦਾ ਹੈ ਜਿਵੇਂ ਮੈਂ ਕਿਸੇ ਰਾਹ ਵਿੱਚ ਲੱਗਿਆ ਫੱਲਦਾਰ ਬੂਟਾ ਹਾਂ ਜਿਸਤੋਂ ਫੱਲ ਤਾਂ ਸਾਰੇ ਚਾਹੁੰਦੇ ਹਨ ਪਰ ਉਸਨੂੰ ਸਿੰਝਣਾ ਕੋਈ ਨਹੀਂ ਲੋਚਦਾ, ਜਾਂ ਫਿਰ ਸੜਕ ਦੇ ਕਿਨਾਰੇ ਲੱਗਿਆ ਕੋਈ ਬੈਂਚ ਜੋ ਬੈਠਣ ਦੇ ਕੰਮ ਤਾਂ ਆਉਂਦਾ ਹੈ ਪਰ ਉਸ ਦੀ ਸਾਰ ਕੋਈ ਨਹੀਂ ਲੈਣਾ ਚਾਹੁੰਦਾ।
ਜਿਸ ਵੀਰ ਦੇ ਕਾਰਨ ਉਸ ਮੈਨੂੰ ਆਖ ਸੁਣਾਇਆ ਸੀ, ਉਹ ਉਸ ਦਾ ਸਭ ਤੋਂ ਛੋਟਾ ਭਰਾ ਸੀ, ਆਪਣੀ ਗੋਦੀ ਵਿੱਚ ਉਸਨੂੰ ਖਿਡਾਇਆ ਸੀ ਸ਼੍ਰੀਮਤੀ ਜੀ ਨੇ, ਬਹੁਤ ਲਾਡਲਾ ਸੀ, ਉਹ ਉਸਦੀ ਹਰ ਮੰਗ ਪੂਰੀ ਕਰਦੀ ਸੀ। ਕਿਤੇ ਵੀ ਕਿਸੇ ਚੀਜ ਦੀ ਲੋੜ ਹੁੰਦੀ ਹੁਣ ਤਾਂ ਉਹ ਪੁੱਛੇ ਬਿਨਾ ਹੀ ਲੈ ਜਾਂਦਾ। ਜੇਕਰ ਉਸ ਨੂੰ ਕੋਈ ਸਵਾਲ ਕਰ ਲੈਂਦਾ ਤਾਂ ਉਹ ਜਵਾਬ ਦੇਣਾ ਤਾਂ ਦੂਰ ਇਸ ਨੂੰ ਆਪਣੀ ਹੱਤਕ ਮੰਨਦਾ ਸੀ। ਕੋਈ ਗੱਲ ਨਹੀਂ ਸਹਾਰਦਾ ਸੀ।
ਪਤਾ ਨਹੀਂ ਕਿਉਂ ਉਹ ਮੇਰੇ ਤੋਂ ਥੌੜਾ ਕੱਟਿਆ-ਕੱਟਿਆ ਰਹਿੰਦਾ ਸੀ। ਮੈਂ ਇਸ ਨੂੰ ੳਮਰ ਦਾ ਫਾਸਲਾ ਮੰਨਦਾ ਸੀ। ਉਸ ਤੋਂ ਇਲਾਵਾ ਮੇਰੀ ਅੱਖ ਵਿੱਚ ਅੱਖ ਪਾ ਕੇ ਗੱਲ ਕਰਨ ਦੀ ਹਿੰਮਤ ਕਿਸੇ ਵਿੱਚ ਨਹੀਂ ਸੀ।
