ਲੁਧਿਆਣਾ:- ਚੀਨ ਦੇ ਮੰਨੀ ਪ੍ਰਮੰਨੀ ਖੋਜ ਸੰਸਥਾ ਹਬਈ ਖੇਤੀਬਾੜੀ ਅਤੇ ਜੰਗਲਾਤ ਵਿਗਿਆਨ ਅਕੈਡਮੀ ਦੇ ਡਾਇਰੈਕਟਰ ਡਾ: ਵਾਂਗ ਹਿਊਜਨ ਦੀ ਅਗਵਾਈ ਵਿੱਚ ਅੱਠ ਵਿਗਿਆਨੀਆਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦੌਰਾ ਕੀਤਾ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨਾਲ ਹੋਈ ਇਕ ਵਿਸ਼ੇਸ਼ ਇਕੱਤਰਤਾ ਦੌਰਾਨ ਚੀਨ ਅਤੇ ਭਾਰਤ ਦੀਆਂ ਖੇਤੀਬਾੜੀ ਦੇ ਖੇਤਰ ਵਿੱਚ ਸਾਂਝਾਂ ਨੂੰ ਮੁੱਖ ਰੱਖਦੇ ਹੋਏ ਭਵਿੱਖ ਦੀਆਂ ਸੰਭਾਵਨਾਵਾਂ ਤੇ ਚਰਚਾ ਕੀਤੀ ਗਈ। ਡਾ: ਕੰਗ ਨੇ ਕਿਹਾ ਕਿ ਖੇਤੀਬਾੜੀ ਵਿੱਚ ਅੰਤਰ ਰਾਸ਼ਟਰੀ ਆਦਾਨ ਪ੍ਰਦਾਨ ਦੇਸ਼ ਦੇ ਕਿਸਾਨਾਂ ਅਤੇ ਮਜ਼ਦੂਰਾਂ ਲਈ ਹੇਮਸ਼ਾਂ ਲਾਹੇਵੰਦ ਰਿਹਾ ਹੈ, ਇਸ ਲਈ ਚੀਨ ਦੀ ਇਸ ਸਿਰਕੱਢ ਸੰਸਥਾ ਨਾਲ ਸਮਝੌਤਾ ਦੋਹਾਂ ਦੇਸ਼ਾਂ ਲੲ ਫਾਇਦੇਮੰਦ ਹੋਵੇਗਾ। ਇਸ ਮੌਕੇ ਡਾ: ਮਨਜੀਤ ਸਿੰਘ ਕੰਗ ਅਤੇ ਡਾ: ਵਾਂਗ ਹਿਊਜਨ ਵੱਲੋਂ ਇਕਰਾਰਨਾਮੇ ਤੇ ਦਸਤਖਤ ਕਰਨ ਉਪਰੰਤ ਐਲਾਨ ਕੀਤਾ ਗਿਆ ਕਿ ਖੇਤੀਬਾੜੀ ਵਿੱਦਿਆ, ਪਸਾਰ ਅਤੇ ਖੋਜ ਕਾਰਜਾਂ ਵਿੱਚ ਇਕ ਦੂਜੇ ਨਾਲ ਅਦਾਨ ਪ੍ਰਦਾਨ ਹੋਵੇਗਾ। ਇਹ ਸਮਝੌਤਾ ਆਉਣ ਵਾਲੇ ਪੰਜ ਸਾਲਾ ਲਈ ਲਾਗੂ ਹੋਵੇਗਾ। ਡਾ: ਹਿਊਜਨ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਸ਼ਵ ਦੀ ਸਿਰਕੱਢ ਯੂਨੀਵਰਸਿਟੀ ਹੈ ਜਿਸ ਵਿੱਚ ਆਉਣ ਅਤੇ ਕੰਮ ਕਰਨ ਦੀ ਸ਼ੁਰੂ ਤੋਂ ਮੇਰੇ ਮਨ ਵਿੱਚ ਤਮੰਨਾ ਰਹੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਮੈਂ ਇਸ ਯੂਨੀਵਰਸਿਟੀ ਪੜ੍ਹ ਨਹੀਂ ਸਕਿਆ ਪਰ ਮੇਰੀ ਇੱਛਾ ਹੈ ਕਿ ਚੀਨ ਦੇ ਵਿਦਿਆਰਥੀ ਇਸ ਵਿੱਚ ਪੜ੍ਹਾਈ ਕਰਨ ਅਤੇ ਖੋਜ ਦੇ ਨੁਕਤਿਆਂ ਤੇ ਜਾਣਕਾਰੀ ਲੈਣ।
ਯੂਨੀਵਰਸਿਟੀ ਦੇ ਅਪਰ ਨਿਰਦੇਸ਼ਕ ਡਾ: ਜਗਤਾਰ ਸਿੰਘ ਧੀਮਾਨ ਨੇ ਇਸ ਵਫਦ ਨਾਲ ਵਾਰਤਾਲਾਪ ਕਰਦਿਆਂ ਯੂਨੀਵਰਸਿਟੀ ਦੇ ਕਾਰਜਸ਼ੈਲੀ ਦੀ ਜਾਣਕਾਰੀ ਦਿੱਤੀ। ਵਿਗਿਆਨੀਆਂ ਦੇ ਇਸ ਵਫਦ ਨੇ ਪਲਾਂਟ ਬ੍ਰੀਡਿੰਗ ਵਿਭਾਗ, ਖੇਤੀ ਮਸ਼ੀਨਰੀ ਵਿਭਾਗ, ਕੀਟ ਵਿਗਿਆਨ ਵਿਭਾਗ ਅਤੇ ਪੇਂਡੂ ਅਜਾਇਬ ਘਰ ਦਾ ਦੌਰਾ ਵੀ ਕੀਤਾ।
ਚੀਨ ਦੀ ਖੇਤੀਬਾੜੀ ਖੋਜ ਸੰਸਥਾ ਨੇ ਖੇਤੀ ਯੂਨੀਵਰਸਿਟੀ ਨਾਲ ਸਾਂਝ ਪਾਈ
This entry was posted in ਖੇਤੀਬਾੜੀ.