ਲੁਧਿਆਣਾ: – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸੰਚਾਰ ਅਤੇ ਅੰਤਰ ਰਾਸ਼ਟਰੀ ਸੰਪਰਕ ਕੇਂਦਰ ਵੱਲੋਂ ਯੂਨੀਵਰਸਿਟੀ ਦੀ ਪੁਰਾਣੀ ਵਿਦਿਆਰਥਣ ਅਤੇ ਪ੍ਰਸਿੱਧ ਚਿੱਤਰਕਾਰ ਮੀਰਾ ਆਹੂਜਾ ਦੇ ਕੁਦਰਤ ਨਾਲ ਸਬੰਧਿਤ ਚਿੱਤਰਾਂ ਦੀ ਪ੍ਰਦਰਸ਼ਨੀ ਦਾ ਉਦਘਾਟਨ ਕਰਦਿਆਂ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਖੇਮ ਸਿੰਘ ਗਿੱਲ ਨੇ ਕਿਹਾ ਹੈ ਕਿ ਕੁਦਰਤ ਦੀ ਗੋਦ ਵਿੱਚ ਬੈਠ ਕੇ ਜਿਵੇਂ ਚਿੱਤਰਕਾਰ ਸੋਭਾ ਸਿੰਘ ਨੇ ਕਰਤਾ ਪੁਰਖ ਦਾ ਇਲਾਹੀ ਗੀਤ ਸੁਣਿਆ ਅਤੇ ਰੰਗਾਂ ਦੀ ਜ਼ੁਬਾਨ ਰਾਹੀਂ ਕੈਨਵਸ ਤੇ ਉਤਾਰਿਆ ਉਸ ਤੋਂ ਪ੍ਰੇਰਨਾ ਹਾਸਿਲ ਕਰਕੇ ਕਈ ਪੰਜਾਬੀ ਧੀਆਂ ਪੁੱਤਰਾਂ ਨੇ ਇਸ ਖੇਤਰ ਵਿੱਚ ਕੌਮੀ ਅਤੇ ਕੌਮਾਂਤਰੀ ਪੱਧਰ ਦੀਆਂ ਪ੍ਰਾਪਤੀਆਂ ਕੀਤੀਆਂ ਹਨ। ਉਨ੍ਹਾਂ ਆਖਿਆ ਕਿ ਮੀਰਾ ਆਹੂਜਾ ਦੇ ਚਿੱਤਰ ਕਾਦਰ ਦੀ ਕੁਦਰਤ ਨੂੰ ਰੰਗਾਂ ਦੀ ਭਾਸ਼ਾ ਵਿੱਚ ਬਿਆਨ ਕਰਦੇ ਹਨ। ਇਹ ਅੰਤਰ ਰਾਸ਼ਟਰੀ ਜ਼ੁਬਾਨ ਹੈ ਜਿਸ ਨੂੰ ਕਿਸੇ ਹੱਦ ਸਰਹੱਦ ਦੀ ਮੁਥਾਜੀ ਨਹੀਂ। ਉਨ੍ਹਾਂ ਆਖਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਕਲਾ ਖੇਤਰ ਵਿੱਚ ਡੂੰਘੀਆਂ ਪੈੜਾਂ ਹਨ ਅਤੇ ਇਹ ਪ੍ਰਦਰਸ਼ਨੀ ਵੀ ਇਸੇ ਕੜੀ ਦਾ ਅਗਲਾ ਹਿੱਸਾ ਹਨ।
ਇਸ ਮੌਕੇ ਪ੍ਰਧਾਨਗੀ ਭਾਸ਼ਣ ਦਿੰਦਿਆਂ ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਰਾਜ ਕੁਮਾਰ ਮਹੇ ਨੇ ਆਖਿਆ ਕਿ ਸੰਚਾਰ ਕੇਂਦਰ ਵੱਲੋਂ 20ਵੀਂ ਸਦੀ ਦੇ ਮਹਾਨ ਚਿਤਰਕਾਰ ਸ: ਸੋਭਾ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਹ ਪ੍ਰਦਰਸ਼ਨੀ ਡਾ: ਮਹਿੰਦਰ ਸਿੰਘ ਰੰਧਾਵਾ ਜੀ ਦੀ ਯਾਦ ਵਿੱਚ ਬਣਾਈ ਆਰਟ ਗੈਲਰੀ ਦੀ ਮੂਲ ਭਾਵਨਾ ਨੂੰ ਪ੍ਰਗਟ ਕਰਦੀ ਹੈ ਕਿਉਂਕਿ ਇਸ ਦੀ ਸਥਾਪਨਾ ਦਾ ਅਸਲ ਮਨੋਰਥ ਵੀ ਕਲਾ ਨੂੰ ਸਰਪ੍ਰਸਤੀ ਦੇਣਾ ਹੀ ਹੈ। ਉਨ੍ਹਾਂ ਆਖਿਆ ਕਿ ਅੱਜ ਸ: ਸੋਭਾ ਸਿੰਘ ਦੇ 109ਵੇਂ ਜਨਮ ਦਿਹਾੜੇ ਮੌਕੇ ਉੱਘੀ ਚਿਤਰਕਾਰ ਮੀਰਾ ਅਹੂਜਾ ਜੀ ਦੀ ਪੇਟਿੰਗਜ਼ ਪ੍ਰਦਰਸ਼ਨੀ ਯਕੀਨਨ ਉਨ੍ਹਾਂ ਨੂੰ ਸਹੀ ਸਰਧਾਂਜ਼ਲੀ ਹੋਵੇਗੀ।