ਕੱਲ ਜੱਦ ਉਹ ਆਇਆ ਤਾਂ ਉਸ ਨੇ ਮੈਨੂੰ ਸਤ ਸ਼੍ਰੀ ਅਕਾਲ ਬੁਲਾਣੀ ਵੀ ਜਰੂਰੀ ਨਹੀਂ ਸਮਝੀ ਸੀ, ਮੈਂ ਬੱਸ ਸ਼੍ਰੀਮਤੀ ਜੀ ਨੂੰ ਏਹੀ ਕਿਹਾ ਸੀ ਕਿ ਉਹ ਮੇਰੇ ਤੇ ਏਦਾਂ ਵਰ੍ਹ ਗਈ ਜਿਵੇਂ ਪਤਾ ਨਹੀਂ ਮੈਥੋਂ ਕੋਈ ਬਹੁਤ ਵੱਡਾ ਗੁਨਾਹ ਹੋ ਗਿਆ ਸੀ।
ਅੱਜ ਮੈਨੂੰ ਇਹ ਬੋਧ ਹੋ ਰਿਹਾ ਸੀ ਕਿ ਅਜੇ ਤੀਕ ਮੈਂ ਸਮਝ ਤੋਂ ਵਾਂਝਾ ਹੀ ਹਾਂ। ਸ਼੍ਰੀਮਤੀ ਜੀ ਨੂੰ ਕੌਣ ਸਮਝਾਵੇ ਕਿ ਭੈੱਣ-ਭਰਾ ਦੇ ਪਿਆਰ ਦਾ ਮਤਲਬ ਛੋਟੇ ਨੂੰ ਛੋਟਾ ਆਖ ਕੇ ਸਿਰੇ ਚੜਾਉਣਾ ਨਹੀਂ ਹੈ, ਉਹ ਰਿਸ਼ਤਾ ਬੇਮਾਨੀ ਹੋ ਜਾਂਦਾ ਹੈ ਜਿਸ ਵਿੱਚ ਛੋਟੇ ਤੁਹਾਡੇ ਨਾਲ ਹਰ ਤਰ੍ਹਾਂ ਵਧੀਕੀ ਕੀਤੀ ਜਾਣ ਤੇ ਤੁਸੀਂ ਮੂਕ ਰਹਿ ਕੇ ਉਹਨੂੰ ਪਿਆਰ-ਪਿਆਰ ਕਹਿ ਕੇ ਉਸ ਤੇ ਪੜਦਾ ਪਾ ਦਿਓ, ਉਹ ਪਿਆਰ ਹੀ ਕੀ ਜੋ ਕਦਰ ਹੀ ਭੁੱਲ ਜਾਵੇ।
ਸ਼ਾਇਦ ਮੇਰਾ ਤਜੁਰਬਾ ਅਤੇ ਸਭ ਨੂੰ ਮਤ ਦੇਣ ਦੀ ਮੇਰੀ ਆਦਤ ਹੀ ਸਾਰਿਆਂ ਨੂੰ ਮੇਰੇ ਤੋਂ ਦੂਰ ਲੈ ਜਾਂਦੀ ਹੈ। ਕੋਈ ਵੀ ਆਪਣੇ ਝੂਠੇ ਸੁਫਨਿਆਂ ‘ਚੋਂ ਬਾਹਰ ਆ ਹਕੀਕਤ ਦਾ ਸਾਹਮਣਾ ਨਹੀਂ ਕਰਨਾ ਚਾਹੁੰਦਾ। ਰਿਸ਼ਤੇ ਇੱਕੋ ਮਾਂ ਦੀ ਕੁੱਖੋਂ ਜੰਮਣ ਤੋਂ ਨਹੀਂ ਬੰਨਦੇ। ਰਿਸ਼ਤੇ ਦਿਲੋਂ ਮੰਨਣ ਅਤੇ ਸਮਝਣ ਦਾ ਨਾਂ ਹੈ।
ਪੈਸੇ ਦੀ ਦੌੜ ਨੇ ਆਪਣੇ-ਪਰਾਏ ਵਿੱਚ ਫਰਕ ਨੂੰ ਖਤਮ ਕਰ ਦਿੱਤਾ ਹੈ, ਜਰੂਰਤਾਂ ਏਨੀਆਂ ਕੁ ਵੱਧ ਗਈਆਂ ਹਨ ਕਿ ਹਰ ਕੋਈ ਇੱਕ ਦੂਜੇ ਦਾ ਗਲਾ ਵੱਡਣ ਦਾ ਮੌਕਾ ਲੱਭ ਰਿਹਾ ਹੈ, ਜਿਸ ਅੱਗੇ ਰਿਸ਼ਤੇ ਦੀ ਹੋਂਦ ਫਿੱਕੀ ਹੋ ਗਈ ਜਾਪਦੀ ਹੈ।
