ਲੁਧਿਆਣਾ:- ਵਾਰਿਸ ਸ਼ਾਹ ਦੇ ਦਰਬਾਰ ਜੰਡਿਆਲਾ ਸ਼ੇਰ ਖਾਨ (ਪਾਕਿਤਸਾਨ) ਮੁੱਖ ਸੇਵਾਦਾਰ ਉਸਤਾਦ ਖਾਦਮ ਹੁਸੈਨ ਵਾਰਸੀ ਅਤੇ ਜਨਾਬ ਹੁਸਨੈਨ ਅਕਬਰ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਹੜੇ ਵਿੱਚ ‘ਹੀਰ ਵਾਰਿਸ ਸ਼ਾਹ’ ਦੇ ਮੁਹੱਬਤੀ ਨੂਰ ਦਾ ਚਾਨਣ ਵੰਡਦਿਆਂ ਸਰੋਤਿਆਂ ਨੂੰ ਦੋ ਘੰਟੇ ਕੀਲ ਕੇ ਰੱਖਿਆ। ਯੂਨੀਵਰਸਿਟੀ ਦੇ ਖਚਾਖਚ ਭਰੇ ਪਾਲ ਆਡੀਟੋਰੀਅਮ ਵਿੱਚ ਇਸ ਸੰਜੀਦਾ ਬੈਠਕ ਦੀ ਪ੍ਰਧਾਨਗੀ ਕਰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਕਿਹਾ ਕਿ ਮੋਹ ਮੁਹੱਬਤ ਦੀਆਂ ਹਵਾਵਾਂ ਇੱਕ ਦੂਸਰੇ ਦੇਸ਼ ਜਾਣ ਲਈ ਕਿਸੇ ਤੋਂ ਇਜਾਜ਼ਤ ਨਹੀਂ ਮੰਗਦੀਆਂ। ਡਾ:ਕ ੰਗ ਨੇ ਕਿਹਾ ਕਿ ਦੇਸ਼ ਦੀ ਵੰਡ ਨੇ ਪੰਜਾਬ ਦੇ ਦੋ ਟੁਕੜੇ ਕੀਤੇ ਹਨ ਪਰੰਤੂ ਹੀਰ ਰਾਂਝਾ, ਮਿਰਜਾ ਸਾਹਿਬਾ, ਸੱਸੀ ਪੁਨੂੰ ਵਰਗੀਆਂ ਲੋਕ ਗਥਾਵਾਂ ਵਿਚਲਾ ਮੁਹੱਬਤੀ ਰਿਸ਼ਤਾ ਸਾਨੂੰ ਹਮੇਸ਼ਾਂ ਜੋੜ ਕੇ ਰੱਖੇਗਾ। ਖਾਦਮ ਹੁਸੈਨ ਵਾਰਸੀ ਅਤੇ ਹੁਸਨੈਨ ਅਕਬਰ ਨੇ ਹੀਰ ਵਾਰਿਸ ਸ਼ਾਹ ਦੀ ਹੀਰ ਵਿਚੋਂ ਮਕਬੂਲ ਬੰਦ ਪੇਸ਼ ਕੀਤੇ। ਉਨ੍ਹਾਂ ਆਖਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪੇਕੇ ਅਜੇ ਵੀ ਲਾਇਲਪੁਰ ਵਿਖੇ ਹਨ ਅਤੇ 100 ਸਾਲ ਪਹਿਲਾਂ ਗਿਆਨ ਵਿਗਿਆਨ ਦੇ ਇਸ ਮਹਾਨ ਕੇਂਦਰ ਨੇ ਵਿਸ਼ਵ ਦੀ ਭੁੱਖਮਰੀ ਦੂਰ ਕਰਨ ਲਈ ਇੱਕ ਸਦੀ ਲਗਾਤਾਰ ਮਹਾਨ ਯੋਗਦਾਨ ਪਾਇਆ। ਉਨ੍ਹਾਂ ਪੰਜਾਬ ਸਾਹਿਤ ਅਕੈਡਮੀ ਚੰਡੀਗੜ੍ਹ ਅਤੇ ਪੰਜਾਬੀ ਸਾਹਿਤ ਅਕੈਡਮੀ ਦਾ ਧੰਨਵਾਦ ਕੀਤਾ ਜਿਨ੍ਹਾ ਨੇ ਇੰਨੇ ਮਹਾਨ ਕਲਾਕਾਰਾਂ ਨੂੰ ਯੂਨੀਵਰਸਿਟੀ ਦੇ ਅਧਿਆਪਕਾਂ, ਵਿਦਿਆਰਥੀਆਂ ਅਤੇ ਕਰਮਚਾਰੀਆਂ ਲਈ ਇਥੇ ਬੁਲਾਇਆ ਹੈ। ਡਾ: ਕੰਗ ਨੇ ਪਾਕਿਸਤਾਨ ਤੋਂ ਆਏ ਇਨ੍ਹਾਂ ਤਿੰਨਾਂ ਕਲਾਕਾਰਾਂ ਨੂੰ ਫੁੱਲਾਂ ਦੇ ਗੁਲਦਸਤੇ ਅਤੇ ਦੁਸ਼ਾਲੇ ਪਹਿਨਾਅ ਕੇ ਸਨਮ੍ਯਾਿਨਤ ਕੀਤਾ।
