ਅੰਮ੍ਰਿਤਸਰ:- ਭਾਰਤ ਤੋਂ ਇਲਾਵਾ ਹੋਰ ਕਈ ਮੁਲਕਾਂ ’ਚ ਵੱਡੀ ਗਿਣਤੀ ’ਚ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਗੁਰਧਾਮ ਸੁਸ਼ੋਭਿਤ ਹਨ ਜਿਨ੍ਹਾਂ ਦੇ ਦਰਸ਼ਨ ਦੀਦਾਰ ਕਰਨ ਲਈ ਹਰ ਗੁਰਸਿੱਖ ਮਾਈ ਭਾਈ ਦੀ ਤੀਬਰ ਲੋਚਾ ਹੁੰਦੀ ਹੈ ਅਤੇ ਦਰਸ਼ਨ ਦੀਦਾਰ ਕਰਨ ਉਪਰੰਤ ਸੰਗਤਾਂ ਆਪਣੇ ਧੰਨ ਭਾਗ ਸਮਝਦੀਆਂ ਹਨ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੇ ਬੰਗਲਾ ਦੇਸ਼ ’ਚ ਸਥਿਤ ਗੁਰਧਾਮਾਂ ਦਰਸ਼ਨਾਂ ਲਈ ਜਾਣ ਵਾਲੇ ਜਥੇ ਨੂੰ ਸ਼੍ਰੋਮਣੀ ਕਮੇਟੀ ਦੇ ਦਫਤਰ ਤੋਂ ਜੈਕਾਰਿਆਂ ਦੀ ਗੂੰਜ ’ਚ ਰਵਾਨਾ ਕਰਨ ਉਪਰੰਤ ਮੀਡੀਏ (ਇਲੈਕਟ੍ਰੋਨਿਕ) ਨਾਲ ਗਲਬਾਤ ਦੋਰਾਨ ਕੀਤਾ। ਉਨ੍ਹਾਂ ਕਿਹਾ ਕਿ ਬੰਗਲਾ ਦੇਸ਼ ਵਿਚਲੇ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਨੂੰ ਬੰਗਲਾ ਦੇਸ਼ ਦੀ ਸਰਕਾਰ ਨੂੰ ਖੁੱਲ ਦਿਲੀ ਨਾਲ ਵੀਜ਼ੇ ਦੇਣੇ ਚਾਹੀਦੇ ਹਨ।
ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਜਥੇ ਦੀ ਅਗਵਾਈ ਕਰ ਰਹੇ ਸ. ਲਖਵਿੰਦਰ ਸਿੰਘ ਲੱਖੀ ਤੇ ਸ. ਸਤਨਾਮ ਸਿੰਘ ਧਨੋਆ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਇਸ ਯਾਤਰਾ ਦੋਰਾਨ ਉਹ ਬੰਗਲਾ ਦੇਸ਼ ਵਿਚਲੇ ਇਤਿਹਾਸਕ ਗੁਰਧਾਮਾਂ ਦੀ ਸਾਂਭ-ਸੰਭਾਲ ਸਬੰਧੀ ਜਾਇਜਾ ਲੈਣ ਅਤੇ ਵਾਪਸੀ ਉਪਰੰਤ ਸ਼੍ਰੋਮਣੀ ਕਮੇਟੀ ਨੂੰ ਜਾਣਕਾਰੀ ਦੇਣ ਤਾਂ ਜੋ ਜਿਸ ਵੀ ਗੁਰਦੁਆਰਾ ਸਾਹਿਬਾਨ ਦੀ ਸਾਂਭ-ਸੰਭਾਲ ਜਾਂ ਨਵ-ਉਸਾਰੀ ਦੀ ਲੋੜ ਹੋਵੇ, ਉਸ ਸਬੰਧੀ ਵਿਚਾਰ ਕਰਕੇ ਅਗਲਾ ਪ੍ਰੋਗਰਾਮ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬਾਨ ਦੀ ਸਾਂਭ-ਸੰਭਾਲ ਅਤੇ ਇਨ੍ਹਾਂ ਦੇ ਦਰਸ਼ਨਾਂ ਲਈ ਵੱਖ-ਵੱਖ ਗੁਰਪੁਰਬਾਂ ਮੌਕੇ ਜਥੇ ਭੇਜਣ ਸਬੰਧੀ ਦਿੱਲੀ ਸਥਿਤ ਬੰਗਲਾ ਦੇਸ਼ ਦੇ ਕਾਉਂਸਲੇਟ ਜਨਰਲ ਨੂੰ ਪੱਤਰ ਵੀ ਲਿਖਿਆ ਜਾ ਰਿਹਾ ਹੈ ਅਤੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਜਥਿਆ ਦੀ ਰਿਹਾਇਸ਼ ਲਈ ਗੁਰਦੁਆਰਾ ਚਿੱਟਾ ਗੰਗ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 50 ਕਮਰਿਆਂ ਵਾਲੀ ਸ਼ਾਨਦਾਰ ਸਰਾਂ ਤਿਆਰ ਕੀਤੇ ਜਾਣ ਵਿਚਾਰ ਹੈ।