ਫਿਰ ਅਸੀਂ ਕਿਸ ਰਿਸ਼ਤੇ ਦੀ ਦੁਹਾਈ ਦਿੰਦੇ ਹਾਂ। ਹਸਪਤਾਲ ਆਪਣੇ ਸਕੇ ਨੂੰ ਖੁੂਨ ਦੇਣਾ ਹੋਵੇ ਤਾਂ ਅਸੀਂ ਲੋਕਾਂ ਨੂੰ ਵੰਗਾਰਦੇ ਫਿਰਦੇ ਹਾਂ। ਜੇਕਰ ਮੰਦੀ ‘ਚੋਂ ਗੁਜਰ ਰਿਹਾ ਕੋਈ ਭੈਣ ਜਾਂ ਭਰਾ ਸਾਡੇ ਘਰ ਭੁੱਲੇ ਭਟਕੇ ਆ ਜਾਵੇ ਤਾਂ ਅਸੀਂ ਤਾਲੇ ਮਾਰ ਕੇ ਬਾਹਰ ਜਾਣ ਦਾ ਡਰਾਮਾ ਚਾਲੂ ਕਰ ਦਿੰਦੇ ਹਾਂ। ਅਸਲੀ ਨਾਟਕ ਤਾਂ ਉਸ ਵੇਲੇ ਸ਼ੁਰੂ ਹੁੰਦਾ ਹੈ ਜਦੋਂ ਸਾਡੇ ਸਗੇ ਪੈਸਿਆਂ ਦੀ ਲੋੜ ਮੂਹਰੇ ਰੱਖ ਦੇਵੇ।
ਕਿੱਥੇ ਰਹਿ ਗਏ ਨੇ ਸਾਂਝੇ ਘਰ? ਜਿਨੇ ਜੀਅ ਉਹਨਿਆਂ ਕੰਧਾਂ।
ਐਂਬੁਲੈਂਸ ਦੀ ਉਡੀਕ ਵਿੱਚ ਮਰੀਜ ਟੱਪ ਜਾਂਦਾ ਹੈ। ਫਾਇਰ ਬ੍ਰਿਗੇਡ ਨੂੰ ਕੋਈ ਰਾਹ ਨਹੀਂ ਦਿੰਦਾ। ਹਸਪਤਾਲ ਵਿੱਚ ਵੀ ਹੁਣ ਪੈਕੇਜ ਮਿੱਲਦੇ ਹਨ। ਕਿੱਥੇ ਹੈ ਪਿਆਰ ਅਤੇ ਰਿਸ਼ਤੇ।
ਰਿਸ਼ਤੇ ਦੀ ਕਦਰ ਉਹੀ ਇਨਸਾਨ ਹੀ ਕਰ ਸਕਦਾ ਹੈ ਜੋਂ ਇਹਨਾਂ ਨੂੰ ਮਾਨ ਨਹੀਂ ਸੱਕਿਆ। ਪਰ ਮੈਂ ਕਿਵੇਂ ਦੱਸ ਸਕਦਾ ਹਾਂ ਕਿ ਕੀ ਹੁੰਦੇ ਹਨ ਰਿਸ਼ਤੇ ਜਿਸ ਆਪਣੇ ਸੈਂਤੀ ਵਰ੍ਹੇ ਬਿਨਾ ਇਹਨਾਂ ਤੋਂ ਹੀ ਗੁਜਾਰ ਦਿੱਤੇ- ਵਿਅਰਥ…..। ਮੈਂ ਆਪਣੇ ਆਤਮ-ਬੋਧ ਥੱਲੇ ਹੀ ਦੱਬਿਆ ਜਾ ਰਿਹਾ ਹਾਂ।