ਇਸ ਮੌਕੇ ਬੋਲਦਿਆਂ ਭਾਰਤ ਸਰਕਾਰ ਦੇ ਖੇਤੀ ਲਾਗਤ ਅਤੇ ਮੁੱਲ ਕਮਿਸ਼ਨ ਦੇ ਸਾਬਕਾ ਚੇਅਰਮੈਨ ਡਾ: ਸਰਦਾਰਾ ਸਿੰਘ ਜੌਹਲ ਨੇ ਆਖਿਆ ਕਿ ਸ: ਸੋਭਾ ਸਿੰਘ ਤਪੱਸਵੀ ਚਿੱਤਰਕਾਰ ਸਨ ਜਿਨ੍ਹਾਂ ਨੇ ਲੋਕ ਕਲਿਆਣਕਾਰੀ ਚਿੱਤਰ ਕਲਾ ਦਾ ਮੁੱਢ ਬੰਨਿਆ ਅਤੇ ਮਨੁੱਖ ਅੰਦਰ ਸੋਹਜ ਆਤਮਕ ਚੇਤਨਾ ਪੈਦਾ ਕਰਨ ਵਾਲੇ ਚਿੱਤਰਾਂ ਰਾਹੀਂ ਸਮੁੱਚੀ ਪੰਜਾਬੀਅਤ ਨੂੰ ਕੋਮਲ ਭਾਵਨਾਵਾਂ ਦੇ ਲੜ ਲਾਇਆ । ਉਨ੍ਹਾਂ ਆਖਿਆ ਕਿ ਪੰਜਾਬੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਹੁੰਦਿਆਂ ਉਨ੍ਹਾਂ ਨੂੰ ਉਸ ਵੇਲੇ ਸਭ ਤੋਂ ਵੱਡੀ ਤਸੱਲੀ ਮਿਲੀ ਜਦ ਉਨ੍ਹਾਂ ਨੇ ਸ: ਸੋਭਾ ਸਿੰਘ ਜੀ ਨੂੰ ਡੀ ਲਿਟ ਦੀ ਡਿਗਰੀ ਨਾਲ ਸੁਸ਼ੋਭਿਤ ਕੀਤਾ। ਇਸ ਮੌਕੇ ਡਾ: ਜਗਤਾਰ ਸਿੰਘ ਧੀਮਾਨ ਨੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਵੱਲੋਂ ਭਾਵਨਾਵਾਂ ਪ੍ਰਗਟ ਕਰਦਿਆਂ ਕਿਹਾ ਕਿ ਸ: ਸੋਭਾ ਸਿੰਘ ਯੁਗ ਪੁਰਸ਼ ਚਿੱਤਰਕਾਰ ਸਨ ਜਿਨ੍ਹਾਂ ਨੇ ਮੁਹੱਬਤ ਨੂੰ ਰੰਗਾਂ ਦੀ ਜ਼ੁਬਾਨ ਦਿੱਤੀ। ਪੰਜਾਬੀ ਸਭਿਆਚਾਰ ਅਕੈਡਮੀ ਦੀ ਪ੍ਰਧਾਨ ਡਾ: ਸ ਨ ਸੇਵਕ, ਪੀ ਏ ਯੂ ਦੇ ਸੇਵਾ ਮੁਕਤ ਪ੍ਰੋਫੈਸਰ ਡਾ: ਅਮਰਜੀਤ ਸਿੰਘ ਹੇਅਰ, ਨਿਰਦੇਸ਼ਕ ਵਿਦਿਆਰਥੀ ਭਲਾਈ ਡਾ: ਪਰਿਤਪਾਲ ਸਿੰਘ ਲੁਬਾਣਾ, ਕੰਪਟਰੋਲਰ ਸ਼੍ਰੀ ਅਵਤਾਰ ਚੰਦ ਰਾਣਾ ਅਤੇ ਪੰਜਾਬੀ ਕਵੀ ਪ੍ਰੋ: ਰਵਿੰਦਰ ਭੱਠਲ ਨੇ ਸ: ਸੋਭਾ ਸਿੰਘ ਨੂੰ ਅਕੀਦਤ ਦੇ ਫੁੱਲ ਭੇਂਟ ਕੀਤੇ। ਯੰਗ ਰਾਈਟਰਜ ਐਸੋਸੀਏਸ਼ਨ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ ਨੇ ਸ: ਸੋਭਾ ਸਿੰਘ ਦੇ ਜੀਵਨ ਅਤੇ ਕਲਾ ਬਾਰੇ ਵਿਚਾਰ ਪੇਸ਼ ਕੀਤੇ। ਸੰਚਾਰ ਕੇਂਦਰ ਵੱਲੋਂ ਡਾ: ਨਿਰਮਲ ਜੌੜਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਤਾਪ ਸਿੱਖਿਆ ਸੰਸਥਾਵਾਂ ਦੇ ਮੁਖੀ ਡਾ: ਰਮੇਸ਼ ਇੰਦਰ ਕੌਰ ਬੱਲ, ਪ੍ਰਿੰਸੀਪਲ ਹਰਸ਼ਮਿੰਦਰ ਸਿੰਘ ਤੋਂ ਇਲਾਵਾ ਸ਼ਹਿਰ ਦੇ ਸੈਂਕੜੇ ਕਲਾਪ੍ਰਸਤ ਵਿਅਕਤੀ ਹਾਜ਼ਰ ਸਨ।
ਸ: ਸੋਭਾ ਸਿੰਘ ਚਿਤਰਕਾਰ ਜਨਮ ਦਿਹਾੜੇ ਨੂੰ ਸਮਰਪਿਤ ਚਿਤਰ ਪ੍ਰਦਰਸ਼ਨੀ
This entry was posted in ਪੰਜਾਬ, ਮੁਖੱ ਖ਼ਬਰਾਂ.