ਨਿਰਦੇਸ਼ਕ ਵਿਦਿਆਰਥੀ ਭਲਾਈ ਡਾ: ਪਰਿਤਪਾਲ ਸਿੰਘ ਲੁਬਾਣਾ ਨੇ ਸਵਾਗਤੀ ਸ਼ਬਦਾਂ ਦੌਰਾਨ ਕਿਹਾ ਕਿ ਵਿਗਿਆਨ ਦੀ ਤਰੱਕੀ ਦੇ ਨਾਲ ਨਾਲ ਆਪਣੀ ਵਿਰਾਸਤ ਨੂੰ ਸਾਂਭਣਾ ਅਤੇ ਜੜ੍ਹਾਂ ਨਾਲ ਜੁੜ ਕੇ ਰਹਿਣਾ ਵੀ ਸਮੇਂ ਦੀ ਲੋੜ ਹੈ। ਡਾ: ਲੁਬਾਣਾ ਨੇ ਕਿਹਾ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਅਮੀਰ ਲੋਕ ਗਾਥਾਵਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਸਭਿਆਚਾਰਕ ਗਤੀਵਿਧੀਆਂ ਦੇ ਕੋਆਰਡੀਨੇਟਰ ਡਾ: ਨਿਰਮਲ ਜੌੜਾ ਨੇ ਕਲਾਕਾਰਾਂ ਦੀ ਜਾਣ ਪਹਿਚਾਣ ਕਰਵਾਉਂਦਿਆਂ ਦੱਸਿਆ ਕਿ ਜਨਾਬ ਵਾਰਸੀ ਨੂੰ ਪਾਕਿਸਤਾਨ ਵਿੱਚ ‘ਹੀਰ ਗਾਇਨ’ ਵਿੱਚ ਪਗੜੀ ਮਿਲਣਾ ਗਾਇਕੀ ਦੇ ਖੇਤਰ ਵਿੱਚ ਬਹੁਤ ਸਤਿਕਾਰ ਵਾਲੀ ਗੱਲ ਹੈ।
ਅਪਰ ਨਿਰਦੇਸ਼ਕ ਸੰਚਾਰ ਡਾ: ਜਗਤਾਰ ਸਿੰਘ ਧੀਮਾਨ ਨੇ ਪੰਜਾਬ ਸਾਹਿਤ ਅਕੈਡਮੀ ਚੰਡੀਗੜ ਦੇ ਪ੍ਰਧਾਨ ਪ੍ਰੋ: ਰਾਜਪਾਲ ਸਿੰਘ ਅਤੇ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੂੰ ਪੇਸ਼ਕਸ਼ ਕੀਤੀ ਕਿ ਉਹ ਭਵਿੱਖ ਵਿੱਚ ਵੀ ਅੰਤਰ ਰਾਸ਼ਟਰੀ ਪੱਧਰ ਤੇ ਆਉਣ ਵਾਲੇ ਕਲਾਕਾਰਾਂ ਨੂੰ ਇਸੇ ਤਰ੍ਹਾਂ ਹੀ ਸੁਆਗਤ ਕਰਨਗੇ। ਡਾ: ਧੀਮਾਨ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਹੀਰ ਵਾਰਿਸ ਸ਼ਾਹ ਦਾ ਅੰਗਰੇਜ਼ਸੀ ਅਨੁਵਾਦ ਕਰਨ ਦੀ ਪਹਿਲਕਦਮੀ ਦਾ ਮਾਣ ਹਾਸਿਲ ਹੈ।
ਇਸ ਮੌਕੇ ਯੂਨੀਵਰਸਿਟੀ ਦੇ ਡੀਨਜ਼, ਡਾਇਰੈਕਟਰ, ਅਫਰਸਜ਼, ਅਧਿਆਪਕ, ਕਰਮਚਾਰੀ ਅਤੇ ਵਿਦਿਆਰਥੀਆਂ ਦੇ ਨਾਲ ਨਾਲ ਸਾਬਕਾ ਨਿਰਦੇਸ਼ਕ ਪਸਾਰ ਸਿੱਖਿਆ ਡਾ: ਸੁਰਜੀਤ ਸਿੰਘ ਗਿੱਲ, ਡਾ: ਅਮਰਜੀਤ ਸਿੰਘ ਹੇਅਰ, ਉੱਘੇ ਪੰਜਾਬੀ ਲੇਖਕ ਸ: ਗੁਰਦਿੱਤ ਸਿੰਘ ਕੰਗ, ਤੇਜਪ੍ਰਤਾਪ ਸਿੰਘ ਸੰਧੂ, ਕੰਵਲਜੀਤ ਸ਼ੰਕਰ ਅਤੇ ਪੰਜਾਬ ਵਿੱਚ ਲਾਇਬ੍ਰੇਰੀ ਲਹਿਰ ਸ਼ੁਰੂ ਕਰਨ ਵਾਲੇ ਡਾ: ਜਸਵੰਤ ਸਿੰਘ ਅਮਰੀਕਾ ਵੀ ਹਾਜ਼ਰ ਸਨ।
ਪਾਕਿਸਤਾਨੀ ਲੋਕ ਕਲਾਕਾਰਾਂ ਨੇ‘ਹੀਰ ਵਾਰਿਸ ਸ਼ਾਹ’ ਦੇ ਮੁਹੱਬਤੀ ਨੂਰ ਦਾ ਚਾਨਣ ਵੰਡਿਆ
This entry was posted in ਖੇਤੀਬਾੜੀ, ਮੁਖੱ ਖ਼ਬਰਾਂ.