ਉਨ੍ਹਾਂ ਕਿਹਾ ਕਿ 58 ਯਾਤਰੂਆਂ ਦਾ ਇਹ ਜਥਾ ਗੁਰਦੁਆਰਾ ਸਾਹਿਬ ਨਾਨਕਪੁਰੀ ਢਾਕਾ ਵਿਖੇ 3 ਦਸੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਉਪਰੰਤ ਗੁਰਦੁਆਰਾ ਸੰਗਤ ਟੋਲਾ ਢਾਕਾ, ਗੁਰਦੁਆਰਾ ਮੈਮਨ ਸਿੰਘ ਅਤੇ ਗੁਰਦੁਆਰਾ ਸਿੱਖ ਟੈਂਪਲ ਈਸਟੇਟ ਚਿੱਟਾ ਗੰਗ ਤੇ ਗੁਰਦੁਆਰਾ ਪਹਾੜੀ ਤੁਲੀ ਦੇ ਦਰਸ਼ਨਾਂ ਉਪਰੰਤ 9 ਦਸੰਬਰ ਨੂੰ ਭਾਰਤ ਵਾਪਸ ਪਰਤੇਗਾ।
ਜ਼ਿਕਰਯੋਗ ਹੈ ਕਿ ਜਥੇਦਾਰ ਅਵਤਾਰ ਸਿੰਘ ਦੀ ਪ੍ਰੇਰਨਾ ਸਦਕਾ ‘ਮਾਤਾ ਅਮਰ ਕੌਰ ਮੈਮੋਰੀਅਲ ਸੇਵਾ ਸੁਸਾਇਟੀ’ ਧਨੋਆ, ਮੁਕੇਰੀਆਂ ਦੀ ਅਗਵਾਈ ’ਚ ਬੰਗਲਾ ਦੇਸ਼ ’ਚ ਸਥਿਤ ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਲਈ ਸੰਗਤੀ ਰੂਪ ’ਚ ਇਹ ਪਹਿਲਾ ਜਥਾ ਗਿਆ ਹੈ ਅਤੇ ਜਥੇ ਦੇ 58 ਯਾਤਰੂਆਂ ’ਚ 15 ਬੀਬੀਆਂ ਸ਼ਾਮਲ ਹਨ।
ਜਥੇ ਨੂੰ ਰਵਾਨਾ ਕਰਨ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਸਵਿੰਦਰ ਸਿੰਘ ਦੋਬਲੀਆ, ਸ. ਅਮਰਜੀਤ ਸਿੰਘ ਭਲਾਈਪੁਰ, ਸ. ਬਲਜੀਤ ਸਿੰਘ ਜਲਾਲਉਸਮਾ ਤੇ ਸ. ਜਸਵਿੰਦਰ ਸਿੰਘ ਐਡਵੋਕੇਟ, ਸਾਬਕਾ ਮੈਂਬਰ ਸ. ਹਰਬੰਸ ਸਿੰਘ ਮੰਝਪੁਰ, ਸਕੱਤਰ ਸ. ਦਲਮੇਘ ਸਿੰਘ ਖਟੜਾ, ਐਡੀ: ਸਕੱਤਰ ਸ. ਸਤਬੀਰ ਸਿੰਘ, ਸ. ਹਰਭਜਨ ਸਿੰਘ ਮਨਾਵਾ ਤੇ ਸ. ਤਰਲੋਚਨ ਸਿੰਘ, ਮੀਤ ਸਕੱਤਰ ਸ. ਮਨਜੀਤ ਸਿੰਘ, ਸ. ਰਾਮ ਸਿੰਘ, ਸ. ਕੁਲਦੀਪ ਸਿੰਘ, ਸ. ਜਸਪਾਲ ਸਿੰਘ ਤੇ ਸ. ਬਿਜੈ ਸਿੰਘ, ਸੁਪ੍ਰਿੰਟੈਂਡੈਂਟ ਸ. ਹਰਮਿੰਦਰ ਸਿੰਘ ਮੂਧਲ, ਸੈਕਸ਼ਨ 85 ਦੇ ਇੰਚਾਰਜ ਸ. ਸੁਖਦੇਵ ਸਿੰਘ ਭੂਰਾ ਆਦਿ ਮੌਜੂਦ ਸਨ।
ਬੰਗਲਾ ਦੇਸ਼ ਦੇ ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਲਈ 58 ਮੈਂਬਰੀ ਜਥਾ ਰਵਾਨਾ
This entry was posted in ਪੰਜਾਬ, ਮੁਖੱ ਖ਼ਬਰਾਂ.