ਅੰਮ੍ਰਿਤਸਰ:-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਭਾਰਤ ਦੇ ਪ੍ਰਧਾਨ ਡਾ: ਮਨਮੋਹਨ ਸਿੰਘ ਨੂੰ ਲਿਖੇ ਇਕ ਪੱਤਰ ’ਚ ਮੰਗ ਕੀਤੀ ਹੈ ਕਿ ਉਹ ਫਰਾਂਸ ’ਚ ਸਿੱਖਾਂ ਨੂੰ ਦਰਪੇਸ਼ ਦਸਤਾਰ ਦਾ ਮਸਲਾ ਹੱਲ ਕਰਾਉਣ ਲਈ ਭਾਰਤ ਦੇ ਦੌਰੇ ’ਤੇ ਆ ਰਹੇ ਫਰਾਂਸ ਦੇ ਰਾਸ਼ਟਰਪਤੀ ਮਿਸਟਰ ਨਿਕੋਲਸ ਸਰਕੋਜ਼ੀ ਨਾਲ ਗੱਲਬਾਤ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਤੋਂ ਜਾਣੂੰ ਕਰਾਉਣ।
ਜਥੇਦਾਰ ਅਵਤਾਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਹੈ ਕਿ ਦਸਤਾਰ ਸਿੱਖਾਂ ਦਾ ਕੇਵਲ ਧਾਰਮਿਕ ਚਿੰਨ੍ਹ ਹੀ ਨਹੀਂ ਬਲਕਿ ਉਨ੍ਹਾਂ ਦੀ ਨਿਆਰੀ ਅਤੇ ਵੱਖਰੀ ਪਹਿਚਾਣ ਦੀ ਪ੍ਰਤੀਕ ਹੈ ਅਤੇ ਵਿਸ਼ਵ ਪੱਧਰ ’ਤੇ ਸਿੱਖ ਦੀ ਪਹਿਚਾਣ ਦਸਤਾਰਧਾਰੀ ਮਨੁੱਖ ਦੇ ਰੂਪ ਵਿਚ ਸਥਾਪਿਤ ਹੋ ਚੁੱਕੀ ਹੈ, ਜਿਸ ਤੋਂ ਦੁਨੀਆਂ ਦਾ ਕੋਈ ਆਦਮੀ ਮੁਨਕਰ ਨਹੀਂ ਹੋ ਸਕਦਾ। ਉਨ੍ਹਾਂ ਲਿਖਿਆ ਹੈ ਕਿ ਦੁਨੀਆਂ ਦੇ ਕਈ ਦੇਸ਼ਾਂ ਵਿਚ ਕੇਵਲ ਦਸਤਾਰ ਕਰਕੇ ਹੀ ਸਿੱਖਾਂ ਨੂੰ ਡਰਾਈਵਿੰਗ ਕਰਨ ਅਤੇ ਫੈਕਟਰੀਆਂ ਵਿਚ ਕੰਮ ਕਰਨ ਸਮੇਂ ਸੁਰੱਖਿਆ ਟੋਪ ਪਾਉਣ ਤੋਂ ਛੋਟ ਮਿਲੀ ਹੋਈ ਹੈ ਕਿਉਂਕਿ ਸਿੱਖ ਧਰਮ ‘ਸਾਬਤ ਸੂਰਤ ਦਸਤਾਰ ਸਿਰਾ’, ਦਾ ਧਾਰਨੀ ਹੈ। ਉਨ੍ਹਾਂ ਲਿਖਿਆ ਹੈ ਕਿ ਸੰਸਾਰ ਯੁੱਧਾਂ ਵਿਚ ਵੀ ਫੌਜ਼ੀ ਸਿੱਖ ਦਸਤਾਰਧਾਰੀ ਸਿਪਾਹੀ ਦੇ ਰੂਪ ਵਿਚ ਹੀ ਲੜੇ ਅਤੇ ਫਰਾਂਸ ਲਈ ਵੀ ਜੂਝੇ ਪਰ ਅਫਸੋਸ ਦੀ ਗੱਲ ਹੈ ਕਿ ਫਰਾਂਸ ਵਿਚ ਹੀ ਸਕੂਲੀ ਬੱਚਿਆਂ ਨੂੰ ਦਸਤਾਰ ਸਜਾਉਣ ਦੇ ਬੁਨਿਆਦੀ ਅਤੇ ਧਾਰਮਿਕ ਹੱਕ ਤੋਂ ਵਾਂਝਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦਸਤਾਰ ਸਿੱਖ ਦੀ ਸਖਸ਼ੀਅਤ ਦਾ ਅਨਿੱਖੜਵਾਂ ਅੰਗ ਹੈ ਜਿਸ ’ਤੇ ਪਾਬੰਧੀ ਲਾਉਣਾ ਜਿਥੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੈ ਉਥੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵੀ ਹੈ। ਉਨ੍ਹਾਂ ਆਪਣੇ ਪੱਤਰ ’ਚ ਪ੍ਰਧਾਨ ਮੰਤਰੀ ਅਪੀਲ ਕੀਤੀ ਹੈ ਕਿ ਫਰਾਂਸ ਵਿੱਚ ਸਿੱਖ ਬੱਚਿਆਂ ਦੇ ਦਸਤਾਰ ਸਜਾਉਣ ’ਤੇ ਲਾਈ ਪਾਬੰਦੀ ਤੁਰੰਤ ਵਾਪਸ ਲੈਣ ਲਈ ਭਾਵਪੂਰਤ ਤੇ ਪ੍ਰਭਾਵਸ਼ਾਲੀ ਢੰਗ ਨਾਲ ਫਰਾਂਸ ਦੇ ਰਾਸ਼ਟਰਪਤੀ ਨੂੰ ਪ੍ਰੇਰਿਆ ਜਾਵੇ।
ਭਾਰਤ ਦੇ ਪ੍ਰਧਾਨ ਮੰਤਰੀ, ਫਰਾਂਸ ’ਚ ਦਸਤਾਰ ’ਤੇ ਪਾਬੰਦੀ ਦੇ ਮਸਲੇ ’ਤੇ ਫਰਾਂਸ ਦੇ ਰਾਸ਼ਟਰਪਤੀ ਨਾਲ ਗੱਲ ਕਰਨ
This entry was posted in ਪੰਜਾਬ.